ਆਰਟੀਕਲ 15: ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਦੇ ਟਰੇਲਰ 'ਤੇ ਕਿਉਂ ਹੋ ਰਹੀ ਹੈ ਬਹਿਸ?

ਆਯੁਸ਼ਮਾਨ ਖੁਰਾਨਾ, ਫ਼ਿ਼ਲਮ ਆਰਟੀਕਲ 15 Image copyright zee/TrailerGrab
ਫੋਟੋ ਕੈਪਸ਼ਨ ਫ਼ਿ਼ਲਮ ਆਰਟੀਕਲ 15 ਦੇ ਇੱਕ ਸੀਨ ਵਿੱਚ ਆਯੁਸ਼ਮਾਨ ਖੁਰਾਨਾ

"ਧਰਮ, ਨਸਲ, ਜਾਤ, ਲਿੰਗ, ਜਨਮ ਸਥਾਨ ਇਨ੍ਹਾਂ ਵਿੱਚੋਂ ਕਿਸੇ ਵੀ ਆਧਾਰ 'ਤੇ ਸੂਬੇ ਆਪਣੇ ਕਿਸੇ ਵੀ ਨਾਗਰਿਕ ਨਾਲ ਕੋਈ ਭੇਦਭਾਵ ਨਹੀਂ ਕਰਨਗੇ। ਇਹ ਮੈਂ ਨਹੀਂ ਕਹਿ ਰਿਹਾ, ਭਾਰਤ ਦੇ ਸੰਵਿਧਾਨ ਵਿੱਚ ਲਿਖਿਆ ਹੈ।"

ਇਸ ਨੂੰ ਡਾਇਰੈਕਟਰ ਅਨੁਭਵ ਸਿਨਹਾ ਅਤੇ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਆਰਟੀਕਲ 15 ਦਾ ਮਹਿਜ਼ ਇੱਕ ਡਾਇਲਾਗ ਸਮਝਣ ਦੀ ਭੁੱਲ ਨਾ ਕਰਨਾ। ਇਹ ਭਾਰਤੀ ਸੰਵਿਧਾਨ ਦੇ ਆਰਟੀਕਲ 15 ਦੀ ਪਹਿਲੀ ਲਾਈਨ ਹੈ। ਆਰਟੀਕਲ 15 ਯਾਨਿ ਬਰਾਬਰਤਾ ਦਾ ਅਧਿਕਾਰ।

ਉਂਝ ਤਾਂ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਵੱਖ-ਵੱਖ ਕਾਰਨਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਵਿੱਚ ਰਿਹਾ ਹੈ।

ਕਦੇ ਸੱਤਾ ਵਿੱਚ ਬੈਠੇ ਲੋਕਾਂ ਵੱਲੋਂ ਸੰਵਿਧਾਨ ਵਿੱਚ ਸੋਧ ਨੂੰ ਲੈ ਕੇ ਤਾਂ ਕਦੇ ਵਿਰੋਧੀ ਪਾਰਟੀਆਂ ਵੱਲੋਂ ਸੰਵਿਧਾਨ ਨੂੰ ਖਤਰੇ ਵਿੱਚ ਦੱਸਣ ਕਾਰਨ।

ਅਜਿਹੇ ਵਿੱਚ ਜਦੋਂ 'ਆਰਟੀਕਲ 15' ਨਾਮ ਤੋਂ ਫ਼ਿਲਮ ਆ ਰਹੀ ਹੈ ਤਾਂ ਇਸਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਹੋ ਰਹੀ ਹੈ। ਟਰੇਲਰ ਰਿਲੀਜ਼ ਹੋਣ ਤੋਂ ਕੁਝ ਹੀ ਘੰਟੇ ਵਿੱਚ ਇਸ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ।

ਇਹ ਵੀ ਪੜ੍ਹੋ:

ਆਓ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਆਰਟੀਕਲ 15 ਕੀ ਹੈ ਅਤੇ ਕਿਉਂ ਮੌਜੂਦਾ ਸਮੇਂ ਵਿੱਚ ਸੰਵਿਧਾਨ ਦੇ ਇਸ ਆਰਟੀਕਲ 'ਤੇ ਫ਼ਿਲਮ ਦੇ ਬਹਾਨੇ ਹੋ ਰਹੀ ਬਹਿਸ ਨੂੰ ਕੁਝ ਲੋਕ ਜ਼ਰੂਰੀ ਮੰਨ ਰਹੇ ਹਨ।

Image copyright AFP

ਬਰਾਬਰਤਾ ਦਾ ਅਧਿਕਾਰ ਯਾਨਿ ਆਰਟੀਕਲ 15

15 (1). ਸੂਬੇ ਕਿਸੇ ਨਾਗਰਿਕ ਨਾਲ ਸਿਰਫ਼ ਧਰਮ, ਜਾਤ, ਲਿੰਗ, ਜਨਮ ਸਥਾਨ ਜਾਂ ਇਨ੍ਹਾਂ ਵਿੱਚੋਂ ਕਿਸੇ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕਰਨਗੇ।

ਇਸੇ ਆਰਟੀਕਲ 15 ਬਾਰੇ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਅਵਨੀ ਬੰਸਲ ਕਹਿੰਦੀ ਹੈ ਕਿ ਸੰਵਿਧਾਨ ਬਰਾਬਰਤਾ ਦਾ ਹੱਕ ਦਿੰਦਾ ਹੈ।

ਸੰਵਿਧਾਨ ਦੀ ਰਚਨਾ ਹੀ ਇਸ ਆਧਾਰ 'ਤੇ ਕੀਤੀ ਗਈ ਹੈ ਕਿ ਦੇਸ ਦੇ ਕਿਸੇ ਨਾਗਰਿਕ ਨਾਲ ਭੇਦਭਾਵ ਨਾ ਹੋਵੇ ਪਰ ਇਹ ਸੱਚਾਈ ਹੈ ਕਿ ਸੰਵਿਧਾਨ ਵਿੱਚ ਲਿਖਿਤ ਤੱਥਾਂ ਦਾ ਜ਼ਮੀਨੀ ਪੱਧਰ 'ਤੇ ਪਾਲਣ ਨਹੀਂ ਹੁੰਦਾ।

Image copyright legislative.gov.in

ਅਵਨੀ ਮੰਨਦੀ ਹੈ ਕਿ ਭਾਵੇਂ ਹੀ ਕਾਨੂੰਨ ਕੁਝ ਵੀ ਕਹੇ ਪਰ ਉਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ ਦੀ ਜ਼ਿੰਮੇਦਾਰੀ ਪ੍ਰਸ਼ਾਸਨ ਦੀ ਹੈ ਅਤੇ ਅਜਿਹੇ ਵਿੱਚ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਪ੍ਰਸ਼ਾਸਨ ਇਸਦਾ ਸਖ਼ਤੀ ਨਾਲ ਪਾਲਣ ਕਰਵਾਏ।

ਉਨ੍ਹਾਂ ਵਿੱਚ ਦਲਿਤਾਂ ਨਾਲ ਮਾਰ-ਕੁੱਟ, ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਦਲਿਤਾਂ ਦੀ ਬਾਰਾਤ ਰੋਕਣ ਅਤੇ ਮੁਸਲਮਾਨਾਂ ਨਾਲ ਗਊ ਹੱਤਿਆ ਨੂੰ ਲੈ ਕੇ ਮਾਰ-ਕੁੱਟ। ਅਜਿਹੀਆਂ ਘਟਨਾਵਾਂ ਨੂੰ ਯਾਦ ਕਰੋ ਤਾਂ ਪਤਾ ਲੱਗੇਗਾ ਕਿ ਆਰਟੀਕਲ 15 ਨੂੰ ਵਾਰ-ਵਾਰ ਯਾਦ ਰੱਖਣ ਦੀ ਲੋੜ ਕਿਉਂ ਹੈ?

Image copyright zee/TrailerGrab
ਫੋਟੋ ਕੈਪਸ਼ਨ ਆਰਟੀਕਲ 15 ਦਾ ਇੱਕ ਸੀਨ

ਫ਼ਿਲਮ ਆਰਟੀਕਲ 15 ਦੀ ਕਹਾਣੀ ਹੈ ਕੀ

ਆਰਟੀਕਲ 15 ਦੇ ਟਰੇਲਰ ਦੇ ਕੁਝ ਦ੍ਰਿਸ਼ ਸਾਲ 2014 ਵਿੱਚ ਬਦਾਊਂ ਦੇ ਕਟਰਾ ਸ਼ਹਾਦਰਤਗੰਜ ਪਿੰਡ ਵਿੱਚ ਦੋ ਚਚੇਰੀਆਂ ਭੈਣਾਂ ਦੀ ਮੌਤ ਨਾਲ ਜੁੜੇ ਹੋਏ ਲਗਦੇ ਹਨ।

ਇਸ ਮਾਮਲੇ ਵਿੱਚ ਦੋ ਚਚੇਰੀ ਭੈਣਾਂ ਦੇ ਸਰੀਰ ਦਰਖ਼ਤ ਨਾਲ ਲਟਕੇ ਹੋਏ ਮਿਲੇ ਸਨ। ਪਹਿਲਾਂ ਗੈਂਗਰੇਪ ਤੋਂ ਬਾਅਦ ਕਤਲ ਦੀ ਗੱਲ ਕੀਤੀ ਗਈ, ਫਿਰ ਕਿਹਾ ਗਿਆ ਕਿ ਦੋਵਾਂ ਭੈਣਾਂ ਨੇ ਖੁਦਕੁਸ਼ੀ ਕਰ ਲਈ। ਕਈ ਵਾਰ ਇਹ ਵੀ ਬਿਆਨ ਆਇਆ ਕਿ ਬੱਚੀਆਂ ਦੇ ਪਿਤਾ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਆਰਟੀਕਲ 15 ਫ਼ਿਲਮ ਦੇ ਸਹਿ-ਲੇਖਕ ਗੌਰਵ ਸੋਲੰਕੀ ਨੇ ਬੀਬੀਸੀ ਨੂੰ ਕਿਹਾ, ''ਇਹ ਫ਼ਿਲਮ ਸਿਰਫ਼ ਇੱਕ ਘਟਨਾ 'ਤੇ ਆਧਾਰਿਤ ਨਹੀਂ ਹੈ। ਹਰ ਰੋਜ਼ ਕੁਝ ਨਾ ਕੁਝ ਅਜਿਹਾ ਹੋ ਰਿਹਾ ਹੈ ਅਤੇ ਇਹ ਫ਼ਿਲਮ ਉਨ੍ਹਾਂ ਸਾਰੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ।''

ਇਹ ਵੀ ਪੜ੍ਹੋ:

Image copyright AFP
ਫੋਟੋ ਕੈਪਸ਼ਨ ਗੁਜਰਾਤ ਵਿੱਚ ਦਲਿਤਾਂ ਦਾ ਪ੍ਰਦਰਸ਼ਨ

ਪਰ ਇਸ ਫ਼ਿਲਮ ਨੂੰ ਬਣਾਉਣ ਦੀ ਲੋੜ ਕਿਉਂ ਮਹਿਸੂਸ ਹੋਈ?

ਇਸ ਸਵਾਲ ਦੇ ਜਵਾਬ ਵਿੱਚ ਗੌਰਵ ਕਹਿੰਦੇ ਹਨ, ''ਆਮ ਤੌਰ 'ਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਇੱਕ ਵੱਡੇ ਵਰਗ ਨੂੰ ਲਗਦਾ ਹੈ ਕਿ ਜਾਤ-ਪਾਤ ਦਾ ਭੇਦਭਾਵ ਹੁਣ ਖ਼ਤਮ ਹੋ ਗਿਆ ਹੈ। ਇਹ ਸਭ ਬੀਤੇ ਸਮੇਂ ਦੀ ਗੱਲ ਹੈ ਪਰ ਅਜਿਹਾ ਨਹੀਂ ਹੈ। ਦੇਸ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅਜੇ ਵੀ ਇਸ ਤਰ੍ਹਾਂ ਦੇ ਭੇਦਭਾਵ ਬਰਕਰਾਰ ਹੈ।''

ਆਰਟੀਕਲ 15 ਫ਼ਿਲਮ ਕਿੰਨੀ ਅਸਰਦਾਰ ਹੋਵੇਗੀ?

ਟਰੇਲਰ ਵਿੱਚ ਆਯੁਸ਼ਮਾਨ ਖੁਰਾਨਾ ਭੇਦਭਾਵ ਖ਼ਤਮ ਕਰਨ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਹਨ।

ਇਹ ਫ਼ਿਲਮ 20 ਜੂਨ ਨੂੰ ਰਿਲੀਜ਼ ਹੋਵੇਗੀ ਪਰ ਕੁਝ ਲੋਕਾਂ ਨੇ ਟਰੇਲਰ 'ਤੇ ਇਤਰਾਜ਼ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਸੀਨੀਅਰ ਪੱਤਰਕਾਰ ਦਿਲੀਪ ਮੰਡਲ ਦਾ ਮੰਨਣਾ ਹੈ ਕਿ ਇ ਤਰ੍ਹਾਂ ਦੀਆਂ ਫ਼ਿਲਮਾਂ ਨਾਲ ਕੋਈ ਫ਼ਰਕ ਨਹੀਂ ਪਵੇਗਾ।

ਦਿਲੀਪ ਮੰਡਲ ਕਹਿੰਦੇ ਹਨ, ''ਇਹ ਐਂਟੀ-ਕਾਸਟ ਫ਼ਿਲਮ ਨਹੀਂ ਹੈ ਸਗੋਂ ਜਾਤ ਨੂੰ ਲੈ ਕੇ ਸਮਾਜ ਵਿੱਚ ਜੋ ਸਾਲਾਂ ਤੋਂ ਚੱਲੀਆਂ ਆ ਰਹੀਆਂ ਧਾਰਨਾਵਾਂ ਹਨ ਇਹ ਫ਼ਿਲਮਾਂ ਉਨ੍ਹਾਂ ਨੂੰ ਹੀ ਪੁਸ਼ਟ ਕਰਦੀ ਹੈ। ਫ਼ਿਲਮ ਮੰਨਦੀ ਹੈ ਕਿ ਦਲਿਤਾਂ ਨੂੰ ਅੱਜ ਵੀ ਆਪਣੀ ਬਹਾਲੀ ਲਈ ਇੱਕ ਮੁਕਤੀ ਦਾਤਾ ਦੀ ਲੋੜ ਹੈ ਅਤੇ ਇਹ ਕੰਮ ਦਲਿਤ ਖ਼ੁਦ ਨਹੀਂ ਕਰ ਸਕਦੇ। ਫ਼ਿਲਮ ਵਿੱਚ ਇਹ ਬਹਾਲੀ ਕਰਵਾਉਣ ਵਾਲਾ ਸ਼ਖ਼ਸ ਇੱਕ ਬ੍ਰਾਹਮਣ ਆਈਪੀਐੱਸ ਹੈ।''

ਦਿਲੀਪ ਕਹਿੰਦੇ ਹਨ, ''ਕਿਸੇ ਵੀ ਸਮਾਜ ਵਿੱਚ ਪਰਿਵਰਤਨ ਅੰਦਰੂਨੀ ਤੌਰ 'ਤੇ ਹੁੰਦਾ ਹੈ। ਉਸ ਨੂੰ ਬਾਹਰੋਂ ਥੋਪਿਆ ਨਹੀਂ ਜਾ ਸਕਦਾ ਅਤੇ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਦਲਿਤ ਆਪਣੀ ਲੜਾਈ ਲੜ ਰਹੇ ਹਨ। ਇਹ ਫ਼ਿਲਮ ਚੱਲ ਰਹੀ ਲੜਾਈ ਨੂੰ ਪਿੱਛੇ ਹੀ ਧੱਕੇਗੀ।''

ਪਰ ਗੌਰਵ ਫ਼ਿਲਮ ਨੂੰ ਲੈ ਕੇ ਅਜੇ ਕਿਸੇ ਵੀ ਤਰ੍ਹਾਂ ਦੀ ਰਾਇ ਬਣਾ ਲੈਣ ਨੂੰ ਜਲਦਬਾਜ਼ੀ ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟਰੇਲਰ ਕਿਸੇ ਵੀ ਫ਼ਿਲਮ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ, ਉਸਦੇ ਆਧਾਰ 'ਤੇ ਪੂਰੀ ਫ਼ਿਲਮ ਦੀ ਕਲਪਨਾ ਕਰ ਲੈਣਾ ਸਹੀ ਨਹੀਂ ਹੈ।

ਹੁਣ ਇਸ ਫ਼ਿਲਮ ਇਸ ਸੋਚ ਨੂੰ ਅੱਗੇ ਲੈ ਜਾਵੇਗੀ ਜਾਂ ਵਾਕਈ 'ਫ਼ਰਕ' ਲਿਆਉਣ ਵਿੱਚ ਕਾਮਯਾਬ ਹੋਵੇਗੀ ਇਹ ਤਾਂ 20 ਤਰੀਕ ਤੋਂ ਬਾਅਦ ਹੀ ਤੈਅ ਹੋ ਸਕੇਗਾ। ਪਰ ਜਿਵੇਂ ਕਿ ਫ਼ਿਲਮ ਇਹ ਦਾਅਵਾ ਕਰਦੀ ਹੈ ਕਿ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ ਤਾਂ ਆਓ ਤੁਹਾਨੂੰ ਇਸ ਫ਼ਿਲਮ ਦੇ ਇੱਕ ਸੀਨ ਨਾਲ ਛੱਡ ਦਿੰਦੇ ਹਾਂ ਤਾਂ ਜੋ ਤੁਸੀਂ ਤੈਅ ਕਰ ਸਕੋ ਕਿ ਟਰੇਲਰ ਵਾਕਈ ਸੱਚ ਦੇ ਕਰੀਬ ਹੈ?

ਇਹ ਵੀ ਪੜ੍ਹੋ:

Image copyright Getty Images

ਫ਼ਿਲਮ ਦੇ ਇੱਕ ਸੀਨ ਵਿੱਚ ਆਯੁਸ਼ਮਾਨ ਇੱਕ ਅਧਿਕਾਰੀ ਨਾਲ ਬੈਠ ਕੇ ਗੱਲ ਕਰ ਰਹੇ ਹਨ

"ਸਰ ਇਹ ਤਿੰਨ ਕੁੜੀਆਂ ਆਪਣੀ ਦਿਹਾੜੀ ਵਿੱਚ ਸਿਰਫ਼ ਤਿੰਨ ਰੁਪਏ ਜ਼ਿਆਦਾ ਮੰਗ ਰਹੀਆਂ ਸਨ ਸਿਰਫ਼ ਤਿੰਨ ਰੁਪਏ...

ਜਿਹੜਾ ਮਿਨਰਲ ਵਾਟਰ ਤੁਸੀਂ ਪੀ ਰਹੇ ਹੋ, ਉਸਦੇ ਦੋ ਜਾਂ ਤਿੰਨ ਘੁੱਟ ਦੇ ਬਰਾਬਰ

ਉਨ੍ਹਾਂ ਦੀ ਇਸ ਗ਼ਲਤੀ ਕਾਰਨ ਉਨ੍ਹਾਂ ਦਾ ਰੇਪ ਹੋ ਗਿਆ ਸਰ

ਉਨ੍ਹਾਂ ਨੂੰ ਮਾਰ ਕੇ ਦਰਖ਼ਤ 'ਤੇ ਟੰਗ ਦਿੱਤਾ ਗਿਆ ਤਾਂ ਜੋ ਪੂਰੀ ਜਾਤ ਨੂੰ ਉਨ੍ਹਾਂ ਦੀ ਔਕਾਤ ਯਾਦ ਰਹੇ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)