ਭਾਰਤੀ ਹਵਾਈ ਫੌਜ ਦਾ ਜਹਾਜ਼ ਚੀਨ ਨਾਲ ਸਰਹੱਦ ਨੇੜੇ ਲਾਪਤਾ

ਫਾਈਲ ਫੋਟੋ Image copyright EPA

ਭਾਰਤੀ ਹਵਾਈ ਫੌਜ ਦਾ ਜਹਾਜ਼ ਏਐਨ-32 ਅਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਹੈ।

ਭਾਰਤੀ ਫੌਜ ਦੇ ਬੁਲਾਰੇ ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਕਿਹਾ ਕਿ ਜਹਾਜ਼ ਵਿੱਚ 13 ਲੋਕ ਸਨ, ਜਿੰਨਾਂ ਵਿੱਚੋਂ 8 ਚਾਲਕ ਦਲ ਦੇ ਮੈਂਬਰ ਸਨ। ਸਾਰੇ ਹਵਾਈ ਫੌਜ ਨਾਲ ਜੁੜੇ ਸਨ।

ਬੁਲਾਰੇ ਨੇ ਦੱਸਿਆ ਕਿ ਜਹਾਜ਼ ਨੇ ਜੋਰਹਾਟ ਤੋਂ ਦੁਪਹਿਰ 12.45 ਵਜੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਐਡਵਾਂਸ ਲੈਨਡਿੰਗ ਗਰਾਊਂਡ ਦੇ ਲਈ ਉੜਾਨ ਭਰੀ ਸੀ। ਪਰ ਕੁਝ ਹੀ ਸਮੇ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ।

ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਜਾਂ ਏਟੀਸੀ ਨਾਲ ਆਖਰੀ ਸੰਪਰਕ ਦੁਪਹਿਰ ਇੱਕ ਵਜੇ ਹੋਇਆ ਸੀ।

ਜਹਾਜ਼ ਦੇ ਸਮੇਂ ਸਿਰ ਮੇਚੁਕਾ ਐਡਵਾਂਸ ਲੈਨਡਿੰਗ ਗਰਾਊਂਡ ਨਾ ਪਹੁੰਚਣ 'ਤੇ ਭਾਰਤੀ ਹਵਾਈ ਸੇਨਾ ਨੇ ਤਲਾਸ਼ ਸ਼ੁਰੂ ਕੀਤੀ। ਬੁਲਾਰੇ ਨੇ ਦੱਸਿਆ ਕਿ ਵਿਮਾਨ ਦੀ ਤਲਾਸ਼ ਜਾਰੀ ਹੈ।

ਇਹ ਵੀ ਪੜ੍ਹੋ:-

ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਸਥਾਨਕ ਪੱਤਰਕਾਰ ਦਲੀਪ ਕੁਮਾਰ ਸ਼ਰਮਾ ਨੂੰ ਦੱਸਿਆ ਕਿ ਸੁਖੋਈ 30 ਅਤੇ ਸੀ 130 ਹੈਲੀਕਾਪਟਰ ਖੋਜ ਲਈ ਇਸਤੇਮਾਲ ਕੀਤੇ ਜਾ ਰਹੇ ਹਨ। ਨਾਲ ਹੀ ਇਸ ਕੰਮ ਲਈ ਸੇਨਾ ਅਤੇ ਆਈਟੀਬੀਪੀ ਦੀ ਵੀ ਮਦਦ ਲਈ ਜਾ ਰਹੀ ਹੈ।

ਪਹਿਲਾਂ ਵੀ ਹੋਇਆ ਸੀ ਜਹਾਜ਼ ਲਾਪਤਾ

ਸਾਲ 2016 ਵਿੱਚ ਭਾਰਤੀ ਹਵਾਈ ਸੇਨਾ ਦਾ ਏਐਨ-32 ਜਹਾਜ਼ ਲਾਪਤਾ ਹੋ ਗਿਆ ਸੀ। ਇਸ ਜਹਾਜ਼ ਨੇ ਉਸ ਸਮੇ ਚੇਨਈ ਤੋਂ ਅੰਡੇਮਾਨ ਅਤੇ ਨਿਕੋਬਾਰ ਦੇ ਲਈ ਉੜਾਨ ਭਰੀ ਸੀ, ਪਰ ਬੰਗਾਲ ਦੇ ਉਪਰ ਉੜਦੇ ਹੋਏ ਲਾਪਤਾ ਹੋ ਗਿਆ ਸੀ।

ਇਸ ਤੋਂ ਬਾਅਦ ਇਸ ਜਹਾਜ਼ ਦੀ ਖੋਜ ਲਈ ਅਭਿਆਨ ਚਲਾਇਆ ਗਿਆ ਸੀ। ਭਾਰਤੀ ਹਵਾਈ ਸੇਨਾ ਨੂੰ ਇਸ ਸਭ ਤੋਂ ਵੱਡੇ ਤਲਾਸ਼ੀ ਅਭਿਆਨ ਵਿੱਚ ਨਾਕਾਮੀ ਹੱਥ ਲੱਗੀ ਸੀ। ਲਾਪਤਾ ਜਹਾਜ਼ ਨਹੀਂ ਮਿਲਿਆ ਸੀ। ਇਸ ਵਿੱਚ 29 ਲੋਕ ਸਵਾਰ ਸਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਲਾਪਤਾ ਜਹਾਜ਼ ਦੇ ਸੰਬੰਧ ਵਿੱਚ ਏਅਰ ਮਾਰਸ਼ਲ ਰਾਕੇਸ਼ ਸਿੰਘ ਭਦੌਰਿਆ ਨਾਲ ਗੱਲ ਕੀਤੀ ਹੈ।

ਭਾਰਤੀ ਹਵਾਈ ਸੇਨਾ ਏਐਨ-32 ਨੂੰ 1984 ਤੋਂ ਇਸਤੇਮਾਲ ਕਰ ਰਹੀ ਹੈ। ਇਹ ਯੂਕਰੇਨ ਦੀ ਐਨਤੋਨੋਵ ਸਟੇਟ ਕਾਰਪੋਰੇਸ਼ਨ ਨੇ ਡਿਜ਼ਾਈਨ ਕੀਤਾ ਹੈ।

ਏਐਨ 32 ਸਾਢੇ ਸੱਤ ਕਿਲੋ ਦਾ ਭਾਰ ਲੈ ਕੇ ਜਾ ਸਕਦਾ ਹੈ। ਦੋ ਇੰਜਨ ਵਾਲਾ ਇਹ ਜਹਾਜ਼ 530 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉੱਡ ਸਕਦਾ ਹੈ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)