ਸੰਜੀਵ ਭੱਟ: ਮੋਦੀ ਦੀ ਗੁਜਰਾਤ ਕਤਲੇਆਮ ’ਚ ਭੂਮਿਕਾ ਦਾ ਸਵਾਲ ਚੁੱਕਣ ਵਾਲੇ IPS ਅਧਿਕਾਰੀ, ਜਿਨ੍ਹਾਂ ਨੂੰ ਹੋਈ ਉਮਰ ਕੈਦ

ਸੰਜੀਵ ਭੱਟ

ਗੁਜਰਾਤ ਦੇ ਬਰਖ਼ਾਸਤ ਆਈਪੀਐੱਸ ਅਫ਼ਸਰ ਸੰਜੀਵ ਭੱਟ ਨੂੰ ਸਥਾਨਕ ਕੋਰਟ ਨੇ 30 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਕਰੀਬ ਅੱਠ ਮਹੀਨੇ ਤੋਂ ਉਹ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੇ ਨਸ਼ੇ ਦੇ ਇੱਕ ਮਾਮਲੇ ਵਿੱਚ ਪੈਸਾ ਉਗਾਹੀ ਦੇ ਇਲਜ਼ਾਮ ਵਿੱਚ ਬੀਤੇ ਸਤੰਬਰ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਭੱਟ ਉਹੀ ਅਫਸਰ ਹਨ ਜਿਨ੍ਹਾਂ ਨੇ 2002 ਵਿੱਚ ਹੋਏ ਗੁਜਰਾਤ ਕਤਲੇਆਮ 'ਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਦੰਗਿਆਂ ਦੀ ਜਾਂਚ ਦੇ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ)'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ।

ਨਰਿੰਦਰ ਮੋਦੀ ਖ਼ਿਲਾਫ਼ ਖੁੱਲ੍ਹ ਕੇ ਬੋਲਣ ਵਾਲੇ ਸੰਜੀਵ ਭੱਟ ਨੇ ਮਾਰਚ 2011 ਵਿੱਚ ਕੋਰਟ 'ਚ ਹਲਫਨਾਮਾ ਦਾਇਰ ਕਰਕੇ ਤਤਕਾਲੀ ਮੁੱਖ ਮੰਤਰੀ 'ਤੇ ਗੰਭੀਰ ਇਲਜ਼ਾਮ ਲਾਏ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ 'ਗੋਧਰਾ ਕਾਂਡ ਤੋਂ ਬਾਅਦ 27 ਫਰਵਰੀ, 2002, ਦੀ ਸ਼ਾਮ ਮੁੱਖ ਮੰਤਰੀ ਦੇ ਆਵਾਸ 'ਤੇ ਹੋਈ ਇੱਕ ਸੁਰੱਖਿਆ ਬੈਠਕ ਵਿੱਚ ਉਹ ਮੌਜੂਦ ਸਨ, ਇਸ ਵਿੱਚ ਮੋਦੀ ਨੇ ਕਥਿਤ ਤੌਰ 'ਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਸੀ ਕਿ “ਹਿੰਦੂਆਂ ਨੂੰ ਆਪਣਾ ਗੁੱਸਾ ਲਾਹੁਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ”।

ਮੋਦੀ ਸਰਕਾਰ ਦਾ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਸੰਜੀਵ ਭੱਟ ਇਸ ਬੈਠਕ 'ਚ ਮੌਜੂਦ ਸਨ।

Image copyright Getty Images

ਮੋਦੀ ਵਿਰੋਧ ਅਤੇ ਗਿਰਫ਼ਤਾਰੀ

ਮੰਨਿਆ ਜਾਂਦਾ ਹੈ ਕਿ ਮੋਦੀ ਸਰਕਾਰ ਅਤੇ ਸੰਜੀਵ ਭੱਟ ਵਿਚਾਲੇ ਸਬੰਧ ਇਸ ਹਲਫ਼ਨਾਮੇ ਤੋਂ ਬਾਅਦ ਤਲਖ਼ ਹੋ ਗਏ ਸਨ। ਬਾਅਦ 'ਚ ਸੰਜੀਵ ਭੱਟ ਨੂੰ ਬਿਨਾਂ ਮਨਜ਼ੂਰੀ ਦੇ ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਅਤੇ ਸਰਕਾਰੀ ਗੱਡੀ ਦੀ ਗ਼ਲਤ ਵਰਤੋਂ ਕਰਨ ਦੇ ਇਲਜ਼ਾਮ ਵਿੱਚ 2011 'ਚ ਸਸਪੈਂਡ ਕਰ ਦਿੱਤਾ ਗਿਆ।

ਉਸ ਦੌਰਾਨ ਭੱਟ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਅਤੇ ਉਦੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਜਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਸੀ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਨਿਆਂ ਦੀ ਗੁਹਾਰ ਲਗਾਈ ਸੀ। 30 ਸਤੰਬਰ 2011 ਨੂੰ ਸੰਜੀਵ ਭੱਟ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਗ੍ਰਿਫ਼ਤਾਰੀ ਉਨ੍ਹਾਂ ਹੇਠ ਕੰਮ ਕਰ ਚੁੱਕੇ ਇੱਕ ਕਾਂਸਟੇਬਲ ਕੇ.ਡੀ. ਪੰਤ ਵੱਲੋਂ ਦਰਜ ਪੁਲਿਸ ਰਿਪੋਰਟ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਭੱਟ 'ਤੇ ਇਲਜ਼ਾਮ ਲਗਾਏ ਗਏ ਸਨ ਕਿ ਉਨ੍ਹਾਂ ਨੇ ਦਬਾਅ ਪਾ ਕੇ ਮੋਦੀ ਖ਼ਿਲਾਫ਼ ਹਲਫ਼ਨਾਮਾ ਦਾਇਰ ਕਰਵਾਇਆ।

ਉਨ੍ਹਾਂ ਦੀ ਪਤਨੀ ਸ਼ਵੇਤਾ ਭੱਟ ਨੇ ਉਸ ਸਮੇਂ ਇਲਜ਼ਾਮ ਲਗਾਇਆ ਸੀ ਕਿ ''ਸੰਜੀਵ ਖ਼ਿਲਾਫ਼ ਘਾਟਲੋਦੀਆ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਰਾਈਮ ਬਰਾਂਚ ਨੂੰ ਸੌਂਪ ਦਿੱਤਾ ਗਿਆ, ਜਿਸ ਨੂੰ ਐਨਕਾਊਂਟਰ ਮਾਹਿਰ ਮੰਨਿਆ ਜਾਂਦਾ ਹੈ, ਮੈਂ ਉਨ੍ਹਾਂ 'ਤੇ ਭਰੋਸਾ ਨਹੀਂ ਕਰ ਸਕਦੀ। ਮੈਨੂੰ ਉਨ੍ਹਾਂ ਦੀ ਜਾਨ ਦੀ ਚਿੰਤਾ ਹੈ”।

ਸ਼ਵੇਤਾ ਭੱਟ ਨੇ ਕਿਹਾ, "35-40 ਪੁਲਿਸ ਕਰਮੀਆਂ ਨੇ ਬਿਨਾਂ ਕਿਸੇ ਸੂਚਨਾ ਦੇ ਸਾਡੇ ਘਰ ਦੀ ਦੋ ਘੰਟੇ ਤੱਕ ਤਲਾਸ਼ੀ ਲਈ। ਉਹ ਸੰਜੀਵ ਨੂੰ ਆਪਣੇ ਨਾਲ ਲੈ ਗਏ ਅਤੇ ਉਦੋਂ ਤੋਂ ਸਾਡਾ ਉਨ੍ਹਾਂ ਨਾਲ ਕੋਈ ਸਪੰਰਕ ਨਹੀਂ ਹੈ।''

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਸੰਜੀਵ ਭੱਟ ਆਪਣੇ ਪਰਿਵਾਰ ਨਾਲ

ਸੈਕਸ ਵੀਡੀਓ ਅਤੇ ਬਰਖ਼ਾਸਤਗੀ

ਸ਼ਵੇਤਾ ਭੱਟ ਮੁਤਾਬਕ ਗ੍ਰਿਫ਼ਤਾਰੀ ਦੇ ਦੂਜੇ ਦਿਨ ਵੀ ਪੁਲਿਸ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ਪਹੁੰਚੀ ਸੀ ਪਰ ਵਾਰੰਟ ਬਾਰੇ ਪੁੱਛਣ 'ਤੇ ਪੁਰਾਣਾ ਵਾਰੰਟ ਦਿਖਾਇਆ ਗਿਆ। ਉਨ੍ਹਾਂ ਨੇ ਪੁਲਿਸ 'ਤੇ ਵਾਰ-ਵਾਰ ਤਲਾਸ਼ੀ ਕਰਕੇ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ।

ਸ਼ਵੇਤਾ ਦਾ ਕਹਿਣਾ ਸੀ, "ਇੱਕ ਵਾਰੰਟ 'ਤੇ ਦੋ ਵਾਰ ਤਲਾਸ਼ੀ ਲੈਣਾ ਸਾਨੂੰ ਪਰੇਸ਼ਾਨ ਕਰਨਾ ਹੈ। ਇੱਕ ਹੀ ਵਾਰੰਟ ਦੇ ਆਧਾਰ 'ਤੇ ਉਹ ਸਾਡੇ ਘਰ ਦੀ ਦੋ ਵਾਰ ਤਲਾਸ਼ੀ ਨਹੀਂ ਲੈ ਸਕਦੇ।''

ਸਾਲ 2015 ਵਿੱਚ ਆਏ ਇੱਕ ਕਥਿਤ ਸੈਕਸ ਵੀਡੀਓ ਨੂੰ ਲੈ ਕੇ ਸੰਜੀਵ ਭੱਟ ਨੂੰ ਪਹਿਲਾਂ ਗੁਜਰਾਤ ਸਰਕਾਰ ਨੇ ਕਾਰਨ-ਦੱਸੋ ਨੋਟਿਸ ਜਾਰੀ ਕੀਤਾ ਅਤੇ ਫਿਰ ਬਰਖ਼ਾਸਤ ਕਰ ਦਿੱਤਾ।

ਨੋਟਿਸ ਵਿੱਚ ਕਿਹਾ ਗਿਆ ਕਿ ਉਹ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਔਰਤ ਨਾਲ ਰਿਸ਼ਤੇ 'ਤੇ ਸਫ਼ਾਈ ਦੇਵੇ। ਸੰਜੀਵ ਭੱਟ ਨੂੰ 19 ਅਗਸਤ 2015 ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਭੱਟ ਨੇ ਕਥਿਤ ਸੈਕਸ ਵੀਡੀਓ ਵਿੱਚ ਖ਼ੁਦ ਦੇ ਹੋਣ ਤੋਂ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਵੀਡੀਓ ਵਿੱਚ ਮੌਜੂਦ ਆਦਮੀ ਉਨ੍ਹਾਂ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਗੁਜਰਾਤ ਸਰਕਾਰ 'ਤੇ ਸਿਆਸੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦਾ ਇਲਜ਼ਾਮ ਲਗਾਇਆ ਸੀ।

ਵੀਡੀਓ ਦੇ ਮਾਮਲੇ 'ਚ ਉਨ੍ਹਾਂ ਦਾ ਕਹਿਣਾ ਸੀ, "ਇਹ ਵੀਡੀਓ ਸਭ ਤੋਂ ਪਹਿਲਾਂ ਬੀਤੇ ਸਾਲ ਮਈ ਮਹੀਨੇ (2014) ਵਿੱਚ ਸਾਹਮਣੇ ਆਇਆ ਸੀ। ਇਸ ਨੂੰ ਤਜਿੰਦਰ ਪਾਲ ਬੱਗਾ ਨੇ ਟਵਿੱਟਰ ਅਕਾਊਂਟ ਤੋਂ ਅਪਲੋਡ ਕੀਤਾ ਸੀ। ਬੱਗਾ 'ਨਮੋ' ਪਤਰਿਕਾ ਦੇ ਸੰਪਾਦਕ ਹਨ ਅਤੇ ਸੱਜੇ ਪੱਖੀ ਸੰਗਠਨ ਭਗਤ ਸਿੰਘ ਕ੍ਰਾਂਤੀ ਸੇਨਾ ਨਾਲ ਜੁੜੇ ਹੋਏ ਹਨ।"

Image copyright Sanjee bhatt/ facebook

ਮੁੜ ਗਿਰਫ਼ਤਾਰੀ

ਭੱਟ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹੇ ਹਨ ਅਤੇ ਸਰਕਾਰ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਤਿੱਖੀਆਂ ਟਿੱਪਣੀਆਂ ਕਰਦੇ ਰਹੇ ਹਨ।

ਪੁਲਿਸ ਕਾਰਵਾਈ ਦਾ ਉਨ੍ਹਾਂ ਨੂੰ 2018 ਵਿੱਚ ਮੁੜ ਤੋਂ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ 5 ਸਤੰਬਰ 2018 ਨੂੰ ਸੀਆਈਡੀ ਨੇ ਗ੍ਰਿਫ਼ਤਾਰ ਕਰ ਲਿਆ। ਉਸ ਵੇਲੇ ਕਿਹਾ ਗਿਆ ਕਿ 1998 ਪਾਲਨਪੁਰ ਡਰੱਗ ਪਲਾਂਟਿੰਗ ਕੇਸ ਵਿੱਚ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਉਨ੍ਹਾਂ ਦੀ ਗਿਰਫ਼ਤਾਰੀ ਹੋਈ। ਉਨ੍ਹਾਂ ਨਾਲ ਸੱਤ ਹੋਰ ਲੋਕਾਂ ਦੀ ਵੀ ਗ੍ਰਿਫ਼ਤਾਰੀ ਹੋਈ ਸੀ।

ਇਲਜ਼ਾਮ ਸੀ ਕਿ ਸੰਜੀਵ ਭੱਟ ਜਦੋਂ ਬਨਾਸਕਾਂਠਾ ਦੇ ਡੀਸੀਪੀ ਸਨ, ਉਸ ਵੇਲੇ ਇੱਕ ਵਕੀਲ ਨੂੰ ਨਾਰਕੋਟਿਕਸ ਦੇ ਝੂਠੇ ਮਾਮਲੇ 'ਚ ਫਸਾਉਣ ਦਾ ਇਲਜ਼ਾਮ ਲਗਾਇਆ। ਉਸ ਸਮੇਂ ਕਰੀਬ 8 ਅਜਿਹੇ ਨਾਰਕੋਟਿਕਸ ਮਾਮਲੇ ਸਨ ਜਿਨ੍ਹਾਂ ਵਿੱਚ ਵਿਵਾਦ ਹੋਇਆ ਸੀ। ਇਨ੍ਹਾਂ ਵਿੱਚ ਕੁਝ ਮੁਲਜ਼ਮ ਰਾਜਸਥਾਨ ਦੇ ਸਨ। ਰਾਜਸਥਾਨ ਦੇ ਆਰੋਪੀਆਂ ਨੇ ਸੰਜੀਵ ਭੱਟ 'ਤੇ ਝੂਠਾ ਕੇਸ ਦਾਇਰ ਕਰਕੇ ਉਨ੍ਹਾਂ ਤੋਂ ਪੈਸੇ ਠੱਗਣ ਦਾ ਇਲਜ਼ਾਮ ਲਗਾਇਆ ਸੀ।

ਬੀਤੀ ਜਨਵਰੀ ਵਿੱਚ ਸੰਜੀਵ ਭੱਟ ਦੀ ਪਤਨੀ ਸ਼ਵੇਤਾ ਭੱਟ ਅਤੇ ਉਨ੍ਹਾਂ ਦੇ ਮੁੰਡੇ ਸ਼ਾਂਤਨੂ ਦੀ ਕਾਰ ਇੱਕ ਟਰੱਕ ਦੀ ਟੱਕਰ 'ਚ ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ 'ਚ ਦੋਵੇਂ ਬੜੀ ਮੁਸ਼ਕਿਲ ਨਾਲ ਬਚੇ ਸਨ। ਸ਼ਵੇਤਾ ਨੇ ਉਸ ਸਮੇਂ ਕਿਸੇ ਸਾਜ਼ਿਸ਼ ਦਾ ਸ਼ੱਕ ਜਤਾਇਆ ਸੀ।

ਸੰਜੀਵ ਭੱਟ ਦੇ ਫੇਸਬੁੱਕ ਅਕਾਊਂਟ ਤੋਂ ਸ਼ਵੇਤਾ ਭੱਟ ਨੇ ਬੀਤੇ 14 ਮਈ ਨੂੰ ਲਿਖੇ ਇੱਕ ਪੋਸਟ ਵਿੱਚ ਦਾਅਵਾ ਕੀਤਾ ਸੀ ਕਿ ਸੰਜੀਵ ਭੱਟ 'ਤੇ ਬਦਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਲਿਖਿਆ, "ਇੱਕ ਸ਼ਖ਼ਸ ਨੂੰ ਇੱਕ ਸਾਲ ਤੋਂ ਵਧ ਸਮਾਂ ਜੇਲ੍ਹ ਵਿੱਚ ਰੱਖਣਾ ਕਿਵੇਂ ਸਹੀ ਹੋ ਸਕਦਾ ਹੈ, ਉਹ ਵੀ 23 ਸਾਲ ਪੁਰਾਣੇ ਇੱਕ ਮਾਮਲੇ ਵਿੱਚ, ਜਿਸ ਨੂੰ ਬਦਲੇ ਦੀ ਭਾਵਨਾ ਅਤੇ ਆਪਣੀ ਸਹੂਲਤ ਨਾਲ ਮੁੜ ਖੋਲ੍ਹਿਆ ਗਿਆ ਹੋਵੇ।''

ਉਨ੍ਹਾਂ ਲਿਖਿਆ, "ਸੰਜੀਵ ਨੂੰ ਅਜੇ ਵੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਇੱਕ ਬੁਨਿਆਦੀ ਨਾਗਰਿਕ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਦਾ ਜੁਰਮ ਸਿਰਫ਼ ਐਨਾ ਸੀ ਕਿ ਉਨ੍ਹਾਂ ਨੇ ਇਮਾਨਦਾਰੀ ਨਾਲ ਡਿਊਟੀ ਨਿਭਾਈ।''

ਇਹ ਵੀ ਪੜ੍ਹੋ:

Image copyright Sanjeev bhatt/ facebook page

ਕਈ ਅਹਿਮ ਅਹੁਦਿਆਂ 'ਤੇ ਕੀਤਾ ਕੰਮ

ਆਈਆਈਟੀ ਮੁੰਬਈ ਤੋਂ ਪੋਸਟ ਗ੍ਰੈਜੂਏਟ ਸੰਜੀਵ ਭੱਟ ਸਾਲ 1988 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਆਏ ਅਤੇ ਉਨ੍ਹਾਂ ਨੂੰ ਗੁਜਰਾਤ ਕਾਡਰ ਮਿਲਿਆ। ਉਹ ਸੂਬੇ ਦੇ ਕਈ ਜ਼ਿਲ੍ਹਿਆਂ, ਪੁਲਿਸ ਕਮਿਸ਼ਨਰ ਦੇ ਦਫ਼ਤਰ ਅਤੇ ਹੋਰ ਪੁਲਿਸ ਇਕਾਈਆਂ ਵਿੱਚ ਕੰਮ ਕਰ ਚੁੱਕੇ ਹਨ।

ਦਸੰਬਰ 1999 ਤੋਂ ਦਸੰਬਰ 2002 ਤੱਕ ਉਹ ਸੂਬੇ ਦੇ ਖੂਫ਼ੀਆ ਬਿਊਰੋ ਵਿੱਚ ਡੀਸੀ ਦੇ ਰੂਪ ਵਿੱਚ ਤਾਇਨਾਤ ਸਨ। ਗੁਜਰਾਤ ਦੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਸਾਰੇ ਮਾਮਲੇ ਉਨ੍ਹਾਂ ਦੇ ਅਧੀਨ ਸਨ।

ਇਨ੍ਹਾਂ ਵਿੱਚ ਸੀਮਾ ਸੁਰੱਖਿਆ ਅਤੇ ਤੱਟੀ ਸੁਰੱਖਿਆ ਤੋਂ ਇਲਾਵਾ ਵੀਆਈਪੀ ਲੋਕਾਂ ਦੀ ਸੁਰੱਖਿਆ ਵੀ ਸ਼ਾਮਲ ਸੀ। ਇਸ ਦਾਇਰੇ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਵੀ ਆਉਂਦੀ ਸੀ।

ਸੰਜੀਵ ਭੱਟ ਨੋਡਲ ਅਫਸਰ ਵੀ ਸਨ, ਜਿਹੜੇ ਕਈ ਕੇਂਦਰੀ ਏਜੰਸੀਆਂ ਅਤੇ ਫੌਜ ਦੇ ਨਾਲ ਖ਼ੂਫ਼ੀਆਂ ਜਾਣਕਾਰੀਆਂ ਸਾਂਝੀਆਂ ਵੀ ਕਰਦੇ ਸਨ। ਜਦੋਂ ਸਾਲ 2002 ਵਿੱਚ ਗੁਜਰਾਤ ਦੰਗੇ ਹੋਏ ਸਨ, ਉਸ ਸਮੇਂ ਵੀ ਸੰਜੀਵ ਭੱਟ ਇਸੇ ਅਹੁਦੇ 'ਤੇ ਸਨ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)