ਵਿਸ਼ਵ ਕੱਪ 2019: ਜਦੋਂ ਵਿਰਾਟ ਕੋਹਲੀ ਆਪਣੇ ਕੋਚ ਰਾਜਕੁਮਾਰ ਸ਼ਰਮਾ ਨੂੰ ਫੋਨ ਕਰਕੇ ਰੋਏ

ਵਿਰਾਟ ਕੋਹਲੀ, ਆਈਸੀਸੀ, ਵਿਸ਼ਵ ਕੱਪ 2019 Image copyright Reuters

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਦੇ ਭਾਰਤ -ਪਾਕਿਸਤਾਨ ਮੈਂਚ ਦੌਰਾਨ ਜਿਵੇਂ ਹੀ 57 ਦੌੜਾਂ ਪੂਰੀਆਂ ਕੀਤੀਆਂ। ਇਸ ਨਾਲ ਉਨ੍ਹਾਂ ਨੇ ਇੱਕ ਰੋਜ਼ਾ ਮੈਚਾਂ ਵਿੱਚ 11,000 ਦੌੜਾਂ ਹਾਸਲ ਕਰ ਲਈਆਂ ।

ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਮਾਤ ਵੀ ਦੇ ਦਿੱਤੀ ਹੈ।

ਉਹ ਇਸ ਮੀਲ ਪੱਥਰ ਉੱਤੇ ਪਹੁੰਚਣ ਵਾਲੇ ਦੁਨੀਆਂ ਦੇ ਸਭ ਤੋਂ ਤੇਜ਼ ਬੱਲੇਬਾਜ਼ ਹਨ। ਵਿਰਾਟ ਕੋਹਲੀ 222 ਪਾਰੀਆਂ ਦੌਰਾਨ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ।

ਅਜਿਹਾ ਕਰਨ ਵਾਲੇ ਉਹ ਭਾਰਤ ਦੇ ਤੀਜੇ ਅਤੇ ਦੁਨੀਆਂ ਦੇ 11ਵੇਂ ਬੱਲੇਬਾਜ਼ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ। ਸਚਿਨ ਨੇ 276 ਪਾਰੀਆਂ ਵਿੱਚ ਇੰਨੀਆਂ ਦੌੜਾਂ ਬਣਾਈਆਂ ਸਨ। ਤੀਜੇ ਨੰਬਰ ਉੱਤੇ ਹੁਣ ਰਿੱਕੀ ਪੋੰਟਿੰਗ ਹਨ ਜਿਨ੍ਹਾਂ ਨੇ 286 ਪਾਰੀਆਂ ਇੰਨੀਆਂ ਦੌੜਾਂ ਹਾਸਲ ਕੀਤੀਆਂ ਸਨ।

ਇਹ ਵੀ ਪੜ੍ਹੋ :

ਵਿਰਾਟ ਕੋਹਲੀ ਦਾ ਖੇਡ ਸਫ਼ਰ ਕਾਫੀ ਰੌਚਕ ਹੈ, ਬੀਬੀਸੀ ਦੇ ਖੇਡ ਪੱਤਰਕਾਰ ਵਿਧਾਂਸ਼ੂ ਕੁਮਾਰ ਨੇ ਕੁਝ ਸਮਾਂ ਪਹਿਲਾਂ ਭਾਰਤੀ ਕਪਤਾਨ ਦੇ ਖੇਡ ਸਫ਼ਰ ਬਾਰੇ ਇਹ ਰਿਪੋਰਟ ਲਿਖੀ ਸੀ, ਜੋ ਪਾਠਕਾਂ ਦੀ ਰੂਚੀ ਲਈ ਮੁੜ ਛਾਪੀ ਜਾ ਰਹੀ ਹੈ।

ਤਰੀਕ 5 ਜੂਨ, 2019। ਇਹ ਉਹ ਦਿਨ ਹੈ ਜਦੋਂ ਭਾਰਤੀ ਟੀਮ ਵਰਲਡ ਕੱਪ 2019 ਦਾ ਆਪਣਾ ਸੁਫ਼ਨਾ ਸ਼ੁਰੂ ਕਰੇਗੀ। ਪਹਿਲਾ ਮੈਚ ਦੱਖਣ ਅਫ਼ਰੀਕਾ ਦੇ ਖਿਲਾਫ਼ ਸਾਊਥਐਂਪਟਨ ਵਿੱਚ ਖੇਡਿਆ ਜਾਵੇਗਾ।

ਭਾਰਤੀ ਟੀਮ ਦੇ ਫੈਨਜ਼ ਨੂੰ ਟਰਾਫ਼ੀ ਤੋਂ ਬਿਨਾਂ ਕਿਸੇ ਚੀਜ਼ ਤੋਂ ਖੁਸ਼ੀ ਨਹੀਂ ਮਿਲੇਗੀ।

ਟੀਮ 'ਤੇ ਉਨ੍ਹਾਂ ਦਾ ਭਰੋਸਾ ਅਤੇ ਜਿੱਤ ਦੀ ਬੇਸਬਰੀ ਦੀ ਵਜ੍ਹਾ ਵੀ ਹੈ। ਉਹ ਵਜ੍ਹਾ ਜਿਸ ਨੂੰ ਦੁਨੀਆਂ ਵਿਰਾਟ ਕੋਹਲੀ ਦੇ ਨਾਮ ਤੋਂ ਜਾਣਦੀ ਹੈ।

ਦੁਨੀਆਂ ਦੇ ਨੰਬਰ ਇੱਕ ਟੈਸਟ ਬੈਟਸਮੈਨ, ਨੰਬਰ ਇੱਕ ਵਨਡੇ ਬੈਟਸਮੈਨ ਅਤੇ ਨੰਬਰ ਇੱਕ ਟੀ-20 ਬੈਟਸਮੈਨ ਹਨ ਵਿਰਾਟ ਕੋਹਲੀ।

ਉਨ੍ਹਾਂ ਦੀ ਅਜਿਹੀ ਸ਼ਲਾਘਾ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਕੀਤੀ ਜਦੋਂ ਭਾਰਤ ਨੇ 2017 ਵਿੱਚ ਇੰਗਲੈਂਡ ਦੇ ਖਿਲਾਫ਼ ਵਨਡੇ ਵਿੱਚ 351 ਦੌੜਾਂ ਦਾ ਕਾਮਯਾਬ ਪਿੱਛਾ ਕੀਤਾ ਸੀ।

ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਇੰਗਲੈਂਡ ਦੇ ਸਾਬਕਾ ਆਲ ਰਾਊਂਡਰ ਅਤੇ 2019 ਆਈਸੀਸੀ ਵਰਲਡ ਕੱਪ ਦੇ ਬ੍ਰਾਂਡ ਐਂਬੈਸਡਰ ਐਂਡਰਿਊ ਫਲਿੰਟਾਫ਼ ਨੇ ਕਿਹਾ ਕਿ ਵਿਰਾਟ ਕੋਹਲੀ ਸਚਿਨ ਤੇਂਦੁਲਕਰ ਤੋਂ ਵੀ ਬਿਹਤਰ ਖਿਡਾਰੀ ਹਨ, ਸ਼ਾਇਦ ਆਲ ਟਾਈਮ ਬੈਸਟ!

ਇਸੇ ਬਿਹਤਰੀਨ ਖਿਡਾਰੀ ਅਤੇ ਕਪਤਾਨ 'ਤੇ ਕਰੋੜਾਂ ਫੈਨਜ਼ ਦੀ ਉਮੀਦ ਟਿਕੀ ਹੈ ਕਿ ਇੱਕ ਵਾਰੀ ਫਿਰ ਵਰਲਡ ਕੱਪ ਭਾਰਤ ਦਾ ਹੋਵੇਗਾ।

ਪਰ ਇਨ੍ਹਾਂ ਬੁਲੰਦੀਆਂ ਉੱਤੇ ਪਹੁੰਚਣ ਲਈ ਵਿਰਾਟ ਦਾ ਸਫ਼ਰ ਸੌਖਾ ਨਹੀਂ ਰਿਹਾ ਹੈ।

Image copyright Getty Images

ਸਖ਼ਤ ਮਿਹਨਤ ਅਤੇ ਲਗਨ

ਵਿਰਾਟ ਕੋਹਲੀ ਦਾ ਜਨਮ ਦਿੱਲੀ ਦੇ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ ਸੀ। ਪਿਤਾ ਪ੍ਰੇਮ ਕੋਹਲੀ ਦਾ ਸੁਪਨਾ ਸੀ ਕਿ ਵਿਰਾਟ ਇੱਕ ਮਹਾਨ ਕ੍ਰਿਕੇਟ ਖਿਡਾਰੀ ਬਣੇ ਅਤੇ ਭਾਰਤ ਲਈ ਖੇਡੇ। ਉਨ੍ਹਾਂ ਨੇ ਵਿਰਾਟ ਦਾ ਦਾਖਲਾ ਦਿੱਲੀ ਵਿੱਚ ਕੋਚ ਰਾਜਕੁਮਾਰ ਸ਼ਰਮਾ ਦੀ ਅਕਾਦਮੀ ਵਿੱਚ ਕਰਵਾ ਦਿੱਤਾ।

ਵਿਰਾਟ ਦਾ ਜੋਸ਼ ਅਤੇ ਕੋਚ ਦੀ ਸਖ਼ਤ ਮਿਹਨਤ ਉਨ੍ਹਾਂ ਨੂੰ ਸਫ਼ਲਤਾ ਦਿੰਦੀ ਰਹੀ ਅਤੇ ਸਮਾਂ ਆਉਣ 'ਤੇ ਵਿਰਾਟ ਨੂੰ ਦਿੱਲੀ ਦੀ ਰਣਜੀ ਟੀਮ ਵਿੱਚ ਜਗ੍ਹਾ ਮਿਲ ਗਈ। ਫਿਰ ਕੁਝ ਅਜਿਹਾ ਹੋਇਆ ਜਿਸ ਨੇ ਵਿਰਾਟ ਨੂੰ ਰਾਤੋ-ਰਾਤ ਇੱਕ ਨੌਜਵਾਨ ਖਿਡਾਰੀ ਤੋਂ ਇੱਕ ਚੰਗਾ ਕ੍ਰਿਕਟਰ ਬਣਾ ਦਿੱਤਾ।

ਦਿੱਲੀ ਦਾ ਰਣਜੀ ਮੈਚ ਕਰਨਾਟਕ ਖਿਲਾਫ਼ ਖੇਡਿਆ ਜਾ ਰਿਹਾ ਸੀ। ਦਿੱਲੀ ਦੀ ਹਾਲਤ ਮਾੜੀ ਸੀ ਅਤੇ ਮੈਚ ਬਚਾਉਣਾ ਮੁਸ਼ਕਿਲ ਲੱਗ ਰਿਹਾ ਸੀ।

Image copyright Reuters

ਵਿਰੋਧੀ ਟੀਮ ਦੀਆਂ 446 ਦੌੜਾਂ ਦੇ ਜਵਾਬ ਵਿੱਚ ਦਿੱਲੀ ਨੇ 5 ਵਿਕਟਾਂ ਗਵਾ ਕੇ 103 ਦੌੜਾਂ ਮੈਚ ਖ਼ਤਮ ਕਰ ਦਿੱਤਾ। ਵਿਰਾਟ 40 ਦੌੜਾਂ 'ਤੇ ਨਾਟ ਆਊਟ ਖੇਡ ਰਹੇ ਸੀ ਪਰ ਘਰ ਵਿੱਚ ਹਾਲਤ ਠੀਕ ਨਹੀਂ ਸੀ। ਅਸਲ ਵਿੱਚ ਪਿਤਾ ਪ੍ਰੇਮ ਕੋਹਲੀ ਕੁਝ ਦਿਨਾਂ ਤੋਂ ਮੰਜੇ 'ਤੇ ਸਨ ਅਤੇ ਉਸ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਕੋਚ ਰਾਜਕੁਮਾਰ ਸ਼ਰਮਾ ਨੇ ਸਾਨੂੰ, "ਵਿਰਾਟ ਕੋਹਲੀ- ਦਿ ਮੇਕਿੰਗ ਆਫ਼ ਅ ਚੈਂਪੀਅਨ" ਲਿਖਦੇ ਹੋਏ ਇੰਟਰਵਿਊ ਵਿੱਚ ਦੱਸਿਆ ਕਿ ਉਹ ਆਸਟਰੇਲੀਆ ਵਿੱਚ ਸਨ ਜਦੋਂ ਉਨ੍ਹਾਂ ਨੂੰ ਵਿਰਾਟ ਦਾ ਫੋਨ ਆਇਆ।

ਉਨ੍ਹਾਂ ਕਿਹਾ, "ਫੋਨ 'ਤੇ ਵਿਰਾਟ ਰੋ ਰਿਹਾ ਸੀ। ਉਸ ਨੇ ਦੱਸਿਆ ਕਿ ਅਜਿਹਾ ਹੋ ਗਿਆ ਹੈ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ। ਮੈਂ ਪੁੱਛਿਆ, ਤੂੰ ਕੀ ਚਾਹੁੰਦਾ ਹੈ ਅਤੇ ਉਸ ਨੇ ਕਿਹਾ ਖੇਡਣਾ। ਮੇਰਾ ਜਵਾਬ ਸੀ ਅਜਿਹਾ ਹੀ ਕਰੋ। ਕੁਝ ਘੰਟਿਆਂ ਬਾਅਦ ਵਿਰਾਟ ਦਾ ਫਿਰ ਫੋਨ ਆਇਆ ਅਤੇ ਉਹ ਫਿਰ ਰੋ ਰਿਹਾ ਸੀ। ਉਸਨੇ ਕਿਹਾ ਕਿ ਅੰਪਾਇਰ ਨੇ ਉਸ ਨੂੰ ਗਲਤ ਆਊਟ ਦੇ ਦਿੱਤਾ ਹੈ।"

ਵਿਰਾਟ ਨੇ ਦਿੱਲੀ ਦੇ ਵਿਕੇਟਕੀਪਰ-ਬੱਲੇਬਾਜ਼ ਪੁਨੀਤ ਬਿਸ਼ਟ ਨਾਲ ਵੱਡੀ ਸਾਂਝੇਦਾਰੀ ਕੀਤੀ ਅਤੇ ਦਿੱਲੀ ਨੂੰ ਮੁਸ਼ਕਿਲ ਸਥਿਤੀ ਤੋਂ ਬਾਹਰ ਕੱਢ ਦਿੱਤਾ। ਉਹ ਵੀ ਉਸ ਸਵੇਰੇ ਜਦੋਂ ਬੀਤੀ ਰਾਤ ਉਨ੍ਹਾਂ ਦੇ ਪਿਤਾ, ਮੈਂਟਰ ਅਤੇ ਗਾਈਡ ਨਹੀਂ ਰਹੇ ਸਨ।

ਕ੍ਰਿਕਟ ਪ੍ਰਤੀ ਅਜਿਹੀ ਲਗਨ ਹੀ ਵਿਰਾਟ ਕੋਹਲੀ ਵਰਗਾ ਚੈਂਪੀਅਨ ਬਣਾਉਂਦੀ ਹੈ।

ਰਨ ਚੇਜ਼ ਦਾ ਮਾਸਟਰ

ਵਿਰਾਟ ਨੂੰ ਭਾਰਤੀ ਅੰਡਰ-19 ਟੀਮ ਦੀ ਕਪਤਾਨੀ ਮਿਲੀ ਅਤੇ ਉਨ੍ਹਾਂ ਨੇ ਇਸ ਟੀਮ ਦੇ ਨਾਲ ਅੰਡਰ-19 ਵਿਸ਼ਵ ਕੱਪ ਵੀ ਜਿੱਤਿਆ।

ਭਾਰਤੀ ਟੀਮ ਵਿੱਚ ਉਨ੍ਹਾਂ ਦੀ ਐਂਟਰੀ ਵੀ ਲੰਮੇ ਸਮੇਂ ਤੱਕ ਰੋਕੀ ਨਹੀਂ ਜਾ ਸਕਦੀ ਸੀ। ਸਾਲ 2008 ਵਿੱਚ ਉਨ੍ਹਾਂ ਨੇ ਸ੍ਰੀਲੰਕਾ ਦੇ ਵਿਰੁੱਧ ਸ਼ੁਰੂਆਤ ਕੀਤੀ। ਕੋਹਲੀ ਨੇ ਆਪਣੀ ਪਹਿਲੀ ਲੜੀ 'ਚ ਆਪਣਾ ਅਰਧ ਸੈਂਕੜਾ ਬਣਾਇਆ ਅਤੇ ਸ਼ਾਨਦਾਰ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ।

Image copyright Getty Images

ਵਨਡੇ ਮੈਚਾਂ ਵਿੱਚ ਵਿਰਾਟ ਨੇ ਇੱਕ ਤੋਂ ਬਾਅਦ ਇੱਕ ਰਿਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ। ਖ਼ਾਸ ਕਰਕੇ ਨਿਸ਼ਾਨੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ।

ਪਿੱਛਾ ਕਰਦੇ ਹੋਏ ਕੋਹਲੀ ਨੇ 84 ਮੈਚਾਂ ਵਿੱਚ 21 ਸੈਂਕੜੇ ਬਣਾਏ ਹਨ ਅਤੇ 5000 ਤੋਂ ਵੱਧ ਦੌੜਾਂ ਬਣਾਈਆਂ ਹਨ। ਵਿਰਾਟ ਨੇ ਇਨ੍ਹਾਂ ਵਿੱਚੋਂ 18 ਵਾਰੀ ਭਾਰਤ ਲਈ ਮੈਚ ਜਿਤਾਉਣ ਵਾਲੇ ਸੈਂਕੜੇ ਜੜੇ ਹਨ।

ਵਨਡੇ ਕ੍ਰਿਕਟ ਵਿੱਚ ਸ਼ਾਇਦ ਹੀ ਅਜਿਹਾ ਕੋਈ ਖਿਡਾਰੀ ਹੋਵੇਗਾ ਜੋ ਟੀਚੇ ਦਾ ਪਿੱਛਾ ਕਰਦੇ ਹੋਏ ਵਿਰਾਟ ਕੋਹਲੀ ਤੋਂ ਬਿਹਤਰ ਹੋਵੇ।

ਇਹ ਵੀ ਪੜ੍ਹੋ-

ਵਿਰਾਟ ਕੋਹਲੀ ਜਿਸ ਤੇਜ਼ੀ ਨਾਲ ਦੌੜਾਂ ਬਣਾ ਰਹੇ ਹਨ ਉਸ ਬਾਰੇ ਮਾਹਿਰ ਕਹਿਣ ਲੱਗੇ ਹਨ ਕਿ ਜਦੋਂ ਉਹ ਰਿਟਾਇਰ ਹੋਣਗੇ ਤਾਂ ਬੱਲੇਬਾਜ਼ੀ ਦੇ ਜ਼ਿਆਦਾਤਰ ਰਿਕਾਰਡ ਉਨ੍ਹਾਂ ਦੇ ਨਾਂ ਹੀ ਹੋਣਗੇ।

ਖਾਸ ਕਰਕੇ ਜਿਸ ਅੰਦਾਜ਼ ਵਿੱਚ ਉਹ ਸੈਂਕੜਾ ਲਾਉਂਦੇ ਹਨ ਉਹ ਅਦਭੁਤ ਹੈ। ਉਨ੍ਹਾਂ ਨੇ 49 ਅਰਧ ਸੈਂਕੜੇ ਅਤੇ 41 ਸੈਂਕੜੇ ਲਾਏ ਹਨ ਜੋ ਦਰਸਾਉਂਦਾ ਹੈ ਕਿ ਵਿਕਟ 'ਤੇ ਖੜ੍ਹੇ ਰਹਿਣਾ ਉਨ੍ਹਾਂ ਨੂੰ ਕਿੰਨਾ ਪਸੰਦ ਹੈ ਅਤੇ ਤਕਰੀਬਨ ਹਰ ਦੂਜੇ 50 ਨੂੰ ਉਹ 100 ਵਿੱਚ ਬਦਲ ਦਿੰਦੇ ਹਨ।

ਤੀਜਾ ਮੌਕਾ

ਵਿਰਾਟ ਕੋਹਲੀ ਲਈ ਇਹ ਤੀਜਾ ਵਿਸ਼ਵ ਕੱਪ ਹੋਵੇਗਾ। ਪਹਿਲੀ ਵਾਰੀ ਉਨ੍ਹਾਂ ਨੇ ਸਾਲ 2011 ਵਿੱਚ ਵਿਸ਼ਵ ਕੱਪ ਖੇਡਿਆ ਸੀ ਅਤੇ 21 ਸਾਲ ਦੀ ਉਮਰ ਵਿੱਚ ਉਹ ਵਿਸ਼ਵ ਚੈਂਪੀਅਨ ਬਣ ਗਏ ਸੀ।

ਉਨ੍ਹਾਂ ਨੇ ਬੰਗਲਾਦੇਸ਼ ਦੇ ਖਿਲਾਫ਼ ਸੈਂਕੜਾ ਬਣਾਇਆ ਅਤੇ ਵਰਿੰਦਰ ਸਹਿਵਾਗ ਨਾਲ 200 ਦੌੜਾਂ ਦੀ ਸਾਂਝੇਦਾਰੀ ਕੀਤੀ। ਦੂਜੇ ਪਾਸੇ ਸ੍ਰੀਲੰਕਾ ਦੇ ਵਿਰੁੱਧ ਫਾਈਨਲ ਵਿੱਚ ਧੋਨੀ ਦਾ ਉਹ ਹੈਲੀਕਾਪਟਰ ਸ਼ਾਟ ਜਾਂ ਗੌਤਮ ਗੰਭੀਰ ਦੀ ਸ਼ਾਨਦਾਰ ਪਾਰੀ ਸਭ ਨੂੰ ਯਾਦ ਹੋਵੇਗੀ ਹੀ।

Image copyright Getty Images

ਪਰ ਇਸੇ ਪਾਰੀ ਵਿੱਚ ਕੋਹਲੀ ਨੇ ਗੰਭੀਰ ਦੇ ਨਾਲ ਕੀਮਤੀ 85 ਦੌੜਾਂ ਦੀ ਸਾਂਝੇਦਾਰੀ ਨਿਭਾਈ ਹੈ ਜੋ ਕਿ ਇਸ ਮੈਚ ਵਿੱਚ ਬਹੁਤ ਅਹਿਮ ਸੀ ਅਤੇ ਭਾਰਤ ਦੀ ਜਿੱਤ ਵਿੱਚ ਅਹਿਮ ਰਹੀ।

2015 ਦਾ ਵਿਸ਼ਵ ਕੱਪ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਖੇਡਿਆ ਗਿਆ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਦੇ ਖਿਲਾਫ਼ ਕੋਹਲੀ ਨੇ 126 ਗੇਂਦਾਂ 'ਤੇ 107 ਦੌੜਾਂ ਬਣਾਈਆਂ। ਭਾਰਤ ਨੇ ਇਹ ਮੈਚ 76 ਦੌੜਾਂ ਨਾਲ ਜਿੱਤਿਆ।

ਕੋਹਲੀ ਨੇ ਇਸ ਟੂਰਨਾਮੈਂਟ ਵਿੱਚ ਕਈ ਅਹਿਮ ਪਾਰੀਆਂ ਖੇਡੀਆਂ ਜਿਸ ਦੀ ਮਦਦ ਨਾਲ ਭਾਰਤ ਆਪਣੇ ਗਰੁੱਪ ਵਿੱਚ ਸਿਖਰ 'ਤੇ ਰਿਹਾ। ਹਾਲਾਂਕਿ ਆਸਟਰੇਲੀਆ ਖਿਲਾਫ਼ ਸੈਮੀਫਾਈਨਲ ਵਿੱਚ ਕੋਹਲੀ ਸਿਰਫ਼ ਇੱਕ ਰਨ ਉੱਤੇ ਆਊਟ ਹੋ ਗਏ ਅਤੇ ਇਹ ਮੈਚ ਭਾਰਤ ਨੇ ਗੁਆ ਦਿੱਤਾ।

ਇੰਗਲੈਂਡ ਦਾ ਵਿਸ਼ਵ ਕੱਪ ਕੋਹਲੀ ਦਾ ਤੀਜਾ ਵਿਸ਼ਵ ਕੱਪ ਹੋਵੇਗਾ।

ਕੋਹਲੀ ਪਿਛਲੇ ਕੁਝ ਸਾਲਾਂ ਤੋਂ ਮਜ਼ਬੂਤ ਫਾਰਮ ਵਿਚ ਹਨ ਅਤੇ ਉਨ੍ਹਾਂ ਦੇ ਬੱਲੇ ਤੋਂ ਸੈਂਕੜਿਆਂ ਦੀ ਬੌਛਾਰ ਜਿਹੀ ਲੱਗੀ ਹੋਈ ਹੈ।

ਇਹ ਵੀ ਪੜ੍ਹੋ:

ਮਾਹਿਰ ਮੰਨਦੇ ਹਨ ਕਿ ਉਹ ਆਪਣੇ ਕਰੀਅਰ ਦੇ ਸਿਖਰ 'ਤੇ ਹਨ। ਭਾਰਤੀ ਟੀਮ ਵੀ ਇੱਕ ਨਪੀ-ਤੁਲੀ ਟੀਮ ਨਜ਼ਰ ਆ ਰਹੀ ਹੈ ਜਿਸ ਵਿੱਚ ਅਨੁਭਵ ਅਤੇ ਨੌਜਵਾਨ ਸ਼ਕਤੀ ਦਾ ਬਿਹਤਰ ਮਿਲਾਪ ਹੈ।

ਟੀਮ ਵਿੱਚ ਮਹਿੰਦਰ ਸਿੰਘ ਧੋਨੀ ਵੀ ਹਨ ਜੋ ਕਿ ਸ਼ਾਇਦ ਆਪਣਾ ਆਖਿਰੀ ਵਰਲਡ ਕੱਪ ਖੇਡ ਰਹੇ ਹਨ।

ਕੀ ਕੋਹਲੀ ਦੀ ਟੀਮ ਆਈਸੀਸੀ ਵਰਲਡ ਕੱਪ 2019 ਜਿੱਤ ਪਾਏਗੀ? ਫੈਨਜ਼ ਦੀ ਮੰਨੀਏ ਤਾਂ ਇਹ ਵਰਲਡ ਕੱਪ ਕੋਹਲੀ ਅਤੇ ਭਾਰਤ ਦਾ ਹੀ ਹੈ।

(ਲੇਖਕ ਖੇਡ ਪੱਤਰਕਾਰ ਹਨ ਅਤੇ ਇਨ੍ਹਾਂ ਨੇ ਨੀਰਜ ਝਾ ਦੇ ਨਾਲ 'ਵਿਰਾਟਕੋਹਲੀ: ਦਿ ਮੇਕਿੰਗ ਆਫ਼ ਏ ਚੈਂਪੀਅਨ' ਕਿਤਾਬ ਲਿਖੀ ਹੈ ਜਿਸੇ ਨੂੰ ਹੈਸ਼ੇਟ ਨੇ ਛਾਪਿਆ ਹੈ)

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)