ਬਲਾਤਕਾਰ ਦੇ ਮੁਲਜ਼ਮ ਨੂੰ 'ਗੋਲੀ ਮਾਰਨ' ਵਾਲੇ ਪੁਲਿਸਵਾਲੇ ਦੀ ਚਰਚਾ ਕਿਉਂ

ਅਜੇਪਾਲ ਸ਼ਰਮਾ Image copyright Facebook/IPSAjayPalSharma
ਫੋਟੋ ਕੈਪਸ਼ਨ ਸੋਸ਼ਲ ਮੀਡੀਆ 'ਤੇ ਅਜੇਪਾਲ ਸ਼ਰਮਾ ਦੀਆਂ ਤਸਵੀਰਾਂ ਦੇ ਨਾਲ ਵਾਇਰਲ ਹੋ ਰਿਹਾ ਹੈ ਕਿ ਨਾਜ਼ਿਲ ਨੂੰ ਗੋਲੀ ਅਜੇਪਾਲ ਸ਼ਰਮਾ ਨੇ ਹੀ ਮਾਰੀ ਹੈ

ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ 6 ਸਾਲ ਦੀ ਬੱਚੀ ਦੇ ਕਥਿਤ ਬਲਾਤਕਾਰੀ ਨੂੰ ਮੁਠਭੇੜ 'ਚ ਗੋਲੀ ਮਾਰਨ ਦੇ ਮਾਮਲੇ 'ਚ ਰਾਮਪੁਰ ਪੁਲਿਸ ਅਧਿਕਾਰੀ ਅਜੇਪਾਲ ਸ਼ਰਮਾ ਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫੀ ਹੋ ਰਹੀ ਹੈ।

ਇੱਕ ਪਾਸੇ ਤਾਂ ਲੋਕ ਇਸ ਨੂੰ ਉਨ੍ਹਾਂ ਦੀ ਬਹਾਦਰੀ ਕਰਾਰ ਦੇ ਰਹੇ ਹਨ ਤਾਂ ਦੂਜੇ ਪਾਸੇ ਸਾਰੇ ਲੋਕ ਇਸ ਮਾਮਲੇ 'ਚ ਕਈ ਸਵਾਲ ਵੀ ਚੁੱਕ ਰਹੇ ਹਨ, ਜੋ ਨਾ ਸਿਰਫ਼ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਕਟਹਿਰੇ 'ਚ ਲਿਆ ਖੜ੍ਹਾ ਕਰਦੇ ਹਨ ਬਲਕਿ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਵੀ ਘੇਰੇ 'ਚ ਲਿਆਉਂਦੇ ਹਨ।

ਕਰੀਬ ਡੇਢ ਮਹੀਨੇ ਪਹਿਲਾਂ 6 ਸਾਲ ਦੀ ਇੱਕ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਕਿਤੇ ਸੁੱਟ ਦਿੱਤਾ ਗਿਆ ਸੀ।

ਸ਼ੱਕ ਸੀ ਕਿ ਪਹਿਲਾਂ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ।

ਇਸ ਮਾਮਲੇ 'ਚ ਨਾਜ਼ਿਲ ਨਾਮ ਦੇ ਜਿਸ ਸ਼ਖਸ ਨੂੰ ਪੁਲਿਸ ਮੁਲਜ਼ਮ ਮੰਨ ਰਹੀ ਸੀ, ਦੋ ਦਿਨ ਪਹਿਲਾਂ ਪੁਲਿਸ ਦੇ ਨਾਲ ਉਸ ਦੀ ਮੁਠਭੇੜ ਹੋਈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਐੱਸਪੀ ਅਜੇਪਾਲ ਸ਼ਰਮਾ ਨੇ ਨਾਜ਼ਿਲ ਨੂੰ ਗੋਲੀ ਮਾਰ ਦਿੱਤੀ ਜੋ ਕਿ ਉਸ ਦੀਆਂ ਲੱਤਾਂ 'ਚ ਜਾ ਵੱਜੀ।

ਬਾਅਦ ਵਿੱਚ ਨਾਜ਼ਿਲ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਕੇ ਹਸਪਤਾਲ ਭੇਜ ਦਿੱਤਾ।

Image copyright line

ਇਹ ਵੀ ਪੜ੍ਹੋ-

Image copyright line

ਆਤਮ-ਰੱਖਿਆ ਦੀ ਕਾਰਵਾਈ?

ਹਾਲਾਂਕਿ, ਹੋਰਨਾਂ ਮੀਡੀਆ ਨਾਲ ਗੱਲਬਾਤ 'ਚ ਖ਼ੁਦ ਅਜੇਪਾਲ ਸ਼ਰਮਾ ਨੇ ਇਹੀ ਦੱਸਿਆ, "ਸਿਵਿਲ ਲਾਇੰਸ ਥਾਣੇ ਦੀ ਪੁਲਿਸ ਨਾਲ ਨਾਜ਼ਿਲ ਦੀ ਮੁਠਭੇੜ ਹੋਈ ਜਿਸ ਦੌਰਾਨ ਉਸ ਦੇ ਪੈਰ 'ਚ ਗੋਲੀ ਵੱਜੀ।"

ਪਰ ਸੋਸ਼ਲ ਮੀਡੀਆ 'ਤੇ ਅਜੇਪਾਲ ਸ਼ਰਮਾ ਦੀਆਂ ਤਸਵੀਰਾਂ ਦੇ ਨਾਲ ਇਹੀ ਗੱਲ ਵਾਇਰਲ ਹੋ ਰਹੀ ਹੈ ਕਿ ਨਾਜ਼ਿਲ ਨੂੰ ਗੋਲੀ ਅਜੇਪਾਲ ਸ਼ਰਮਾ ਨੇ ਹੀ ਮਾਰੀ ਹੈ।

ਇਸ ਲਈ ਅਜੇਪਾਲ ਸ਼ਰਮਾ ਦੀ ਬਹੁਤ ਤਾਰੀਫ ਹੋ ਰਹੀ ਹੈ। ਗੋਲੀ ਅਜੇਪਾਲ ਸ਼ਰਮਾ ਨੇ ਹੀ ਮਾਰੀ ਜਾਂ ਫਿਰ ਕਿਸੇ ਹੋਰ ਨੇ, ਇਸ ਬਾਰੇ ਜਾਣਨ ਲਈ ਅਜੇਪਾਲ ਸ਼ਰਮਾ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ 'ਪੀੜਤ ਕੁੜੀ ਦੇ ਪਰਿਵਾਰ ਨੂੰ ਨਿਆਂ ਦਿਵਾਇਆ ਹੈ', 'ਉਨ੍ਹਾਂ ਦੇ ਦਿਲ ਨੂੰ ਥੋੜ੍ਹਾ ਸਕੂਨ ਮਿਲਿਆ ਹੈ', 'ਇਸ ਨਾਲ ਬਦਮਾਸ਼ਾਂ ਦੇ ਦਿਲ 'ਚ ਡਰ ਪੈਦਾ ਹੋਵੇਗਾ', 'ਇਸ ਨਾਲ ਅਪਰਾਧਾਂ ਵਿੱਚ ਕਮੀ ਆਵੇਗੀ' ਆਦਿ।

Image copyright AFP/Getty Images
ਫੋਟੋ ਕੈਪਸ਼ਨ ਕਰੀਬ ਡੇਢ ਮਹੀਨੇ ਪਹਿਲਾਂ 6 ਸਾਲ ਦੀ ਇੱਕ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਕਿਤੇ ਸੁੱਟ ਦਿੱਤਾ ਗਿਆ ਸੀ

ਸੋਸ਼ਲ ਮੀਡੀਆ 'ਤੇ ਤਾਂ ਕਈ ਲੋਕ ਉਨ੍ਹਾਂ ਨੂੰ ਰੱਬ ਦੇ ਬਰਾਬਰ ਦਰਜਾ ਦੇ ਰਹੇ ਹਨ ਤਾਂ ਕਈ ਉਨ੍ਹਾਂ ਨੂੰ ਸਿੰਘਮ ਦਾ ਅਵਤਾਰ ਦੱਸ ਰਹੇ ਹਨ।

ਪਰ ਕਈ ਲੋਕ ਇਸ 'ਤੇ ਵੀ ਸਵਾਲ ਚੁੱਕ ਰਹੇ ਹਨ। ਉੱਤਰ ਪ੍ਰਦੇਸ਼ ਦੇ ਡੀਜੀਪੀ ਵਜੋਂ ਸੇਵਾਵਾਂ ਨਿਭਾ ਚੁੱਕੇ ਆਈਪੀਐੱਸ ਅਧਿਕਾਰੀ ਏਕੇ ਜੈਨ ਕਹਿੰਦੇ ਹਨ ਕਿ ਜੇਕਰ ਮੁਠਭੇੜ ਦੌਰਾਨ ਮੁਲਜ਼ਮ ਨੇ ਗੋਲੀ ਚਲਾਈ ਅਤੇ ਪੁਲਿਸ ਨੇ ਆਤਮ-ਰੱਖਿਆ ਲਈ ਗੋਲੀ ਮਾਰੀ ਤਾਂ ਇਸ 'ਚ ਕੁਝ ਗ਼ਲਤ ਨਹੀਂ ਹੈ ਪਰ ਸਿਰਫ਼ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਮੰਨ ਕੇ ਗੋਲੀ ਮਾਰ ਦਿੱਤੀ ਗਈ ਤਾਂ ਇਹ ਬਿਲਕੁਲ ਗ਼ਲਤ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਏਕੇ ਜੈਨ ਨੇ ਦੱਸਿਆ, "ਜਿਵੇਂ ਮੈਂ ਖ਼ਬਰਾਂ 'ਚ ਪੜ੍ਹਿਆ ਹੈ ਕਿ ਉਸ ਵਿਅਕਤੀ ਨੇ ਪੁਲਿਸ 'ਤੇ ਉਸ ਵੇਲੇ ਗੋਲੀ ਚਲਾਈ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।"

"ਅਜਿਹੇ 'ਚ ਆਪਣੇ ਬਚਾਅ ਲਈ ਪੁਲਿਸ ਅਧਿਕਾਰੀ ਦਾ ਗੋਲੀ ਚਲਾਉਣਾ ਪੂਰੀ ਤਰ੍ਹਾਂ ਜਾਇਜ਼ ਹੈ ਪਰ ਰੇਪ ਦੇ ਇੱਕ ਦੋਸ਼ੀ 'ਤੇ ਗੋਲੀ ਚਲਾ ਦੇਣਾ, ਜਿਸ ਦਾ ਪਹਿਲਾਂ ਤੋਂ ਕੋਈ ਅਪਰਾਧਿਕ ਇਤਿਹਾਸ ਵੀ ਨਾ ਰਿਹਾ ਹੋਵੇ, ਇਹ ਠੀਕ ਨਹੀਂ ਹੈ।"

ਏਕੇ ਜੈਨ ਕਹਿੰਦੇ ਹਨ ਕਿ ਦੋਸ਼ੀ ਦੀ ਤਾਂ ਛੱਡੋ ਜੇਕਰ ਇਲਜ਼ਾਮ ਸਾਬਿਤ ਵੀ ਹੋ ਗਏ ਹੋਣ ਤਾਂ ਵੀ ਗੋਲੀ ਚਲਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਸਜ਼ਾ ਦੇਣਾ ਤਾਂ ਅਦਾਲਤ ਦਾ ਕੰਮ ਹੈ, ਪੁਲਿਸ ਦਾ ਨਹੀਂ।

'ਪਬਲੀਸਿਟੀ ਸਟੰਟ'

ਉੱਥੇ ਹੀ ਪੁਲਿਸ ਦੇ ਇੱਕ ਮੌਜੂਦਾ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ 'ਪਬਲੀਸਿਟੀ ਸਟੰਟ' ਦੱਸਿਆ ਹੈ।

ਉਨ੍ਹਾਂ ਦੇ ਮੁਤਾਬਕ, "ਇਹ ਗੱਲ ਸਮਝ ਤੋਂ ਬਾਹਰ ਹੈ ਕਿ ਦੋਸ਼ੀ ਨੂੰ ਕਿਸੇ ਇੱਕ ਥਾਣੇ ਦੀ ਪੁਲਿਸ ਫੜਣ ਗਈ ਹੈ ਅਤੇ ਉਸ 'ਤੇ ਗੋਲੀ ਐੱਸਪੀ ਚਲਾ ਰਹੇ ਹਨ। ਕਿਸੇ ਮੁਠਭੇੜ ਦੀ ਅਗਵਾਈ ਐੱਸਪੀ ਲੇਵਲ ਦੇ ਅਧਿਕਾਰੀ ਦਾ ਕਰਨਾ ਕੋਈ ਆਮ ਗੱਲ ਨਹੀਂ ਹੈ ਅਤੇ ਇਹ ਮਾਮਲਾ ਇੰਨਾ ਵੱਡਾ ਅਤੇ ਔਖਾ ਨਹੀਂ ਸੀ ਕਿ ਇਸ ਵਿੱਚ ਐੱਸਪੀ ਵਰਗੇ ਅਧਿਕਾਰੀ ਨੂੰ ਲਗਣਾ ਪੈਂਦਾ ਹੈ।"

ਇਹ ਵੀ ਪੜ੍ਹੋ-

Image copyright Getty Images

ਹਾਲਾਂਕਿ ਪੁਲਿਸ ਅਧਿਕਾਰੀ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕਰਨ ਵਾਲੇ ਸੋਸ਼ਲ ਮੀਡੀਆ 'ਤੇ ਹੀ ਨਹੀਂ ਬਲਿਕ ਉਸ ਤੋਂ ਇਲਾਵਾ ਵੀ ਤਮਾਮ ਲੋਕ ਹਨ।

ਲਖਨਊ 'ਚ ਅਮਰ ਉਜਾਲਾ ਦੇ ਸੀਨੀਅਰ ਪੱਤਰਕਾਰ ਅਤੇ ਪਿਛਲੇ ਕਰੀਬ ਡੇਢ ਦਹਾਕੇ ਤੋਂ ਕ੍ਰਾਈਮ ਦੀ ਰਿਪੋਰਟਿੰਗ ਕਰ ਰਹੇ ਵਿਵੇਕ ਤ੍ਰਿਪਾਠੀ ਕਹਿੰਦੇ ਹਨ ਕਿ ਐੱਸਪੀ ਅਜੇਪਾਲ ਸ਼ਰਮਾ ਨੇ ਕੁਝ ਵੀ ਗ਼ਲਤ ਨਹੀਂ ਕੀਤਾ।

ਉਨ੍ਹਾਂ ਮੁਤਾਬਕ ਅਜਿਹੇ ਘਿਣਾਉਣੇ ਕੰਮ ਲਈ ਤਾਂ ਹੋਰ ਵੱਡੀ ਸਜ਼ਾ ਦੇਣੀ ਚਾਹੀਦੀ ਸੀ।

ਵਿਵੇਕ ਤ੍ਰਿਪਾਠੀ ਕਹਿੰਦੇ ਹਨ, "ਪੁਲਿਸ ਦਾ ਇੰਨਾ ਡਰ ਅਪਰਾਧੀਆਂ 'ਚ ਰਹਿਣਾ ਚਾਹੀਦਾ ਹੈ ਨਹੀਂ ਤਾਂ ਰੋਕਣਾ ਸੋਖਾ ਨਹੀਂ ਹੋਵੇਗਾ। ਅਸੀਂ ਕ੍ਰਾਈਮ ਦੀਆਂ ਖ਼ਬਰਾਂ ਕਵਰ ਕਰਦਿਆਂ-ਕਰਦਿਆਂ ਅਪਰਾਧ ਅਤੇ ਅਪਰਾਧੀਆਂ ਦੇ ਮਨੋ-ਵਿਗਿਆਨ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਕਾਨੂੰਨ ਅਤੇ ਪੁਲਿਸ ਦਾ ਡਰ ਜੇਕਰ ਖ਼ਤਮ ਹੋ ਗਿਆ ਤਾਂ ਅਪਰਾਧੀਆਂ ਦੇ ਹੌਸਲੇ ਬੁਲੰਦ ਰਹਿਣਗੇ।"

ਉੱਤਰ ਪ੍ਰਦੇਸ਼ 'ਚ ਸਾਬਕਾ ਡੀਜੀਪੀ ਰਹੇ ਸੁਬਰਤ ਤ੍ਰਿਪਾਠੀ ਵੀ ਸਿਰਫ਼ ਇੱਕ ਦੋਸ਼ੀ ਨੂੰ ਗੋਲੀ ਮਾਰਨ ਦੇ ਪੱਖ 'ਚ ਨਹੀਂ ਹਨ ਪਰ ਨਾਲ ਹੀ ਮੁਠਭੇੜ 'ਚ ਕਿਸੇ ਨੂੰ ਵੀ ਗੋਲੀ ਲਗ ਜਾਣ ਨੂੰ ਉਹ ਕੋਈ ਹੈਰਾਨੀ ਵਾਲਾ ਹਾਦਸਾ ਨਹੀਂ ਮੰਨਦੇ ਹਨ।

ਉੱਥੇ ਲਖਨਊ 'ਚ ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਇਸ ਘਟਨਾ ਨੂੰ ਸੂਬੇ ਦੀ 'ਵਿਗੜਦੀ ਕਾਨੂੰਨ ਵਿਵਸਥਾ' ਅਤੇ 'ਬੇਲਗਾਮ ਪੁਲਿਸ' ਦਾ ਨਤੀਜਾ ਦੱਸਦੇ ਹਨ।

Image copyright AFP
ਫੋਟੋ ਕੈਪਸ਼ਨ ਮੁਠਭੇੜ ਨੂੰ ਲੈ ਕੇ ਯੂਪੀ ਪੁਲਿਸ 'ਤੇ ਪਹਿਲਾ ਵੀ ਸਵਾਲ ਉੱਠ ਰਹੇ ਹਨ

ਉਹ ਕਹਿੰਦੇ ਹਨ, "ਜਿਸ ਵਿਅਕਤੀ 'ਤੇ ਪੁਲਿਸ ਨੂੰ ਸ਼ੱਕ ਸੀ, ਉਸ ਦੇ ਸ਼ੱਕ ਦਾ ਆਧਾਰ ਕੀ ਸੀ ਇਹ ਕਿਸੇ ਨੂੰ ਨਹੀਂ ਪਤਾ ਹੈ। ਉਸ ਨੂੰ ਫੜਣ ਦੀ ਬਜਾਇ ਗੋਲੀ ਮਾਰ ਕੇ ਪੁਲਿਸ ਆਪਣੀ ਅਸਫ਼ਲਤਾ ਲੁਕਾ ਰਹੀ ਹੈ। ਜਦ ਕਿ ਸੱਚਾਈ ਹੈ ਕਿ ਡੇਢ ਮਹੀਨੇ ਤੋਂ ਲਾਪਤਾ ਬੱਚੀ ਬਾਰੇ ਉਸ ਨੂੰ ਉਦੋਂ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਜਦੋਂ ਤੱਕ ਕਿ ਉਸ ਦੀ ਲਾਸ਼ ਦੀ ਸੂਚਨਾ ਦੂਜੇ ਲੋਕਾਂ ਨੇ ਨਹੀਂ ਦਿੱਤੀ। ਇਹ ਇਕੱਲੀ ਘਟਨਾ ਨਹੀਂ ਹੈ ਬਲਕਿ ਸੂਬੇ 'ਚ ਆਏ ਦਿਨ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ।"

ਮੁਠਭੇੜ ਨੂੰ ਲੈ ਕੇ ਯੂਪੀ ਪੁਲਿਸ 'ਤੇ ਪਹਿਲਾ ਵੀ ਸਵਾਲ ਉੱਠ ਰਹੇ ਹਨ। ਹਾਲਾਂਕਿ, ਰਿਟਾਇਰਡ ਡੀਜੀਪੀ ਏਕੇ ਜੈਨ ਮੁਤਾਬਕ ਪਹਿਲਾਂ ਦੇ ਮੁਕਾਬਲੇ ਹੁਣ ਮੁਠਭੇੜ ਦੀਆਂ ਘਟਨਾਵਾਂ 'ਚ ਬਹੁਤ ਕਮੀ ਆਈ ਹੈ।

ਉਨ੍ਹਾਂ ਦਾ ਕਹਿਣਾ ਹੈ, "ਮੈਂ ਜਦੋਂ 70ਵਿਆਂ 'ਚ ਨੌਕਰੀ ਸ਼ੁਰੂ ਕੀਤੀ ਸੀ, ਉਸ ਵੇਲੇ ਸੈਂਕੜੇ ਮੁਠਭੇੜਾਂ ਹਰ ਸਾਲ ਹੁੰਦੀਆਂ ਸਨ ਅਤੇ ਘੱਟੋ-ਘੱਟ ਦੋ-ਢਾਈ ਸੌ ਅਪਰਾਧੀ ਮਾਰੇ ਜਾਂਦੇ ਸਨ। ਡਕੈਤੀ ਹਟਾਓ ਅਭਿਆਨ 'ਚ ਕਿੰਨੇ ਡਕੈਤ ਮਾਰੇ ਗਏ। ਪਰ 90ਵਿਆਂ ਤੋਂ ਬਾਅਦ ਪੁਲਿਸ ਅਧਿਕਾਰੀਆਂ 'ਚ ਵੀ ਮੁਠਭੇੜ ਨੂੰ ਲੈ ਕੇ ਡਰ ਪੈਦਾ ਹੋ ਗਿਆ।"

ਏਕੇ ਜੈਨ ਮੁਤਾਬਕ, ਆਮ ਆਦਮੀ ਕੋਲ ਮੁਠਭੇੜਾਂ 'ਤੇ ਸਵਾਲ ਚੁੱਕਣ ਅਤੇ ਉਨ੍ਹਾਂ ਦੀ ਸ਼ਿਕਾਇਤ ਕਰਨ ਲਈ ਕਈ ਮੰਚ ਉਪਲਬਧ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕਠੂਆ ਰੇਪ ਕੇਸ: ਪੀੜਤ ਬੱਚੀ ਦੀ ਮਾਂ ਤੇ ਭੈਣ ਨੇ ਸਾਂਝੇ ਕੀਤੇ ਜਜ਼ਬਾਤ

ਇਨ੍ਹਾਂ ਕਾਰਨ ਨਾ ਸਿਰਫ਼ ਫਰਜ਼ੀ ਮੁਠਭੇੜਾਂ ਘੱਟ ਹੋਈਆਂ ਹਨ ਬਲਕਿ ਅਪਰਾਧੀਆਂ ਨੂੰ ਸਿੱਧਾ ਮੌਤ ਦੇ ਘਾਟ ਉਤਾਰਨ ਦੀ ਬਜਾਇ ਉਨ੍ਹਾਂ ਦੇ ਪੈਰਾਂ 'ਚ ਗੋਲੀ ਮਾਰਨ ਦਾ ਰੁਝਾਨ ਵੀ ਵਧਿਆ ਹੈ।

ਏਕੇ ਜੈਨ ਕਹਿੰਦੇ ਹਨ, "ਪਹਿਲਾਂ ਦੀਆਂ ਮੁਠਭੇੜਾਂ ਤਾਂ ਆਰ ਜਾਂ ਪਾਰ ਦੀ ਲੜਾਈ ਵਾਂਗ ਹੁੰਦੀਆਂ ਸਨ, ਜਿਨ੍ਹਾਂ 'ਚ ਜਾਂ ਤਾਂ ਪੁਲਿਸ ਨੂੰ ਮਰਨਾ ਹੈ ਜਾਂ ਫਿਰ ਅਪਰਾਧੀ ਨੂੰ।"

ਐੱਸਪੀ ਅਜੇਪਾਲ ਸ਼ਰਮਾ ਅਜੇ ਕੁਝ ਦਿਨ ਪਹਿਲਾਂ ਹੀ ਰਾਮਪੁਰ ਗਏ ਹਨ। ਇਸ ਤੋਂ ਪਹਿਲਾਂ ਉਹ ਪ੍ਰਯਾਗਰਾਜ ਸਥਿਤ ਪੁਲਿਸ ਦੇ ਮੁੱਖ ਦਫ਼ਤਰ 'ਚ ਐੱਸਪੀ ਵਜੋਂ ਤੈਨਾਤ ਸਨ।

ਪੁਲਿਸ ਵਾਲਿਆਂ ਵਿਚਾਲੇ 'ਐਨਕਾਊਂਟਰਮੈਨ' ਦੇ ਨਾਮ ਨਾਲ ਮਸ਼ਹੂਰ ਅਜੇਪਾਲ ਸ਼ਰਮਾ ਨੇ ਕਰੀਬ ਦੋ ਹਫ਼ਤਿਆਂ ਪਹਿਲਾਂ ਹੀ ਰਾਮਪੁਰ 'ਚ ਬਤੌਰ ਪੁਲਿਸ ਕਪਤਾਨ ਅਹੁਦਾ ਸਾਂਭਿਆ ਸੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)