ਪੀਐਮ ਮੋਦੀ ਦੀ 'ਫ੍ਰੀ ਲੈਪਟਾਪ ਯੋਜਨਾ' ਦਾ ਸੱਚ - ਫੈਕਟ ਚੈੱਕ

ਨਰਿੰਦਰ ਮੋਦੀ Image copyright pmindia.gov.in

ਸੋਸ਼ਲ ਮੀਡੀਆ 'ਤੇ ਇਹ ਸੰਦੇਸ਼ ਫੈਲਾਇਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਦੁਬਾਰਾ ਦੇਸ ਦੇ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ ਮੌਕੇ 'ਮੇਕ ਇਨ ਇੰਡਿਆ' ਤਹਿਤ ਦੋ ਕਰੋੜ ਨੌਜਵਾਨਾਂ ਨੂੰ ਮੁਫ਼ਤ ਲੈਪਟਾਪ ਦੇਣ ਦਾ ਐਲਾਨ ਕੀਤਾ ਹੈ।

ਇਸ ਭਰਮ ਫੈਲਾਉਣ ਵਾਲੇ ਸੰਦੇਸ਼ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਦੇਸ ਦੇ ਲੱਖਾਂ ਨੌਜਵਾਨਾਂ ਨੇ ਸਫ਼ਲ ਢੰਗ ਨਾਲ ਫ੍ਰੀ ਲੈਪਟਾਪ ਲਈ ਅਰਜ਼ੀ ਲਗਾ ਦਿੱਤੀ ਹੈ।

ਟਵਿੱਟਰ ਅਤੇ ਫੇਸਬੁੱਕ 'ਤੇ ਸੈਂਕੜਿਆਂ ਵਾਰ ਇਹ ਸੰਦੇਸ਼ ਸ਼ੇਅਰ ਕੀਤਾ ਗਿਆ ਹੈ, ਜਿਸ ਦੇ ਨਾਲ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਵੈਸਬਸਾਈਟਜ਼ ਦੇ ਲਿੰਕ ਦਿੱਤੇ ਗਏ ਹਨ।

ਵਟਸਐਪ ਰਾਹੀਂ ਬੀਬੀਸੀ ਦੇ ਸੌ ਤੋਂ ਵੱਧ ਪਾਠਕਾਂ ਨੇ ਇਹੀ ਸੰਦੇਸ਼ ਸਾਨੂੰ ਭੇਜੇ ਹਨ। ਇਨ੍ਹਾਂ ਵਿੱਚੋਂ ਵਧੇਰੇ ਸੰਦੇਸ਼ਾਂ 'ਚ http://modi-laptop.saarkari-yojna.in/# ਵੈਬਸਾਈਟ ਦਾ ਲਿੰਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

Image copyright SM Viral Post

ਇਸ ਵੈਬਸਾਈਟ 'ਤੇ ਜਾਣ 'ਤੇ ਨਰਿੰਦਰ ਮੋਦੀ ਦੀ ਤਸਵੀਰ ਦਿਖਾਈ ਦਿੰਦੀ ਹੈ, ਜਿਸ ਦੇ ਨਾਲ ਲਿਖਿਆ ਹੈ, 'ਪ੍ਰਧਾਨ ਮੰਤਰੀ ਮੁਫ਼ਤ ਲੈਪਟਾਪ ਵੰਡ ਯੋਜਨਾ-2019'।

ਠੀਕ ਉਸ ਦੇ ਹੇਠਾਂ ਇੱਕ ਟਾਈਮ ਕਾਊਂਟਰ ਦਿੱਤਾ ਹੋਇਆ ਹੈ ਜੋ ਦਿਖਾ ਰਿਹਾ ਹੈ ਕਿ ਇਸ ਕਥਿਤ ਯੋਜਨਾ ਲਈ ਅਪੀਲ ਕਰਨ ਦਾ ਕਿੰਨਾ ਸਮਾਂ ਬਚਿਆ ਹੈ।

ਪਰ ਆਪਣੀ ਪੜਤਾਲ 'ਚ ਅਸੀਂ ਦੇਖਿਆ ਹੈ ਕਿ ਇਸ ਯੋਜਨਾ ਦਾ ਦਾਅਵਾ ਫਰਜ਼ੀ ਹੈ ਅਤੇ ਵਾਇਰਲ ਸੰਦੇਸ਼ 'ਚ 'ਲੈਪਟਾਪ ਵੰਡ' ਦਾ ਜੋ ਦਾਅਵਾ ਕੀਤਾ ਗਿਆ ਹੈ, ਅਜਿਹਾ ਕੋਈ ਅਧਿਕਾਰਤ ਐਲਾਨ ਨਰਿੰਦਰ ਮੋਦੀ ਜਾਂ ਉਨ੍ਹਾਂ ਦੀ ਸਰਕਾਰ ਵੱਲੋਂ ਅਜੇ ਤੱਕ ਨਹੀਂ ਕੀਤਾ ਗਿਆ।

Image copyright Website Grab

ਕੁਝ ਨਹੀਂ ਮਿਲਣ ਵਾਲਾ?

ਇੰਟਰਨੈੱਟ ਸਰਚ ਰਾਹੀਂ ਅਸੀਂ ਦੇਖਿਆ ਹੈ ਕਿ 23 ਮਈ 2019 ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਜਿਹੇ ਕਈ ਵੈਬਸਾਈਟ ਲਿੰਕ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ 'ਚ 'ਮੇਕ ਇਨ ਇੰਡੀਆ' ਯੋਜਨਾ ਤਹਿਤ 2 ਕਰੋੜ ਨੌਜਵਾਨਾਂ ਨੂੰ ਮੁਫ਼ਤ ਲੈਪਟਾਪ ਦੇਣ ਦੀ ਗੱਲ ਕਹੀ ਗਈ ਹੈ।

ਅਸੀਂ ਦੇਖਿਆ ਕਿ modi-laptop.saarkari-yojna. ਵੈਬਸਾਈਟ ਵਾਂਗ modi-laptop.wish-karo-yar.tk, modi-laptop.wishguruji.com ਅਤੇ free-modi-laptop.lucky.al ਵੈਬਸਾਈਟ 'ਤੇ ਵੀ ਇਸ ਫਰਜ਼ੀ ਯੋਜਨਾ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਇਨ੍ਹਾਂ ਵੈਬਸਾਈਟ ਲਿੰਕਸ ਨੂੰ ਸੋਸ਼ਲ ਮੀਡੀਆ 'ਤੇ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਆਪਣੇ ਸੈਂਪਲ ਵਜੋਂ ਅਸੀਂ modi-laptop.saarkari-yojna.in ਵੈਬਸਾਈਟ ਨੂੰ ਰੱਖਿਆ ਜਿਸ 'ਤੇ ਕੇਂਦਰ ਸਰਕਾਰ ਦੀ 'ਪ੍ਰਧਾਨ ਮੰਤਰੀ ਯੋਜਨਾ' ਯਾਨਿ 'ਆਯੁਸ਼ਮਾਨ ਭਾਰਤ ਯੋਜਨਾ' ਚਿਨ੍ਹ ਲੱਗਿਆ ਹੋਇਆ ਹੈ।

Image copyright Website Grab

ਵੈਬਸਾਈਟ 'ਤੇ ਇਸ ਕਥਿਤ ਯੋਜਨਾ ਦੇ ਰਜਿਸਟ੍ਰੇਸ਼ਨ ਲਈ ਬੇਨਤੀਕਾਰ ਦਾ ਨਾਮ, ਮੋਬਾਈਲ ਨੰਬਰ, ਉਮਰ ਅਤੇ ਸੂਬਾ (ਸਥਾਨ) ਲਿਖਣ ਦੀ ਥਾਂ ਦਿੱਤੀ ਗਈ ਹੈ।

ਇਸ ਜਾਣਕਾਰੀ ਤੋਂ ਬਾਅਦ ਬੇਨਤੀਕਾਰ ਕੋਲੋਂ ਦੋ ਸਵਾਲ ਪੁੱਛੇ ਜਾਂਦੇ ਹਨ ਕਿ ਅਜਿਹੀ ਕਿਸੇ ਹੋਰ ਯੋਜਨਾ ਦਾ ਲਾਭ ਤਾਂ ਨਹੀਂ ਲੈ ਰਹੇ? ਅਤੇ ਕੀ ਇਹ ਆਪਣੇ ਦੋਸਤਾਂ ਨੂੰ ਇਸ ਯੋਜਨਾ ਬਾਰੇ ਦੱਸਣਗੇ?

ਇਨ੍ਹਾਂ ਸਵਾਲਾਂ ਤੋਂ ਬਾਅਦ ਇਹ ਫੇਕ ਵੈਬਸਾਈਟ ਇੱਕ ਰਜਿਟ੍ਰੇਸ਼ਨ ਨੰਬਰ ਦਿੰਦੀ ਹੈ, ਜਿਸ ਨਾਲ ਬੇਨਤੀਕਾਰ ਨੂੰ ਕਦੇ ਕੁਝ ਨਹੀਂ ਮਿਲਣ ਵਾਲਾ।

Image copyright SM Viral Post

ਫਿਰ ਲਾਭ ਕਿਸ ਨੂੰ ਹੈ?

ਅਜਿਹੇ 'ਚ ਜੇਕਰ ਬੇਨਤੀਕਾਰ ਨੂੰ ਲੈਪਟਾਪ ਨਹੀਂ ਮਿਲਣ ਵਾਲਾ ਹੈ ਤਾਂ ਫਿਰ ਇਹ ਵੈਬਸਾਈਟ ਬਣਾ ਕੇ ਇਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਰਕੂਲੇਟ ਕਰਕੇ ਕਿਸ ਨੂੰ ਲਾਭ ਹੋ ਸਕਦਾ ਹੈ?

ਇਸ ਗੱਲ ਨੂੰ ਸਮਝਣ ਲਈ ਅਸੀਂ ਦਿੱਲੀ ਬੇਸਡ ਸਾਈਬਰ ਸਿਕਿਓਰਿਟੀ ਐਕਸਪਰਟ ਰਾਹੁਲ ਤਿਆਗੀ ਨਾਲ ਗੱਲ ਕੀਤੀ।

ਰਾਹੁਲ ਤਿਆਗੀ ਨੇ ਆਪਣੇ ਪੱਧਰ 'ਤੇ ਪੜਤਾਲ ਕਰਨ ਤੋਂ ਬਾਅਦ ਦੱਸਿਆ ਕਿ 'modi-laptop.saarkari-yojna.in' ਨਾਮ ਦੇ ਡੋਮੇਨ ਨੂੰ ਹਰਿਆਣਾ ਤੋਂ 21 ਜੁਲਾਈ 2018 ਨੂੰ ਕਰੀਬ ਸ਼ਾਮ 7 ਵਜੇ ਖਰੀਦਿਆ ਗਿਆ ਸੀ ਅਤੇ 27 ਮਾਰਚ 2019 ਨੂੰ ਇਸ ਨੂੰ ਅਪਡੇਟ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਹੈ ਕਿ ਜੋ ਵੀ ਵੈਬਸਾਈਟ ਫ੍ਰੀ ਲੈਪਟਾਪ ਵੰਡਣ ਦਾ ਦਾਅਵਾ ਕਰ ਰਹੀ ਹੈ, ਉਨ੍ਹਾਂ 'ਚੋਂ ਕੋਈ ਵੀ ਸਰਕਾਰੀ ਵੈਬਸਾਈਟ ਨਹੀਂ ਹੈ।

Image copyright pmindia.gov.in

ਉਨ੍ਹਾਂ ਨੇ ਦੱਸਿਆ, "ਅਜਿਹੀ ਵੈਬਸਾਈਟ ਨੂੰ ਬਣਾਉਣ ਵਾਲਿਆਂ ਦਾ ਪਹਿਲਾਂ ਮਕਸਦ ਵੱਡੇ ਪੱਧਰ 'ਤੇ ਲੋਕਾਂ ਦਾ ਡਾਟਾ ਇਕੱਠਾ ਕਰਨਾ ਅਤੇ ਉਸ ਨਾਲ ਪੈਸੇ ਕਮਾਉਣਾ ਹੁੰਦਾ ਹੈ।"

"ਇਹ ਲੋਕ ਨਾਮ, ਉਮਰ, ਸਥਾਨ ਅਤੇ ਮੋਬਾਈਲ ਨੰਬਰ ਵਰਗੀਆਂ ਬੁਨਿਆਦੀ ਜਾਣਕਾਰੀਆਂ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਇਕੱਠੇ ਕਰਕੇ ਕਿਸੇ ਮਾਰਕਿਟਿੰਗ ਏਜੰਸੀ ਨੂੰ ਵੇਚਦੇ ਹਨ।"

"ਇਹ ਏਜੰਸੀਆਂ ਬੈਂਕਾਂ, ਬੀਮਾ ਕੰਪਨੀਆਂ ਸਣੇ ਹੋਰ ਸੇਵਾਵਾਂ ਦੇਣ ਵਾਲਿਆਂ ਨੂੰ ਡਾਟਾ ਦਿੰਦੀਆਂ ਹਨ। ਇਸ ਤੋਂ ਬਾਅਦ ਪ੍ਰੋਵਾਈਡਰ ਆਪਣੇ ਟਾਰਗੇਟ ਦੇ ਹਿਸਾਬ ਨਾਲ ਆਪਣੇ ਗਾਹਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।"

ਰਾਹੁਲ ਕਹਿੰਦੇ ਹਨ, "ਬਹੁਤ ਸਾਰੇ ਲੋਕ ਆਪਣਾ ਨਾਮ ਅਤੇ ਫੋਨ ਨੰਬਰ ਸ਼ੇਅਰ ਕਰਨਾ ਕੋਈ ਗੰਭੀਰ ਗੱਲ ਨਹੀਂ ਮੰਨਦੇ ਪਰ ਇਸ ਦੇ ਵੀ ਕਈ ਖ਼ਤਰੇ ਹਨ। ਲੋਕਾਂ ਦਾ ਡਾਟਾ ਇਕੱਠਾ ਕਰਨਾ ਕਿਸੇ ਵੱਡੇ ਜਾਲ 'ਚ ਫਸਾਏ ਜਾਣ ਦਾ ਪਹਿਲਾਂ ਕਦਮ ਹੋ ਸਕਦਾ ਹੈ।"

"ਦੇਖਿਆ ਗਿਆ ਹੈ ਕਿ ਫਰਜ਼ੀ ਵੈਬਸਾਈਟ ਬਣਾਉਣ ਵਾਲੇ ਯੂਜ਼ਰ ਦਾ ਨੰਬਰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸੰਦੇਸ਼ ਰਾਹੀਂ ਕੁਝ ਲਿੰਕ ਭੇਜਦੇ ਹਨ, ਉਨ੍ਹਾਂ ਲੁਭਾਉਣ ਵਾਲੀਆਂ ਸਕੀਮਾਂ ਦੱਸਦੇ ਹਨ ਪਰ ਉਨ੍ਹਾਂ ਦੀ ਸਿੱਟਾ ਇਹ ਨਿਕਲਦਾ ਹੈ ਕਿ ਉਨ੍ਹਾਂ ਲਿੰਕਸ 'ਤੇ ਕਲਿੱਕ ਕਰਦਿਆਂ ਹੀ ਫੋਨ ਹੈਕ ਹੋਣ ਲਗਦਾ ਹੈ। ਕੁਝ ਐਪ ਮੋਬਾਇਲ 'ਚ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ ਜੋ ਤੁਹਾਡੇ ਪਰਸਨਲ ਡਾਟਾ ਨੂੰ ਮੋਬਾਈਲ 'ਚੋਂ ਬਿਨਾਂ ਦੱਸੇ ਚੋਰੀ ਕੀਤਾ ਜਾ ਸਕਦਾ ਹੈ।"

ਰਾਹੁਲ ਮੁਤਾਬਕ ਇਸ ਪੂਰੀ ਪ੍ਰਕਿਰਿਆ ਨੂੰ 'ਇੱਕ ਸੰਗਠਿਤ ਕ੍ਰਾਈਮ' ਕਿਹਾ ਜਾ ਸਕਦਾ ਹੈ।

ਫੈਕਟ ਚੈੱਕ ਦੀਆਂ ਹੋਰ ਖ਼ਬਰਾਂ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)