ਆਪਰੇਸ਼ਨ ਬਲੂ ਸਟਾਰ ਮਾੜੀ ਯੋਜਨਾਬੰਦੀ ਦਾ ਨਤੀਜਾ ਸੀ - ਰਮੇਸ਼ ਇੰਦਰ ਸਿੰਘ, ਤਤਕਾਲੀ ਡੀਸੀ, ਅੰਮ੍ਰਿਤਸਰ

  • ਅਰਵਿੰਦ ਛਾਬੜਾ
  • ਪੱਤਰਕਾਰ, ਬੀਬੀਸੀ

"ਤਿੰਨ ਜੂਨ ਤੱਕ ਤਾਂ ਰਾਜਪਾਲ ਨੂੰ ਵੀ ਨਹੀਂ ਪਤਾ ਸੀ ਕਿ ਕੀ ਹੋਣਾ ਹੈ?" ਇਹ ਕਹਿਣਾ ਹੈ ਰਮੇਸ਼ ਇੰਦਰ ਸਿੰਘ ਦਾ ਜੋ ਕਿ ਆਪਰੇਸ਼ਨ ਬਲੂ ਸਟਾਰ ਸਮੇਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ।

ਉਹ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਰਹੇ ਤੇ ਫਿਰ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੇਵਾ ਮੁਕਤ ਹੋਏ।

ਬੀਬੀਸੀ ਪੰਜਾਬੀ ਨੇ ਆਪਰੇਸ਼ਨ ਬਲੂ ਸਟਾਰ ਦੇ ਸਮੁੱਚੇ ਘਟਨਾਕ੍ਰਮ ਤੇ ਉਸ ਵਿਚਲੀ ਉਨ੍ਹਾਂ ਦੀ ਵਿਵਾਦਿਤ ਭੂਮਿਕਾ ਬਾਰੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ।

ਰਮੇਸ਼ ਇੰਦਰ ਸਿੰਘ ਨੇ ਦੱਸਿਆ ਕਿ, "ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਇਕੱਲਾ, ਇੱਕ ਗੁਰਦੁਆਰਾ ਨਹੀਂ ਸੀ ਜਿੱਥੇ ਫ਼ੌਜੀ ਕਾਰਵਾਈ ਹੋਈ। ਇਸ ਤੋਂ ਇਲਾਵਾ ਪੰਜਾਬ ਦੇ 35-38 ਹੋਰ ਗੁਰਦੁਆਰੇ ਸਨ, ਜਿੱਥੇ ਫੌਜੀ ਕਾਰਵਾਈ ਹੋਈ।"

"ਜਿਨ੍ਹਾਂ ਵਿੱਚ ਤਿੰਨੇ ਤਖ਼ਤ ਆ ਜਾਂਦੇ ਹਨ, ਤਖ਼ਤ ਅਕਾਲ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਦਮਦਮਾ ਸਾਹਿਬ। ਇਹ ਤਾਂ ਅੰਮ੍ਰਿਤਸਰ ਦਾ ਹਿੱਸਾ ਨਹੀਂ ਸਨ, ਉੱਥੋਂ ਦੇ ਡੀਸੀਜ਼ ਨੇ ਵੀ ਕੋਈ ਨਿਰਦੇਸ਼ ਨਹੀਂ ਦਿੱਤੇ।"

"ਸੂਬਾ ਸਰਕਾਰ ਨੇ ਇੱਕ ਵਾਰ ਰੈਕੁਜ਼ੇਸ਼ਨ ਲੈਟਰ ਫੌਜ ਨੂੰ ਦੇ ਦਿੱਤੀ ਜੋ ਕਿ ਅਮਰੀਕ ਸਿੰਘ ਪੁੰਨੀ ਵੱਲੋਂ ਲਿਖੀ ਹੋਈ ਸੀ। ਉਸ ਤੋਂ ਬਾਅਦ ਫ਼ੌਜ ਨੂੰ ਇਕੱਲੇ-ਇਕੱਲੇ ਕਾਰਵਾਈ ਲਈ ਹੁਕਮ ਦੀ ਲੋੜ ਨਹੀਂ ਸੀ, ਨਾ ਉਨ੍ਹਾਂ ਨੇ ਲਏ ਕਿਸੇ ਤੋਂ।"

ਇਹ ਵੀ ਪੜ੍ਹੋ:

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਵਾਲ: ਤੁਹਾਨੂੰ ਲਗਦਾ ਹੈ ਕਿ ਕੋਈ ਹੋਰ ਬਦਲ ਸੀ, ਇਸ ਕਾਰਵਾਈ ਦਾ?

"ਇਸ ਬਾਰੇ ਫ਼ੌਜ ਵਿੱਚ ਵੀ ਦੋ ਰਾਇ ਸਨ ਜਿਸ ਬਾਰੇ ਬਾਅਦ ਵਿੱਚ ਪਤਾ ਲੱਗਿਆ। ਜਰਨਲ ਨਈਅਰ ਉਸ ਸਮੇਂ ਦੇ ਹੈੱਡ ਆਫ਼ ਦਿ ਮਿਲਟਰੀ ਆਪ੍ਰੇਸ਼ਨਜ਼ ਆਰਮੀ ਹੈੱਡਕੁਰਾਟਰ ਸੀ। ਉਨ੍ਹਾਂ ਨੇ ਬਾਅਦ ਵਿੱਚ ਆਪਣੀ ਕਿਤਾਬ ਵਿੱਚ ਦੱਸਿਆ ਕਿ ਮਈ ਦੇ ਮਹੀਨੇ ਵਿੱਚ ਪੰਜਾਬ ਨਾਲ ਨਜਿੱਠਣ ਲਈ ਇੱਕ ਰੂਪਰੇਖਾ ਬਣਾਈ ਸੀ।"

"ਇਸ ਰੂਪਰੇਖਾ ਵਿੱਚ ਪੂਰੇ ਜ਼ੋਰ ਨਾਲ ਕਿਹਾ ਗਿਆ ਸੀ ਕਿ ਫ਼ੌਜੀ ਕਾਰਵਾਈ ਨਾ ਕੀਤੀ ਜਾਵੇ। ਉਨ੍ਹਾਂ ਦੀ ਸਲਾਹ ਸੀ ਕਿ ਜੇ ਆਰਮੀ ਐਕਸ਼ਨ ਟਾਲਿਆ ਨਹੀਂ ਜਾ ਸਕਦਾ ਤਾਂ ਉਸ ਨੂੰ ਪਹਿਲਾਂ ਮਿਲਟਰੀ ਆਪ੍ਰੇਸ਼ਨ ਵਜੋਂ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਮਨੋਵਿਗਿਆਨਕ ਆਪ੍ਰੇਸ਼ਨ ਵਜੋਂ ਕਰੋ।"

"ਮਿਲੀਟੈਂਟਾਂ ਦਾ ਮਨੋਬਲ ਖ਼ਤਮ ਕਰੋ। ਉਨ੍ਹਾਂ ਦੇ ਖ਼ਿਲਾਫ਼ ਜਨਤਕ ਰਾਇ ਬਣਾਓ। ਫਿਰ ਘੇਰਾਬੰਦੀ ਕਰ ਕੇ ਇੱਕ ਅਪ੍ਰੇਸ਼ਨ ਹੋ ਸਕਦਾ ਹੈ।"

"ਬਲੂ ਸਟਾਰ ਤੋਂ ਬਾਅਦ ਦੋ ਮਿਸਾਲਾਂ ਹਨ। ਬੈਲਕ ਥੰਡਰ ਬਾਰੇ ਤੁਸੀਂ ਸੁਣਿਆ ਹੋਏਗਾ। ਬਲੈਕ ਥੰਡਰ ਵੀ ਦੋ ਹੋਏ ਹਨ, ਬਲੈਕ ਥੰਡਰ-ਵਨ ਤੇ ਟੂ। ਬਲੈਕ ਥੰਡਰ-ਟੂ ਜਿਹੜਾ ਕੇਪੀ ਐੱਸ ਗਿੱਲ ਦੇ ਸਮੇਂ ਹੋਇਆ ਜਿਸ ਦੀ ਜ਼ਿਆਦਾ ਮਸ਼ਹੂਰੀ ਹੋ ਗਈ। ਬਲੈਕ ਥੰਡਰ-ਵਨ ਮੇਰੇ ਟਾਈਮ 'ਤੇ ਹੋਇਆ ਸੀ।"

"26 ਅਪਰੈਲ 1986 ਨੂੰ ਮਿਲੀਟੈਂਟਜ਼ ਦੀ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਦੇ ਕਮਰਾ ਨੰਬਰ 46 ਤੋਂ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ, ਖ਼ਾਲਿਸਤਾਨ ਕਮਾਂਡੋ ਫੋਰਸ ਬਣਾ ਦਿੱਤੀ।"

"ਸਟੇਟ ਨਾਲ ਜੰਗ ਦਾ ਐਲਾਨ ਕਰ ਦਿੱਤਾ। ਉਸ ਸਮੇਂ ਦੀ ਪੰਜਾਬ ਸਰਕਾਰ ਜਿਸਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸਨ ਅਤੇ ਰਜੀਵ ਗਾਂਧੀ ਪ੍ਰਧਾਨ ਮੰਤਰੀ ਸੀ। ਉਨ੍ਹਾਂ ਨੇ ਫੈਸਲਾ ਕਰ ਲਿਆ ਕਿ ਇਨ੍ਹਾਂ ਖਿਲਾਫ਼ ਕਾਰਵਾਈ ਕਰੋ ਅਤੇ ਐੱਨਐੱਸਜੀ ਆਈ। ਬਰਨਾਲਾ ਸਾਹਿਬ ਦੇ ਸਾਨੂੰ ਸਪਸ਼ਟ ਹੁਕਮ ਸਨ ਕਿ ਦਰਬਾਰ ਸਾਹਬ 'ਤੇ ਗੋਲੀ ਨਹੀਂ ਚੱਲਣੀ ਚਾਹੀਦੀ।"

"ਉਸੇ ਤਰ੍ਹਾਂ ਘੇਰਾਬੰਦੀ ਹੋ ਗਈ। ਜਦੋਂ ਐੱਨਐੱਸਜੀ ਤੇ ਪੁਲਿਸ ਨੇ ਪਰਿਕਰਮਾ ਵਗੈਰਾ ਹੋਰ ਸਾਰੀ ਸਰਾਂ ਤੇ ਲੰਗਰ ਕਲੀਅਰ ਕਰ ਲਿਆ। ਫਿਰ ਉਹ ਕਹਿੰਦੇ ਹੁਣ ਅਸੀਂ ਦਰਬਾਰ ਸਾਹਿਬ ਜਵਾਂਗੇ ਤੇ ਗੋਲੀ ਸਾਡੇ ਤੇ ਚੱਲੀ ਤਾਂ ਅਸੀਂ ਵੀ ਚਲਾਵਾਂਗੇ। ਉੱਥੇ ਮੈਂ ਸਟੈਂਡ ਲਿਆ ਕਿ ਸਰਕਾਰ ਦੀਆਂ ਹਦਾਇਤਾਂ ਸਪਸ਼ਟ ਹਨ ਕਿ ਤੁਸੀਂ ਦਰਬਾਰ ਸਾਹਿਬ ਵੱਲ ਗੋਲੀ ਨਹੀਂ ਚਲਾਓਂਗੇ।"

"ਉਨ੍ਹਾਂ ਕਿਹਾ ਕਿ ਫਿਰ ਅਸੀਂ ਅਪ੍ਰੇਸ਼ਨ ਨਹੀਂ ਕਰ ਸਕਦੇ, ਤੁਸੀਂ ਇਸ ਆਪਰੇਸ਼ਨ ਨੂੰ ਸਾਂਭ ਲਓ। ਰੋਬੈਰੂ ਵੀ ਉੱਥੇ ਹੀ ਹਾਜ਼ਰ ਸਨ ਅਸੀਂ ਸਾਰੇ ਕੰਟਰੋਲ ਰੂਮ ਵਿੱਚ ਬੈਠੇ ਸੀ।"

"ਐੱਸ.ਐੱਸ ਵਿਰਕ ਜੋ ਕਿ ਉਸ ਸਮੇਂ ਦੇ ਐੱਸਐੱਸਪੀ ਸਨ ਅਤੇ ਬਾਅਦ ਵਿੱਚ ਮਹਾਰਾਸ਼ਟਰਾ ਦੇ ਡੀਜੀ ਬਣੇ । ਅਸੀਂ ਦੋਹਾਂ ਨੇ ਸਲਾਹ ਕੀਤੀ ਕਿ ਖ਼ਤਰਾ ਮੁੱਲ ਲੈ ਲੈਂਦੇ ਹਾਂ ਅਤੇ ਅੰਦਰ ਜਾ ਕੇ ਅਪੀਲ ਕਰੀਏ।"

"ਬਲੂ ਸਟਾਰ ਵੇਲੇ ਇਹ ਬੜਾ ਵੱਡਾ ਮਸਲਾ ਆਇਆ ਸੀ ਕਿ ਬਾਹਰੋਂ ਪਬਲਿਕ ਰਿਲੇਸ਼ਨ ਵੈਨ ਦੀ ਆਵਾਜ਼ ਨਹੀਂ ਸੁਣੀ।"

"ਅਸੀਂ ਦੋਨੋਂ ਦਰਬਾਰ ਸਾਹਿਬ ਨਿਹੱਥੇ ਹੋ ਕੇ ਦਾਖ਼ਲ ਹੋਏ। ਪਰਿਕਰਮਾ ਵਿੱਚ ਜਾ ਕੇ ਹੱਥ ਵਾਲੇ ਸਪੀਕਰ ਨਾਲ ਮੈਂ ਐਲਾਨ ਕੀਤੀ ਕਿ ਮੈਂ ਡਿਪਟੀ ਕਮਿਸ਼ਨ ਅੰਮ੍ਰਿਤਸਰ ਬੋਲ ਰਿਹਾ ਹਾਂ, ਤੁਹਾਨੂੰ ਮੈਂ ਬੇਨਤੀ ਕਰਦਾਂ ਕਿ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਦੇਖਦੇ ਹੋਏ ਤੁਸੀਂ ਬਾਹਰ ਆ ਜਾਓ।"

"ਦੋ-ਤਿੰਨ ਵਾਰ ਅਪੀਲਾਂ ਕੀਤੀਆਂ ਅਤੇ ਇੱਕ ਸ਼਼ਖਸ ਦਰਬਾਰ ਸਾਹਿਬ ਦੇ ਉੱਪਰ ਚੜ੍ਹ ਗਿਆ। ਉੱਥੋਂ ਉਸ ਨੇ ਕੱਪੜਾ ਹਿਲਾ ਕੇ ਕਿਹਾ ਕਿ ਹੁਣ ਸਾਨੂੰ ਤੁਹਾਡੇ 'ਤੇ ਕੋਈ ਇਤਬਾਰ ਨਹੀਂ ਰਿਹਾ ਇਸ ਲਈ ਤੁਸੀਂ ਗਿਆਨੀ ਪੂਰਨ ਸਿੰਘ ਨੂੰ ਲਿਆਓ। ਗਿਆਨੀ ਪੂਰਨ ਸਿੰਘ ਐੱਸਜੀਪੀਸੀ ਦੇ ਗ੍ਰੰਥੀ ਸਨ ਜੋ ਬਾਅਦ ਵਿੱਚ ਜੱਥੇਦਾਰ ਬਣੇ।"

"ਅਸੀਂ ਕਿਹਾ ਠੀਕ ਹੈ ਜੀ, ਸਾਨੂੰ ਕੋਈ ਇਤਰਾਜ਼ ਨਹੀਂ। ਉਨ੍ਹਾਂ ਨੂੰ ਬੁਲਾਉਣ ਲਈ ਕਿਸੇ ਨੂੰ ਭੇਜਿਆ। ਉਹ ਦਰਬਾਰ ਸਾਹਿਬ ਦੇ ਨੇੜੇ ਹੀ ਰਹਿੰਦੇ ਸੀ। ਉਨ੍ਹਾਂ ਨੇ ਪਹਿਲੀ ਵਾਰ ਇਨਕਾਰ ਕਰ ਦਿੱਤਾ ਪਰ ਦੂਜੀ ਵਾਰ ਮੰਨ ਗਏ ਅਤੇ ਆ ਗਏ।"

"ਉਨ੍ਹਾਂ ਨੇ ਅਪੀਲ ਕੀਤੀ ਕਿ ਅੰਦਰ ਆਓ। ਪੂਰਨ ਸਿੰਘ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਦਰਬਾਰ ਸਾਹਿਬ ਦੇ ਅੰਦਰ ਗਏ। ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਯਕੀਨ ਦੁਆਇਆ। ਤਕਰੀਬਨ 130-35 ਬੰਦੇ ਲਾਈਨ ਬੰਨ੍ਹ ਕੇ ਦਰਬਾਰ ਸਾਹਿਬ ਚੋਂ ਬਾਹਰ ਆਏ ਤੇ ਇੱਕ ਵੀ ਗੋਲੀਬਾਰੀ ਦਾ ਹਾਦਸਾ ਨਹੀਂ ਹੋਇਆ।"

ਸਵਾਲ: ਇਸ ਤਰ੍ਹਾਂ ਦੇ ਐਲਾਨ ਬਲੂ ਸਟਾਰ ਸਮੇਂ ਕਿਉਂ ਨਹੀਂ ਕੀਤੇ ਗਏ?

ਪਬਲਿਕ ਰਿਲੇਸ਼ਨ ਵਿਭਾਗ ਵੱਲੋਂ ਮੈਂ ਇੱਕ ਐਲਾਨ ਕਰਵਾਇਆ ਸੀ ਪਰ ਉਹ ਪ੍ਰਭਾਵੀ ਨਹੀਂ ਸੀ।"

ਸਵਾਲ: ਉਸਦਾ ਕੀ ਕਾਰਨ ਹੈ?

"ਉਸ ਦਾ ਕਾਰਨ ਹੈ ਕਿ ਐਲਾਨ ਫੌਜ ਨੂੰ ਕਰਨਾ ਚਾਹੀਦਾ ਸੀ। ਗੋਲੀਆਂ ਚੱਲ ਰਹੀਆਂ ਸਨ ਦੋਵੇਂ ਪਾਸੇ। ਟੈਂਕ ਦੇ ਉੱਤੇ ਸਪੀਕਰ ਲਾ ਕੇ ਕੋਲੇ ਜਾ ਕੇ ਐਲਾਨ ਹੋਣਾ ਚਾਹੀਦਾ ਸੀ। ਪਬਲਿਕ ਰਿਲੇਸ਼ਨ ਦੀ ਵੈਨ ਸੀ ਜੋ ਕਿ ਨਿਹੱਥੀ ਸੀ। ਉਹ ਦੋਵੇਂ ਪਾਸੇ ਗਈ-ਸਰਾਂ ਵਾਲੇ ਪਾਸੇ ਵੀ ਅਤੇ ਘੰਟਾ ਘਰ ਵਾਲੇ ਪਾਸੇ ਵੀ ਗਈ। ਉਨ੍ਹਾਂ ਨੇ ਤਕਰੀਬਨ ਅੱਧਾ ਘੰਟਾ ਐਲਾਨ ਕੀਤਾ, ਦੋ ਵਾਰ ਐਲਾਨ ਕੀਤਾ।"

"ਤਕਰੀਬਨ 129 ਬੰਦੇ ਬਾਹਰ ਆ ਵੀ ਗਏ ਸੀ। ਉਨ੍ਹਾਂ ਦੀਆਂ ਜ਼ਿੰਦਗੀਆਂ ਬਚ ਗਈਆਂ।"

ਸਵਾਲ: ਤੁਸੀਂ ਇਹ ਮੰਨਦੇ ਹੋ ਕਿ ਪੂਰਾ ਮੌਕਾ ਨਹੀਂ ਦਿੱਤਾ ਗਿਆ, ਐਲਾਨ ਸਹੀ ਤਰੀਕੇ ਨਾਲ ਨਹੀਂ ਹੋ ਸਕੀਆਂ, ਜਾਨਾਂ ਬਚ ਸਕਦੀਆਂ ਸਨ?

"ਮੈਂ ਮੌਕੇ 'ਤੇ ਨਹੀਂ ਸੀ ਜਦੋਂ ਫੌਜ ਅੰਦਰ ਗਈ। ਮੈਨੂੰ ਜੋ ਵੇਰਵੇ ਸ਼ਾਮਿਲ ਫੌਜੀ ਅਫ਼ਸਰਾਂ ਨੇ ਦੱਸੇ ਸਨ ਉਹ ਹੀ ਦੱਸ ਸਕਦਾ ਹਾਂ। ਉਨ੍ਹਾਂ ਵਿੱਚੋਂ ਕਈ ਗੱਲਾਂ ਬਾਹਰ ਵੀ ਆਈਆਂ।"

"ਜਿਵੇਂ ਮਿਸਾਲ ਵਜੋਂ ਬ੍ਰਿਗੇਡੀਅਰ ਓਂਕਾਰ ਸਿੰਘ ਗੁਰਾਇਆ, ਉਨ੍ਹਾਂ ਨੇ ਕਿਤਾਬ ਲਿਖੀ ਬਲੂ ਸਟਾਰ 'ֹਤੇ, ਜਰਨਲ ਕੇ ਐੱਸ ਬਰਾੜ ਨੇ ਵੀ ਕਿਤਾਬ ਲਿਖੀ ਹੈ।"

ਸਵਾਲ: ਇਹ ਵੀ ਕਿਹਾ ਜਾਂਦਾ ਹੈ, ਆਪਰੇਸ਼ਨ ਬਲੂ ਸਟਾਰ ਬਾਰੇ ਵਿਰੋਧੀ ਰਾਇ ਹੈ ਕਿ ਬੜਾ ਯੋਜਨਾਬੱਧ ਆਪਰੇਸ਼ਨ ਸੀ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਮੌਕੇ 'ਤੇ ਫੈਸਲਾ ਲਿਆ ਗਿਆ।

"ਮੈਨੂੰ ਇਸਦੀ ਕੋਈ ਨਿੱਜੀ ਜਾਣਕਾਰੀ ਨਹੀਂ ਹੈ। ਜੇ ਕੋਈ ਯੋਜਨਾ ਹੋਵੇਗੀ ਤਾਂ ਉਹ ਜ਼ਿਲ੍ਹਾ ਪੱਧਰੀ ਨਹੀਂ ਹੁੰਦਾ, ਇਹ ਉੱਚ ਪੱਧਰੀ ਫੈਸਲੇ ਹੁੰਦੇ ਹਨ।"

"ਪਰ ਜਿਸ ਤਰ੍ਹਾਂ ਇਹ ਕਾਰਵਾਈ ਹੋਈ ਉਸ ਤੋਂ ਇਹ ਲੱਗਦਾ ਹੈ ਕਿ ਇਹ ਬੜਾ ਅਡਹਾਕ ਜਿਹਾ ਆਪਰੇਸ਼ਨ ਸੀ। ਬਿਨਾਂ ਕਿਸੇ ਵਿਚਾਰੇ ਅੰਜਾਮ ਦਿੱਤਾ।"

ਸਵਾਲ: ਅਡਹਾਕ ਕਿਵੇਂ?

"ਬਹੁਤ ਮਾੜੀ ਤਰ੍ਹਾਂ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਹ ਯੋਜਨਾਬੱਧ ਨਹੀਂ ਸੀ।"

ਸਵਾਲ: "ਮਾੜੀ ਤਰ੍ਹਾਂ ਕੀਤਾ", ਮਤਲਬ?

"ਇਸ ਦੀ ਕਾਰਵਾਈ ਮਾੜੀ ਤਰ੍ਹਾਂ ਕੀਤੀ ਗਈ। ਆਪਰੇਸ਼ਨ ਨੂੰ ਅੰਜਾਮ ਦਿੰਦੇ ਹੋਏ ਫੌਜ ਦੀਆਂ ਵੀ ਬੜੀਆਂ ਮੌਤਾਂ ਹੋਈਆਂ। ਕਿੰਨਾ ਲਮਕ ਗਿਆ, ਟੈਂਕ ਵਰਤਣੇ ਪਏ, ਆਰਟਿਲਰੀ ਵਰਤਣੀ ਪਈ।

ਸਵਾਲ: ਇੰਗਲੈਂਡ ਦੀ ਭੂਮਿਕਾ ਬਾਰੇ ਵੀ ਗੱਲ ਹੁੰਦੀ ਹੈ ਕਈ ਵਾਰੀ, ਉਸ ਬਾਰੇ ਕੀ ਦੱਸ ਸਕਦੇ ਹੋ ਸਾਨੂੰ?"

"ਮੈਨੂੰ ਇਸਦੀ ਕੋਈ ਨਿੱਜੀ ਜਾਣਕਾਰੀ ਨਹੀਂ ਹੈ ਕਿ ਇੰਗਲੈਂਡ ਦੀ ਕੀ ਭੂਮਿਕਾ ਸੀ। ਮੈਂ ਸਿਰਫ਼ ਅਖ਼ਬਰਾਂ ਵਿੱਚ ਹੀ ਪੜ੍ਹਿਆ ਹੈ। ਪਰ ਇੰਨੀ ਜਾਣਕਾਰੀ ਹੈ ਕਿ ਫੌਜ ਦੀ ਯੋਜਨਾ ਸੀ ਕਿ ਅਕਾਲ ਤਖ਼ਤ ਸਾਹਿਬ ਤੇ ਸਟੱਨ ਗ੍ਰਨੇਡ ਤੇ ਗੈਸ ਗ੍ਰਨੇਡ ਸਿੱਟ ਕੇ ਅਚਾਨਕ ਕਮਾਂਡੋ ਹਮਲਾ ਹੋਵੇ।"

ਇਹ ਵੀ ਪੜ੍ਹੋ:

"ਪਰ ਉਨ੍ਹਾਂ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਨ੍ਹਾਂ ਕੋਲ ਢੁਕਵੀਂ ਗਿਣਤੀ ਵਿੱਚ ਮਾਸਕ ਨਹੀਂ ਹਨ। ਗੈਸ ਤਾਂ ਫੌਜ ਤੇ ਨਾਗਰਿਕ ਦੋਹਾਂ ਤੇ ਹੀ ਅਸਰ ਪਾ ਸਕਦੀ ਹੈ।"

"ਉਸ ਸਮੇਂ ਆਖ਼ਰੀ ਪਲਾਂ ਵਿੱਚ ਮੈਨੂੰ ਦੱਸਿਆ ਗਿਆ। ਬਾਅਦ ਵਿੱਚ ਇੱਕ ਫੌਜੀ ਅਫ਼ਸਰ ਨੇ ਦੱਸਿਆ ਕਿ ਖ਼ਾਸ ਗੈਸ ਮਾਸਕ ਇੰਗਲੈਂਡ ਤੋਂ ਹਵਾਈ ਜਹਾਜ਼ ਰਾਹੀਂ ਮੰਗਵਾਏ ਗਏ ਸਨ। ਲਗਪਗ ਆਖ਼ਰੀ ਸਮੇਂ 'ਤੇ।"

ਸਵਾਲ: ਕਿੰਨੇ ਲੋਕ ਮਾਰੇ ਗਏ ਇਹ ਵੀ ਵਿਵਾਦ ਰਿਹਾ ਹੈ

"ਇੱਕ ਓਂਕਾਰ ਸਿੰਘ ਬਾਜਵਾ, ਡੀਐੱਸਪੀ ਸਿਟੀ ਸੀ। ਲਾਸ਼ਾਂ ਹਟਾਉਣ ਦਾ ਕੰਮ ਸਭ ਤੋਂ ਪਹਿਲਾਂ ਪੁਲਿਸ ਨੇ ਸ਼ੁਰੂ ਕੀਤਾ ਸੀ ਕਿਉਂਕਿ ਮੌਤਾਂ ਤਿੰਨ ਤਰੀਕ ਨੂੰ ਹੀ ਸ਼ੁਰੂ ਹੋ ਗਈਆਂ ਸਨ।"

"ਜਿਸ ਕਾਰਨ ਕਈ ਲਾਸ਼ਾਂ ਖ਼ਰਾਬ ਹੋ ਗਈਆਂ ਸਨ। ਮੁਸ਼ਕ ਆਉਣਾ ਸ਼ੁਰੂ ਹੋ ਗਿਆ ਸੀ। ਪੁਲਿਸ ਤੋਂ ਸਾਂਭਿਆ ਨਹੀਂ ਗਿਆ। ਬਾਅਦ ਵਿੱਚ ਮਿਉਂਸੀਪਲ ਕੌਂਸਲ ਦੀਆਂ ਸੇਵਾਵਾਂ ਸਰਕਾਰ ਨੇ ਲਈਆਂ।"

"ਓਂਕਾਰ ਸਿੰਘ ਬਾਜਵਾ ਮੌਕੇ 'ਤੇ ਮੌਜੂਦ ਰਹੇ। ਉਨ੍ਹਾਂ ਨੇ 6,7, ਤੇ ਕੁਝ 8 ਤਰੀਕ ਨੂੰ ਨਾਗਰਿਕਾਂ ਦੀਆਂ 717 ਲਾਸ਼ਾਂ ਦਰਬਾਰ ਸਾਹਿਬ ਤੋਂ ਗਿਣੀਆਂ ਸਨ।

"ਇਸ ਤਰ੍ਹਾਂ ਤਕਰੀਬਨ 780-83 ਦੇ ਕਰੀਬ ਲਾਸ਼ਾਂ ਦੀ ਗਿਣਤੀ ਹੋਈ।"

ਸਵਾਲ: ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤ ਸਰਕਾਰ ਨੂੰ ਲਿਖਿਆ ਸੀ ਕਿ ਬੜੇ ਇਤਿਹਾਸਕ ਦਸਤਾਵੇਜ਼ ਤੇ ਹੋਰ ਰਿਕਾਰਡ ਹਟਾਇਆ ਗਿਆ ਸੀ, ਉਹ ਵਾਪਸ ਕੀਤਾ ਜਾਵੇ। ਦੱਸ ਸਕਦੇ ਹੋ ਕੀ ਚੀਜ਼ਾਂ ਹਟਾਈਆਂ ਗਈਆਂ ਤੇ ਕਿੱਥੇ ਹਨ ਉਹ ਇਸ ਸਮੇਂ?

"ਇਸ ਤਰ੍ਹਾਂ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਕਮਰੇ ਖਾੜਕੂਆਂ ਕੋਲ ਸਨ। ਉਨ੍ਹਾਂ ਦਾ ਕਾਫ਼ੀ ਰਿਕਾਰਡ ਸੀਬੀਆਈ ਨੇ ਜਾਂਚ ਲਈ ਕਬਜ਼ੇ ਵਿੱਚ ਲਿਆ। ਵਿਵਾਦ ਲਾਈਬਰੇਰੀ ਦਾ ਹੈ।"

"ਆਪਰੇਸ਼ਨ ਤੋਂ ਬਾਅਦ ਫੌਜ ਨੇ ਕਈ ਕੋਰਟ ਆਫ਼ ਇਨਕੁਆਰੀਆਂ ਬਿਠਾਈਆਂ, ਜਿਸ ਵਿੱਚ ਉਨ੍ਹਾਂ ਨੇ ਆਪਣੇ ਨਾਲ ਐੱਸਜੀਪੀਸੀ ਤੇ ਜਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਸ਼ਾਮਲ ਕੀਤੇ ਸਨ।"

"ਜਿਵੇਂ ਤੋਸ਼ੇਖ਼ਾਨੇ ਦਾ ਇੱਕ ਵੱਖਰਾ ਬੋਰਡ ਸੀ। ਅਕਾਲ ਤਖ਼ਤ ਸਾਹਿਬ ਦਾ ਵੱਖਰਾ ਬੋਰਡ ਸੀ। ਇਸੇ ਤਰ੍ਹਾਂ ਲਾਇਬਰੇਰੀ ਦਾ ਵੀ ਇੱਕ ਬੋਰਡ ਬਣਿਆ। ਉਸ ਦੇ ਵਿੱਚ ਮੇਰਾ ਨੌਮਿਨੀ ਇੱਕ ਮੈਜਿਸਟਰੇਟ ਸੀ ਅਤੇ ਐੱਸਜੀਪੀਸੀ ਨੇ ਦੋ ਆਪਣੇ ਨੌਮਿਨੀ ਪਾਏ ਸੀ।"

ਇਹ ਵੀ ਪੜ੍ਹੋ:

"ਉਨ੍ਹਾਂ ਦਾ ਸਿੱਟਾ ਸੀ ਕਿ ਕਾਫ਼ੀ ਚੀਜ਼ਾਂ ਜਿਵੇਂ ਪਵਿੱਤਰ ਗ੍ਰੰਥ, ਇਤਿਹਾਸਕ ਰਿਕਾਰਡ ਤਾਂ ਅੱਗ ਵਿੱਚ ਸੜ ਗਿਆ ਸੀ। ਜਿਹੜੀਆਂ ਚੀਜ਼ਾਂ ਰਹਿ ਗਈਆਂ ਸੀ ਉਹ ਆਰਮੀ ਨੇ ਬਾਅਦ ਵਿੱਚ ਹੈਂਡਓਵਰ ਕਰ ਦਿੱਤੀਆਂ ਸਨ।"

"ਪਰ ਅੱਗ ਕਿਵੇਂ ਲੱਗੀ, ਕਿਸ ਸਮੇਂ ਲੱਗੀ ਇਸ ਦੇ ਬਾਰੇ ਉਨ੍ਹਾਂ ਦਾ ਕੋਈ ਸਰਬਸੰਮਤੀ ਵਾਲਾ ਸਿੱਟਾ ਨਹੀਂ ਸੀ।"

ਇਹ ਵੀ ਦੇਖੋ:

Skip YouTube post, 2
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)