ਸਾਬਕਾ ਸੈਨਿਕ ਸਨਾਉੱਲਾਹ ਦੀ ਭਾਰਤੀ ਨਾਗਰਿਕਤਾ ਦੇ ਮਾਮਲੇ ਵਿੱਚ ਆਇਆ ਨਵਾਂ ਮੋੜ

ਮੁਹੰਮਦ ਸਨਾਉੱਲਾਹ Image copyright Sanaullah family
ਫੋਟੋ ਕੈਪਸ਼ਨ ਭਾਰਤੀ ਸੈਨਾ ਦੇ ਰਿਟਾਇਰਡ ਸੂਬੇਦਾਰ ਮੁਹੰਮਦ ਸਨਾਉੱਲਾਹ ਕਰੀਬ ਇੱਕ ਹਫ਼ਤੇ ਤੋਂ ਆਸਾਮ ਦੇ ਇੱਕ ਡਿਟੈਂਸ਼ਨ ਸੈਂਟਰ ਵਿੱਚ ਹਨ

ਭਾਰਤੀ ਸੈਨਾ ਨੂੰ 30 ਸਾਲ ਸੇਵਾ ਦੇਣ ਵਾਲੇ ਰਿਟਾਇਰਡ ਸੂਬੇਦਾਰ ਮੁਹੰਮਦ ਸਨਾਉੱਲਾਹ ਕਰੀਬ ਇੱਕ ਹਫ਼ਤੇ ਤੋਂ ਆਸਾਮ ਦੇ ਇੱਕ ਡਿਟੈਂਸ਼ਨ ਸੈਂਟਰ 'ਚ ਹਨ।

ਉਨ੍ਹਾਂ ਨੂੰ 23 ਮਈ ਫੌਰੇਨਰਸ ਟ੍ਰਾਈਬਿਊਨਲ (ਐਫਟੀ) ਅਦਾਲਤ ਨੇ ਵਿਦੇਸ਼ੀ ਨਾਗਰਿਕ ਐਲਾਨ ਕਰ ਦਿੱਤਾ ਸੀ।

ਹੁਣ ਸਨਾਉੱਲਾਹ ਮਾਮਲੇ ਦੇ ਜਾਂਚ ਅਧਿਕਾਰੀ ਚੰਦਰਮਲ ਦਾਸ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਜਿਨ੍ਹਾਂ ਕਥਿਤ ਗਵਾਹਾਂ ਦੇ ਆਧਾਰ 'ਤੇ ਰਿਪੋਰਟ ਤਿਆਰ ਕੀਤੀ ਗਈ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਗਵਾਹੀ ਦਿੱਤੀ ਹੀ ਨਹੀਂ।

ਸਾਲ 2017 'ਚ ਸੈਨਾ ਤੋਂ ਰਿਟਾਇਰ ਹੋਣ ਤੋਂ ਬਾਅਦ 52 ਸਾਲਾਂ ਸਨਾਉੱਲਾਹ ਆਸਾਮ ਪੁਲਿਸ ਦੀ ਬਾਰਡਰ ਵਿੰਗ 'ਚ ਸਬ-ਇਨਸਪੈਕਟਰ ਵਜੋਂ ਕੰਮ ਕਰ ਰਹੇ ਸੀ।

ਜੋਧਪੁਰ, ਦਿੱਲੀ, ਜੰਮੂ-ਕਸ਼ਮੀਰ, ਸਿਕੰਦਰਾਬਾਦ, ਗੁਹਾਟੀ, ਪੰਜਾਬ, ਮਣੀਪੁਰ ਵਰਗੀਆਂ ਥਾਵਾਂ 'ਤੇ ਆਪਣੀਆਂ ਸੇਵਾਵਾਂ ਦੇਣ ਵਾਲੇ ਅਤੇ 2017 'ਚ ਰਿਟਾਇਰ ਹੋਏ ਮੁਹੰਮਦ ਸਨਾਉੱਲਾਹ ਦਾ ਨਾਮ ਪਿਛਲੇ ਸਾਲ ਜਾਰੀ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੀ ਪਹਿਲੀ ਡਰਾਫਟ ਸੂਚੀ ਵਿੱਚ ਨਹੀਂ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਮਾਮਲਾ ਫੌਰੇਨਰਸ ਟ੍ਰਾਈਬਿਊਨਲ ਤੱਕ ਪਹੁੰਚਿਆ।

ਫਿਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਡਿਟੈਂਸ਼ਨ ਸੈਂਟਰ ਭੇਜਿਆ ਗਿਆ।

ਇਹ ਵੀ ਪੜ੍ਹੋ-

ਪਿਛੋਕੜ

ਇਤਿਹਾਸਕ ਅਤੇ ਆਰਥਿਕ ਕਾਰਨਾਂ ਕਰਕੇ ਆਸਾਮ 'ਚ ਗੈਰ-ਕਾਨੂੰਨੀ ਪ੍ਰਵਾਸ ਇੱਕ ਭਖਿਆ ਮੁੱਦਾ ਰਿਹਾ ਹੈ।

ਸੂਬੇ 'ਚ ਮਾਰਚ 1971 ਤੋਂ ਪਹਿਲਾਂ ਤੋਂ ਰਹਿ ਰਹੇ ਲੋਕਾਂ ਨੂੰ ਰਜਿਸਟਰ 'ਚ ਥਾਂ ਮਿਲੀ ਹੈ, ਜਦ ਕਿ ਉਸ ਤੋਂ ਬਾਅਦ ਆਏ ਲੋਕਾਂ ਦੇ ਨਾਗਰਿਕਤਾ ਦੇ ਦਾਅਵਿਆਂ ਨੂੰ ਸ਼ੱਕੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ।

ਮੋਦੀ ਸਰਕਾਰ ਮੁਤਾਬਕ ਇਲਾਕੇ 'ਚ ਰਹਿਣ ਵਾਲੇ ਗੈਰ-ਕਾਨੂੰਨੀ ਮੁਸਲਮਾਨ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਵੇ।

ਪਰ ਉਨ੍ਹਾਂ ਵਾਪਸ ਕਿੱਥੇ ਭੇਜਿਆ ਜਾਵੇ ਇਹ ਸਾਫ਼ ਇਹ ਨਹੀਂ ਹੈ ਕਿਉਂਕਿ ਬੰਗਲਾਦੇਸ਼ ਵੱਲੋਂ ਇਸ ਬਾਰੇ ਕੋਈ ਇਸ਼ਾਰਾ ਨਹੀਂ ਮਿਲਿਆ ਹੈ ਕਿ ਉਹ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਲੈਣ ਲਈ ਤਿਆਰ ਹੈ।

Image copyright Sanaullah Family

ਆਸਾਮ 'ਚ ਰਹਿ ਰਹੇ ਕਰੀਬ 40 ਲੋਕਾਂ ਦਾ ਨਾਮ ਐਨਆਰਸੀ ਦੀ ਪਹਿਲੀ ਸੂਚੀ 'ਚ ਸ਼ਾਮਿਲ ਨਹੀਂ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਦਸਤਾਵੇਜ਼ ਦਾਖ਼ਿਲ ਕਰਨ ਲਈ ਸਮਾਂ ਦਿੱਤਾ ਗਿਆ ਸੀ।

ਆਸਾਮ ਦੀ ਕਰੀਬ ਸਵਾ ਤਿੰਨ ਕਰੋੜ ਜਨਸੰਖਿਆ 'ਚ ਇੱਕ ਤਿਹਾਈ ਮੁਸਲਮਾਨ ਹਨ।

ਇਸ ਵਿਚਾਲੇ ਜਿਸ ਪੁਲਿਸ ਅਧਿਕਾਰੀ ਚੰਦਰਮਲ ਦਾਸ ਦੀ ਜਾਂਚ ਰਿਪੋਰਟ ਦੇ ਆਧਾਰ ਦੇ ਸਨਾਉੱਲਾਹ ਨੂੰ ਡਿਟੈਂਸ਼ਨ ਕੇਂਦਰ ਭੇਜਿਆ ਗਿਆ, ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।

ਮਾਮਲਾ

ਮੁਹੰਮਦ ਸਨਾਉੱਲਾਹ ਦੇ ਖ਼ਿਲਾਫ਼ 2008-09 ਦੇ ਮਾਮਲੇ 'ਚ ਤਿੰਨ ਕਥਿਤ ਗਵਾਹਾਂ ਦਾ ਬਿਆਨ ਅਤੇ ਮੁਹੰਮਦ ਸਨਾਉੱਲਾਹ ਦਾ ਕਥਿਤ ਇਕਬਾਲੀਆ ਬਿਆਨ ਹੈ।

ਇਹ ਤਿੰਨੇ ਕਥਿਤ ਗਵਾਹ ਸਨਾਉੱਲਾਹ ਦੇ ਪਿੰਡ ਦੇ ਰਹਿਣ ਵਾਲੇ ਸਥਾਨਕ ਲੋਕ ਹੀ ਹਨ ਜਿਨ੍ਹਾਂ ਨੇ 10 ਪੁਰਾਣੀ ਜਾਂਚ ਰਿਪੋਰਟ ਮੁਤਾਬਕ ਕਥਿਤ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਸਨਾਉੱਲਾਹ ਕਿੱਥੋਂ ਦੇ ਰਹਿਣ ਵਾਲੇ ਹਨ।

ਹੁਣ ਇਨ੍ਹਾਂ ਤਿੰਨਾਂ-ਕੁਰਾਨ ਅਲੀ, ਸੋਬਾਹਾਨ ਅਲੀ ਅਤੇ ਅਮਜਦ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਦੇ ਜਾਂਚ ਅਧਿਕਾਰੀ ਚੰਦਰਮਲ ਦਾਸ ਨਾਲ ਕਦੇ ਗੱਲ ਹੀ ਨਹੀਂ ਕੀਤੀ।

ਆਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਅਡੀਸ਼ਨਲ ਪੁਲਿਸ ਇਸੰਪੈਕਟਰ (ਹੈਡਕੁਆਟਰ) ਸੰਜੀਬ ਕੁਮਾਰ ਸੈਕੀਆ ਮੁਤਾਬਕ, "ਇਨ੍ਹਾਂ ਤਿੰਨਾਂ ਲੋਕਾਂ ਨੇ ਐਫਆਈਆਰ 'ਚ ਇਲਜ਼ਾਮ ਲਗਾਇਆ ਹੈ ਕਿ ਮਾਮਲੇ ਦੇ ਜਾਂਚ ਅਧਿਕਾਰੀ ਚੰਦਰਮਲ ਦਾਸ ਨੇ ਉਨ੍ਹਾਂ ਦੇ ਨਾਵਾਂ ਦੀ ਦੁਰਵਰਤੋਂ ਕੀਤੀ, ਉਨ੍ਹਾਂ ਦੇ ਫਰਜ਼ੀ ਦਸਤਖ਼ਤ ਕੀਤੇ"

"ਸਾਨੂੰ ਉਨ੍ਹਾਂ ਗਵਾਹਾਂ ਦੇ ਦਸਤਖ਼ਤਾਂ ਦੀ ਮੁੜ ਜਾਂਚ ਕਰਨੀ ਹੋਵੇਗੀ, ਉਨ੍ਹਾਂ ਨੂੰ ਜਾਂਚ ਲੈਬ 'ਚ ਭੇਜਣਾ ਹੋਵੇਗਾ, ਦੂਜੇ ਗਵਾਹਾਂ ਦੀ ਵੀ ਸਟੇਟਮੈਂਟ ਲੈਣੀ ਹੋਵੇਗੀ। ਉਸ ਤੋਂ ਬਾਅਦ ਸੱਚਾਈ ਦਾ ਪਤਾ ਲੱਗੇਗਾ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਾਬਕਾ ਫੌਜੀਆਂ ਦਾ ਨਾਮ ਵੀ NRC ਵਿੱਚੋਂ ਬਾਹਰ

ਚੰਦਰਮਲ ਦਾਸ ਪਿਛਲੇ ਸਾਲ ਰਿਟਾਇਰ ਹੋ ਗਏ ਹਨ ਪਰ 23 ਮਈ ਦੇ ਫੌਰੇਨਰਸ ਟ੍ਰਾਈਬਿਊਨਲ (ਐਫਟੀ) ਅਦਾਲਤ ਦੇ ਫ਼ੈਸਲੇ ਤੋਂ ਬਾਅਦ ਸਮਾਚਾਰ ਚੈਨਲ ਐਨਡੀਟੀਵੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਸ ਵਿਅਕਤੀ ਦੀ ਉਨ੍ਹਾਂ ਨੇ ਜਾਂਚ ਕੀਤੀ ਉਹ ਸਨਾਉੱਲਾਹ ਸਨ, ਨਾ ਕਿ ਮੁਹੰਮਦ ਸਨਾਉੱਲਾਹ, ਇਸ ਲਈ ਇਹ ਪ੍ਰਸ਼ਾਸਨਿਕ ਭੁਲ-ਚੁੱਕ ਦਾ ਮਾਮਲਾ ਹੈ।

ਸਨਾਉੱਲਾਹ, ਕੁਰਾਨ ਅਲੀ, ਸੋਬਾਹਾਨ ਅਲੀ ਅਤੇ ਅਮਜਦ ਅਲੀ, ਇਹ ਸਾਰੇ ਆਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਕਲਾਹੀਕਾਸ਼ ਪਿੰਡ ਦੇ ਰਹਿਣ ਵਾਲੇ ਹਨ।

ਸ਼ੁਰੂਆਤੀ 'ਜਾਂਚ'

ਮਾਮਲੇ ਦੇ ਦਸਤਾਵੇਜ਼ 2008-09 ਦੇ ਹਨ ਪਰ ਮੁਹੰਮਦ ਸਨਾਉੱਲਾਹ ਦੇ ਖ਼ਿਲਾਫ਼ ਆਸਾਮ ਪੁਲਿਸ ਬਾਰਡਰ ਆਰਗਨਾਈਜ਼ੇਸ਼ਨ ਦੀ ਜਾਂਚ ਆਖ਼ਿਰ ਕਿਉਂ ਸ਼ੁਰੂ ਹੋਈ, ਇਹ ਸਾਫ਼ ਨਹੀਂ ਹੈ।

1962 'ਚ ਬਣੀ ਆਸਾਮ ਪੁਲਿਸ ਬਾਰਡਰ ਆਰਗਨਾਈਜ਼ੇਸ਼ਨ ਦਾ ਸ਼ੁਰੂਆਤੀ ਕੰਮ ਸੀ ਪਾਕਿਸਤਾਨ ਤੋਂ ਹੋਣ ਵਾਲੀ ਘੁਸਪੈਠ ਨੂੰ ਰੋਕਣਾ।

ਜਾਣਕਾਰ ਦੱਸਦੇ ਹਨ ਕਿ ਬਹੁਤ ਸਾਰੇ ਮਾਮਲਿਆਂ 'ਚ ਬਾਰਡਰ ਪੁਲਿਸ ਆਪ ਹੀ ਜਾਂਚ ਸ਼ੁਰੂ ਕਰ ਦਿੰਦੀ ਹੈ।

ਇਹ ਵੀ ਪੜ੍ਹੋ-

ਆਸਾਮ ਦੇ ਹਰ ਪੁਲਿਸ ਸਟੇਸ਼ਨ 'ਚ ਆਸਾਮ ਪੁਲਿਸ ਬਾਰਡਰ ਆਰਗਨਾਈਜ਼ੇਸ਼ਨ ਦੀ ਇੱਕ ਯੂਨਿਟ ਮੌਜੂਦ ਰਹਿੰਦੀ ਹੈ।

ਇਸ ਟੀਮ ਕੋਲ ਪਾਸਪੋਰਟ ਦੀ ਜਾਂਚ, ਨਾਗਰਿਕਤਾ ਦੇ ਦਸਤਾਵੇਜ਼ਾਂ ਦੀ ਜਾਂਚ ਵਰਗੇ ਕੰਮ ਹੁੰਦੇ ਹਨ।

ਆਸਾਮੀ ਭਾਸ਼ਾ 'ਚ ਲਿਖੇ 2008-09 ਦੇ ਸਰਕਾਰੀ ਦਸਤਾਵੇਜ਼ਾਂ ਮੁਤਾਬਕ ਕਲਾਹੀਕਾਸ਼ ਪਿੰਡ ਦੇ ਰਹਿਣ ਵਾਲੇ ਕੁਰਾਨ ਅਲੀ, ਸੋਬਾਹਾਨ ਅਲੀ ਅਤੇ ਅਮਜਦ ਅਲੀ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਮੁੰਹਮਦ ਸਨਾਉੱਲਾਹ ਕਿੱਥੋਂ ਦੇ ਹਨ।

ਅਮਜਦ ਅਲੀ ਨੇ ਕਥਿਤ ਤੌਰ 'ਤੇ ਕਿਹਾ, "ਮੁਹੰਮਦ ਅਲੀ (ਸਨਾਉੱਲਾਹ ਦੇ ਪਿਤਾ) ਸਾਡੇ ਇਲਾਕੇ ਦੇ ਨਹੀਂ ਹਨ, ਇਸ ਲਈ ਉਨ੍ਹਾਂ ਦੀ ਨਾਗਰਿਕਤਾ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ।"

Image copyright DILIP SHARMA/BBC

ਕੁਰਾਨ ਅਲੀ ਨੇ ਕਥਿਤ ਤੌਰ 'ਤੇ ਕਿਹਾ, "ਸਨਾਉੱਲਾਹ ਸਾਡੇ ਪਿੰਡ ਦੇ ਸਥਾਈ ਨਿਵਾਸੀ ਨਹੀਂ ਹਨ।"

ਸੋਬਾਹਾਨ ਅਲੀ ਨੇ ਵੀ ਕਥਿਤ ਤੌਰ 'ਤੇ ਲਗਭਗ ਅਜਿਹਾ ਹੀ ਕੁਝ ਕਿਹਾ ਹੈ।

ਪਰ ਹੁਣ ਇਨ੍ਹਾਂ ਤਿੰਨਾਂ ਦਾ ਕਹਿਣਾ ਹੈ ਕਿ ਜਾਂਚ ਅਧਿਕਾਰੀ ਚੰਦਰਮਲ ਦਾਸ ਨਾਲ ਕਦੇ ਗੱਲ ਹੀ ਨਹੀਂ ਹੋਈ।

ਬੀਬੀਸੀ ਨਾਲ ਗੱਲ ਕਰਦਿਆਂ 65 ਸਾਲ ਦੇ ਕੁਰਾਨ ਅਲੀ ਨੇ ਕਿਹਾ, "ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ, ਨਾ ਹੀ ਮੈਂ ਕਦੇ ਉਨ੍ਹਾਂ ਨਾਲ ਮਿਲਿਆ ਹਾਂ। ਇਹ ਬਿਆਨ ਕਿੱਥੋਂ ਆਇਆ ਉਹ ਚੰਦਰਮਲ ਦਾਸ ਹੀ ਜਾਣਦੇ ਹਨ।"

"2008-09 ਦੌਰਾਨ ਮੈਂ ਗੁਹਾਟੀ 'ਚ ਸੀ...1981-2014 ਤੱਕ ਮੈਂ ਵਾਟਰ ਪਾਲਿਊਸ਼ਨ ਕੰਟ੍ਰੋਲ ਬੋਰਡ 'ਚ ਚਪੜਾਸੀ ਦੀ ਨੌਕਰੀ ਕੀਤੀ...ਮੈਂ ਸਨਾਉੱਲਾਹ ਨੂੰ 1985 ਤੋਂ ਜਾਣਦਾ ਹਾਂ... ਉਹ ਬੇਹੱਦ ਚੰਗੇ ਲੋਕ ਹਨ।"

ਮੁੰਹਮਦ ਸਨਾਉੱਲਾਹ ਦਾ ਘਰ ਕੁਰਾਨ ਅਲੀ ਦੇ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ 'ਤੇ ਹੈ।

ਸੋਬਾਹਾਨ ਅਲੀ ਦਾ ਵੀ ਇਹੀ ਕਹਿਣਾ ਹੈ।

ਪੇਸ਼ੇ ਤੋਂ ਕਿਸਾਨ 68 ਸਾਲਾਂ ਸੋਬਾਹਾਨ ਅਲੀ ਕਹਿੰਦੇ ਹਨ, "ਉਨ੍ਹਾਂ ਦੇ ਨਾਲ ਸਾਡੇ ਘਰ ਵਰਗੇ ਸਬੰਧ ਹਨ। ਅਸੀਂ ਉਨ੍ਹਾਂ ਦੇ ਖ਼ਿਲਾਫ਼ ਕਿਉਂ ਕੇਸ ਕਰਾਂਗੇ। ਸਾਡਾ ਘਰ ਉਨ੍ਹਾਂ ਦੇ ਘਰ ਤੋਂ ਇੱਕ ਕਿਲੋਮੀਟਰ ਦੂਰ ਹੈ। ਮੈਂ ਚੰਦਰਮਲ ਦਾਸ ਨੂੰ ਕਦੇ ਨਹੀਂ ਮਿਲਿਆ। ਨਾ ਕਦੇ ਉਨ੍ਹਾਂ ਨਾਮ ਸੁਣਿਆ। ਸਾਨੂੰ ਬਿਆਨ ਬਾਰੇ ਪਤਾ ਵੀ ਨਹੀਂ।"

ਕਥਿਤ ਇਲਬਾਲੀਆ ਬਿਆਨ

ਆਧਿਕਾਰਤ ਦਸਤਾਵੇਜ਼ਾਂ 'ਚ ਮੁਹੰਮਦ ਸਨਾਉੱਲਾਹ ਦਾ ਕਥਿਤ ਇਕਬਾਲੀਆ ਬਿਆਨ ਵੀ ਹੈ।

ਇਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਜਨਮ ਢਾਕਾ ਦੇ ਕਾਸਿਮਪੁਰਾ ਪਿੰਡ ਵਿੱਚ ਹੋਇਆ ਸੀ।

Image copyright Shehnazakhtar
ਫੋਟੋ ਕੈਪਸ਼ਨ ਸਨਾਉੱਲਾਹ ਦੀ ਬੇਟੀ ਨੇ ਸ਼ਹਿਨਾਜ਼ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਡਿਟੈਂਸ਼ਨ ਸੈਂਟਰ ਜਾ ਕੇ ਉਨ੍ਹਾਂ 'ਤੇ ਚੱਲ ਰਹੇ 10 ਸਾਲ ਪੁਰਾਣੇ ਕੇਸ ਬਾਰੇ ਪਤਾ ਲੱਗਾ

"ਉਥੋਂ ਦੇ ਥਾਣੇ ਦਾ ਨਾਮ ਮੈਨੂੰ ਨਹੀਂ ਪਤਾ। ਮੇਰੇ ਪਿਤਾ ਦਾ ਜਨਮ ਇੱਥੇ ਹੀ ਹੋਇਆ ਸੀ, ਮੇਰਾ ਵੀ ਜਨਮ ਇੱਥੇ ਹੋਇਆ ਸੀ...ਮੇਰੇ ਆਪਣੇ ਨਾਮ 'ਤੇ ਕੋਈ ਜ਼ਮੀਨ ਨਹੀਂ ਹੈ। ਮੈਂ ਪੜ੍ਹ-ਲਿਖ ਨਹੀਂ ਸਕਦਾ ਹਾਂ...ਮੇਰੇ ਜਾਂਚ ਅਧਿਕਾਰੀ ਨੇ ਮੇਰੀ ਨਾਗਰਿਕਤਾ ਬਾਰੇ ਮੇਰੇ ਕੋਲੋਂ ਦਸਤਾਵੇਜ਼ ਮੰਗ ਹਨ ਪਰ ਮੈਂ ਉਨ੍ਹਾਂ ਨੂੰ ਕੋਈ ਦਸਤਾਵੇਜ਼ ਨਹੀਂ ਦੇ ਸਕਦਾ।"

ਮੁਹੰਮਦ ਸਨਾਉੱਲਾਹ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਕਦੇ ਇਹ ਕਥਿਤ ਇਕਬਾਲੀਆ ਬਿਆਨ ਦਿੱਤਾ ਨਹੀਂ।

ਉਨ੍ਹਾਂ ਦੀ ਬੇਟੀ ਸ਼ਹਿਨਾਜ਼ ਅਖ਼ਤਰ ਮੁਤਾਬਕ ਪਿਛਲੇ ਸਾਲ 2018 'ਚ ਉਨ੍ਹਾਂ ਦੇ ਪਿਤਾ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦਾ ਨਾਮ ਐਨਆਰਸੀ ਦੀ ਪਹਿਲੀ ਡਰਾਫਟ ਸੂਚੀ 'ਚ ਨਹੀਂ ਹੈ ਤਾਂ ਉਹ ਐਨਆਰਸੀ ਕੇਂਦਰ ਚਲੇ ਗਏ ਅਤੇ ਉਦੋਂ ਉਨ੍ਹਾਂ ਨੂੰ ਆਪਣੇ ਉੱਤੇ ਚੱਲ ਰਹੀ 10 ਸਾਲ ਪੁਰਾਣੀ ਜਾਂਚ ਬਾਰੇ ਪਤਾ ਲੱਗਾ।

ਉਹ ਕਹਿੰਦੀ ਹੈ, "ਉਸ ਤੋਂ ਪਹਿਲਾਂ ਉਨ੍ਹਾਂ ਆਪਣੇ ਬਾਰੇ ਚੱਲ ਰਹੀ ਜਾਂਚ ਬਾਰੇ ਪਤਾ ਵੀ ਨਹੀਂ ਸੀ... ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ।"

ਮੁੰਹਮਦ ਸਨਾਉੱਲਾਹ ਦੇ ਵਕੀਲ ਮਾਮਲੇ ਨੂੰ ਗੁਹਾਟੀ ਹਾਈ ਕੋਰਟ ਲੈ ਗਏ ਅਤੇ ਸੁਣਵਾਈ 7 ਜੂਨ ਨੂੰ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)