ਮੋਦੀ-ਰਾਹੁਲ ਦਾ ਮਜ਼ਾਕ ਉਡਾਉਣ ਵਾਲੇ ਟ੍ਰੇਨ ਵਿੱਚ ਖਿਡੌਣੇ ਵੇਚਣ ਵਾਲੇ ਅਵਧੇਸ਼ ਦੂਬੇ ਦੀ ਹੋਈ ਗ੍ਰਿਫਤਾਰੀ, ਜੇਲ੍ਹ ਭੇਜਿਆ ਗਿਆ

ਅਵਧੇਸ਼ ਦੂਬੇ Image copyright Screengrab

ਰੇਲ ਗੱਡੀ ਵਿੱਚ ਮਜ਼ਾਕੀਆ ਲਹਿਜ਼ੇ ਵਿੱਚ ਇੱਕ ਖਿਡੌਣੇ ਵੇਚਣ ਵਾਲੇ ਦਾ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਖਿਡੌਣੇ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅਵਧੇਸ਼ ਦੂਬੇ ਨਾਮ ਦੇ ਇਸ ਖਿਡੌਣਿਆਂ ਵਾਲੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਅਵਧੇਸ਼ ਦੂਬੇ ਸਿਆਸੀ ਸਮਲਿਆਂ ਉੱਪਰ ਵਿਅੰਗ ਕਰਦੇ ਹੋਏ ਰੇਲ ਗੱਡੀ ਵਿੱਚ ਖਿਡੌਣੇ ਵੇਚਦੇ ਦਿਖ ਰਹੇ ਸਨ।

ਉਨ੍ਹਾਂ ਨੇ ਆਪਣੇ ਚੁਟਕਲਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਮ ਵੀ ਲਏ।

ਸ਼ਨੀਵਾਰ ਨੂੰ ਦੂਬੇ ਨੇ ਰੇਲਵੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦਾ ਕਾਰਨ ਪਤਾ ਕਰਨ ਲਈ ਬੀਬੀਸੀ ਨੇ ਸੂਰਤ ਦੀ ਰੇਲਵੇ ਪੁਲਿਸ ਨਾਲ ਫੋਨ 'ਤੇ ਰਾਬਤਾ ਕੀਤਾ।

ਇਹ ਵੀ ਪੜ੍ਹੋ:

ਰੇਲਵੇ ਪੁਲਿਸ ਇੰਸਪੈਕਟਰ ਈਸ਼ਵਰ ਯਾਦਵ ਨੇ ਦੱਸਿਆ ਕਿ ਅਵਧੇਸ਼ ਨੂੰ “ਵਾਇਰਲ ਵੀਡੀਓ ਕਰਕੇ ਨਹੀਂ ਸਗੋਂ ਰੇਲ ਗੱਡੀ ਵਿੱਚ ਬਿਨਾਂ ਮਨਜ਼ੂਰੀ ਦੇ ਸਮਾਨ ਵੇਚਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।”

ਸ਼ੁੱਕਰਵਾਰ ਸਵੇਰੇ ਲਗਭਗ 9.30 ਵਜੇ ਉਨ੍ਹਾਂ ਨੂੰ ਸੂਰਤ-ਵਾਪੀ ਰੂਟ ਦੀ ਰੇਲ ਗੱਡੀ ਵਿੱਚ ਸਮਾਨ ਵੇਚਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਜਿਸ ਮਗਰੋਂ ਉਨ੍ਹਾਂ ਨੂੰ ਰੇਲਵੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੇ ਉਨ੍ਹਾਂ ਨੂੰ ਦਸ ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਇੰਸਪੈਕਟਰ ਯਾਦਵ ਮੁਤਾਬਕ ਇਹ ਇੱਕ ਆਮ ਕਾਰਵਾਈ ਹੈ ਤੇ ਉਹ ਰੋਜ਼ਾਨਾ ਚਾਰ-ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰਦੇ ਹਨ ਜਿਨ੍ਹਾਂ ਨੂੰ 30 ਦਿਨਾਂ ਤੱਕ ਦੀ ਸਜ਼ਾ ਹੁੰਦੀ ਹੈ।

ਵੀਡੀਓ ਬਾਰੇ ਇੰਸਪੈਕਟਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਹਾਲੇ ਅਜਿਹਾ ਕੋਈ ਵੀਡੀਓ ਨਹੀਂ ਦੇਖਿਆ।

Image copyright Screengrab

ਵੀਡੀਓ ਵਿੱਚ ਕੀ ਹੈ

ਸੋਸ਼ਲ ਮੀਡੀਆ ’ਤੇ ਇਹ ਵੀਡੀਓ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਕੁਝ ਲੋਕ ਉਨ੍ਹਾਂ ਨੂੰ ਬਿਹਤਰੀਨ ਸੇਲਜ਼ਮੈਨ ਦੱਸ ਰਹੇ ਹਨ। ਇਸ ਵੀਡੀਓ ਅਵਧੇਸ਼ ਦੇ ਕੁਝ ਵਿਅੰਗ ਹਨ:

  • ਨੇਤਾ ਹੋਵੇ ਤਾਂ ਮੋਦੀ ਵਰਗਾ ਮੁਲਾਇਮ ਤਾਂ ਸਿਰਹਾਣਾ ਵੀ ਹੁੰਦਾ ਹੈ
  • ਜੀਓ ਦਾ ਡੇਟਾ ਤੇ ਸੋਨੀਆ ਦਾ ਬੇਟਾ ਸਿਰਫ਼ ਮਨੋਰੰਜਨ ਦੇ ਕੰਮ ਆਉਂਦੇ ਹਨ। 2024 ਵਿੱਚ ਆਪ ਇਟਲੀ ਨਾ ਗਏ ਤਾਂ ਇੰਡੀਆ ਵਿੱਚ ਇਡਲੀ ਵੇਚਣੀ ਪਵੇਗੀ।
  • ਲੇਡੀਜ਼ ਤੇ ਔਰਤਾਂ ਵਿੱਚ ਅੰਗਰੇਜ਼ੀ ਤੇ ਹਿੰਦੀ ਦਾ ਫਰਕ ਹੈ ਜਿਵੇਂ ਮੋਦੀ ਤੇ ਟਰੰਪ ਵਿੱਚ।
  • ਖਿਡੌਣਾ ਚਾਹੀਦਾ ਹੈ ਪੁੱਤਰ? ਓਧਰ ਜਾ ਕੇ ਚੰਗੀ ਤਰ੍ਹਾਂ ਰੋ, ਪਾਪਾ ਦਵਾ ਦੇਣਗੇ।
  • ਹੋਰ ਕੀ ਚਿਪਕਾਵਾਂ ਸਾਹਿਬ ਤੁਹਾਨੂੰ?
  • ਮੇਰਾ ਨਾਮ ਹੈ ਅਵਧੇਸ਼ ਦੂਬੇ, ਦੇਖੇ ਨਹੀਂ ਪੰਜ-ਛੇ ਜਨ ਤੋ ਇੱਧਰ ਹੀ ਲੈ ਡੁੱਬੇ।
  • ਵਿਜੇ ਮਾਲਿਆ ਦੇ ਨਾਮ ਵਿੱਚ ਹੀ ਪ੍ਰੌਬਲਮ ਸੀ। ਵਿਜੇ ਮਾਲ ਲਿਆ?

ਅਵਧੇਸ਼ ਦੂਬੇ ਦੀ ਗ੍ਰਿਫ਼ਤਾਰੀ ਦਾ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਿਰੋਧ ਕੀਤਾ।

ਸਟੈਂਡਅੱਪ ਕਮੇਡੀਅਨ ਕੁਣਾਲ ਕਾਮਰਾ ਨੇ ਲਿਖਿਆ , "ਖਿਡੌਣੇ ਵੇਚਣ ਸਮੇਂ ਚੁਟਕੁਲੇ ਸੁਣਾਉਣ ਵਾਲੇ ਐਨੇ ਮਜ਼ੇਦਾਰ ਆਦਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਸ ਦਿਨਾਂ ਦੀ ਕੈਦ ਤੇ 3500 ਰੁਪਏ ਜੁਰਮਾਨਾ ਕੀਤਾ ਗਿਆ ਹੈ। ਕਾਨੂੰਨ ਦੀ ਵਰਤੋਂ ਹਮੇਸ਼ਾ ਸਿਰਫ਼ ਗਰੀਬ ਨੂੰ ਡਰ ਦੇ ਸਾਏ ਥੱਲੇ ਰੱਖਣ ਲਈ ਹੀ ਕੀਤੀ ਜਾਂਦੀ ਹੈ।"

ਇੱਕ ਹੋਰ ਟਵਿੱਟਰ ਵਰਤਣ ਵਾਲੇ ਨੇ ਲਿਖਿਆ, "ਜੇ ਰੁਜ਼ਗਾਰ ਦੇ ਨਹੀਂ ਸਕਦੇ ਤਾਂ ਰੁਜ਼ਗਾ ਖੋਹੋ ਵੀ ਨਾ।"

ਨੀਲ ਜੋਸ਼ੀ ਨੇ ਲਿਖਿਆ, ਯਾਦ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਰੇਲ ਵਿੱਚ ਚਾਹ ਵੇਚਿਆ ਕਰਦੇ ਸਨ। ਉਹ ਵੀ ਗੈਰ-ਕਨੂੰਨੀ ਸੀ। ਤੁਸੀਂ ਰੇਲ ਵਿੱਚ ਸਾਮਨ ਵੇਚਣ ਵਾਲਿਆਂ ਨੂੰ ਕਿਵੇਂ ਫੜ ਸਕਦੇ ਹੋ, ਕੁਝ ਤਾਂ ਦਇਆ ਦਿਖਾਓ।"

ਦੂਸਰੇ ਪਾਸੇ ਅਵਧੇਸ਼ ਦਾ ਪਰਿਵਾਰ ਮੀਡੀਆ ਤੋਂ ਨਾਰਾਜ਼ ਹੈ। ਅਸੀਂ ਸੂਰਤ ਵਿੱਚ ਹੀ ਰਹਿਣ ਵਾਲੇ ਅਵਧੇਸ਼ ਦੇ ਪਿਤਾ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਨਹੀਂ ਹੈ ਕਿ ਵੀਡੀਓ ਵਿੱਚ ਸੁਣਾਏ ਗਏ ਚੁਟਕਲਿਆਂ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲ ਵਿੱਚ ਸਮਾਨ ਵੇਚਣਾ ਜੁਰਮ ਹੈ ਤੇ ਅਜਿਹੀ ਧਰ-ਪਕੜ ਚਲਦੀ ਰਹਿੰਦੀ ਹੈ।

ਉਨ੍ਹਾਂ ਨੇ ਕਿਹਾ, "ਕਾਇਦੇ ਕਾਨੂੰਨ ਨੂੰ ਕੋਈ ਟਾਲ ਨਹੀਂ ਸਕਦਾ। ਗਲਤੀ ਤਾਂ ਹੋਈ ਹੈ। ਫਿਰ ਵੀ ਜੇ ਮੀਡੀਆ ਇਸ ਵੀਡੀਓ ਨੂੰ ਇਸ ਤਰ੍ਹਾਂ ਨਾ ਦਿਖਾਉਂਦਾ ਤਾਂ ਸ਼ਾਇਦ ਪ੍ਰਸ਼ਾਸ਼ਨ ਐਨੀ ਸਖ਼ਤੀ ਨਾ ਦਿਖਾਉਂਦਾ। ਪ੍ਰਸ਼ਾਸ਼ਨ ਨੂੰ ਲੱਗਿਆ ਕਿ ਇਹ ਲੋਕ ਰੇਲਵੇ ਦਾ ਮਜ਼ਾਕ ਬਣਾ ਰਹੇ ਹਨ।"

ਉਹ ਕਹਿੰਦੇ ਹਨ ਕਿ ਪ੍ਰਸ਼ਾਸ਼ਨ ਦਾ ਕੰਮ ਹੀ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਬਣਾਉਂਦੇ ਰਹਿਣਾ ਹੈ ਅਤੇ ਅਜਿਹਾ ਕਈ ਵਾਰ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)