ਚੇਨੱਈ ’ਚ ਪਾਣੀ ਸੰਕਟ ਕਰਕੇ ਲੋਕ ਬਣੇ ਇੱਕ-ਦੂਜੇ ਦੀ ਜਾਨ ਦੇ ਦੁਸ਼ਮਣ: ‘ਮੀਂਹ ਪਵੇ ਜਾਂ ਸੀਵਰ ਦਾ ਪਾਣੀ ਸਾਫ਼ ਕਰ ਕੇ ਵਰਤਿਆ ਜਾਵੇ’

ਚੇਨੱਈ ਵਿੱਚ ਪਾਣੀ ਦੀ ਕਮੀ Image copyright Getty Images

ਚੇਨੱਈ ’ਚ ਪਾਣੀ ਦੇ ਸਰੋਤ ਸੁੱਕ ਚੁੱਕੇ ਹਨ। ਸ਼ਹਿਰ ਹੁਣ ਪਾਣੀ ਕੱਢਣ ਲਈ ਨਵੇਂ ਠਿਕਾਣੇ ਲੱਭ ਰਿਹਾ ਹੈ।

ਨਵੇਂ ਬੋਰਵੈੱਲ ਕੀਤੇ ਜਾ ਰਹੇ ਹਨ, ਪਹਿਲਾਂ ਵਾਲਿਆਂ ਨੂੰ ਹੋਰ ਡੂੰਘਾ ਕੀਤਾ ਜਾ ਰਿਹਾ ਹੈ। ਸਰਵੇ ਮੁਤਾਬਕ ਜਿਹੜੀ ਕੰਪਨੀ ਹਰ ਮਹੀਨੇ 20-30 ਬੋਰਵੈੱਲ ਕਰਦੀ ਹੈ, ਦੋ ਮਹੀਨੇ ਅੰਦਰ 40 ਬੋਰਵੈੱਲ ਕਰ ਚੁੱਕੀ ਹੈ।

ਚੇਨੱਈ ਜਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ, "ਅਸੀਂ ਕੁਝ ਹੋਰ ਸਰੋਤ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਸਿਰਫ਼ ਮੀਂਹ ਹੀ ਚੇਨੱਈ ਨੂੰ ਇਨ੍ਹਾਂ ਹਾਲਾਤਾਂ ਤੋਂ ਬਚਾ ਸਕਦਾ ਹੈ।"

ਚੇਨੱਈ ਦੀਆਂ ਚਾਰ ਝੀਲਾਂ ਸੁੱਕ ਚੁੱਕੀਆਂ ਹਨ। ਮਈ ਦੇ ਪਹਿਲੇ ਹਫ਼ਤੇ 'ਚ ਹੀ ਚੇਨੱਈ ਦੇ ਜਲ ਵਿਭਾਗ, ਚੇਨੱਈ ਮੈਟਰੋ ਵਾਟਰ, ਨੇ ਸ਼ੋਲਾਵਰਮ ਅਤੇ ਸੇਂਗੁਦਰਮ ਝੀਲਾਂ ਤੋਂ ਪਾਣੀ ਲੈਣਾ ਬੰਦ ਕਰ ਦਿੱਤਾ ਸੀ ਅਤੇ ਮਈ ’ਚ ਪੂੰਦੀ ਝੀਲ ਤੋਂ ਵੀ ਪਾਣੀ ਮਿਲਣਾ ਬੰਦ ਹੋ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਪਾਣੀ ਚੁੱਕਣ ਕਾਰਨ ਸਾਡੀ ਛਾਤੀ ਤੇ ਪਿੱਠ ਦੁਖ਼ਦੀ ਹੈ'

ਇਹ ਵੀ ਪੜ੍ਹੋ:

ਉਸ ਤੋਂ ਬਾਅਦ ਉਨ੍ਹਾਂ ਨੇ ਮੁੜ ਸਾਫ਼ ਕੀਤਾ ਹੋਇਆ ਪਾਣੀ ਚੇਨੱਈ ਦੇ ਬਾਹਰੀ ਇਲਾਕਿਆਂ ਤੋਂ ਲੈਣਾ ਸ਼ੁਰੂ ਕੀਤਾ। ਹੁਣ ਥੋੜ੍ਹਾ ਪਾਣੀ ਤਮਿਲਨਾਡੂ ਤੋਂ ਲਿਆ ਜਾ ਰਿਹਾ ਹੈ।

150 ਲੱਖ ਲੀਟਰ ਪਾਣੀ ਵੀਰਾਨਮ ਝੀਲ ਤੋਂ ਕੱਢਿਆ ਜਾ ਰਿਹਾ ਹੈ, ਜੋ ਤਮਿਲਨਾਡੂ ਦਾ ਵੱਡਾ ਪਾਣੀ ਦਾ ਸਰੋਤ ਹੈ। ਚੇਨੱਈ ਜਲ ਵਿਭਾਗ ਨੇ ਵੀ ਇਨ੍ਹਾਂ ਬੋਰਵੈੱਲਾਂ ਤੋਂ ਹੀ ਵਧੇਰੇ ਪਾਣੀ ਕੱਢਣ ਦਾ ਫੈਸਲਾ ਲਿਆ ਹੈ।

Image copyright Getty Images

ਮੀਂਹ ਹੀ ਬਚਾਏਗਾ ਜਾਨ

ਪਾਣੀ ਦੀ ਸਪਲਾਈ ਲਈ ਚੇਨੱਈ ਨੂੰ 15 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕਿਹਾ ਜਾਂਦਾ ਹੈ ਕਿ 880 ਲੱਖ ਲੀਟਰ ਪਾਣੀ ਇਨ੍ਹਾਂ 15 ਜ਼ੋਨ ਵਿੱਚ ਸਪਲਾਈ ਕੀਤਾ ਜਾਂਦਾ ਹੈ ਪਰ ਅਸਲ ਵਿੱਚ 650 ਲੱਖ ਲੀਟਰ ਪਾਣੀ ਹੀ ਦਿੱਤਾ ਜਾਂਦਾ ਹੈ।

ਜਲ ਵਿਭਾਗ ਮੁਤਾਬਕ ਪਾਣੀ ਦੀ ਕਮੀ ਕਰਕੇ 525 ਲੱਖ ਲੀਟਰ ਹੀ ਪਾਣੀ ਹੈ। ਪਰ ਜੇਕਰ ਸਪਲਾਈ ਦੌਰਾਨ ਬਰਾਬਦ ਹੋਏ ਪਾਣੀ ਦੇ ਹਿਸਾਬ ਨੂੰ ਕੱਢ ਦੇਈਏ ਤਾਂ ਕਰੀਬ 425-450 ਲੀਟਰ ਹੀ ਲੋਕਾਂ ਤੱਕ ਪਹੁੰਚ ਰਿਹਾ ਹੈ।

ਇਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਮੱਸਿਆ ਬਹੁਤ ਵੱਧ ਗਈ ਹੈ। ਕਈ ਥਾਵਾਂ 'ਤੇ ਟੈਂਕਰਾਂ ਤੋਂ ਪਾਣੀ ਲੈਂਦੇ ਹੋਏ ਲੋਕਾਂ ਵਿੱਚ ਝੜਪ ਵੀ ਦੇਖਣ ਨੂੰ ਮਿਲੀ।

ਹੋਟਲ ਅਤੇ ਦਫ਼ਤਰ ਹੋ ਰਹੇ ਬੰਦ

ਚੇਨੱਈ ਵਿੱਚ ਕਈ ਹੋਟਲ ਅਤੇ ਰੈਸਟੋਰੈਂਟ ਪਾਣੀ ਦੀ ਕਮੀ ਕਾਰਨ ਬੰਦ ਹਨ। ਚੇਨੱਈ ਮੈਟਰੋ ਵਿੱਚ ਏਸੀ ਚੱਲਣੇ ਬੰਦ ਹੋ ਗਏ ਹਨ। ਕਈ ਆਈਟੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਹੈ ਪਰ ਅਜੇ ਵੀ ਹਾਲਾਤ ਹੋਰ ਮਾੜੇ ਹੋ ਸਕਦੇ ਹਨ।

ਆਈਟੀ ਵਰਕਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਕਲੀਗਈ ਨੇ ਕਿਹਾ, "ਆਈਟੀ ਫਰਮਾਂ ਨੇ ਐਲਾਨ ਤਾਂ ਨਹੀਂ ਕੀਤਾ ਪਰ ਜਿੰਨਾ ਸੰਭਵ ਹੋ ਸਕੇ ਲੋਕਾਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਹੈ। ਘਰ ਵੀ ਤਾਂ ਪਾਣੀ 'ਤੇ ਹੀ ਚਲਦੇ ਹਨ, ਹੁਣ ਅਸੀਂ ਕੀ ਕਰਾਂਗੇ?"

ਇਹ ਵੀ ਪੜ੍ਹੋ:

Image copyright Getty Images

ਪਾਣੀ ਲਈ ਜਾਨ ਜੋਖ਼ਮ 'ਚ

ਪਾਣੀ ਦੀ ਕਮੀ ਦਾ ਪ੍ਰਭਾਵ ਸ਼ਹਿਰ ਗੇ ਹਰ ਸ਼ਖ਼ਸ 'ਤੇ ਪੈ ਰਿਹਾ ਹੈ।

ਵੀਰਵਾਰ ਨੂੰ ਆਥੀਮੁਲਮ ਅਤੇ ਉਨ੍ਹਾਂ ਦੀ ਗੁਆਂਢੀ ਵਿੱਚ ਪਾਣੀ ਨੂੰ ਲੈ ਕੇ ਝਗੜਾ ਹੋਇਆ ਤਾਂ ਆਥੀਮੁਲਮ ਨੇ ਕਿਸੇ ਤਿੱਖੀ ਚੀਜ਼ ਨਾਲ ਉਨ੍ਹਾਂ 'ਤੇ ਵਾਰ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਆਥੀਮੁਲਮ ਵਿਧਾਨ ਸਭਾ ਸਪੀਕਰ ਧਨਪਾਲ ਦੇ ਡਰਾਈਵਰ ਹਨ।

ਸਿਰਫ਼ ਚੇਨੱਈ ਹੀ ਨਹੀਂ, ਕਾਵੇਰੀ ਨਦੀ ਦੀ ਧਰਤੀ ਤੰਜੋਰ ਵਿੱਚ ਵੀ ਇਹੀ ਸਮੱਸਿਆ ਹੈ। ਪਾਣੀ ਦੇ ਚੱਕਰ ਵਿੱਚ ਹੀ ਇੱਕ ਝਗੜੇ ਦੌਰਾਨ ਆਨੰਦ ਬਾਬੂ ਦੀ ਮੌਤ ਹੋ ਗਈ।

ਪੁਲਿਸ ਨੇ ਦੱਸਿਆ, "ਤੰਜੋਰ ਦੇ ਵਿਲਾਰ ਇਲਾਕੇ ਵਿੱਚ ਟੈਂਕਰ ਤੋਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਾਣੀ ਲੈਂਦੇ ਸਮੇਂ ਆਨੰਦ ਬਾਬੂ ਨੇ ਆਪਣੇ ਗੁਆਂਢੀ ਕੁਮਾਰ ਨੂੰ ਜ਼ਿਆਦਾ ਪਾਣੀ ਲੈਣ ਤੋਂ ਇਨਕਾਰ ਕੀਤਾ। ਗੱਲ ਲੜਾਈ ਤੱਕ ਪਹੁੰਚ ਗਈ ਅਤੇ ਕੁਮਾਰ ਨੇ ਆਪਣੇ ਮੁੰਡਿਆਂ ਨਾਲ ਮਿਲ ਕੇ ਆਨੰਦ ਬਾਬੂ ਨੂੰ ਕੁੱਟ ਦਿੱਤਾ। ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜਾਨ ਤੋਂ ਹੱਥ ਧੋਣਾ ਪਿਆ।"

Image copyright Getty Images

'ਅਜੇ ਤਾਂ ਬਰਬਾਦੀ ਸ਼ੁਰੂ ਹੋਈ ਹੈ'

ਇੱਕ ਅਧਿਕਾਰੀ ਨੇ ਦੱਸਿਆ, "ਭੂ-ਜਲ ਪੱਧਰ ਵੀ ਕਈ ਥਾਵਾਂ 'ਤੇ ਬਿਲਕੁਲ ਖ਼ਤਮ ਹੋ ਗਿਆ ਹੈ ਅਤੇ ਲੋਕ ਚੇਨੱਈ ਜਲ ਵਿਭਾਗ 'ਤੇ ਪਾਣੀ ਲਈ ਨਿਰਭਰ ਹਨ। ਇਸ ਨਾਲ ਹਾਲਾਤ ਮਾੜੇ ਹੋ ਰਹੇ ਹਨ।"

ਅਪ੍ਰੈਲ ਅਤੇ ਮਈ ਮਹੀਨੇ ਤਮਿਲਨਾਡ਼ੂ ਦੇ ਕਈ ਜ਼ਿਲ੍ਹਿਆਂ ਵਿੱਚ ਜਲ ਪੱਧਰ ਬਹੁਤ ਹੀ ਘੱਟ ਗਿਆ ਹੈ।

ਜਲ ਵਿਭਾਗ ਪਾਈਪ ਅਤੇ ਟੈਂਕਰਾਂ ਤੋਂ ਪਾਣੀ ਦੀ ਸਪਲਾਈ ਕਰ ਰਿਹਾ ਹੈ। ਨੋ ਹਜ਼ਾਰ ਲੀਟਰ ਪਾਣੀ ਉਸ ਤੋਂ ਸਪਲਾਈ ਹੋ ਰਿਹਾ ਹੈ। ਲੋਕਾਂ ਨੇ ਇਹ ਪਾਣੀ ਜੇਕਰ ਖਰੀਦਣਾ ਵੀ ਹੈ ਤਾਂ ਰਜਿਸਟਰ ਕਰਨਾ ਹੋਵੇਗਾ ਅਤੇ 20 ਦਿਨ ਉਡੀਕ ਕਰਨੀ ਪਵੇਗੀ। ਅੱਗੇ-ਅੱਗੇ ਉਡੀਕ ਦਾ ਸਮਾਂ ਵਧਦਾ ਜਾਵੇਗਾ।

ਇੱਕ ਅਧਿਕਾਰੀ ਨੇ ਦੱਸਿਆ, "ਅਜੇ ਤਾਂ ਬਰਬਾਦੀ ਸ਼ੁਰੂ ਹੋਈ ਹੈ। ਜੇਕਰ ਇਸ ਸਾਲ ਵੀ ਮੀਂਹ ਨੇ ਸਾਨੂੰ ਨਿਰਾਸ਼ ਕੀਤਾ ਤਾਂ ਅਸੀਂ ਖ਼ਤਮ ਹੀ ਹੋ ਜਾਵਾਂਗੇ।"

ਇਹ ਵੀ ਪੜ੍ਹੋ:

Image copyright Getty Images

ਕਿਵੇਂ ਆਵੇਗਾ ਬਦਲਾਅ

ਪਾਣੀ ਲਈ ਕੰਮ ਕਰ ਰਹੇ ਇੱਕ ਸਮਾਜਿਕ ਕਾਰਕੁਨ ਨੱਕੀਰਨ ਨੇ ਦੱਸਿਆ, "ਭਵਿੱਖ ਵਿੱਚ ਇੱਕ ਹੀ ਹੱਲ ਹੈ ਕਿ ਭੂ-ਜਲ ਦੇ ਪੱਧਰ ਨੂੰ ਵਧਾਇਆ ਜਾਵੇ। ਪਹਿਲਾਂ ਵੀ ਕਈ ਵਾਰ ਅਸੀ ਸੋਕਾ ਦੇਖਿਆ ਹੈ। ਉਨ੍ਹਾਂ ਦਿਨਾਂ ਵਿੱਚ ਭੂ-ਜਲ ਹੀ ਬਚਾਉਂਦਾ ਸੀ।”

“ਮੀਂਹ ਦਾ 16 ਫ਼ੀਸਦ ਪਾਣੀ ਜ਼ਮੀਨ ਵਿੱਚ ਜਾਣਾ ਚਾਹੀਦਾ ਹੈ। ਪਰ ਚੇਨੱਈ ਵਰਗੇ ਵੱਡੇ ਸ਼ਹਿਰਾਂ ਵਿੱਚ 5 ਫ਼ੀਸਦ ਵੀ ਨਹੀਂ ਜਾਂਦਾ। ਕੰਕ੍ਰੀਟ ਨਿਰਮਾਣ ਇਸ ਦਾ ਕਾਰਨ ਹੈ। ਇਸ ਚੀਜ਼ ਨੂੰ ਬਦਲੇ ਬਿਨਾਂ ਅਸੀਂ ਸੁਧਾਰ ਨਹੀਂ ਕਰ ਸਕਦੇ।"

ਸੀਵਰ ਦਾ ਪਾਣੀ

ਪਾਣੀ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਝੀਲਾਂ ਦੀ ਸਫ਼ਾਈ, ਨਮਕੀਨ ਪਾਣੀ ਦੇ ਪਿਊਰੀਫਿਕੇਸ਼ਨ ਸੈਂਟਰ ਸਮੱਸਿਆ ਦਾ ਸਥਾਈ ਹੱਲ ਨਹੀਂ ਹਨ। ਵਰਤੋਂ ਵਿੱਚ ਲਿਆਂਦੇ ਪਾਣੀ ਨੂੰ ਮੁੜ ਰੀਸਾਈਕਲ ਕਰਨਾ ਬਹਿਤਰੀਨ ਹੱਲ ਹੈ।

30 ਮਈ ਨੂੰ ਆਈਆਈਟੀ ਮਦਰਾਸ ਨੇ ਇੱਕ ਨਵੇਂ 'ਗ੍ਰੇ ਵਾਟਰ ਪਿਊਰੀਫਿਕੇਸ਼ਨ ਪ੍ਰਾਜੈਕਟ' ਨੂੰ ਚੇਨੱਈ ਵਿੱਚ ਲਾਗੂ ਕਰਨ ਦੀ ਸਹਿਮਤੀ ਦਿੱਤੀ ਹੈ। ਇਸ ਪ੍ਰਾਜੈਕਟ ਦੇ ਲਈ ਮਸ਼ੀਨ ਡਿਜ਼ਾਈਨ 'ਤੇ ਕੰਮ ਹੋਣਾ ਸ਼ੁਰੂ ਹੋ ਗਿਆ ਹੈ। ਪਰ ਇਹ ਜਨਵਰੀ 2020 ਵਿੱਚ ਹੀ ਸ਼ੁਰੂ ਹੋ ਸਕੇਗਾ।

ਜੇ ਇਹ ਪ੍ਰਾਜੈਕਟ ਸਫਲ ਰਿਹਾ ਤਾਂ ਚੇਨੱਈ ਵਿੱਚ 70 ਫ਼ੀਸਦ ਪਾਣੀ ਰੀਸਾਈਕਲ ਹੋ ਸਕੇਗਾ।

ਇਹ ਵੀਡੀਓਜ਼ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।