ਰੋਹਤਕ ਵਿਦਿਆਰਥਣ ਦੀ ਖੁਦਕੁਸ਼ੀ- 'ਉਹ ਤਾਂ ਸੋਸ਼ਲ ਮੀਡੀਆ ਤੋਂ ਵੀ ਦੂਰ ਸੀ, ਪਤਾ ਨਹੀਂ ਖੁਦਕੁਸ਼ੀ ਕਿਉਂ ਕੀਤੀ'

ਰੋਹਤਕ ਖੁਦਕੁਸ਼ੀ ਮਾਮਲਾ Image copyright REBECCA HENDIN/BBC

"ਹੋਸਟਲ ਦੀਆਂ ਕੁੜੀਆਂ ਨੇ ਮੈਨੂੰ ਦੱਸਿਆ ਹੈ ਕਿ ਹੋਸਟਲ ਦੇ ਅੰਦਰ ਖੁਦਕੁਸ਼ੀ ਦਾ ਇਹ 7ਵਾਂ ਮਾਮਲਾ ਹੈ। ਯੂਨੀਵਰਸਿਟੀ ਵਿੱਚ ਕਾਊਂਸਲਿੰਗ ਸਿਰਫ਼ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਵੇਲੇ ਹੁੰਦੀ ਹੈ ਪਰ ਬਾਅਦ ਵਿੱਚ ਨਹੀਂ।"

ਇਹ ਕਹਿਣਾ ਹੈ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪ੍ਰਤਿਭਾ ਸੁਮਨ ਦਾ ਜੋ ਕਿ ਹਾਲ ਹੀ ਵਿੱਚ ਇੱਕ ਵਿਦਿਆਰਥਣ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੋਹਤਕ ਦੀ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਪਹੁੰਚੇ ਸਨ।

ਦਰਅਸਲ 23 ਸਾਲਾ ਵਿਦਿਆਰਥਣ ਗਗਨਦੀਪ ਕੌਰ ਨੇ ਐਮਡੀਯੂ ਦੇ ਹੋਸਟਲ ਵਿੱਚ 12 ਜੂਨ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਐਮ ਫਾਰਮਾ ਦੀ ਵਿਦਿਆਰਥਣ ਸੀ।

ਪ੍ਰਤਿਭਾ ਸੁਮਨ ਐਮਡੀਯੂ ਦੇ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਮਿਲਣ ਪਹੁੰਚੇ ਸਨ। ਇਸ ਕੈਂਪਸ ਵਿੱਚ 2500 ਵਿਦਿਆਰਥਣਾ ਦੀ ਪੜ੍ਹਦੀਆਂ ਹਨ। ਕੁੜੀਆਂ ਦੇ ਹੋਸਟਲ ਬਾਹਰ ਸੁੰਨਸਾਨ ਸੀ। ਹੋਸਟਲ ਦੇ ਬਾਹਰ ਚਾਰ ਸੁਰੱਖਿਆ ਮੁਲਾਜ਼ਮ ਸਨ ਜੋ ਕਿ ਸਿਰਫ਼ ਗਿਣੇ-ਚੁਣੇ ਲੋਕਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦੇ ਰਹੇ ਸਨ।

ਬਾਹਰੋਂ ਅੰਦਰ ਆ ਰਹੀਆਂ ਕੁੜੀਆਂ ਨੂੰ ਅੰਦਰ ਜਾਣ ਤੋਂ ਪਹਿਲਾਂ ਮੂੰਹ 'ਤੇ ਬੰਨ੍ਹਿਆ ਕੱਪੜਾ ਉਤਾਰਨਾ ਪੈਂਦਾ ਹੈ ਜੋ ਕਿ ਉਨ੍ਹਾਂ ਨੇ ਗਰਮੀ ਤੋਂ ਬਚਣ ਲਈ ਪਾਇਆ ਹੈ।

ਇਹ ਵੀ ਪੜ੍ਹੋ:

Image copyright Sat Singh/BBC

ਕਈ ਕੁੜੀਆਂ ਘਰ ਜਾ ਰਹੀਆਂ ਹਨ

ਖੁਦਕੁਸ਼ੀ ਦੀ ਖ਼ਬਰ ਸੁਣਦਿਆਂ ਹੀ ਹੋਸਟਲ ਵਿੱਚ ਰਹਿੰਦੀਆਂ ਕੁੜੀਆਂ ਦੇ ਮਾਪੇ ਘਬਰਾਏ ਹੋਏ ਹੋਸਟਲ ਪਹੁੰਚ ਰਹੇ ਹਨ ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ ਆਪਣੀ ਧੀ ਨੂੰ ਫੋਨ ਕਰਕੇ ਬਾਹਰ ਬੁਲਾਉਣਾ ਪੈਂਦਾ ਹੈ ਅਤੇ ਗੇਟ ਦੇ ਬਾਹਰ ਹੀ ਮੁਲਾਕਾਤ ਕਰਨੀ ਪੈਂਦੀ ਹੈ।

ਇਸ ਦੌਰਾਨ ਕੁਝ ਕੁੜੀਆਂ ਆਪਣਾ ਸਮਾਨ ਲੈ ਕੇ ਘਰ ਜਾ ਰਹੀਆਂ ਹਨ ਪਰ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।

Image copyright Sat Singh/BBC

ਹਾਲਾਂਕਿ ਇੱਕ ਕੁੜੀ ਨੇ ਨਾਮ ਨਾ ਦੱਸੇ ਜਾਣ ਦੀ ਸ਼ਰਤ ਤੇ ਕਿਹਾ, "ਮੈਨੂੰ ਨਹੀਂ ਪਤਾ ਕੀ ਹੋਇਆ ਹੈ। ਮੈਂ ਬਸ ਸੁਣਿਆ ਹੈ। ਖੁਦਕੁਸ਼ੀ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ ਪਰ ਮੈਨੂੰ ਕਾਰਨ ਨਹੀਂ ਪਤਾ।"

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪ੍ਰਤਿਭਾ ਸੁਮਨ ਨੇ ਹੋਸਟਲ ਵਿੱਚ ਰਹਿੰਦੀਆਂ ਕੁੜੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਕੁੜੀਆਂ ਨੂੰ ਅਧਿਆਪਕਾਂ ਜਾਂ ਹੋਸਟਲ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੈ ਪਰ ਪੜ੍ਹਾਈ ਸਬੰਧੀ ਮੁੱਦੇ ਜ਼ਰੂਰ ਹਨ।

Image copyright Sat Singh/BBC

"ਉਨ੍ਹਾਂ ਨਾਲ ਗੱਲਬਾਤ ਕਰਕੇ ਮੈਂ ਕਹਿ ਸਕਦੀ ਹਾਂ ਕਿ ਉਨ੍ਹਾਂ ਨੂੰ ਪੜ੍ਹਾਈ ਅਤੇ ਪ੍ਰੀਖਿਆ ਮੁਕਾਬਲਿਆਂ ਦੇ ਦਬਾਅ ਤੋਂ ਬਚਣ ਲਈ ਕਾਊਂਸਲਿੰਗ ਦੀ ਲੋੜ ਹੈ। ਐਮਡੀਯੂ ਪ੍ਰਸ਼ਾਸਨ ਅਗਲਾ ਹਾਦਸਾ ਹੋਣ ਤੱਕ ਚੁੱਪ ਨਹੀਂ ਰਹਿ ਸਕਦਾ। ਉਨ੍ਹਾਂ ਨੂੰ ਇਸ ਲਈ ਜ਼ਿੰਮੇਵਾਰੀ ਲੈਣੀ ਪਏਗੀ ਅਤੇ ਇਸ ਦੇ ਹੱਲ ਲਈ ਤੁਰੰਤ ਕਦਮ ਚੁੱਕਣੇ ਪੈਣਗੇ।"

Image copyright Sat Singh/BBC

ਮ੍ਰਿਤਕਾ ਗਗਨਪ੍ਰੀਤ ਦੀ ਸਹੇਲੀ ਪ੍ਰੀਤੀ ਦਾ ਕਹਿਣਾ ਹੈ, "ਉਹ ਕਾਫ਼ੀ ਅੰਤਰਮੁਖੀ ਸੁਭਾਅ ਵਾਲੀ ਸੀ ਅਤੇ ਛੋਟੀਆਂ-ਛੋਟੀਆਂ ਗੱਲਾਂ ਤੇ ਭਾਵੁਕ ਹੋ ਜਾਂਦੀ ਸੀ। ਪਰ ਉਸ ਦੀ ਜ਼ਿੰਦਗੀ ਵਿੱਚ ਕੋਈ ਵੱਡੀ ਮੁਸ਼ਕਿਲ ਨਹੀਂ ਸੀ ਜੋ ਕਿ ਉਸ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕਰਦੀ। ਉਹ ਤਾਂ ਸੋਸ਼ਲ ਮੀਡੀਆ ਉੱਤੇ ਵੀ ਸਰਗਰਮ ਨਹੀਂ ਸੀ। ਬਸ ਇੰਸਟਾਗਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਸੀ।"

ਯੂਨੀਵਰਸਿਟੀ ਦਾ ਕੀ ਕਹਿਣਾ ਹੈ

ਐਮਡੀਯੂ ਦੇ ਵਾਈਸ-ਚਾਂਸਲਰ ਪ੍ਰੋ. ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਕਾਊਂਸਲਿੰਗ ਸੈਸ਼ਨਜ਼ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਵਿਦਿਆਰਥੀਆਂ ਦੀ ਕੌਂਸਲਿੰਗ ਸਣੇ ਉਨ੍ਹਾਂ ਨੂੰ ਖੇਡਾਂ, ਸੱਭਿਆਚਾਰਕ ਕਾਰਵਾਈਆਂ ਅਤੇ ਉਨ੍ਹਾਂ ਦੇ ਪਸੰਦ ਦੀਆਂ ਚੀਜ਼ਾਂ ਉਨ੍ਹਾਂ ਦੀ ਸੂਚੀ ਵਿੱਚ ਹਨ।

Image copyright Sat Singh/BBC

"ਮੈਂ ਹਾਲ ਹੀ ਵਿੱਚ ਐਮਡੀਯੂ ਵਿੱਚ ਨਿਯੁਕਤ ਹੋਇਆ ਹਾਂ ਇਸ ਲਈ ਇਸ ਤੋਂ ਪਹਿਲਾਂ ਵਾਲੇ ਖੁਦਕੁਸ਼ੀ ਦੇ ਮਾਮਲਿਆਂ ਦੀ ਗੱਲ ਨਹੀਂ ਕਰ ਸਕਦਾ। ਅਸੀਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਕਾਊਂਸਲਿੰਗ ਦੀ ਸਹੂਲਤ ਪੱਕੇ ਤੌਰ 'ਤੇ ਉਪਲਬਧ ਕਰਾਵਾਂਗੇ।"

ਕੀ ਹੋਇਆ ਸੀ ਉਸ ਦਿਨ?

ਐਮ ਫਾਰਮੇਸੀ ਦੀ ਪਹਿਲੇ ਸਾਲ ਦੀ ਹੋਸਟਲ ਵਿੱਚ ਰਹਿੰਦੀ ਵਿਦਿਆਰਥਣ ਗਗਨਪ੍ਰੀਤ ਕੌਰ ਨੇ ਹੋਰਨਾਂ ਵਿਦਿਆਰਥੀਆਂ ਵਾਂਗ ਥੀਸਿਸ ਜਮਾਂ ਕਰਵਾਉਣਾ ਸੀ।

Image copyright Sat Singh/BBC

ਮੰਗਲਵਾਰ ਦੀ ਰਾਤ ਨੂੰ ਗਗਨਪ੍ਰੀਤ ਨੇ ਯਮੁਨਾ ਹੋਸਟਲ ਵਿੱਚ ਆਪਣਾ ਕਮਰਾ ਬੰਦ ਕਰ ਲਿਆ ਸੀ ਅਤੇ ਪੱਖੇ 'ਤੇ ਚੁੰਨੀ ਨਾਲ ਲੰਮਕ ਕੇ ਖੁਦਕੁਸ਼ੀ ਕਰ ਲਈ।

ਹੋਸਟਲ ਦੀ ਮੁੱਖ ਵਾਰਡਨ ਰਾਜੇਸ਼ ਧਨਖੜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਸਵੇਰੇ ਪਤਾ ਲੱਗਿਆ ਜਦੋਂ ਉਹ ਨਾਸ਼ਤੇ ਲਈ ਬਾਹਰ ਨਹੀਂ ਆਈ।

ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲ੍ਹਿਆ ਗਿਆ ਤਾਂ ਗਗਨਪ੍ਰੀਤ ਪੱਖੇ ਨਾਲ ਲਟਕੀ ਹੋਈ ਸੀ।

ਪੁਲਿਸ ਦਾ ਕਹਿਣਾ ਹੈ ਕਿ ਉੱਥੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕੀ ਕਾਰਨ ਹੈ ਜੋ ਗਗਨ ਨੂੰ ਇੰਨਾ ਵੱਡਾ ਕਦਮ ਚੁੱਕਣਾ ਪਿਆ।

ਪਹਿਲਾਂ ਵੀ ਹੋਸਟਲ 'ਚ ਹੋਈਆਂ ਖੁਦਕੁਸ਼ੀਆਂ

  • 7 ਜਨਵਰੀ, 2019 ਨੂੰ ਭੂਗੋਲ ਦੀ ਵਿਦਿਆਰਥਣ ਰਾਖੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।
  • 22 ਦਸੰਬਰ, 2016 ਨੂੰ ਇੱਕ ਹੋਰ ਕੁੜੀ ਨਵੀਨ ਨੇ ਹੋਸਟਲ ਅੰਦਰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ।
  • ਸਤੰਬਰ 2015 ਨੂੰ ਵੀ ਪ੍ਰਗਿਆ ਨਾਮ ਦੀ ਵਿਦਿਆਰਥਣ ਨੇ ਹਸਟਲ 'ਚ ਫਾਹਾ ਲਾ ਲਿਆ ਸੀ।
  • 17 ਅਪਰੈਲ, 2013 ਨੂੰ ਅਨੂ ਨਾਮ ਦੀ ਵਿਦਿਆਰਥਣ ਨੇ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)