ਬੇਅਦਬੀ ਮਾਮਲਾ: ਅਕਾਲੀ ਦਲ ਦਾ ਸਵਾਲ ਐਸਆਈਟੀ ਮੈਂਬਰ ਨਾ ਹੁੰਦੇ ਹੋਏ ਚਾਰਜਸ਼ੀਟ ਕਿਵੇਂ ਦਾਖਲ ਕੀਤੀ?

ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ Image copyright Getty Images

ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਸਿਆਸੀ ਬਦਲਾਖੋਰੀ ਵਜੋਂ ਜਾਂਚ ਕਰ ਰਹੀ ਹੈ।

ਅਕਾਲੀ ਦਲ ਦਾ ਦਾਅਵਾ ਹੈ ਕਿ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਇਰ ਕੀਤੀ ਗਈ ਹੈ।

ਦਰਅਸਲ 2015 ਵਿੱਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੀ ਐਸਆਈਟੀ ਨੇ ਇੱਕ ਚਾਰਜਸ਼ੀਟ ਦਾਖਲ ਕੀਤੀ ਹੈ।

14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਲੋਕ ਧਰਨਾ ਦੇ ਰਹੇ ਸਨ।

ਕੀ ਹਨ ਅਕਾਲੀ ਦਲ ਦੇ ਇਲਜ਼ਾਮ?

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਮਾਮਲੇ ਦੀ ਚਾਰਜਸ਼ੀਟ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸਾਬਕਾ ਡੀਜੀਪੀ ਪੰਜਾਬ ਸੁਮੇਧ ਸੈਣੀ ਦਾ ਨਾਂ ਹੈ।

ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 23 ਮਈ ਨੂੰ ਚਾਰਜਸ਼ੀਟ ਉੱਤੇ ਦਸਤਖ਼ਤ ਕੀਤੇ। ਹਾਲਾਂਕਿ ਚੋਣ ਜ਼ਾਬਤਾ 26 ਮਈ ਨੂੰ ਹਟਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਮੁੜ ਤੋਂ 27 ਮਈ ਨੂੰ ਐਸਆਈਟੀ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਸਿਆਸੀ ਬਿਆਨਬਾਜ਼ੀ ਕਰਨ ਕਰਕੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਸਆਈਟੀ ਤੋਂ ਹਟਾ ਦਿੱਤਾ ਸੀ।

ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਇਲਜ਼ਾਮ ਲਾਉਂਦਿਆਂ ਕਿਹਾ, "ਆਈਜੀ ਕੁੰਵਰ ਵਿਜੇ ਪ੍ਰਤਾਪ ਐਸਆਈਟੀ ਤੋਂ ਹਟਾਏ ਜਾਣ ਦੇ ਬਾਵਜੂਦ ਐਸਆਈਟੀ ਮੈਂਬਰ ਵਜੋਂ ਕੰਮ ਕਰਦੇ।”

“ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ 'ਤੇ ਦਸਤਖਤ ਕਰਕੇ ਸੌਂਪ ਦਿੱਤੀ। ਇਹ ਸਿੱਧੇ ਤੌਰ 'ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ ਅਤੇ ਅਪਰਾਧਕ ਕਾਰਵਾਈ ਹੈ।"

Image copyright Getty Images

"ਇਸ ਐਸਆਈਟੀ ਨੇ ਪਹਿਲਾਂ ਹੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਐਸਆਈਟੀ ਵਿੱਚ ਜੋ ਇਲਜ਼ਾਮ ਲਾਏ ਗਏ ਹਨ ਉਹ ਤੱਥਾਂ ਤੋਂ ਪਰੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਅਕਾਲੀ ਦਲ ਆਗੂਆਂ ਦੇ ਖਿਲਾਫ਼ ਜਾਣਬੁੱਝ ਕਾਂਗਰਸ ਦੀ ਸਾਜਿਸ਼ ਹੈ। ਆਈਜੀ ਵਿਜੇ ਪ੍ਰਤਾਪ ਕਾਂਗਰਸ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ।"

Image copyright Getty Images

ਡਾ. ਚੀਮਾ ਨੇ ਕਿਹਾ, "ਅਸੀਂ ਕਾਰਵਾਈ ਨੂੰ ਚੁਣੌਤੀ ਦੇਵਾਂਗੇ ਅਤੇ ਧੋਖਾਧੜੀ 'ਤੇ ਜਾਅਲੀ ਦਸਤਾਵੇਜ਼ਾਂ ਕਾਰਨ ਆਈਜੀ ਖਿਲਾਫ਼ ਕਾਰਵਾਈ ਕਰਾਂਗੇ।"

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)