ਕੁੜੀਆਂ ਮੁੰਡਿਆਂ ਮੁਕਾਬਲੇ ਵੱਧ ਗੋਦ ਕਿਉਂ ਲਈਆਂ ਜਾ ਰਹੀਆਂ ਹਨ

ਭਾਰਤ ਵਿੱਚ ਕੁੜੀਆਂ ਨੂੰ ਵੱਧ ਗੋਦ ਲੈਣ ਪਿੱਛੇ ਕਈ ਕਾਰਨ ਹਨ Image copyright Getty Images
ਫੋਟੋ ਕੈਪਸ਼ਨ ਭਾਰਤ ਵਿੱਚ ਕੁੜੀਆਂ ਨੂੰ ਵੱਧ ਗੋਦ ਲੈਣ ਪਿੱਛੇ ਕਈ ਕਾਰਨ ਹਨ

ਸਵਿਤਾ ਦੀ ਜ਼ਿੰਦਗੀ ਵਿੱਚ ਬੱਚੇ ਦੀ ਕਮੀ ਤਾਂ ਨਹੀਂ ਸੀ ਪਰ ਉਹ ਇੱਕ ਧੀ ਚਾਹੁੰਦੀ ਸੀ। ਅਜਿਹਾ ਵੀ ਨਹੀਂ ਸੀ ਕਿ ਉਹ ਮਾਂ ਨਹੀਂ ਬਣ ਸਕਦੀ ਸੀ ਪਰ ਉਨ੍ਹਾਂ ਨੂੰ ਇੱਕ ਬੱਚੀ ਨੂੰ ਗੋਦ ਲੈਣਾ ਸੀ।

ਇਸੇ ਖੁਸ਼ੀ ਦੀ ਤਲਾਸ਼ ਵਿੱਚ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੀ ਸਵਿਤਾ ਅਤੇ ਉਨ੍ਹਾਂ ਦੇ ਪਤੀ ਇੱਕ ਅਨਾਥ ਆਸ਼ਰਮ ਪਹੁੰਚੇ।

ਉੱਥੇ ਉਨ੍ਹਾਂ ਨੂੰ ਪਿਆਰੀ ਜਿਹੀ ਬੱਚੀ ਦੇ ਰੂਪ ਵਿੱਚ ਇੱਕ ਨਵੀਂ ਦੁਨੀਆਂ ਮਿਲ ਗਈ।

ਇੱਕ-ਦੂਸਰੇ ਤੋਂ ਅਣਜਾਣ ਮਾਪੇ ਤੇ ਬੱਚੀ ਅੱਜ ਇੱਕ-ਦੂਜੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ।

ਇਹ ਵੀ ਪੜ੍ਹੋ:

ਯੂਪੀ ਦੀ ਰਹਿਣ ਵਾਲੀ ਸਵਿਤਾ ਆਪਣੀ ਜ਼ਿੰਦਗੀ ਵਿੱਚ ਇੱਕ ਨਵੇਂ ਮਹਿਮਾਨ ਨੂੰ ਲਿਆਉਣ ਦੀ ਵਜ੍ਹਾ ਕੁਝ ਇਸ ਤਰ੍ਹਾਂ ਦੱਸਦੀ ਹੈ।

ਉਹ ਕਹਿੰਦੀ ਹੈ, "ਮੈਂ ਅਜਿਹੇ ਇਲਾਕੇ ਤੋਂ ਆਉਂਦੀ ਹਾਂ ਜਿੱਥੇ ਧੀਆਂ ਨੂੰ ਬੋਝ ਵਾਂਗ ਪਾਲਿਆ ਜਾਂਦਾ ਹੈ। ਉਨ੍ਹਾਂ ਨੂੰ ਨਿਪਟਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਚੋਰੀ ਨਾਲ ਲਿੰਗ ਜਾਂਚ ਕਰਵਾਈ ਜਾਂਦੀ ਹੈ ਪਰ ਮੈਂ ਇਸ ਸੋਚ ਨੂੰ ਬਦਲਦੇ ਹੋਏ ਧੀ ਨੂੰ ਪਾਲਣਾ ਚਾਹੁੰਦੀ ਸੀ।"

"ਧੀਆਂ ਵੀ ਉੰਨੇ ਹੀ ਪਿਆਰ ਅਤੇ ਸਨਮਾਨ ਦੀ ਹੱਕਦਾਰ ਹਨ ਜਿੰਨਾ ਕਿ ਮੁੰਡੇ। ਇਸ ਲਈ ਇੱਕ ਬੇਟਾ ਹੋਣ ਦੇ ਬਾਵਜੂਦ ਵੀ ਮੈਂ ਇੱਕ ਬੱਚੀ ਨੂੰ ਬਰਾਬਰੀ ਅਤੇ ਪਿਆਰ ਭਰੀ ਜ਼ਿੰਦਗੀ ਦੇਣ ਦਾ ਫੈਸਲਾ ਕੀਤਾ। ਅੱਜ ਮੇਰੀ ਧੀ ਪੀਹੂ ਸਾਰਿਆਂ ਦੀ ਪਿਆਰੀ ਬਣ ਗਈ ਹੈ।"

ਅੰਕੜੇ ਭਰਦੇ ਗਵਾਹੀ

ਜਿੱਥੇ ਦੇਸ ਦੇ ਕਈ ਹਿੱਸਿਆਂ ਵਿੱਚ ਧੀਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਉੱਥੇ ਅਜਿਹੇ ਲੋਕ ਵੀ ਹਨ ਜੋ ਧੀਆਂ ਨੂੰ ਗੋਦ ਲੈ ਕੇ ਆਪਣੇ ਅਤੇ ਉਨ੍ਹਾਂ ਦੇ ਜੀਵਨ ਦੀਆਂ ਕਮੀਆਂ ਦੂਰ ਕਰ ਰਹੇ ਹਨ।

ਇੰਨਾ ਹੀ ਨਹੀਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਗੋਦ ਲੈਣ ਵਾਲੇ ਲੋਕਾਂ ਦੀ ਗਿਣਤੀ ਵੀ ਕਿਤੇ ਵੱਧ ਹੈ।

ਸੈਂਟਰਲ ਅਡੌਪਸ਼ਨ ਰਿਸੋਰਸ ਏਜੰਸੀ (CARA) ਦੇ 2018-2019 ਦੇ ਅੰਕੜਿਆਂ ਮੁਤਾਬਿਕ ਇਸ ਇੱਕ ਸਾਲ ਵਿੱਚ ਲੋਕਾਂ ਨੇ ਕਰੀਬ 60 ਫੀਸਦ ਕੁੜੀਆਂ ਗੋਦ ਲਈਆਂ ਹਨ।

Image copyright SAVITA PATIL
ਫੋਟੋ ਕੈਪਸ਼ਨ ਸਵਿਤਾ ਪਾਟਿਲ ਆਪਣੀ ਧੀ ਪੀਹੂ ਅਤੇ ਬੇਟੇ ਦੇ ਨਾਲ

ਲੋਕ ਮੁੰਡਿਆਂ ਤੋਂ ਕਿਤੇ ਵੱਧ ਕੁੜੀਆਂ ਨੂੰ ਗੋਦ ਲੈ ਰਹੇ ਹਨ। 2018-2019 ਵਿੱਚ ਭਾਰਤ ਵਿੱਚ ਕੁੱਲ 3374 ਬੱਚੇ ਗੋਦ ਲਏ ਗਏ ਸਨ। ਇਨ੍ਹਾਂ ਵਿੱਚ 1977 ਕੁੜੀਆਂ ਅਤੇ 1397 ਮੁੰਡੇ ਸਨ।

CARA ਬੱਚਾ ਗੋਦ ਲੈਣ ਦੇ ਮਾਮਲਿਆਂ ਵਿੱਚ ਨੋਡਲ ਬੌਡੀ ਵਾਂਗ ਕੰਮ ਕਰਦੀ ਹੈ। ਇਹ ਮੁੱਖ ਤੌਰ ਉੱਤੇ ਅਨਾਥ, ਛੱਡੇ ਗਏ ਅਤੇ ਆਤਮ ਸਮਰਪਣ ਕੀਤੇ ਗਏ ਬੱਚਿਆਂ ਦੇ ਐਡੌਪਸ਼ਨ ਲਈ ਕੰਮ ਕਰਦੀ ਹੈ।

ਨਵੇਂ ਅੰਕੜਿਆਂ ਦੇ ਮੁਤਾਬਿਕ ਭਾਰਤ ਤੋਂ ਬਾਹਰ ਦੀ ਗੱਲ ਕਰੀਏ ਤਾਂ ਕੁੱਲ 653 ਬੱਚੇ ਗੋਦ ਲਏ ਗਏ ਹਨ ਜਿਨ੍ਹਾਂ ਵਿੱਚ 421 ਲੜਕੀਆਂ ਅਤੇ 232 ਲੜਕੇ ਸਨ।

ਭਾਰਤ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਗੋਦ ਲੈਣ ਦੇ ਆਂਕੜੇ

ਨੋਟ: ਸਾਲ 2017-18 ਦਾ ਲਿੰਗ ਮੁਤਾਬਕ ਆਂਕੜੇ ਉਪਲਬਧ ਨਹੀਂ ਹਨ
स्रोत: सेंट्रल अडॉप्शन रिसोर्स एजेंसी

ਇਸ ਤਰ੍ਹਾਂ ਇਸ ਸਾਲ ਕੁੱਲ 4027 ਬੱਚੇ ਗੋਦ ਲਏ ਗਏ ਸਨ। ਗੋਦ ਲੈਣ ਦੇ ਮਾਮਲਿਆਂ ਵਿੱਚ ਮਹਾਰਾਸ਼ਟਰ ਸਭ ਤੋਂ ਅੱਗੇ ਰਿਹਾ ਹੈ। ਇੱਥੇ ਕੁੱਲ ਮਿਲਾ ਕੇ 477 ਬੱਚੇ ਗੋਦ ਲਏ ਬੱਚੇ ਗਏ ਸਨ।

ਇਹ ਅੰਕੜਾ ਕਈ ਸਾਲਾਂ ਤੋਂ ਅਜਿਹਾ ਹੀ ਬਣਿਆ ਹੋਇਆ ਹੈ। 2016-17 ਦੀ ਗੱਲ ਕਰੀਏ ਤਾਂ ਭਾਰਤ ਵਿੱਚ 3210 ਬੱਚੇ ਗੋਦ ਲਏ ਗਏ ਸਨ ਜਿਨ੍ਹਾਂ ਵਿੱਚ 1975 ਕੁੜੀਆਂ ਅਤੇ 1295 ਮੁੰਡੇ ਹਨ।

2015-16 ਵਿੱਚ 3011 ਬੱਚੇ ਗੋਦ ਲਏ ਗਏ ਸਨ। ਇਨ੍ਹਾਂ ਵਿੱਚ ਕੁੜੀਆਂ 1855 ਅਤੇ ਮੁੰਡੇ 1156 ਸਨ। 2017-18 ਵਿੱਚ 3276 ਬੱਚੇ ਗੋਦ ਲਏ ਗਏ ਸਨ ਪਰ ਇਨ੍ਹਾਂ ਦਾ ਲਿੰਗ ਆਧਾਰਿਤ ਅੰਕੜਾ ਮੌਜੂਦ ਨਹੀਂ ਹੈ।

ਭਾਰਤ ਵਿੱਚ ਔਰਤਾਂ ਅਤੇ ਮਰਦਾਂ ਦਾ ਲਿੰਗ ਅਨੁਪਾਤ ਕਦੇ ਵੀ ਬਰਾਬਰ ਨਹੀਂ ਹੋ ਸਕਿਆ ਹੈ ਅਤੇ ਭਰੂਣ ਹੱਤਿਆ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।

ਭਾਰਤ ਤੋਂ ਬਾਹਰ ਲੜਕੇ ਤੇ ਲੜਕੀਆਂ ਗੋਦ ਲੈਣ ਦੇ ਅੰਕੜੇ

ਨੋਟ: ਸਾਲ 2017-18 ਵਿੱਚ ਲਿੰਗ ਅਨੁਸਾਰ ਅੰਕੜਾ ਮੌਜੂਦ ਨਹੀਂ ਹੈ
ਸਰੋਤ: ਸੈਂਟਰਲ ਅਡੌਪਸ਼ਨ ਰਿਸੋਰਸ ਏਜੰਸੀ

2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ 1000 ਮਰਦਾਂ ਦੇ ਮੁਕਾਬਲੇ 943 ਔਰਤਾਂ ਹਨ। ਹਰਿਆਣਾ, ਦਿੱਲੀ ਜੰਮੂ ਅਤੇ ਕਸ਼ਮੀਰ, ਚੰਡੀਗੜ੍ਹ ਅਤੇ ਮਹਾਰਾਸ਼ਟਰ ਅਜਿਹੇ ਸੂਬੇ ਹਨ ਜਿੱਥੇ ਇਹ ਅਨੁਪਾਤ 900 ਤੋਂ ਵੀ ਥੱਲੇ ਹੈ।

ਅਜਿਹੇ ਵਿੱਚ ਗੋਦ ਲੈਣ ਦਾ ਇਹ ਅੰਕੜਾ ਹੈਰਾਨ ਕਰਦਾ ਹੈ। ਘਰ ਦੇ ਚਿਰਾਗ ਦੀ ਚਾਹ ਰੱਖਣ ਵਾਲੇ ਸਮਾਜ ਵਿੱਚ ਧੀਆਂ ਗੋਦ ਲਈਆਂ ਜਾ ਰਹੀਆਂ ਹਨ। ਇਸ ਬਦਲਾਅ ਦੀ ਵਜ੍ਹਾ ਕੀ ਹੈ।

ਸੰਵੇਦਨਸ਼ਈਲ ਲੋਕ ਹੀ ਚਾਹੁੰਦੇ ਹਨ ਧੀਆਂ

ਇਸ ਬਾਰੇ ਵਿੱਚ ਸਵਿਤਾ ਦੱਸਦੀ ਹੈ, "ਮੈਂ ਅਜਿਹੇ ਲੋਕਾਂ ਨਾਲ ਮਿਲ ਚੁੱਕੀ ਹੈ ਜੋ ਬੱਚੇ ਗੋਦ ਲੈਣਾ ਚਾਹੁੰਦੇ ਹਨ। ਜ਼ਿਆਦਾਤਰ ਉਹ ਲੋਕ ਬੱਚੇ ਗੋਦ ਲੈਂਦੇ ਹਨ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ।"

"ਇਨ੍ਹਾਂ ਵਿੱਚ ਜਿੰਨ੍ਹਾਂ ਨੇ ਆਪਣਾ ਵੰਸ਼ ਚਲਾਉਣਾ ਹੈ ਉਹ ਆਪਣੇ ਰਿਸ਼ਤੇਦਾਰਾਂ ਤੋਂ ਲੜਕਾ ਗੋਦ ਲੈਂਦੇ ਹਨ ਪਰ ਜਿਨ੍ਹਾਂ ਨੂੰ ਕੇਵਲ ਬੱਚਾ ਪਾਲਣਾ ਹੈ ਉਹ ਕੁੜੀਆਂ ਨੂੰ ਤਵੱਜੋ ਦਿੰਦੇ ਹਨ।"

"ਜੋ ਲੋਕ ਥੋੜ੍ਹੇ ਸੰਵੇਦਨਸ਼ੀਲ ਹੁੰਦੇ ਹਨ ਉਹੀ ਗੋਦ ਲਈ ਬੱਚੇ ਨੂੰ ਸਵੀਕਾਰ ਵੀ ਕਰਦੇ ਹਨ ਇਸ ਲਈ ਉਹ ਬੱਚੀਆਂ ਪ੍ਰਤੀ ਜ਼ਿਆਦਾ ਝੁਕਾਅ ਰੱਖਦੇ ਹਨ। ਸਮਾਜ ਵਿੱਚ ਵੀ ਉਨ੍ਹਾਂ ਦੀ ਸਥਿੱਤੀ ਵੱਧ ਖਰਾਬ ਹੁੰਦੀ ਹੈ।"

Image copyright Getty Images
ਫੋਟੋ ਕੈਪਸ਼ਨ ਭਾਰਤ ਵਿੱਚ ਕੁੜੀਆਂ ਨੂੰ ਵੱਧ ਗੋਦ ਲੈਣ ਪਿੱਛੇ ਕਈ ਕਾਰਨ ਹਨ

"ਪਹਿਲਾਂ ਦੇ ਮੁਕਾਬਲੇ ਸਮਾਜ ਵਿੱਚ ਕਾਫੀ ਬਦਲਾਅ ਆਇਆ ਹੈ। ਇੱਕ ਕਾਰਨ ਇਹੀ ਵੀ ਹੈ ਕਿ ਲੋਕਾਂ ਨੂੰ ਲਗਦਾ ਹੈ ਕਿ ਧੀਆਂ ਉਨ੍ਹਾਂ ਦਾ ਕਾਫੀ ਖਿਆਲ ਰੱਖ ਸਕਦੀਆਂ ਹਨ।"

"ਲੋਕ ਸਾਰੇ ਤਰੀਕੇ ਅਪਣਾਉਣ ਤੋਂ ਬਾਅਦ ਹੀ ਬੱਚਾ ਗੋਦ ਲੈਣ ਜਾਂਦੇ ਹਨ। ਅਜਿਹੇ ਵਿੱਚ ਵਧਦੀ ਉਮਰ ਵਿੱਚ ਉਨ੍ਹਾਂ ਨੂੰ ਧੀ ਦਾ ਸਾਥ ਵੱਧ ਰਾਹਤ ਤੇ ਸੁਰੱਖਿਆ ਦਿੰਦਾ ਹੈ।"

ਜਾਇਦਾਦ ਇੱਕ ਵੱਡਾ ਕਾਰਨ

ਹਾਲਾਂਕਿ ਜਾਮੀਆ ਮਿਲੀਆ ਇਸਲਾਮੀਆ ਵਿੱਚ ਵੂਮਨ ਸਟੱਡੀਜ਼ ਦੀ ਐਸੋਸੀਏਟ ਪ੍ਰੋਫੈਸਰ ਫਿਰਦੌਸ ਅਜ਼ਮਤ ਇਸ ਦਾ ਕੁਝ ਵੱਖ ਕਾਰਨ ਦੱਸਦੇ ਹਨ।

ਉਹ ਕਹਿੰਦੇ ਹਨ, "ਇਸ ਦੇ ਪਿੱਛੇ ਜਾਇਦਾਦ ਇੱਕ ਵੱਡੀ ਵਜ੍ਹਾ ਹੈ। ਜਦੋਂ ਬੱਚਾ ਗੋਦ ਲੈਂਦੇ ਹਨ ਤਾਂ ਉਹ ਕਾਨੂੰਨੀ ਰੂਪ ਵਿੱਚ ਤੁਹਾਡੀ ਜਾਇਦਾਦ ਦਾ ਵੀ ਅਧਿਕਾਰੀ ਹੋ ਜਾਂਦਾ ਹੈ।"

"ਜੇ ਤੁਸੀਂ ਗੋਦ ਲਓਗੇ ਤਾਂ ਤੁਹਾਡੀ ਪੂਰੀ ਤਰ੍ਹਾਂ ਨਾਲ ਆਪਣੀ ਜਾਇਦਾਦ ਉਸ ਕੋਲ ਚਲੀ ਜਾਵੇਗੀ ਪਰ ਜੇ ਧੀ ਹੁੰਦੀ ਹੈ ਤਾਂ ਉਹ ਵਿਆਹ ਕਰਕੇ ਉੱਥੋਂ ਚਲੀ ਜਾਵੇਗੀ। ਜ਼ਰੂਰੀ ਨਹੀਂ ਕਿ ਉਹ ਜਾਇਦਾਦ ਦਾ ਪੂਰਾ ਹੱਕ ਮੰਗੇ ਜਾਂ ਵਪਾਰ ਹੈ ਤਾਂ ਉਸ ਦੀ ਜ਼ਿੰਮੇਵਾਰੀ ਲਏ।"

Image copyright Getty Images
ਫੋਟੋ ਕੈਪਸ਼ਨ ਅਜੇ ਵੀ ਬੱਚਿਆਂ ਨੂੰ ਕੂੜੇ ਦੇ ਢੇਰ ਤੇ ਨਾਲੇ ’ਤੇ ਛੱਡਿਆ ਜਾਂਦਾ ਹੈ

"ਅਜਿਹੇ ਵਿੱਚ ਜੇ ਪੁੱਤਰ ਗੋਦ ਲਿਆ ਜਾਵੇ ਤਾਂ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚ ਉਨ੍ਹਾਂ ਨੂੰ ਅਪਣਾਇਆ ਨਹੀਂ ਜਾਂਦਾ ਹੈ। ਲੋਕ ਇਹ ਸਵੀਕਾਰ ਨਹੀਂ ਪਾਉਂਦੇ ਕਿ ਬਾਹਰ ਦਾ ਬੱਚੇ ਕੋਲ ਪੂਰੀ ਜਾਇਦਾਦ ਜਾਵੇ। ਧੀਆਂ ਅਜਿਹੇ ਵਿੱਚ ਜ਼ਿਆਦਾ ਬਿਹਤਰ ਵਿਕਲਪ ਬਣਦੀਆਂ ਹਨ।"

ਇਹ ਵੀ ਪੜ੍ਹੋ:

ਫਿਰਦੌਸ ਬੱਚੀਆਂ ਦੀ ਮਨੁੱਖੀ ਤਸਕਰੀ ਨੂੰ ਵੀ ਇਸ ਦਾ ਕਾਰਨ ਮੰਨਦੀ ਹੈ। ਉਹ ਕਹਿੰਦੀ ਹੈ, "ਮੈਂ ਇਹ ਤਾਂ ਨਹੀਂ ਜਾਣਦੀ ਕਿ ਅਜਿਹਾ ਕਿੰਨਾ ਹੁੰਦਾ ਹੈ ਪਰ ਕੁੜੀਆਂ ਦੇ ਨਾਲ ਇਹ ਖ਼ਤਰਾ ਹਮੇਸ਼ਾ ਰਹਿੰਦਾ ਹੈ।"

"ਅਜਿਹੇ ਲੋਕ ਹੋ ਸਕਦੇ ਹਨ ਜੋ ਇਸ ਗਲਤ ਮਕਸਦ ਨਾਲ ਬੱਚੀਆਂ ਨੂੰ ਗੋਦ ਲੈਂਦੇ ਹੋਣ। ਹਾਲਾਂਕਿ ਜਾਂਚ ਹੁੰਦੀ ਹੈ ਪਰ ਪੂਰੀ ਤਰ੍ਹਾਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।"

ਰੋਜ਼ ਬੱਚੀਆਂ ਦੇ ਕੂੜੇ ਦੇ ਢੇਰ ਵਿੱਚ ਜਾਂ ਨਾਲੇ ਵਿੱਚ ਮਿਲਣ ਦੀਆਂ ਖ਼ਬਰਾਂ ਆਉਂਦੀਆਂ ਹਨ। ਪੈਦਾ ਹੁੰਦੇ ਹੀ ਉਨ੍ਹਾਂ ਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਅਨਾਥ ਬੱਚਿਆਂ ਵਿੱਚ ਕੁੜੀਆਂ ਦੀ ਗਿਣਤੀ ਵੱਧ ਹੁੰਦੀ ਹੈ।

ਸਵਿਤਾ ਦੱਸਦੀ ਹੈ ਕਿ ਕੁੜੀਆਂ ਦੇ ਮਾਮਲਿਆਂ ਵਿੱਚ ਮਾਪਿਆਂ ਦੇ ਸਾਹਮਣੇ ਜ਼ਿਆਦਾ ਵਿਕਲੁਪ ਹੁੰਦੇ ਹਨ। ਜਿਵੇਂ ਜ਼ਿਆਦਾਤਰ ਮਾਪਿਆਂ ਨੂੰ ਬਹੁਤ ਛੋਟੇ ਬੱਚੇ ਚਾਹੀਦੇ ਹੁੰਦੇ ਹਨ ਤਾਂ ਜੋ ਉਹ ਆਸਾਨੀ ਨਾਲ ਘਰ ਵਿੱਚ ਘੁੱਲ-ਮਿਲ ਜਾਣ ਅਤੇ ਇਸ ਉਮਰ ਦੀਆਂ ਜ਼ਿਆਦਾਤਰ ਕੁੜੀਆਂ ਮਿਲਦੀਆਂ ਹਨ।

ਉਹ ਕਹਿੰਦੀ ਹੈ ਕਿ ਕਾਰਨ ਭਾਵੇਂ ਜੋ ਵੀ ਹੋਏ ਪਰ ਉਹ ਬੱਚੇ ਇੱਕ ਵੱਖ ਦੁਨੀਆਂ ਵਿੱਚ ਰਹਿੰਦੇ ਹਨ। ਜਦੋਂ ਤੁਸੀਂ ਉਨ੍ਹਾਂ ਬੱਚਿਆਂ ਦੀ ਦੁਨੀਆਂ ਵਿੱਚ ਪਹੁੰਚਦੇ ਹੋ ਤਾਂ ਉਨ੍ਹਾਂ ਦੇ ਅਸਲ ਹਾਲਾਤ ਦਾ ਪਤਾ ਲਗਦਾ ਹੈ।

ਜ਼ਰੂਰੀ ਨਹੀਂ ਕਿ ਹਰ ਕੋਈ ਬੱਚਾ ਗੋਦ ਲਏ ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਜੋ ਤੁਸੀਂ ਜਾਣ ਸਕੋ ਕਿ ਉਨ੍ਹਾਂ ਬੱਚਿਆਂ ਦੀ ਜਿੰਦਗੀ ਕਿਹੋ ਜਿਹੀ ਹੈ।

ਕਿਵੇਂ ਗੋਦ ਲਏ ਜਾਂਦੇ ਹਨ ਬੱਚੇ

  • ਬੱਚਾ ਗੋਦ ਲੈਣ ਲਈ ਕੇਂਦਰ ਸਰਕਾਰ ਨੇ ਸੈਂਟਰਲ ਐਡੌਪਸ਼ਨ ਰਿਸੋਰਸ ਅਥਾਰਿਟੀ (CARA) ਬਣਾਈ ਹੋਈ ਹੈ। ਇਹ ਸੰਸਥਾ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਤਹਿਤ ਕੰਮ ਕਰਦੀ ਹੈ।
  • ਸਾਲ 2015 ਵਿੱਚ ਬੱਚੇ ਨੂੰ ਗੋਦ ਲੈਣ ਦੀ ਪ੍ਰਕਿਰਿਆ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ। ਗੋਦ ਲੈਣ ਲਈ ਮਾਪਿਆਂ ਨੂੰ ਇਨ੍ਹਾਂ ਯੋਗਤਾਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ।
  • ਸੰਭਾਵਿਤ ਮਾਪਿਆਂ ਨੂੰ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਭਾਵਨਾਤਮਕ ਤੌਰ 'ਤੇ ਅਤੇ ਆਰਥਿਕ ਦ੍ਰਿਸ਼ਟੀ ਤੋਂ ਕਾਬਿਲ ਹੋਣਾ ਜ਼ਰੂਰੀ ਹੈ।
  • ਕੋਈ ਵੀ ਸੰਭਾਵਿਤ ਮਾਪੇ ਜਿਨ੍ਹਾਂ ਦੀ ਆਪਣੀ ਕੋਈ ਔਲਾਦ ਨਾ ਹੋਵੇ, ਉਹ ਬੱਚਾ ਗੋਦ ਲੈ ਸਕਦੇ ਹਨ।
  • ਸੰਭਾਵਿਤ ਮਾਪੇ ਦੇ ਵਿਆਹ ਨੂੰ ਦੋ ਸਾਲ ਤੋਂ ਵੱਧ ਹੋ ਚੁੱਕੇ ਹਨ ਤਾਂ ਵੀ ਉਹ ਬੱਚਾ ਗੋਦ ਲੈ ਸਕਦੇ ਹਨ।
ਫੋਟੋ ਕੈਪਸ਼ਨ ਗੋਦ ਲੈਣ ਵੇਲੇ ਮਾਪਿਆਂ ਨੂੰ ਕਈ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ
  • ਬੱਚਾ ਗੋਦ ਲੈਣ ਲਈ ਮਾਪਿਆਂ ਦੀ ਉਮਰ ਇੱਕ ਬੇਹੱਦ ਅਹਿਮ ਪਹਿਲੂ ਹੈ। ਜੋੜੇ ਦੇ ਮਾਮਲੇ ਵਿੱਚ ਸੰਭਾਵਿਤ ਮਾਪਿਆਂ ਦੀ ਸਾਂਝੀ ਉਮਰ ਮੰਨੀ ਜਾਵੇਗੀ।
  • ਬੱਚੇ ਅਤੇ ਹੋਣ ਵਾਲੇ ਮਾਪਿਆਂ ਵਿੱਚੋਂ ਹਰੇਕ ਦੀ ਉਮਰ ਵਿੱਚ ਘੱਟੋ-ਘੱਟ 25 ਸਾਲ ਦਾ ਫ਼ਰਕ ਹੋਣਾ ਚਾਹੀਦਾ ਹੈ।
  • ਪਰ ਇਹ ਨਿਯਮ ਉਸ ਵੇਲੇ ਲਾਗੂ ਨਹੀਂ ਹੁੰਦਾ ਹੈ ਜਦੋਂ ਗੋਲ ਲੈਣ ਵਾਲੇ ਸੰਭਾਵਿਤ ਮਾਪੇ ਰਿਸ਼ਤੇਦਾਰ ਹੋਣ ਜਾਂ ਫਿਰ ਮਤਰਏ ਹੋਣ।
  • ਜਿਨ੍ਹਾਂ ਲੋਕਾਂ ਦੇ ਪਹਿਲਾਂ ਤੋਂ ਹੀ ਤਿੰਨ ਜਾਂ ਉਸ ਤੋਂ ਵੱਧ ਬੱਚੇ ਹਨ ਉਹ ਲੋਕ ਬੱਚਾ ਗੋਦ ਲੈਣ ਲਈ ਯੋਗ ਨਹੀਂ ਹਨ। ਪਰ ਖ਼ਾਸ ਹਾਲਾਤ ਵਿੱਚ ਉਹ ਵੀ ਬੱਚਾ ਗੋਦ ਲੈ ਸਕਦੇ ਹਨ।

ਸਾਰੀਆਂ ਸ਼ਰਤਾਂ ਤੇ ਦਸਤਾਵੇਜ਼ਾ ਨੂੰ ਪੂਰਾ ਕਰਨ ਦੇ ਬਾਅਦ ਹੀ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਦੇ ਲਈ CARA ਦੀ ਵੈਬਸਾਈਟ 'ਤੇ ਉਪਲਬਧ ਇੱਕ ਫਾਰਮ ਭਰ ਕੇ ਰਜਿਸਟਰੇਸ਼ਨ ਕਰਵਾਉਣਾ ਹੁੰਦਾ ਹੈ। ਦੋ ਲੋਕਾਂ ਦੀ ਗਵਾਹੀ ਮੰਨੀ ਜਾਂਦੀ ਹੈ।

ਫ਼ਿਰ ਹੋਣ ਵਾਲੇ ਮਾਪਿਆਂ ਦੇ ਜੱਦੀ ਸ਼ਹਿਰ ਵਿੱਚ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ, ਮੈਡੀਕਲ ਅਤੇ ਮੈਰੀਟਲ ਸਟੇਟਸ ਦੇ ਦਸਤਾਵੇਜ਼ ਦੇਣੇ ਹੁੰਦੇ ਹਨ। ਜੇ ਪਹਿਲਾਂ ਤੋਂ ਬੱਚਾ ਹੈ ਤਾਂ ਉਸ ਦੀ ਸਹਿਮਤੀ ਵੀ ਮੰਗੀ ਜਾਂਦੀ ਹੈ।

ਫਿਰ ਮਾਪਿਆਂ ਦਾ ਸੂਬੇ ਦੀ ਏਜੰਸੀ ਨਾਲ ਸੰਪਰਕ ਕਰਵਾਇਆ ਜਾਂਦਾ ਹੈ। ਏਜੰਸੀ ਤੁਹਾਡੇ ਸੰਪਰਕ ਵਿੱਚ ਰਹਿੰਦੀ ਹੈ ਅਤੇ ਕੋਈ ਛੋਟਾ ਬੱਚਾ ਆਉਣ 'ਤੇ ਜਾਣਕਾਰੀ ਦਿੰਦੀ ਹੈ। ਜੇ ਬੱਚਾ ਵੱਡਾ ਚਾਹੀਦਾ ਹੈ ਤਾਂ ਤੁਸੀਂ ਏਜੰਸੀ ਕੋਲ ਜਾ ਕੇ ਬੱਚੇ ਨੂੰ ਵੇਖ ਸਕਦੇ ਹੋ।

ਕੁਝ ਦਿਨਾਂ ਲਈ ਬੱਚਾ ਮਾਪਿਆਂ ਕੋਲ ਹੁੰਦਾ ਹੈ ਅਤੇ ਫਿਰ ਰਿਵਿਊ ਕੀਤਾ ਜਾਂਦਾ ਹੈ ਕਿ ਮਾਪੇ ਅਤੇ ਬੱਚਾ ਇੱਕ-ਦੂਜੇ ਨਾਲ ਖੁਸ਼ ਹਨ ਜਾਂ ਨਹੀਂ।

ਜੇ ਕੋਈ ਸਮੱਸਿਆ ਹੁੰਦੀ ਹੈ ਤਾਂ ਬੱਚਾ ਵਾਪਸ ਲਿਆ ਜਾਂਦਾ ਹੈ। ਜੇ ਸੱਭ ਠੀਕ ਹੁੰਦਾ ਹੈ ਤਾਂ ਆਖਰੀ ਰਸਮੀ ਕਾਰਵਾਈ ਪੂਰੀ ਕਰਕੇ ਬੱਚਾ ਮਾਪਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ