ਸੰਸਦ 'ਚ ਜੈ ਸ਼੍ਰੀ ਰਾਮ ਤੇ ਅੱਲਾ-ਹੂ-ਅਕਬਰ 'ਚ ਕੀ ਬੁਰਾਈ: ਬਲਾਗ

ਜੈ ਸ਼੍ਰੀ ਰਾਮ ਦੇ ਨਾਅਰੇ

ਸਿਆਸਤ 'ਤੇ ਨਿਗ੍ਹਾ ਰੱਖਣ ਵਾਲਾ ਹਰ ਇਨਸਾਨ ਜਾਣਦਾ ਹੈ ਕਿ ਸੰਸਦ ਦੀ ਗਰਿਮਾ, ਮਰਿਆਦਾ ਅਤੇ ਉਸਦੀ ਭੂਮਿਕਾ ਬਾਰੇ ਕਹੀਆਂ ਜਾਣ ਵਾਲੀਆਂ ਗੱਲਾਂ ਮਹਿਜ਼ ਜੁਮਲੇਬਾਜ਼ੀ ਬਣ ਕੇ ਰਹਿ ਗਈਆਂ ਹਨ।

ਸੰਸਦ ਲੋਕਤੰਤਰ ਦੀ ਸਿਰਮੌਰ ਸੰਸਥਾ ਹੈ, ਸੰਸਦ ਵਿੱਚ ਜੋ ਦਿਖ ਰਿਹਾ ਹੈ ਉਹ ਦੇਸ਼ ਦੇ ਹਾਲਾਤ ਦਾ ਪਰਛਾਵਾਂ ਭਰ ਹੈ।

ਇਹ ਉਹੀ ਸੰਸਦ ਹੈ ਜਿਸ ਦੀ ਦਰ 'ਤੇ ਪਹਿਲੀ ਵਾਰ ਕਦਮ ਰੱਖਦਿਆਂ ਹੋਇਆਂ ਸਾਲ 2014 ਵਿੱਚ ਨਰਿੰਦਰ ਮੋਦੀ ਨੇ ਮੱਥਾ ਟੇਕਿਆ ਸੀ। ਹਾਲਾਂਕਿ ਸਰਕਾਰੀ ਆਂਕੜੇ ਇਹ ਵੀ ਦੱਸਦੇ ਹਨ ਕਿ ਇਹ ਲੋਕ ਤੰਤਰ ਦਾ ਉਹੀ ਮੰਦਿਰ ਹੈ ਜਿਸ ਦੇ 44 ਫ਼ੀਸਦੀ ਤੋਂ ਜ਼ਿਆਦਾ 'ਪੁਜਾਰੀਆਂ' ਤੇ ਭ੍ਰਿਸ਼ਟਾਚਾਰ, ਕਤਲ, ਬਲਾਤਕਾਰ ਅਤੇ ਹੋਰ ਤਾਂ ਹੋਰ ਅੱਤਵਾਦ ਤੱਕ ਦੇ ਇਲਜ਼ਾਮ ਹਨ।

ਇਸ ਸੰਸਦ ਵਿੱਚ ਹੰਗਾਮਾ ਰੌਲਾ-ਰੱਪਾ ਜਾਂ ਰੁਕਾਵਟ ਕੋਈ ਨਵੀਂ ਗੱਲ ਨਹੀਂ ਹੈ। ਸੰਸਦ ਦੇ ਮਾਣ ਦੇ ਕਫ਼ੂਰ ਹੋ ਜਾਣ ਦੇ ਸ਼ਿਕਵੇ ਕਰਨ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਪਿਛਲੇ ਕੁਝ ਸਮੇਂ ਵਿੱਤ ਲੋਕ ਤੰਤਰੀ ਪ੍ਰਕਿਰਿਆਵਾਂ ਤੇ ਮਰਿਆਦਾਵਾਂ ਦਾ ਕੀ ਹਾਲ ਹੋਇਆ ਹੈ।

ਇਹ ਵੀ ਪੜ੍ਹੋ:

Image copyright Getty Images

ਜਿਸ ਤਰ੍ਹਾਂ ਦਾ 'ਨਵਾਂ ਭਾਰਤ' ਬਣਦਾ ਹੋਇਆ ਅਸੀਂ ਦੇਖ ਰਹੇ ਹਾਂ, ਉਸ ਵਿੱਚ ਕਈ ਗੱਲਾਂ ਪਹਿਲੀ ਵਾਰ ਹੋਈਆਂ ਹਨ। ਪਹਿਲੀ ਵਾਰ ਸੰਸਦ ਵਿੱਚ ਜੈ ਸ਼੍ਰੀ ਰਾਮ ਤੇ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਸੁਣਾਈ ਦੇ ਰਹੇ ਹਨ ਤਾਂ ਹੈਰਾਨ ਹੋਣਾ ਮਾਸੂਮੀਅਤ ਹੀ ਹੈ ਕਿਉਂਕਿ ਇਹ ਸਭ ਅਚਾਨਕ ਤਾਂ ਹੋਇਆ ਨਹੀਂ।

ਦੇਸ 'ਚ ਪਹਿਲੀ ਵਾਰ

ਬਹੁਤ ਸਾਰੀਆਂ ਗੱਲਾਂ ਪਹਿਲੀ ਵਾਰ ਹੋਈਆਂ ਹਨ। ਮਿਸਾਲ ਵਜੋਂ, ਕਿਸੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਗੁਫ਼ਾ ਵਿੱਚ ਤਪੱਸਿਆ ਕੀਤੀ ਹੈ। ਸਰੱਹਦ ਤੋਂ ਇੰਡੋ-ਤਿੱਬਤੀਅਨ ਪੁਲਿਸ ਤੋਂ ਮਿੱਟੀ ਮੰਗਾ ਕੇ ਰਾਸ਼ਟਰ ਸੁਰੱਖਿਆ ਯੱਗ ਪਹਿਲੀ ਵਾਰ ਕੀਤਾ ਗਿਆ, ਯੂਨੀਵਰਸਿਟੀਆਂ ਵਿੱਚ ਟੈਂਕ ਖੜ੍ਹੇ ਕਰਨ ਦੀ ਗੱਲ ਪਹਿਲੀ ਵਾਰ ਸੁਣੀ ਗਈ।

ਕੌਮੀ ਝੰਡੇ ਦੀ ਉਚਾਈ ਪਹਿਲੀ ਵਾਰ ਤੈਅ ਕੀਤੀ ਗਈ, ਰਾਣਾ ਪ੍ਰਤਾਪ ਨੂੰ ਹਲਦੀ ਘਾਟੀ ਦੀ ਲੜਾਈ ਪਹਿਲੀ ਵਾਰ ਜਿਤਾਈ ਗਈ।

Image copyright Getty Images

ਪਿਛਲੇ ਪੰਜ ਸਾਲਾਂ ਤੋਂ ਰਾਮਜ਼ਾਦੇ-ਹਰਾਮਜ਼ਾਦੇ, ਸ਼ਮਸ਼ਾਨ-ਕਬਰਿਸਤਾਨ ਦੇ ਰਸਤੇ ਹੁੰਦੇ ਹੋਏ, ਅਸੀਂ ਇੱਥੇ ਤੱਕ ਪਹੁੰਚੇ ਹਾਂ, ਜਿੱਥੇ ਪਹਿਲੀ ਵਾਰ ਅੱਤਵਾਦੀ ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰਗਿਆ ਨੂੰ ਸਿਹਤ ਦੇ ਆਧਾਰ' ਤੇ ਜੇਲ੍ਹ ਤੋਂ ਜ਼ਮਾਨਤ ਮਿਲੀ। ਫਿਰ ਉਸ ਨੂੰ ਦਿਗਵਿਜੇ ਸਿੰਘ ਖਿਲਾਫ਼ ਭੋਪਾਲ ਤੋਂ ਚੋਣਾਂ ਵਿੱਚ ਉਤਾਰ ਦਿੱਤਾ ਗਿਆ।

2019 ਦੀਆਂ ਚੋਣਾਂ ਜਿਸ ਤਰ੍ਹਾਂ ਲੜੀਆਂ ਗਈਆਂ, ਉਸ ਵਿੱਚ ਜਿਸ ਤਰ੍ਹਾਂ ਫਿਰਕੂ ਧਰੂਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਰ ਗੱਲ ਨੂੰ ਹਿੰਦੂ ਅਤੇ ਮੁਸਲਮਾਨ ਵਿਚਕਾਰ ਆਰ-ਪਾਰ ਦੀ ਲੜਾਈ ਦੀ ਤਰ੍ਹਾਂ ਪੇਸ਼ ਕੀਤਾ ਗਿਆ ਸੀ, ਇਹ ਆਪਣੇ-ਆਪ ਵਿੱਚ ਇੱਕ ਤਰ੍ਹਾਂ ਦਾ ਚੋਣਾਂ ਲਈ ਵਾਅਦਾ ਸੀ ਕਿ ਜੇ ਅਸੀਂ ਸੱਤਾ 'ਚ ਆਏ, ਤਾਂ ਇਕ ਅਸਲੀ ਸੰਘਰਸ਼ ਹੋ ਜਾਵੇਗਾ।

ਹੁਣ ਜਦ ਭਾਜਪਾ ਨੂੰ 2014 ਦੇ ਮੁਕਾਬਲੇ ਕਿਤੇ ਜ਼ਿਆਦਾ ਸਫਲਤਾ ਮਿਲੀ ਹੈ, ਇਸ ਵਿੱਚ ਭਾਜਪਾ ਦੇ ਆਗੂ ਇਹ ਕਿਉਂ ਨਹੀਂ ਮੰਨਣਗੇ ਕਿ ਇਹ ਇਨਕਲਾਬੀ ਹਿੰਦੁਤਵ ਦੀ ਜਿੱਤ ਹੈ। ਸੰਸਦ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਲੱਗਣ 'ਤੇ ਉਹਨਾਂ ਦੇ ਸਮਰਥਕ ਖ਼ੁਸ਼ ਹੀ ਹੋਣਗੇ, ਗੁੱਸਾ ਜਾਂ ਪਰੇਸ਼ਾਨ ਨਹੀਂ।

ਨਵੇਂ ਭਾਰਤ ਵਿੱਚ ਨਵੀਂ ਤਰਕ ਸ਼ਕਤੀ ਆਈ ਹੈ, ਲੋਕ ਪੁੱਛ ਸਕਦੇ ਹਨ ਕਿ ਸੰਸਦ ਵਿੱਚ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣ ਵਿੱਚ ਕੀ ਬੁਰਾਈ ਹੈ?

ਉਹ ਇਹ ਵੀ ਪੁੱਛ ਸਕਦੇ ਹਨ ਕਿ ਜੇ ਜੈ ਸ੍ਰੀਰਾਮ ਦਾ ਨਾਅਰਾ ਭਾਰਤ ਦੀ ਸੰਸਦ ਵਿੱਚ ਨਹੀਂ ਲੱਗੇਗਾ ਤਾਂ ਕੀ ਪਾਕਿਸਤਾਨ ਦੀ ਸੰਸਦ ਵਿੱਚ ਲੱਗੇਗਾ?

ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਸਾਂਸਦ ਅਸਦੁਦੀਨ ਓਵੈਸੀ ਨੇ ਅੱਲ੍ਹਾ-ਹੂ-ਅਕਬਰ ਦਾ ਜਵਾਬੀ ਨਾਅਰਾ ਲਗਾਇਆ। ਇਹ ਉਹ ਹੀ ਓਵੈਸੀ ਹਨ ਜੋ ਸੰਵਿਧਾਨ ਦਾ ਹਵਾਲਾ ਦਿੰਦੇ ਨਹੀਂ ਥੱਕਦੇ।

ਹੁਣ ਦੇਸ਼ ਉਸ ਮੋੜ 'ਤੇ ਆ ਪਹੁੰਚਿਆ ਹੈ ਜਿੱਥੇ ਅਸਲ ਵਿੱਚ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ, ਜੋ ਆਸਾਨ ਨਹੀਂ ਹੈ।

ਜੈ ਸ਼੍ਰੀ ਰਾਮ ਵਿੱਚ ਕੀ ਗਲਤ ਹੈ?

ਅਡਵਾਨੀ ਦੀ ਅਗਵਾਈ ਹੇਠ ਸ਼ੁਰੂ ਹੋਈ ਅਯੋਧਿਆ ਲਹਿਰ ਦੌਰਾਨ ਜੈ ਸ਼੍ਰੀ ਰਾਮ ਪਹਿਲੀ ਵਾਰ ਨਾਅਰੇ ਦੇ ਤੌਰ 'ਤੇ ਸਾਹਮਣੇ ਆਇਆ। ਉਸ ਤੋਂ ਪਹਿਲਾਂ ਜੈ ਰਾਮਜੀ ਕੀ, ਜੈ ਸਿਆ ਰਾਮ ਅਤੇ ਰਾਮ-ਰਾਮ ਸੀ।

ਜੈ ਸ਼੍ਰੀ ਰਾਮ ਇੱਕ ਜੰਗ ਦੇ ਨਾਅਰੇ ਦੇ ਰੂਪ ਵਿੱਚ ਸਾਹਮਣੇ ਆਇਆ ਅਤੇ ਅੱਜ ਵੀ ਉਸੇ ਧੱਕੇਸ਼ਾਹੀ ਨਾਲ ਗੂੰਜਦਾ ਹੈ। ਉਸ ਵਿੱਚ ਪਿਆਰ, ਸ਼ਰਧਾ, ਭਗਤੀ ਜਾਂ ਸਮਰਪਣ ਦੀ ਕੋਈ ਭਾਵਨਾ ਨਹੀਂ ਹੈ।

ਸਾਬਕਾ ਲੋਹਪੁਰਸ਼ ਅਡਵਾਨੀ ਮੰਨ ਚੁੱਕੇ ਹਨ ਕਿ ਅਯੋਧਿਆ ਦੇ ਰਾਮ ਮੰਦਰ ਦਾ ਅੰਦੋਲਨ ਇੱਕ ਸਿਆਸੀ ਅੰਦੋਲਨ ਸੀ, ਇਸੇ ਤਰ੍ਹਾਂ ਜੈ ਸ਼੍ਰੀ ਰਾਮ ਇਕ ਸਿਆਸੀ ਨਾਅਰਾ ਹੈ, ਧਾਰਮਿਕ ਜੈਕਾਰਾ ਨਹੀਂ।

ਇੱਕ ਲੋਕਤੰਤਰੀ ਅਤੇ ਧਰਮ ਨਿਰਪੱਖ ਦੇਸ਼ ਦੀ ਸੰਸਦ ਵਿੱਚ ਧਾਰਮਿਕ ਨਾਅਰਾ ਇੱਕ ਗੰਭੀਰ ਮਾਮਲਾ ਹੈ, ਪਰ ਇਹ ਨਾਅਰਾ ਧਾਰਮਿਕ ਨਹੀਂ, ਪੂਰੀ ਤਰ੍ਹਾਂ ਸਿਆਸੀ ਸੀ। ਇਹ ਗੱਲ ਹੋਰ ਹੈ ਕਿ ਪੂਰੀ ਰਾਜਨੀਤੀ ਹੀ ਧਰਮ ਦੇ ਨਾਂ 'ਤੇ ਹੋ ਰਹੀ ਹੈ।

ਸੰਸਦ ਬਹਿਸ ਦੇ ਲਈ ਹੈ, ਕਾਨੂੰਨ ਬਣਾਉਣ ਲਈ, ਦੇਸ਼ ਦੀ ਦਿਸ਼ਾ ਨਿਰਧਾਰਤ ਕਰਨ ਲਈ, ਬਜਟ ਪਾਸ ਕਰਵਾਉਣ ਲਈ, ਸੱਤਾਧਾਰੀ ਦਲ ਦੀਆਂ ਨੀਤੀਆਂ ਨੂੰ ਚੁਣੌਤੀ ਦੇਣ ਲਈ, ਸੰਸਦ ਕਿਵੇਂ ਚੱਲੇ-ਲਿਖਿਤ ਵੇਰਵਾ ਹੈ।

ਸੰਸਦ ਕਿਸੇ ਵੀ ਕਿਸਮ ਦੇ ਨਾਅਰਿਆ ਲਈ ਨਹੀਂ ਹੈ। ਨਾਅਰੇ ਸੜਕਾਂ 'ਤੇ, ਰੈਲੀਆਂ ਵਿੱਚ, ਮੁਜ਼ਾਹਰਿਆ ਵਿੱਚ ਲਾਏ ਜਾਂਦੇ ਹਨ ਪਰ ਜੇ ਧਰਮ ਦਾ ਨਾਂ ਜੁੜਿਆ ਹੋਵੇ ਤਾਂ ਕੋਈ ਨਿਯਮ-ਕਾਨੂੰਨ ਲਾਗੂ ਨਹੀਂ ਹੁੰਦਾ।

ਇਹ ਵੀ ਪੜ੍ਹੋ:

ਇਸ ਤੋਂ ਵੱਧ ਦਿਲਚਸਪ ਗੱਲ ਇਹ ਹੈ ਕਿ ਸ਼੍ਰੀ ਰਾਮ ਦੇ ਨਾਅਰੇ ਉਸ ਵਕਤ ਲਗਾਏ ਗਏ ਜਦੋਂ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਸੰਸਦ ਅਸਦੁਦੀਨ ਓਵੈਸੀ ਜਾਂ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸਹੁੰ ਚੁੱਕਣ ਲਈ ਆਏ। ਇਸ ਪ੍ਰਦਰਸ਼ਨ ਦਾ ਮਤਲਬ ਪ੍ਰਭੂ ਰਾਮ ਨੂੰ ਯਾਦ ਕਰਨਾ ਨਹੀਂ ਸਗੋਂ ਮੁਸਲਮਾਨਾਂ ਅਤੇ ਹਿੰਦੁਤਵ ਦੀ ਰਾਜਨੀਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਨੂੰ ਚਿੜ੍ਹਾਉਣਾ ਸੀ।

ਆਪਣੇ ਪੁਰਸ਼ੋਤਮ ਦੇ ਨਾਂ ਲੈ ਕੇ ਕਿਸੇ ਨੂੰ ਚਿੜ੍ਹਾਉਣ ਵਾਲਾ ਭਲਾ ਕਿਵੇਂ ਦਾ ਰਾਮ ਭਗਤ ਹੋ ਸਕਦਾ ਹੈ?

ਉਂਝ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਦੇ ਦੋਹਰਾ ਲਾਭ ਹਨ, ਇਸ ਨਾਲ ਹਿੰਦੁਤਵ ਦੀ ਰਾਜਨੀਤੀ 'ਤੇ ਭਾਜਪਾ ਦਾ ਦਾਅਵਾ ਮਜ਼ਬੂਤ ਹੋਵੇਗਾ, ਕੋਈ ਵੀ ਇਸ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰ ਸਕਦਾ ਅਤੇ ਜੇਕਰ ਇਸ 'ਤੇ ਕਿਸੇ ਨੂੰ ਕੋਈ ਵੀ ਇਤਰਾਜ਼ ਹੈ ਤੇ ਉਸ ਨੂੰ ਹਿੰਦੂ ਵਿਰੋਧੀ ਠਹਿਰਾਇਆ ਜਾ ਸਕਦਾ ਹੈ।

ਧਰੂਵੀਕਰਨ ਦੀ ਸਿਆਸਤ

ਫਿਰਕੂ ਧਰੂਵੀਕਰਨ ਦਾ ਮਤਲਬ ਹੈ ਕਿ ਦੇਸ਼ ਦੇ 80 ਫੀਸਦੀ ਹਿੰਦੂ ਇੱਕ ਪਾਸੇ ਹੋਣ ਅਤੇ ਬਾਕੀ ਲੋਕ ਦੂਜੇ ਪਾਸੇ। ਇੰਝ ਲੜੀਆਂ ਗਈਆਂ ਚੋਣਾਂ ਵਿੱਚ ਕਿਸ ਦੀ ਜਿੱਤ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ।

ਸਿਆਸਤ ਕਦੇ ਨਾ ਖਤਮ ਹੋਣ ਵਾਲੀ ਚੀਜ਼ ਹੈ, ਖਾਸ ਤੌਰ 'ਤੇ ਅਜਿਹੀ ਸਿਆਸਤ ਜਿਸ ਦਾ ਮੰਤਵ ਮੂਲ ਰੂਪ ਵਿੱਚ ਦੇਸ਼ ਨੂੰ ਬਦਲਣਾ ਹੋਵੇ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਮੋਦੀ ਦਾ ਜਾਦੂ ਅਤੇ ਇਨਕਲਾਬੀ ਹਿੰਦੁਤਵ ਦੀ ਜੀਤ ਦੇ ਤੌਰ 'ਤੇ ਵੇਖਣ ਵਾਲੀ ਭਾਜਪਾ ਦੇ ਕੋਲ ਕੋਈ ਕਾਰਨ ਨਹੀਂ ਹੈ ਕਿ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਨੂੰ ਹੋਰ ਬੁਲੰਦ ਨਾ ਕਰਨ।

ਮਹਾਰਾਸ਼ਟਰ, ਝਾਰਖੰਡ, ਹਰਿਆਣਾ ਅਤੇ ਦਿੱਲੀ ਵਿੱਚ ਕੁਝ ਮਹੀਨਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਉਹ ਚੋਣਾਂ ਵਿੱਚ ਚਰਚਾ ਵਿਕਾਸ ਅਤੇ ਭਰੋਸੇ ਦੀ ਕੀਤੀ ਜਾਵੇਗੀ, ਪਰ ਵੱਡਾ ਮੁੱਦਾ ਹਿੰਦੂ ਅਤੇ ਮੁਸਲਮਾਨ ਦਾ ਹੀ ਹੋਵੇਗਾ ਕਿਉਂਕਿ ਇਸ ਫ਼ਾਰਮੂਲੇ ਨੂੰ ਸਫ਼ਲਤਾ ਮਿਲ ਚੁੱਕੀ ਹੈ।

ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ,ਐਨਆਰਸੀ, ਤਿੰਨ ਤਲਾਕ, ਧਾਰਾ 370, ਯੂਨੀਫਾਰਮ ਸਿਵਲ ਕੋਡ ਵਰਗੇ ਅਧੂਰੇ ਮੁੱਦਿਆ 'ਤੇ ਹਰਕਤ ਹੁੰਦੀ ਹੀ ਰਹੇਗੀ। 2014 ਤੋਂ ਲੈ ਕੇ ਹੁਣ ਤੱਕ ਦੇਸ਼ ਵੇਖ ਚੁੱਕਾ ਹੈ ਕਿ ਵੱਡੇ ਧਾਰਮਿਕ ਸਮਾਗਮਾਂ, ਨਵੇਂ ਵਿਵਾਦਾਂ ਅਤੇ ਤਣਾਅ ਦੀ ਕਾਢ ਕੱਢਣਾ ਇਸ ਦੇਸ਼ ਵਿੱਚ ਕਿੰਨਾ ਸੌਖਾ ਹੈ।

ਸੰਵਿਧਾਨ ਦੀ ਮੂਲ ਭਾਵਨਾ

ਇਸੇ ਸਿੱਕੇ ਦਾ ਦੂਜਾ ਅਤੇ ਮਹੱਤਵਪੂਰਨ ਪਾਸਾ ਹੈ ਓਵੈਸੀ ਜਿਹੇ ਲੋਕ ਜਿਨ੍ਹਾਂ ਦੀ ਪੂਰੀ ਸਿਆਸਤ ਮੁਸਲਮਾਨਾਂ ਦੀ ਅਸੁਰੱਖਿਆ 'ਤੇ ਨਿਰਭਰ ਹੈ। ਉਨ੍ਹਾਂ ਨੇ ਸੰਸਦ ਵਿਚ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਲਗਾ ਕੇ ਆਪਣੀ ਪ੍ਰਤੀਕਿਰਿਆ ਦਾ ਪ੍ਰਗਟਾਵਾ ਕੀਤਾ ਹੈ।

ਹਿੰਦੁਤਵ ਦਾ ਜ਼ੋਰ ਜਿੰਨਾ ਵਧੇਗਾ ਮੁਸਲਿਮ ਬਹੁਗਿਣਤੀ ਵਾਲੇ ਹਲਕੇ ਤੋਂ ਆਉਣ ਵਾਲੇ ਓਵੈਸੀ ਅਤੇ ਆਜ਼ਮ ਖ਼ਾਨ ਵਰਗੇ ਆਗੂਆਂ ਦੀ ਸਿਆਸਤ ਤਾਂ ਚਮਕੇਗੀ, ਮੁਸਲਮਾਨਾਂ ਦੀ ਨੁਮਾਇੰਦਗੀ ਦਾ ਗੰਭੀਰ ਸਵਾਲ ਇਨ੍ਹਾਂ ਦੇ ਬਿਆਨਾਂ ਨਾਲ ਢਕਿਆ ਰਹਿ ਜਾਵੇਗਾ।

ਅਜਿਹੇ ਆਗੂ ਭਵਿੱਖ ਵਿੱਚ ਵੀ ਭਾਜਪਾ ਦੇ ਬਹੁਤ ਕੰਮ ਆਉਣ ਵਾਲੇ ਹਨ, ਉਹ ਕਿੰਨੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਦੇ ਹਨ, ਇਹ ਕਹਿਣਾ ਮੁਸ਼ਕਲ ਹੈ ਪਰ ਇਹ ਸਾਫ਼ ਹੈ ਕਿ ਭਾਜਪਾ ਹਰ ਮੁਸਲਮਾਨ ਸਿਆਸਤਦਾਨ ਨੂੰ ਮੁਸਲਮਾਨਾਂ ਦੇ ਸਭ ਤੋਂ ਵੱਡੇ ਆਗੂ ਵਜੋਂ ਪੇਸ਼ ਕਰ ਸਕਦੀ ਹੈ। ਸ਼ਰਤ ਸਿਰਫ਼ ਇੰਨੀ ਹੈ ਕਿ ਉਸਦੇ ਬਿਆਨ ਧਰੂਵੀਕਰਣ ਵਿੱਚ ਮਦਦਗਾਰ ਹੋਣ, ਚਾਹੇ ਉਹ ਬਲਾਕ ਜਾਂ ਪੰਚਾਇਤ ਦਾ ਆਗੂ ਹੀ ਕਿਉਂ ਨਾ ਹੋਵੇ।

ਓਵੈਸੀ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਦਾ ਜਵਾਬ ਅੱਲ੍ਹਾ-ਹੂ-ਅਕਬਰ ਨਾਲ ਦੇ ਕੇ ਬਰਾਬਰੀ ਦਾ ਮੁਕਾਬਲਾ ਬਣਾ ਦਿੱਤਾ ਹੈ, ਜੋ ਕਿ ਅਸਲ ਵਿੱਚ ਹੈ ਨਹੀਂ। ਜੈ ਸ਼੍ਰੀ ਰਾਮ ਬਹੁਗਿਣਤੀਵਾਦ ਦੀ ਲਲਕਾਰ ਹੈ, ਜੋ ਮੁਸਲਮਾਨ ਨਹੀਂ ਹਨ।

ਫੋਟੋ ਕੈਪਸ਼ਨ ਅਸਦਦੁਦੀਨ ਓਵੈਸੀ ਐਮਆਈਐਮ ਦੇ ਪ੍ਰਧਾਨ ਹਨ

ਪਿਛਲੀ ਵਾਰ ਸੰਸਦ ਦੀਆਂ ਦਰਾਂ 'ਤੇ ਮੱਥਾ ਟੇਕਣ ਵਾਲੇ ਅਤੇ ਇਸ ਵਾਰ ਸੰਵਿਧਾਨ ਨੂੰ ਮੱਥਾ ਟੇਕਣ ਵਾਲੇ ਪ੍ਰਧਾਨ ਮੰਤਰੀ ਚਾਹੁੰਦੇ ਤਾਂ ਕਹਿ ਸਕਦੇ ਸਨ ਕਿ ਸੰਸਦ ਵਿੱਚ ਜੈ ਸ਼੍ਰੀ ਰਾਮ ਅਤੇ ਅੱਲ੍ਹਾ-ਹੂ-ਅਕਬਰ ਦੋਵੇਂ ਹੀ ਨਹੀਂ ਹੋਣੇ ਚਾਹੀਦੇ।

ਕਿਉਂਕਿ ਜਿਸ ਸੰਵਿਧਾਨ ਦੇ ਅੱਗੇ ਉਨ੍ਹਾ ਨੇ ਸਿਰ ਨਿਵਾਇਆ ਹੈ, ਜੇ ਉਸ ਨੂੰ ਪੜ੍ਹਿਆ-ਮੰਨਿਆ ਹੁੰਦਾ ਤਾਂ ਹੀ ਕਹਿੰਦੇ, ਕਿਉਂਕਿ ਇਹ ਸਭ ਸੰਵਿਧਾਨ ਦੀ ਮੂਲ ਭਾਵਨਾ ਦੇ ਖ਼ਿਲਾਫ਼ ਹੈ।

ਹਾਂ, ਭਾਜਪਾ ਦੀ ਮੂਲ ਭਾਵਨਾ ਤੇ ਸੰਵਿਧਾਨ ਦੀ ਭਾਵਨਾ ਵਿੱਚ ਫਰਕ ਹੈ। ਸੰਵਿਧਾਨ ਕਹਿੰਦਾ ਹੈ ਕਿ ਧਰਮ ਦੇ ਆਧਾਰ ਤੇ ਨਾਗਰਿਕਾਂ ਦੇ ਨਾਲ ਵਿਤਕਰੇ ਵਾਲਾ ਵਿਹਾਰ ਨਹੀਂ ਹੋ ਸਕਦਾ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਧਰਮ ਤੋਂ ਵੱਖਰੀ ਰਹਿ ਕੇ ਕੰਮ ਕਰੇ। ਜਦਕਿ ਭਾਜਪਾ ਦਾ ਮੰਨਣਾ ਹੈ ਕਿ ਸੰਸਦ ਵਿੱਚ ਜੈ ਸ਼੍ਰੀ ਰਾਮ ਤਾਂ ਠੀਕ ਹੈ ਪਰ ਅੱਲ੍ਹਾ-ਹੂ-ਅਕਬਰ ਠੀਕ ਨਹੀਂ ਹੈ। 

ਗਾਂਧੀ ਦੇ ਕਾਤਲ ਗੋਡਸੇ ਨੂੰ ਦੇਸ਼ ਭਗਤ ਦੱਸਣ ਵਾਲੀ ਸਾਧਵੀ ਪ੍ਰਗਿਆ ਦੇ ਖ਼ਿਲਾਫ਼ ਅਨੁਸ਼ਾਸ਼ਨ ਕਮੇਟੀ ਦੀ ਰਿਪੋਰਟ ਮਿਆਦ ਪੁੱਗਣ ਤੋਂ ਬਾਅਦ ਵੀ ਨਹੀਂ ਆਈ ਹੈ। ਆਵੇਗੀ ਜਾਂ ਨਹੀਂ, ਪਤਾ ਨਹੀਂ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਗਾਂਧੀ ਤੇ ਪਟੇਲ ਦੀ ਮੂਰਤੀ ਨੂੰ ਧੂਫ਼-ਬੱਤੀ ਦਿਖਾਉਣ ਵਾਲੇ ਮੋਦੀ ਨੇ ਬਸ ਇੰਨਾ ਹੀ ਕਿਹਾ ਹੈ ਕਿ ਉਹ ਸਾਧਵੀ ਨੂੰ ਦਿਲੋਂ ਮਾਫ਼ ਨਹੀਂ ਕਰਨਗੇ

ਜੋ ਲੋਕ ਸੰਸਦ ਵਿੱਚ ਪਹਿਲੀ ਵਾਰ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਜਾਣ ਤੋਂ ਹੈਰਾਨ ਹੋ ਰਹੇ ਹਨ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਹਾਲ ਵਿੱਚ ਮਹਾਤਮਾਂ ਗਾਂਧੀ ਦੀ ਤਸਵੀਰ ਹੈ, ਜਿਨ੍ਹਾਂ ਦੀ ਪੂਜਾ ਪ੍ਰਧਾਨ ਮੰਤਰੀ ਨੇ ਕੀਤੀ।

ਉਸੇ ਗਾਂਧੀ ਦੇ ਕਤਲ ਦੇ ਮੁੱਖ ਮੁਲਜ਼ਮ ਸਵਾਰਕਰ ਦੀ ਤਸਵੀਰ ਵੀ ਸੰਸਦ ਗੇ ਸੈਂਟਰਲ ਹਾਲ ਵਿੱਚ ਭਾਜਪਾ ਦੇ ਜ਼ਮਾਨੇ ਵਿੱਚ ਲਾਈ ਗਈ ਸੀ। ਸਾਵਰਕਰ ਸਬੂਤਾਂ ਦੀ ਕਮੀ ਦੇ ਕਾਰਨ ਗਾਂਧੀ ਦੇ ਕਤਲ ਵਿੱਚੋਂ ਬਰੀ ਕਰ ਦਿੱਤੇ ਗਏ ਸਨ। ਸੰਘ ਅਤੇ ਹਿੰਦੂ ਮਹਾਂ ਸਭਾ ਨਾਲ ਜੁੜੇ ਲੋਕ 'ਗਾਂਧੀ ਵਧ' ਕਹਿਣਾ ਪੰਸਦ ਕਰਦੇ ਹਨ।

ਇਹ ਵੀ ਪੜ੍ਹੋ:

ਅਮਿਤ ਸ਼ਾਹ ਦੇ ਦਫ਼ਤਰ ਵਿੱਚ ਦੋ ਤਸਵੀਰਾਂ ਹਨ, ਇੱਕ ਚਾਣਕਿਆ ਦੀ ਤੇ ਦੂਸਰੀ ਸਾਵਰਕਰ ਦੀ, ਮੋਦੀ ਜੀ ਦੇ ਦਫ਼ਤਰ ਵਿੱਚ ਦੋ ਤਸਵੀਰਾਂ ਹਨ ਇੱਕ ਗਾਂਧੀ ਦੀ ਤੇ ਦੂਸਰੀ ਆਰਐੱਸਐੱਸ ਉੱਪਰ ਪਾਬੰਦੀ ਲਾਉਣ ਵਾਲੇ ਪਟੇਲ ਦੀ। ਮਤਲਬ ਤੁਸੀਂ ਆਪ ਕੱਢਦੇ ਰਹੋ। ਕੀ ਕਿਹਾ ਜਾਵੇਗਾ, ਕੀ ਕੀਤਾ ਜਾਵੇਗਾ ਅਤੇ ਕੀ ਦਿਖਾਇਆ ਜਾਵੇਗਾ ਇਹ ਸਮਝਣਾ ਇੱਕ ਦਿਲਚਸਪ ਪਰ ਗੰਭੀਰ ਕੰਮ ਹੈ।

ਆਉਣ ਵਾਲੇ ਸਾਲਾਂ ਵਿੱਚ ਆਜਿਹਾ ਬਹੁਤ ਕੁਝ ਦੇਖਣ ਨੂੰ ਮਿਲੇਗਾ ਜਿਸ ਵਿੱਚ ਪਾਰਟੀ ਦੇ ਆਗੂ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਉਨ੍ਹਾਂ ਨੇ ਕੀ ਕਹਿਣਾ ਤੇ ਕੀ ਕਰਨਾ ਹੈ, ਮੋਦੀ ਜੀ ਵੀ ਜਾਣਦੇ ਹਨ ਕਿ ਉਹ ਕਿ ਕਿਸ ਨੂੰ ਦਿਲੋਂ ਮਾਫ਼ ਕਰਨਗੇ ਕਿਸ ਨੂੰ ਨਹੀਂ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)