ਪੰਜਾਬ, ਹਰਿਆਣਾ ਵਿੱਚ ਕੋੜ੍ਹ ਰੋਗੀਆਂ ਦੇ ਕੀ ਹਨ ਹਾਲਾਤ, ਭਾਰਤ 'ਚ ਦੁਨੀਆਂ ਦੇ 60% ਕੋੜ੍ਹ ਰੋਗੀ

ਕੋੜ੍ਹ ਰੋਗੀ, ਹਰਿਆਣਾ Image copyright AFP

ਕੋੜ੍ਹ ਦੇ ਰੋਗ ਦਾ ਨਾਮ 2006 ਵਿੱਚ ਆਵਾਮੀ ਸਿਹਤ ਸਰੋਕਾਰ ਵਜੋਂ ਮਿਟਾ ਦਿੱਤਾ ਗਿਆ ਸੀ ਪਰ ਸੈਂਟਰਲ ਲੈਪਰੋਸੀ ਡਵੀਜ਼ਨ ਨੇ 2017 ਵਿੱਚ ਕੋੜ੍ਹ ਦੇ ਨਵੇਂ 135,485 ਰੋਗੀਆਂ ਦੀ ਸ਼ਨਾਖ਼ਤ ਕਰ ਕੇ ਖ਼ਤਰੇ ਦੀ ਘੰਟੀ ਖੜਕਾ ਦਿੱਤਾ ਹੈ।

ਆਲਮੀ ਸਿਹਤ ਸੰਸਥਾ ਦੇ ਅੰਕੜਿਆਂ ਮੁਤਾਬਕ 2016 ਵਿੱਚ ਪੂਰੀ ਦੁਨੀਆਂ ਦੇ 60 ਫ਼ੀਸਦੀ ਰੋਗੀ ਭਾਰਤ ਵਿੱਚ ਸਨ।

ਬੀਬੀਸੀ ਪੰਜਾਬੀ ਦੇ ਸਹਿਯੋਗੀਆਂ ਨੇ ਇਨ੍ਹਾਂ ਅੰਕੜਿਆਂ ਦੇ ਹਵਾਲੇ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਇਸ ਰੋਗ ਦਾ ਲੇਖਾ ਜੋਖਾ ਕਰਨ ਲਈ 'ਕੁਸ਼ਟ ਆਸ਼ਰਮਾਂ' ਦਾ ਦੌਰਾ ਕੀਤਾ, ਰੋਗੀਆਂ ਨਾਲ ਗੱਲਬਾਤ ਕੀਤੀ ਅਤੇ ਮਾਹਿਰਾਂ ਨਾਲ ਮੁਲਾਕਾਤਾਂ ਕਰਕੇ ਇਸ ਰੋਗ ਦੀ ਥਾਹ ਪਾਉਣ ਦਾ ਉਪਰਾਲਾ ਕੀਤਾ।

Image copyright Sukhcharan preet/bbc

ਕੋੜ੍ਹ ਅਤੇ ਕਲੰਕ

ਕੋੜ੍ਹ ਨਾਲ ਕਲੰਕ ਨੱਥੀ ਰਿਹਾ ਹੈ। ਇੱਕ ਪਾਸੇ ਧਰਮ ਦੇ ਹਵਾਲੇ ਨਾਲ ਇਸ ਨੂੰ ਪਾਪ ਕਰਾਰ ਦਿੱਤਾ ਗਿਆ ਅਤੇ ਦੂਜੇ ਪਾਸੇ ਕੋੜ੍ਹ ਦੀ ਮਾਰ ਵਿੱਚ ਆਏ ਲੋਕਾਂ ਨੂੰ ਸਮਾਜਿਕ ਪੱਖੋਂ ਨਾਪਾਕ ਕਰਾਰ ਦਿੱਤਾ ਜਾਂਦਾ ਰਿਹਾ ਹੈ।

ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਮੁਤਾਬਕ 'ਭਾਵੇਂ ਕੋੜ੍ਹ ਗ਼ਰੀਬਾਂ ਦੀ ਬੀਮਾਰੀ ਨਹੀਂ ਹੈ ਪਰ ਇਸ ਦੀ ਸਮਾਜਿਕ ਤੰਗਨਜ਼ਰੀ ਅਤੇ ਆਰਥਿਕ ਤੰਗੀ ਦਾ ਸ਼ਿਕਾਰ ਗ਼ਰੀਬ ਤਬਕੇ ਉੱਤੇ ਇਸ ਦੀ ਗਾਜ਼ ਜ਼ਿਆਦਾ ਗਿਰਦੀ ਹੈ।

ਇਸ ਬਿਮਾਰੀ ਨਾਲ ਰੁਜ਼ਗਾਰ ਦਾ ਹਰਜ਼ਾ ਹੁੰਦਾ ਹੈ ਅਤੇ ਮੁਸ਼ੱਕਤ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਸਮਾਜਿਕ ਬੇਰੁਖ਼ੀ ਦਾ ਸ਼ਿਕਾਰ ਹੋਇਆ ਮਰੀਜ਼ ਜਿਸਮਾਨੀ ਪੀੜਾ ਦੇ ਨਾਲ ਭਾਵੁਕ ਘੁੰਮਣਘੇਰੀਆਂ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਕੋੜ੍ਹ ਮਨੁੱਖ ਲਈ ਚੌਪੱਖੀ ਬਿਪਤਾ ਬਣ ਜਾਂਦਾ ਹੈ।

ਇਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬੇਘਰੀ ਤੇ ਸਮਾਜਿਕ ਬੇਰੁਖ਼ੀ ਦਾ ਸ਼ਿਕਾਰ ਹੁੰਦੇ ਕੋੜ੍ਹ ਦੇ ਰੋਗੀ

ਮੌਜੂਦਾ ਹਾਲਾਤ

ਕੋੜ੍ਹ ਅਜਿਹਾ ਰੋਗ ਹੈ ਜਿਸ ਤੋਂ ਨਿਜ਼ਾਤ ਪਾਉਣ ਲਈ ਭਾਰਤ ਜੱਦੋਜਹਿਦ ਕਰ ਰਿਹਾ ਹੈ। ਭਾਰਤ ਦੇ ਸਿਹਤ ਵਿਭਾਗ ਵੱਲੋਂ ਕੋੜ੍ਹ ਨੂੰ ਖ਼ਤਮ ਕਰਨ ਲਈ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (ਐੱਨ.ਐੱਲ.ਈ.ਪੀ.) ਚਲਾਇਆ ਜਾ ਰਿਹਾ ਹੈ।

ਬੀਬੀਸੀ ਪੰਜਾਬੀ ਲਈ ਪੱਤਰਕਾਰ ਸੁਖਚਰਨ ਪ੍ਰੀਤ ਨੇ ਬਰਨਾਲਾ ਅਤੇ ਸੰਗਰੂਰ ਦੇ ਇਸ ਰੋਗ ਤੋਂ ਪੀੜਤ ਮਰੀਜ਼ਾਂ ਨਾਲ ਉਨ੍ਹਾਂ ਦੇ ਇਸ ਬੀਮਾਰੀ ਦੀ ਮਾਰ ਵਿੱਚ ਆਉਣ, ਇਲਾਜ ਅਤੇ ਸਮਾਜਿਕ ਦਿੱਕਤਾਂ ਸਬੰਧੀ ਗੱਲ ਕੀਤੀ ਗਈ।

Image copyright Sukhcharan preet/bbc

ਕੁਲਵੰਤ ਕੌਰ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਧੂਰੀ ਦੇ ਵਸਨੀਕ ਹਨ। ਉਨ੍ਹਾਂ ਨੂੰ ਗਿਆਰਾਂ ਮਹੀਨੇ ਪਹਿਲਾਂ ਇਸ ਬੀਮਾਰੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਸੀ। ਕੁਲਵੰਤ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪੈਰ ਦੀ ਸੱਜੀ ਉਂਗਲ ਸੁੰਨ ਹੋ ਗਈ। ਪ੍ਰਾਈਵੇਟ ਡਾਕਟਰ ਦੀ ਸਲਾਹ ਉੱਤੇ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਮੁਆਇਨਾ ਕਰਵਾਇਆ ਗਿਆ ਤਾਂ ਡਾਕਟਰ ਨੇ ਕੋੜ੍ਹ ਦੀ ਤਸਦੀਕ ਕੀਤੀ।

ਕੁਲਵੰਤ ਕੌਰ ਮੁਤਾਬਿਕ, "ਉਂਗਲੀ ਸੁੰਨ ਰਹਿੰਦੀ ਸੀ। ਪੈਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕਸਿਆ ਪਿਆ ਹੋਵੇ। ਪਹਿਲਾਂ ਨਾਲੋਂ ਭਾਵੇਂ ਫਰਕ ਹੈ ਪਰ ਪੈਰ ਵਿੱਚ ਚੱਪਲ ਹੱਥ ਨਾਲ ਪਾਉਣੀ ਪੈਂਦੀ ਹੈ।ਬਾਕੀ ਸਾਰੇ ਕੰਮ ਕਾਰ ਮੈਂ ਕਰ ਸਕਦੀ ਹਾਂ ਬੱਸ ਤੁਰਨ ਫਿਰਨ ਲੱਗੇ ਤਕਲੀਫ ਹੁੰਦੀ ਹੈ।"

ਇਹ ਵੀ ਪੜ੍ਹੋ:ਇੱਥੇ ਬਿਨਾਂ ਟੀਕਾਰਕਣ ਸਕੂਲ ਭੇਜੇ ਜਾਂਦੇ ਬੱਚਿਆਂ ਨੂੰ ਲਗਦਾ ਹੈ ਮੋਟਾ ਜੁਰਮਾਨਾ

ਕੋੜ੍ਹ ਦੇ ਲੱਛਣ

ਆਲਮੀ ਸਿਹਤ ਸੰਸਥਾ ਮੁਤਾਬਕ ਕੋੜ੍ਹ ਦਾ ਰੋਗ ਚਮੜੀ ਅਤੇ ਨਸਾਂ ਉਤੇ ਅਸਰ ਕਰਦਾ ਹੈ। ਚਮੜੀ ਉੱਤੇ ਪਏ ਦਾਗ਼ ਜਾਂ ਹੱਥਾਂ-ਪੈਰਾਂ ਦੀ ਉਂਗਲੀਆਂ ਦਾ ਮੁੜਨਾ-ਭੁਰਨਾ ਇਸ ਦੇ ਅਹਿਮ ਲੱਛਣ ਹਨ। ਜੇ ਇਸ ਰੋਗ ਦੀ ਮੁੱਢਲੇ ਪੜਾਅ ਉੱਤੇ ਸ਼ਨਾਖ਼ਤ ਨਾ ਹੋਵੇ ਤਾਂ ਇਹ ਦਾਗ਼ ਅਤੇ ਉਂਗਲੀਆਂ ਦਾ ਮੁੜਨਾ-ਭੁਰਨਾ ਰੁਕ ਜਾਂਦਾ ਹੈ ਪਰ ਮੁੜ-ਬਹਾਲੀ ਨਹੀਂ ਹੁੰਦੀ। ਰੋਗੀ ਦਾ ਇਲਾਜ ਹੋ ਜਾਣ ਤੋਂ ਬਾਅਦ ਵੀ।

ਉਸ ਦਾ ਵਿਕਾਰ ਅਤੇ ਅਪੰਗਤਾ ਕਾਇਮ ਰਹਿੰਦੀ ਹੈ। ਰੋਗੀ ਦੀ ਹਾਲਤ ਮੁਤਾਬਕ ਉਸ ਦਾ ਨੁਕਸਾਨਿਆ ਅੰਗ ਸੁੰਨ ਹੋ ਜਾਂਦਾ ਹੈ ਜਿਸ ਨੂੰ ਗਰਮ-ਠੰਢੇ ਅਤੇ ਚੋਭ ਦਾ ਅਹਿਸਾਸ ਨਹੀਂ ਹੁੰਦਾ। ਨਤੀਜੇ ਵਜੋਂ ਉਂਗਲੀਆਂ ਉੱਤੇ ਛਾਲੇ ਹੋ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਪਰ ਕੋੜ੍ਹ ਖ਼ਦਸ਼ਿਆਂ ਦਾ ਨਾ ਤਾਂ ਕਾਰਨ ਹੈ ਅਤੇ ਨਾ ਹੀ ਸਿੱਟਾ।

ਇਹ ਵੀ ਪੜ੍ਹੋ:

Image copyright Sukhcharan preet/bbc

ਸਮਾਜਿਕ ਵਿਹਾਰ ਅਤੇ ਕੋੜ੍ਹ

ਆਮ ਤੌਰ ਉੱਤੇ ਕੋੜ੍ਹ ਦੇ ਮਰੀਜ਼ਾਂ ਨੂੰ ਲੈ ਕੇ ਸਮਾਜ ਵਿੱਚ ਡਰ ਦਾ ਮਾਹੌਲ ਹੁੰਦਾ ਹੈ ਅਤੇ ਅਜਿਹੇ ਮਰੀਜ਼ ਦੇ ਰਿਸ਼ਤੇਦਾਰ ਵੀ ਕੋਲ ਆਉਣ ਤੋਂ ਝਿਜਕਦੇ ਹਨ। ਕੁਲਵੰਤ ਕੌਰ ਨੂੰ ਪਰਿਵਾਰ ਵੱਲੋਂ ਅਜਿਹੀ ਕੋਈ ਦਿੱਕਤ ਨਹੀਂ ਆਈ।

ਕੁਲਵੰਤ ਕੌਰ ਦੱਸਦੇ ਹਨ, "ਘਰਦਿਆਂ ਨੇ ਵਧੀਆ ਸਾਂਭਿਆ ਹੈ। ਬੱਸ ਡਾਕਟਰ ਨੇ ਕਿਹਾ ਸੀ ਕਿ ਤੌਲੀਆ ਵੱਖਰਾ ਰੱਖਣਾ ਹੈ। ਹੋਰ ਕੋਈ ਦਿੱਕਤ ਨਹੀਂ "

ਕੁਲਵੰਤ ਕੌਰ ਨੇ ਕਿਸੇ ਰਿਸ਼ਤੇਦਾਰ ਔਰਤ ਦੇ ਕਹਿਣ ਉੱਤੇ ਕਿ ਇਸ ਨਾਲ ਆਰਾਮ ਮਿਲੇਗਾ, ਪੈਰ ਉੱਤੇ ਕਾਲਾ ਧਾਗਾ ਬੰਨ੍ਹਿਆ ਹੋਇਆ ਹੈ।

ਇਹ ਵੀ ਪੜ੍ਹੋ:

Image copyright Sukhcharan preet/bbc

ਕੋੜ੍ਹ ਦੇ ਨੋਡਲ ਅਫਸਰ ਸੰਗਰੂਰ ਡਾ.ਅੰਜੂ ਸਿੰਗਲਾ ਦਾ ਕਹਿਣਾ ਸੀ, "ਮਰੀਜ਼ਾਂ ਦੀ ਗਿਣਤੀ ਪੰਜਾਬ ਵਿੱਚ ਬਾਕੀ ਦੇਸ਼ ਦੇ ਮੁਕਾਬਲੇ ਬਹੁਤ ਘੱਟ ਹੈ। ਪਿਛਲੇ ਸਮੇਂ ਵਿੱਚ ਜ਼ਿਆਦਾਤਰ ਰੋਗੀ ਪਰਵਾਸੀ ਹੀ ਸਾਹਮਣੇ ਆਏ ਸਨ ਪਰ ਪੰਜਾਬ ਵਿੱਚ ਵੀ ਇਸ ਦੇ ਮਰੀਜ਼ ਹਨ। ਸਿਹਤ ਵਿਭਾਗ ਦੀ ਕੋਸ਼ਿਸ਼ ਹੈ ਕਿ ਇਸ ਨੂੰ ਬਿਲਕੁਲ ਹੀ ਖ਼ਤਮ ਕੀਤਾ ਜਾਵੇ। ਸਾਡੇ ਕੋਲ ਸੰਗਰੂਰ ਜ਼ਿਲ੍ਹੇ ਵਿੱਚ ਕੁੱਲ 13 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।"

ਡਾ. ਅੰਜੂ ਸਿੰਗਲਾ ਦਾ ਕਹਿਣਾ ਹੈ ਕਿ ਕੁਲਵੰਤ ਕੌਰ ਦਾ ਇਲਾਜ਼ ਉਨ੍ਹਾਂ ਕੋਲ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਲੋੜੀਂਦੇ ਸਾਲ ਦੀ ਦਵਾਈ ਲਗਪਗ ਮੁਕੰਮਲ ਹੋਣ ਵਾਲੀ ਹੈ।

ਉਨ੍ਹਾਂ ਦੱਸਿਆ, "ਜੇ ਕਿਸੇ ਦੇ ਸਰੀਰ ਉੱਤੇ ਚਮੜੀ ਤੋਂ ਵੱਖਰੇ ਰੰਗ ਦੇ ਦਾਗ ਪੈ ਜਾਣ ਅਤੇ ਸਰੀਰ ਦਾ ਇਹ ਭਾਗ ਸੁੰਨ ਰਹਿਣ ਲੱਗ ਜਾਵੇ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਿਖਾਉਣਾ ਚਾਹੀਦਾ ਹੈ। ਇਹ ਕੋੜ੍ਹ ਹੋ ਸਕਦਾ ਹੈ। ਜੇ ਸਮੇਂ ਸਿਰ ਦਿਖਾਇਆ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਸਰਕਾਰੀ ਹਸਪਤਾਲਾਂ ਵਿੱਚ ਇਸ ਦਾ ਇਲਾਜ ਅਤੇ ਦਵਾਈ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਹੈ।"

Image copyright Sat singh/bbc

ਬਰਨਾਲਾ ਜ਼ਿਲ੍ਹੇ ਦੇ ਇਕ ਪਿੰਡ ਦਾ ਸੁਨੀਲ ਕੁਮਾਰ ਵੀ ਇਸ ਬੀਮਾਰੀ ਤੋਂ ਪੀੜਤ ਹੈ। ਸੁਨੀਲ ਕੁਮਾਰ ਦਾ ਪਿਛੋਕੜ ਬਿਹਾਰ ਨਾਲ ਸਬਧੰਤ ਹੈ ਪਰ ਉਸਦਾ ਜਨਮ ਅਤੇ ਪਾਲਣ ਪੋਸ਼ਣ ਪੰਜਾਬ ਵਿੱਚ ਹੀ ਹੋਇਆ ਹੈ। ਸੁਨੀਲ ਖੇਤ ਮਜ਼ਦੂਰ ਵਜੋਂ ਕੰਮ ਕਰਦਾ ਹੈ।

ਸੁਨੀਲ ਕੁਮਾਰ ਮੁਤਾਬਿਕ, "ਪਿਛਲੇ ਸਾਲ ਮੇਰੀ ਲੱਤ ਉੱਤੇ ਜ਼ਖ਼ਮ ਹੋ ਗਏ ਅਤੇ ਚੱਲਣ ਫਿਰਨ ਵਿੱਚ ਵੀ ਤਕਲੀਫ਼ ਹੋਣ ਲੱਗ ਪਈ। ਮੇਰੇ ਸਰਦਾਰ ਨੇ ਮੈਨੂੰ ਸਰਕਾਰੀ ਹਸਪਤਾਲ ਬਰਨਾਲੇ ਦਿਖਾਇਆ।"

"ਉੱਥੋਂ ਹੀ ਦਵਾਈ ਚੱਲ ਰਹੀ ਹੈ। ਹੁਣ ਪਹਿਲਾਂ ਨਾਲੋਂ ਠੀਕ ਹੈ ਪਰ ਚੱਲਣ ਫਿਰਨ ਵਿੱਚ ਦਿੱਕਤ ਹੁੰਦੀ ਹੈ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਨੂੰ ਕੋੜ੍ਹ ਦਾ ਰੋਗ ਹੈ। ਮੈਨੂੰ ਤਾਂ ਇਹ ਹੀ ਪਤਾ ਸੀ ਕਿ ਮੇਰੇ ਜ਼ਖ਼ਮ ਹੋ ਗਏ ਸਨ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ।"

ਸੁਨੀਲ ਆਪਣੇ ਦਾਦਕੇ-ਨਾਨਕੇ ਪਿੰਡ ਬਿਹਾਰ ਵਿੱਚ ਤਿੰਨ ਚਾਰ ਵਾਰ ਹੀ ਗਿਆ ਹੈ ਪਰ ਉਸ ਨੇ ਆਪਣੀ ਬਿਮਾਰੀ ਬਾਬਤ ਉੱਥੇ ਕਿਸੇ ਨੂੰ ਨਹੀਂ ਦੱਸਿਆ। ਉਹ ਦੱਸਦਾ ਹੈ, "ਮੈਂ ਤਾਂ ਕੁੱਝ ਦਿਨਾਂ ਲਈ ਹੀ ਗਿਆ ਸੀ। ਉਨ੍ਹਾਂ ਨੂੰ ਦੱਸਣ ਦਾ ਕੀ ਫ਼ਾਇਦਾ?"

ਸੁਨੀਲ ਦੇ ਇਸ ਭੇਦ ਰੱਖਣ ਵਿੱਚ ਸਮਾਜਿਕ ਵਿਹਾਰ ਦਾ ਹਿੱਸਾ ਹੋ ਸਕਦਾ ਹੈ ਕਿਉਂਕਿ ਸਮਾਜ ਵਿੱਚ ਕੋੜ੍ਹ ਲਈ ਕਈ ਤਰ੍ਹਾਂ ਦੀਆਂ ਧਾਰਨਾਵਾਂ ਜੁੜੀਆਂ ਹੋਈਆਂ ਹਨ। ਇਹ ਧਾਰਨਾਵਾਂ ਕਈ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਨਾਲ ਕਮਜ਼ੋਰ ਤਾਂ ਪਈਆਂ ਹਨ ਪਰ ਖ਼ਤਮ ਨਹੀਂ ਹੋਈਆਂ।

Image copyright Sukhcharan preet/bbc
ਫੋਟੋ ਕੈਪਸ਼ਨ ਡਾ. ਤਪਿੰਦਰਜੀਤ ਕਹਿੰਦੇ ਹਨ ਮਰੀਜ਼ ਦੀ ਸ਼ਨਾਖ਼ਤ ਜਿੰਨੀ ਦੇਰੀ ਨਾਲ ਹੋਵੇਗੀ ਉਨ੍ਹਾਂ ਹੀ ਸਰੀਰ ਦੇ ਅੰਗਾਂ ਵਿੱਚ ਵਿਗਾੜ ਜਾਂ ਅਪੰਗਤਾ ਆਉਣ ਦਾ ਖ਼ਤਰਾ ਹੁੰਦਾ ਹੈ

ਬਰਨਾਲਾ ਜ਼ਿਲ੍ਹੇ ਦੇ ਕੋੜ੍ਹ ਦੇ ਨੋਡਲ ਅਫਸਰ ਡਾ. ਤਪਿੰਦਰਜੋਤ ਮੁਤਾਬਿਕ, "ਕੋੜ੍ਹ ਦੇ ਮਰੀਜ਼ ਦੋ ਤਰ੍ਹਾਂ ਦੇ ਹੁੰਦੇ ਹਨ। ਮਲਟੀ ਬੈਸੀਲਰੀ ਅਤੇ ਪੌਸੀ ਬੈਸੀਲਰੀ। ਮਲਟੀ ਬੈਸੀਲਰੀ ਮਰੀਜ਼ ਤੋਂ ਹੀ ਇਹ ਰੋਗ ਅੱਗੇ ਫ਼ੈਲ ਸਕਦਾ ਹੈ। ਪੌਸੀ ਬੈਸੀਲਰੀ ਵਿੱਚ ਸਰੀਰ ਉੱਤੇ ਪੰਜ ਤੋਂ ਘੱਟ ਦਾਗ਼ ਹੁੰਦੇ ਹਨ ਅਤੇ ਮਲਟੀ ਬੈਸੀਲਰੀ ਕੇਸ ਵਿੱਚ ਸਰੀਰ ਉੱਤੇ ਪੰਜ ਤੋਂ ਵੱਧ ਦਾਗ਼ ਹੁੰਦੇ ਹਨ। ਬਰਨਾਲਾ ਵਿੱਚ ਪੰਜ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।"

ਡਾ. ਤਪਿੰਦਰਜੋਤ ਅੱਗੇ ਦੱਸਦੇ ਹਨ, "ਇਹ ਰੋਗ ਸਾਹ ਰਾਹੀਂ ਫੈਲਦਾ ਹੈ। ਇਸ ਰੋਗ ਦੀ ਪਛਾਣ ਇਹ ਹੈ ਕਿ ਮਰੀਜ਼ ਦੇ ਸਰੀਰ ਉੱਤੇ ਤਾਂਬੇ ਰੰਗਾ, ਚਿੱਟੇ ਜਾਂ ਹਲਕੇ ਭੂਰੇ, ਕਿਸੇ ਵੀ ਰੰਗ ਦਾ ਹੋ ਸਕਦਾ ਹੈ। ਇਹ ਦਾਗ਼ ਸੁੰਨ ਹੁੰਦਾ ਹੈ। ਇਸ ਜਗ੍ਹਾ ਤੇ ਮਰੀਜ਼ ਨੂੰ ਗਰਮ ਸਰਦ ਕੁੱਝ ਵੀ ਮਹਿਸੂਸ ਨਹੀਂ ਹੋਵੇਗਾ। ਇਹ ਮੁੱਢਲੀ ਸਟੇਜ ਹੈ। ਇਸ ਸਟੇਜ਼ ਉੱਤੇ ਮਰੀਜ਼ ਦਾ ਇਲਾਜ 100 ਫ਼ੀਸਦੀ ਹੋ ਸਕਦਾ ਹੈ।''

''ਮਰੀਜ਼ ਦੀ ਸ਼ਨਾਖ਼ਤ ਜਿੰਨੀ ਦੇਰੀ ਨਾਲ ਹੋਵੇਗੀ ਉਨ੍ਹਾਂ ਹੀ ਸਰੀਰ ਦੇ ਅੰਗਾਂ ਵਿੱਚ ਵਿਗਾੜ ਜਾਂ ਅਪੰਗਤਾ ਆਉਣ ਦਾ ਖ਼ਤਰਾ ਹੁੰਦਾ ਹੈ। ਇਸੇ ਲਈ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕੋੜ੍ਹ ਦੇ ਲੱਛਣਾ ਬਾਰੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਤਾਂ ਜੋ ਰੋਗ ਨੂੰ ਮੁੱਢਲੇ ਪੱਧਰ ਉੱਤੇ ਹੀ ਰੋਕ ਕੇ ਖ਼ਤਮ ਕੀਤਾ ਜਾ ਸਕੇ।"

Image copyright Sukhcharan preet/bbc
ਫੋਟੋ ਕੈਪਸ਼ਨ ਡਾ. ਅੰਜੂ ਸਿੰਗਲਾ ਦਾ ਕਹਿਣਾ ਹੈ ਕਿ ਕੁਲਵੰਤ ਕੌਰ ਦਾ ਇਲਾਜ਼ ਉਨ੍ਹਾਂ ਕੋਲ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਲੋੜੀਂਦੀ ਸਾਲ ਦਾ ਦਵਾਈ ਲਗਪਗ ਮੁਕੰਮਲ ਹੋਣ ਵਾਲੀ ਹੈ

ਆਲਮੀ ਸਿਹਤ ਸੰਸਥਾ (WHO) ਵੱਲੋਂ ਆਪਣੀ ਵੈੱਬਸਾਈਟ ਉੱਤੇ ਨਸ਼ਰ ਕੀਤੇ ਅੰਕੜਿਆਂ ਮੁਤਾਬਕ ਸਾਲ 2017 ਵਿੱਚ 211,009 ਕੋੜ੍ਹ ਦੇ ਨਵੇਂ ਮਾਮਲਿਆਂ ਦੀ ਸ਼ਨਾਖ਼ਤ ਕੀਤੀ ਗਈ ਸੀ।

ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਹ ਅੰਕੜਾ 159 ਦੇਸ਼ਾਂ ਵੱਲੋਂ ਉਪਲੱਬਧ ਕਰਵਾਏ ਗਏ ਸਰਕਾਰੀ ਅੰਕੜਿਆਂ ਦੇ ਅਧਾਰ 'ਤੇ ਜਾਰੀ ਕੀਤਾ ਗਿਆ ਹੈ।

ਵਰਲਡ ਹੈਲਥ ਆਰਗੇਨਾਈਜੇਸ਼ਨ ਮੁਤਾਬਿਕ ਸਾਲ 2017 ਦੇ ਅੰਤ ਤੱਕ 193,118 ਮਰੀਜ਼ ਸਨ ਜੋ ਕਿ 10,000 ਦੀ ਅਬਾਦੀ ਪਿੱਛੇ 0.3 ਬਣਦਾ ਹੈ।

ਭਾਰਤ ਸਰਕਾਰ ਦੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (ਐੱਨ.ਐੱਲ.ਈ.ਪੀ.) ਦੇ ਸਾਲ 2017-18 ਦੇ ਅੰਕੜਿਆਂ ਮੁਤਾਬਿਕ ਇਹ ਅੰਕੜਾ ਭਾਰਤ ਵਿੱਚ 10,000 ਪਿੱਛੇ 0.67 ਪ੍ਰਤੀਸ਼ਤ ਬਣਦਾ ਹੈ।

ਇਸ ਤੋਂ ਵੀ ਵੱਡਾ ਅੰਕੜਾ ਹੈ ਕਿ ਸਾਲ 2017 ਵਿੱਚ ਦੁਨੀਆਂ ਦੇ ਕੁੱਲ ਕੋੜ੍ਹ ਰੋਗੀਆਂ ਵਿੱਚੋਂ 60 ਪ੍ਰਤੀਸ਼ਤ ਭਾਰਤ ਵਿੱਚ ਪਾਏ ਗਏ ਸਨ। ਇਸ ਗੱਲ ਦਾ ਖੁਲਾਸਾ ਐੱਨ.ਐੱਲ.ਈ.ਪੀ. ਵੱਲੋਂ ਅਪ੍ਰੈਲ-ਜੂਨ 2018 ਦੇ ਜਾਰੀ ਕੀਤੇ ਨਿਊਜ਼ ਲੈਟਰ ਵਿੱਚ ਕੀਤਾ ਗਿਆ ਹੈ।

ਐੱਨ.ਐੱਲ.ਈ.ਪੀ. ਮੁਤਾਬਿਕ ਪੰਜਾਬ ਵਿੱਚ ਇਹ ਅੰਕੜਾ 10,000 ਪਿੱਛੇ 0.16 ਪ੍ਰਤੀਸ਼ਤ ਬਣਦਾ ਹੈ।

ਨੈਸ਼ਨਲ ਲੈਪਰੌਸੀ ਇਰੈਡੀਕੇਸ਼ਨ ਪ੍ਰੋਗਰਾਮ ਨੇ 2017-18 ਦੀ ਸੂਬਾ ਵਾਰ ਰਿਪੋਰਟ

ਇਲਾਕਾ ਨਵੇਂ ਮਾਮਲਿਆਂ ਦੀ ਸ਼ਨਾਖ਼ਤ 31 ਮਾਰਚ 2018 ਨੂੰ ਦਰਜ ਕੁੱਲ ਮਰੀਜ਼ ਇੱਕ ਲੱਖ ਦੀ ਆਬਾਦੀ ਪਿੱਛੇ ਦਰਜ ਹੋਏ ਨਵੇਂ ਮਰੀਜ਼ ਦਸ ਹਜ਼ਾਰ ਦੀ ਆਬਾਦੀ ਵਿੱਚ ਕੁੱਲ ਮਰੀਜ਼
ਪੰਜਾਬ 509 497 1.69 0.16
ਹਰਿਆਣਾ 443 441 1.54 0.15
ਸਮੁੱਚਾ ਭਾਰਤ 126,164 90,709 9.27 0.67
ਇਲਾਕਾ ਨਵੇਂ ਦਰਜ ਹੋਏ ਮਰੀਜ਼ਾਂ ਵਿੱਚ ਦੂਜੇ ਦਰਜ਼ੇ ਦੀ ਅਪੰਗਤਾ (ਫ਼ੀਸਦੀ) ਦਸ ਲੱਖ ਦੀ ਆਬਾਦੀ ਵਿੱਚ ਦੂਜੇ ਦਰਜੇ ਦੀ ਅਪੰਗਤਾ ਦੇ ਮਾਮਲੇ
ਪੰਜਾਬ 3.93 0.42
ਹਰਿਆਣਾ 2.71 0.66
ਸਮੁੱਚਾ ਭਾਰਤ 3.61 3.34
Image copyright Prabhu dayal/bbc

ਕੁਸ਼ਟ ਆਸ਼ਰਮਾਂ ਦੇ ਵਾਸੀ

ਬੀਬੀਸੀ ਪੰਜਾਬੀ ਲਈ ਪੱਤਰਕਾਰ ਪ੍ਰਭੂ ਦਿਆਲ ਨੇ ਸਿਰਸਾ ਦੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਜਿੱਥੇ ਕੋੜ੍ਹ ਦੇ ਪੁਰਾਣੇ ਮਰੀਜ਼ ਸਨ ਜਿਨ੍ਹਾਂ ਦਾ ਇਲਾਜ ਹੋ ਚੁੱਕਿਆ ਸੀ। ਇਹ ਸਾਰੇ ਬੇਘਰੀ ਅਤੇ ਸਮਾਜਿਕ ਬੇਰੁਖ਼ੀ ਦਾ ਸ਼ਿਕਾਰ ਹੋਣ ਕਾਰਨ ਇਨ੍ਹਾਂ ਕੁਸ਼ਟ ਆਸ਼ਰਮਾਂ ਵਿੱਚ ਕਿਆਮ ਕਰ ਚੁੱਕੇ ਸਨ ਅਤੇ ਕਈ ਸਾਲਾਂ ਤੋਂ ਇੱਥੇ ਹੀ ਟਿਕੇ ਹੋਏ ਹਨ।

ਬੀਬੀਸੀ ਪੰਜਾਬੀ ਲਈ ਪੱਤਰਕਾਰ ਸਤ ਸਿੰਘ ਨੇ ਰੋਹਤਕ ਦੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਜਿਸ ਦੇ ਹਾਲਤ ਤਕਰੀਬਨ ਸਿਰਸਾ ਵਰਗੇ ਹੀ ਹਨ।

ਰਾਮੂ ਪਾਟਿਲ ਦੱਸਦੇ ਹਨ, "ਪਿਛਲ਼ੇ 43 ਸਾਲ ਤੋਂ ਮੈਂ ਕੁਸ਼ਟ ਆਸ਼ਰਮਾਂ ਵਿੱਚ ਰਹਿੰਦਾ ਹਾਂ। ਮੈਂ ਰਾਉਰਕੇਲਾ ਤੋਂ ਸਿਰਸਾ ਆ ਗਿਆ ਸੀ ਅਤੇ ਹੁਣ ਰੋਹਤਕ ਵਿੱਚ ਤਿੰਨ ਸਾਲ ਤੋਂ ਰਹਿੰਦਾ ਹਾਂ।"

Image copyright PArbhu dayal/bbc

ਕਦੇ ਕੋੜ੍ਹ ਦਾ ਸ਼ਿਕਾਰ ਹੋਈ ਬਜ਼ੁਰਗ ਔਰਤ ਆਪਣੀ ਧੀ ਨਾਲ ਇਸੇ ਆਸ਼ਰਮ ਵਿੱਚ ਰਹਿੰਦੀ ਹੈ। ਕੁਸ਼ਟ ਆਸ਼ਰਮ ਦੇ ਜ਼ਿਆਦਾਤਰ ਵਾਸੀ ਪੰਜਾਹ ਤੋਂ ਜ਼ਿਆਦਾ ਉਮਰ ਦੇ ਹਨ।

ਇਹ ਆਸ਼ਰਮ 1972 ਵਿੱਚ ਬਣਿਆ ਸੀ ਅਤੇ ਹੁਣ ਕਈ ਸਾਲਾਂ ਤੋਂ ਕੋਈ ਨਵਾਂ ਮਰੀਜ਼ ਨਹੀਂ ਆਇਆ ਕਿਉਂਕਿ ਨਵੀਂਆਂ ਦਵਾਈਆਂ ਨਾਲ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਰਹਿ ਕੇ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਰਸਾ ਦੇ ਕੁਸ਼ਟ ਆਸ਼ਰਮ ਵਿੱਚ ਰਹਿੰਦੀ ਪੱਪੂ ਦੇਵੀ ਬਿਹਾਰ ਤੋਂ ਆਈ ਹੈ। ਉਹ ਦੱਸਦੀ ਹੈ, "ਇੱਥੇ ਕੋਈ ਵੀ ਹਰਿਆਣਾ ਦਾ ਰੋਗੀ ਨਹੀਂ ਹੈ। ਅਸੀਂ ਜ਼ਿਆਦਾਤਰ ਬਿਹਾਰ, ਬੰਗਾਲ ਅਤੇ ਹੋਰ ਸੂਬਿਆਂ ਤੋਂ ਇਸ ਥਾਂ ਆਏ ਹਾਂ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ