ਪ੍ਰਤਾਪ ਸ਼ਡੰਗੀ : ਆਟੋ- ਰਿਕਸ਼ੇ ਤੇ ਸਾਈਕਲ 'ਤੇ ਪ੍ਰਚਾਰ ਕਰਨ ਵਾਲਾ ਮੋਦੀ ਸਰਕਾਰ ਦਾ ਮੰਤਰੀ

ਪ੍ਰਤਾਪ ਸ਼ਡੰਗੀ Image copyright Getty Images

23 ਮਈ ਤੋਂ ਪਹਿਲਾਂ ਪ੍ਰਤਾਪ ਸ਼ਡੰਗੀ ਨੂੰ ਓਡੀਸ਼ਾ ਦੇ ਬਾਹਰ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਪਰ ਪਿਛਲੇ ਇੱਕ ਹਫ਼ਤੇ ਵਿੱਚ ਉਹ ਦੇਸ ਦੇ ਸਭ ਤੋਂ ਵੱਧ ਚਰਚਿਤ ਚਿਹਰੇ ਹਨ।

ਪਹਿਰਾਵੇ ਤੋਂ ਸਿਆਸਤਦਾਨ ਘੱਟ ਅਤੇ ਸਾਧੂ ਵਧੇਰੇ ਲਗਦੇ ਹਨ। ਓਡੀਸ਼ਾ ਦੇ ਬਾਲਾਸੋਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਪ੍ਰਤਾਪ ਸ਼ਡੰਗੀ ਨੇ ਵੀਰਵਾਰ ਦੀ ਸ਼ਾਮ ਜਦੋਂ ਰਾਸ਼ਟਰਪਤੀ ਭਵਨ ਵਿੱਚ ਰਾਜ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਤਾਂ ਤਾੜੀਆਂ ਦੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਕਿੰਨੇ ਮਸ਼ਹੂਰ ਹੋ ਚੁੱਕੇ ਹਨ।

64 ਸਾਲਾ ਸ਼ਡੰਗੀ ਦੀ ਜ਼ਿੰਦਗੀ ਦੀ ਝਲਕ ਦਿਖਾਉਣ ਵਾਲੀਆਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਗਮਛਾ ਹੋਵੇ, ਉਹ ਆਪਣੇ ਘਰ ਦੇ ਬਾਹਰ ਨਲਕੇ ਹੇਠ ਨਹਾਉਂਦੇ ਹੋਣ ਜਾਂ ਸਾਈਕਲ ਤੇ ਆਟੋ ਰਿਕਸ਼ੇ 'ਤੇ ਚੋਣ ਪ੍ਰਚਾਰ ਕਰਦੇ ਹੋਣ, ਮੰਦਿਰ ਦੇ ਬਾਹਰ ਪੂਜਾ ਕਰਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਰਹੀਆਂ।

ਇਹ ਵੀ ਪੜ੍ਹੋ:

ਰਾਤ ਦੇ ਠੀਕ ਅੱਠ ਵੱਜ ਕੇ 55 ਮਿੰਟ ’ਤੇ ਦਿੱਲੀ ਵਿੱਚ ਸ਼ਡੰਗੀ ਸਹੁੰ ਚੁੱਕ ਰਹੇ ਸੀ ਅਤੇ ਬਾਲਾਸੋਰ ਦੇ ਭਾਜਪਾ ਵਰਕਰਾਂ ਵਿੱਚ ਜਸ਼ਨ ਮਨਾਇਆ ਜਾ ਰਿਹਾ ਸੀ। ਢੋਲ, ਨਗਾੜੇ ਵੱਜ ਰਹੇ ਸਨ ਅਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ।

Image copyright Getty Images

ਆਰਐੱਸਐੱਸ ਨਾਲ ਲੰਬਾ ਰਿਸ਼ਤਾ

ਸ਼ਡੰਗੀ ਨੇ ਓਡੀਸ਼ਾ ਵਿੱਚ ਬਜਰੰਗ ਦਲ ਦੇ ਪ੍ਰਧਾਨ ਵਜੋਂ ਵੀ ਕੰਮ ਕੀਤਾ ਹੈ ਅਤੇ ਉਸ ਤੋਂ ਪਹਿਲਾਂ ਉਹ ਸੂਬੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਇੱਕ ਸੀਨੀਅਰ ਮੈਂਬਰ ਵੀ ਰਹੇ ਹਨ। ਆਰਐੱਸਐੱਸ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਸ਼ਡੰਗੀ ਜ਼ਮੀਨ ਨਾਲ ਜੁੜੇ ਵਰਕਰ ਰਹੇ ਹਨ।

ਬਾਲਾਸੋਰ ਤੋਂ ਹੀ ਚੁਣੇ ਗਏ ਭਾਜਪਾ ਵਿਧਾਇਕ ਮਦਨ ਮੋਹਨ ਦੱਤ ਕਹਿੰਦੇ ਹਨ, "ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਆਭਾਰ ਜਤਾਉਂਦੇ ਹਾਂ ਕਿ ਉਨ੍ਹਾਂ ਨੇ ਪ੍ਰਤਾਪ ਨਨਾ (ਜ਼ਿਆਦਾਤਰ ਲੋਕ ਉਨ੍ਹਾਂ ਨੂੰ ਇਸੇ ਨਾਮ ਨਾਲ ਬੁਲਾਉਂਦੇ ਹਨ) ਵਰਗੇ ਵਰਕਰਾਂ ਨੂੰ ਆਪਣੇ ਕੈਬਨਿਟ ਵਿੱਚ ਥਾਂ ਦਿੱਤੀ। ਉਹ ਸਿਰਫ਼ ਭਾਜਪਾ ਦੇ ਵਰਕਰ ਹੀ ਨਹੀਂ ਸਨ, ਪੂਰਾ ਬਾਲਾਸੋਰ ਅੱਜ ਜਸ਼ਨ ਮਨਾ ਰਿਹਾ ਹੈ।"

ਸਿਰਫ਼ ਬਾਲਾਸੋਰ ਹੀ ਨਹੀਂ, ਸਗੋਂ ਪੂਰਾ ਓਡੀਸ਼ਾ ਵੀਰਵਾਰ ਨੂੰ ਜਸ਼ਨ ਮਨਾ ਰਿਹਾ ਸੀ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਸਹੁੰ ਚੁੱਕ ਸਮਾਗਮ ਦੀ ਤਸਵੀਰ ਛਾਈ ਰਹੀ।

ਨੀਲਗਿਰੀ ਦੇ ਖੇਤਰ ਤੋਂ ਦੋ ਵਾਰੀ ਵਿਧਾਇਕ ਰਹਿ ਚੁੱਕੇ ਸ਼ਡੰਗੀ ਅੱਜ ਵੀ ਆਪਣੇ ਪਿੰਡ ਗੋਪੀਨਾਥਪੁਰ ਵਿੱਚ ਇੱਕ ਕੱਚੇ ਮਕਾਨ ਵਿੱਚ ਰਹਿੰਦੇ ਹਨ।

ਉਨ੍ਹਾਂ ਦੀ ਮਾਂ ਉਨ੍ਹਾਂ ਦੇ ਨਾਲ ਰਹਿੰਦੀ ਸੀ ਪਰ ਪਿਛਲੇ ਸਾਲ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਹੁਣ ਉਹ ਬਿਲਕੁਲ ਇਕੱਲੇ ਪੈ ਗਏ ਹਨ।

Image copyright Getty Images

ਸਾਦਾ ਰਹਿਣ-ਸਹਿਣ

ਹਮੇਸ਼ਾ ਚਿੱਟਾ ਕੁੜਤਾ ਪਜਾਮਾ, ਹਵਾਈ ਚੱਪਲ ਅਤੇ ਮੋਢਿਆਂ 'ਤੇ ਕੱਪੜੇ ਦੇ ਝੋਲੇ ਵਿੱਚ ਨਜ਼ਰ ਆਉਣ ਵਾਲੇ ਇਸ ਅਨੋਖੇ ਆਗੂ ਨੂੰ ਭੁਵਨੇਸ਼ਵਰ ਦੇ ਲੋਕ ਆਏ ਦਿਨ ਸੜਕ 'ਤੇ ਪੈਦਲ ਜਾਂਦੇ ਹੋਏ, ਰੇਲਵੇ ਸਟੇਸ਼ਨ ਤੇ ਟਰੇਨ ਦੀ ਉਡੀਕ ਕਰਦੇ ਹੋਏ ਜਾਂ ਸੜਕ ਕੰਢੇ ਕਿਸੇ ਢਾਬੇ 'ਤੇ ਖਾਣਾ ਖਾਂਦੇ ਹੋਏ ਨਜ਼ਰ ਆਉਂਦੇ ਹਨ।

ਸਾਲ 2004 ਤੋਂ 2014 ਤੱਕ ਜਦੋਂ ਉਹ ਵਿਧਾਇਕ ਸੀ ਤਾਂ ਵੀ ਉਨ੍ਹਾਂ ਦੀ ਜ਼ਿੰਦਗੀ ਇਹੀ ਸੀ ਅਤੇ ਅੱਜ ਵੀ ਉਹੀ ਹੈ। ਭੁਵਨੇਸ਼ਵਰ ਦੀ ਐੱਮਐੱਲਏ ਕਲੋਨੀ ਵਿੱਚ ਰਹਿਣ ਵਾਲੇ ਜੋ ਲੋਕ ਉਨ੍ਹਾਂ ਦੇ ਘਰ ਆਉਂਦੇ-ਜਾਂਦੇ ਸਨ ਉਹ ਇਹ ਦੇਖ ਕੇ ਹੈਰਾਨ ਸਨ ਕਿ ਉੱਥੇ ਇੱਕ ਚਟਾਈ, ਕੁਝ ਕਿਤਾਬਾਂ ਅਤੇ ਇੱਕ ਪੁਰਾਣੇ ਟੀਵੀ ਤੋਂ ਇਲਾਵਾ ਕੁਝ ਵੀ ਨਹੀਂ ਸੀ।

ਇਹ ਵੀ ਪੜ੍ਹੋ:

ਇਸ ਵਾਰੀ ਸ਼ਡੰਗੀ ਲਈ ਚੋਣ ਜਿੱਤਣਾ ਸੌਖਾ ਨਹੀਂ ਸੀ। ਚੋਣ ਮੈਦਾਨ ਵਿੱਚ ਉਨ੍ਹਾਂ ਦੀ ਟੱਕਰ ਸੂਬਾ ਕਾਂਗਰਸ ਪ੍ਰਧਾਨ ਨਿਰੰਜਨ ਪਟਨਾਇਕ ਦੇ ਪੁੱਤ ਨਵਜਯੋਤੀ ਪਟਨਾਇਕ ਨਾਲ ਸੀ ਤਾਂ ਦੂਜੇ ਪਾਸੇ ਸੀ ਪਿਛਲੀ ਵਾਰੀ ਉਨ੍ਹਾਂ ਨੂੰ ਇੱਕ ਲੱਖ 42 ਹਜ਼ਾਰ ਵੋਟਾਂ ਨਾਲ ਹਰਾਉਣ ਵਾਲੇ ਬੀਜੇਡੀ ਦੇ ਰਵੀਂਦਰ ਜੇਨਾ। ਇਹ ਦੋਵੇਂ ਉਮੀਦਵਾਰ ਚੋਖੇ ਅਮੀਰ ਸਨ।

ਦੋਹਾਂ ਦੇ ਪ੍ਰਚਾਰ ਲਈ ਦਰਜਨਾਂ ਐੱਸਯੂਵੀ ਲੱਗੀਆਂ ਹੋਈਆਂ ਸਨ। ਇਨ੍ਹਾਂ ਦੋਹਾਂ ਉਮੀਦਵਾਰਾਂ ਦੇ ਸਾਹਮਣੇ ਇੱਕ ਪੁਰਾਣੇ ਜਿਹੇ ਆਟੋ ਰਿਕਸ਼ੇ ਦੀ ਛੱਤ ਹਟਾ ਕੇ ਉਸ 'ਤੇ ਖੜ੍ਹੇ ਹੋ ਕੇ ਪ੍ਰਚਾਰ ਕਰਨ ਵਾਲੇ 'ਪ੍ਰਤਾਪ ਨਨਾ' ਭਾਰੀ ਪਏ। ਹਾਲਾਂਕਿ ਸ਼ਡੰਗੀ ਸਿਰਫ਼ 12 ਹਜ਼ਾਰ ਵੋਟਾਂ ਦੇ ਮਾਮੂਲੀ ਫਰਕ ਨਾਲ ਜਿੱਤ ਸਕੇ।

ਉਨ੍ਹਾਂ ਦੀ ਜਿੱਤ ਦੀ ਖ਼ਬਰ ਸੁਣਕੇ ਭੁਵਨੇਸ਼ਵਰ ਦੇ ਰਹਿਣ ਵਾਲੇ ਪਾਟਜੋਸ਼ੀ ਨੇ ਕਿਹਾ, "ਪ੍ਰਤਾਪ ਨਨਾ ਦੀ ਜਿੱਤ ਤੋਂ ਭਾਰਤੀ ਗਣਤੰਤਰ ਤੇ ਲੋਕਾਂ ਦਾ ਡਗਮਗਾਉਂਦਾ ਹੋਇਆ ਭਰੋਸਾ ਵਾਪਸ ਆਏਗਾ। ਉਨ੍ਹਾਂ ਨੂੰ ਵਿਸ਼ਵਾਸ ਹੋਵੇਗਾ ਕਿ ਭਲੇ ਲੋਕਾਂ ਲਈ ਸਿਆਸਤ ਵਿੱਚ ਹੁਣ ਵੀ ਕੁਝ ਥਾਂ ਬਚੀ ਹੋਈ ਹੈ।"

Image copyright PCSarangi Affidavit

ਸੰਘ ਅਤੇ ਹਿੰਦੁਤਵ

ਪ੍ਰਤਾਪ ਸ਼ਡੰਗੀ ਦੀ ਸਿਆਸਤ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਅਸਹਿਮਤ ਲੋਕਾਂ ਦੀ ਵੀ ਕਮੀ ਨਹੀਂ ਹੈ।

ਜਨਵਰੀ, 1999 ਵਿੱਚ ਕਿਓਂਝਰ ਜ਼ਿਲ੍ਹੇ ਦੇ ਮਨੋਹਰਪੁਰ ਪਿੰਡ ਵਿੱਚ ਆਸਟਰੇਲੀਆਈ ਡਾਕਟਰ ਅਤੇ ਸਮਾਜਸੇਵੀ ਗ੍ਰਾਹਮ ਸਟੇਂਸ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਜ਼ਿੰਦਾ ਸਾੜ ਕੇ ਮਾਰ ਦੇਣ ਦੇ ਮਾਮਲੇ ਵਿੱਚ ਬਜਰੰਗ ਦਲ ਦੇ ਹੀ ਦਾਰਾ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ।

ਸ਼ਡੰਗੀ ਹਿੰਦੂਆਂ ਦੇ ਕਥਿਤ ਜ਼ਬਰੀ ਧਰਮ ਬਲਦਲਣ ਦੇ ਖਿਲਾਫ਼ ਖੁੱਲ੍ਹ ਕੇ ਮੁਹਿੰਮ ਚਲਾਉਂਦੇ ਰਹੇ ਹਨ। ਇਸ ਮੁਲਾਕਾਤ ਦੇ ਵੇਲੇ ਦਾਰਾ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਸ਼ਡੰਗੀ ਕਤਲ ਦੀ ਨਿੰਦਾ ਤਾਂ ਕਰ ਰਹੇ ਸੀ ਪਰ ਉਨ੍ਹਾਂ ਦਾ ਜ਼ੋਰ ਧਰਮ ਬਦਲਵਾਉਣ ਨੂੰ ਰੋਕਣ 'ਤੇ ਵੱਧ ਸੀ।

ਆਰਐੱਸਐੱਸ ਤੇ ਬਜਰੰਗ ਦਲ ਨਾਲ ਜੁੜੇ ਹੋਣ ਕਰਕੇ ਜ਼ਾਹਿਰ ਹੈ ਕਿ ਉਨ੍ਹਾਂ ਦੇ ਸਿਆਸੀ ਵਿਚਾਰ ਕਿਸੇ ਤੋਂ ਲੁਕੋ ਹੋਏ ਨਹੀਂ ਹਨ, ਉਹ ਸੰਘ ਦੀ ਪ੍ਰਚਾਰਕ ਪਰੰਪਰਾ ਤੋਂ ਆਉਂਦੇ ਹਨ ਅਤੇ ਇਸ ਲਈ ਕੁਆਰੇ ਹਨ।

ਇਹ ਵੀ ਪੜ੍ਹੋ

Image copyright Pcsarangi/Twitter

ਕੁਝ ਲੋਕਾਂ ਨੇ ਉਨ੍ਹਾਂ ਨੂੰ 'ਓਡੀਸ਼ਾ ਦਾ ਮੋਦੀ' ਦਾ ਖਿਤਾਬ ਵੀ ਦੇ ਦਿੱਤਾ ਹੈ ਕਿਉਂਕਿ ਮੋਦੀ ਵਾਂਗ ਹੀ ਉਹ ਵੀ ਘਰ-ਬਾਰ ਛੱਡ ਕੇ ਨਿਕਲ ਪਏ ਸੀ ਅਤੇ ਸੰਘ ਨਾਲ ਜੁੜੇ ਰਹੇ ਹਨ। ਹਾਲਾਂਕਿ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਜੀਵਨਸ਼ੈਲੀ ਮੌਜੂਦਾ ਦੌਰ ਦੇ ਮੋਦੀ ਵਰਗੀ ਹੋਵੇਗੀ ਜਾਂ ਨਹੀਂ, ਇਹ ਦੇਖਣਾ ਹੋਵੇਗਾ।

ਆਰਕੇ ਮਿਸ਼ਨ ਕੋਲਕਾਤਾ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਓਡੀਸ਼ਾ ਪਰਤ ਆਏ, ਉਨ੍ਹਾਂ ਨੇ ਕੁਝ ਦਿਨਾਂ ਲਈ ਨੀਲਗਿਰੀ ਕਾਲਜ ਵਿੱਚ ਕਲਰਕ ਦੀ ਨੌਕਰੀ ਕੀਤੀ ਪਰ ਨੌਕਰੀ ਉਨ੍ਹਾਂ ਨੂੰ ਰਾਸ ਨਹੀਂ ਆਈ।

ਉਦੋਂ ਤੱਕ ਆਰਐੱਸਐੱਸ ਦੀ ਵਿਚਾਰਧਾਰਾ ਉਨ੍ਹਾਂ ਦੇ ਦਿਲ ਦਿਮਾਗ ਵਿੱਚ ਵਸ ਗਈ ਸੀ। ਜਲਦੀ ਹੀ ਉਹ ਸੰਘ ਦੇ ਸਹਿਯੋਗੀ ਸੰਗਠਨਾਂ ਰਾਹੀਂ ਸਮਾਜਿਕ ਕਾਰਜਾਂ ਵਿੱਚ ਜੁਟ ਗਏ।

ਬਾਲਾਸੋਰ ਅਤੇ ਗੁਆਂਢੀ ਮਯੂਰਭੰਜ ਜ਼ਿਲ੍ਹਿਆਂ ਦੇ ਆਦੀਵਾਸੀ ਇਲਾਕਿਆਂ ਵਿੱਚ ਕਈ ਸਕੂਲ ਖੋਲ੍ਹੇ ਅਤੇ ਕਈ ਗਰੀਬ, ਕਾਬਲ ਬੱਚਿਆਂ ਦੀ ਪੜ੍ਹਾਈ ਲਈ ਵਿੱਤੀ ਮਦਦ ਦਿੱਤੀ।

ਕੇਂਦਰ ਵਿੱਚ ਮੰਤਰੀ ਬਣਨ ਤੋਂ ਬਾਅਦ ਸ਼ਡੰਗੀ ਦੀ ਸੇਵਾ ਦਾ ਦਾਇਰਾ ਜ਼ਰੂਰ ਵੱਧ ਗਿਆ ਹੈ ਪਰ ਉਨ੍ਹਾਂ ਨੂੰ ਨੇੜਿਓਂ ਜਾਣਨ ਵਾਲੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਜਿਵੇ ਕੰਮ ਕਰਦੇ ਰਹੇ ਹਨ, ਉਵੇਂ ਵੀ ਕਰਦੇ ਰਹਿਣਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)