'ਮੁਸਲਮਾਨ ਜੇ ਗਟਰ 'ਚ ਪਏ ਰਹਿਣਾ ਚਾਹੁੰਦੇ ਹਨ ਤਾਂ...’ ਇਸ ਬਿਆਨ ਪਿੱਛੇ ਕੀ ਹੈ ਕਹਾਣੀ

ਆਰਿਫ਼ ਮੁਹੰਮਦ ਖਾਨ Image copyright Getty Images

ਰਾਸ਼ਟਰਪਤੀ ਦੇ ਭਾਸ਼ਣ 'ਤੇ ਰਾਜ ਸਭਾ ਵਿੱਚ ਧੰਨਵਾਦ ਮਤੇ 'ਤੇ ਹੋਈ ਚਰਚਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ।

ਆਪਣੇ ਭਾਸ਼ਣ ਵਿੱਚ ਨਰਿੰਦਰ ਮੋਦੀ ਨੇ ਝਾਰਖੰਡ ਵਿੱਚ ਤਬਰੇਜ਼ ਅੰਸਾਰੀ ਨਾਂ ਦੇ ਨੌਜਵਾਨ ਦੇ ਕਤਲ ਦਾ ਵੀ ਜ਼ਿਕਰ ਕੀਤਾ।

ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨਬੀ ਆਜ਼ਾਦ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਦਿਆਂ ਇਸ ਕਤਲ ਦਾ ਹਵਾਲਾ ਦਿੱਤਾ ਸੀ।

ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਝਾਰਖੰਡ ਬਾਰੇ ਕਹਿ ਰਿਹਾ ਹੈ ਕਿ ਇਹ ਸੂਬਾ ਮੌਬ ਲਿਚਿੰਗ ਦਾ ਅੱਡਾ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਵਿਰੋਧੀ ਧਿਰ ਕਹਿ ਰਿਹਾ ਹੈ ਕਿ ਝਾਰਖੰਡ ਮੌਬ ਲਿੰਚਿੰਗ ਦਾ ਅੱਡਾ ਬਣ ਗਿਆ ਹੈ। ਸਾਨੂੰ ਨੌਜਵਾਨ ਦੀ ਮੌਤ ਦਾ ਦੁੱਖ ਹੈ।"

"ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਕੀ ਇਸ ਦੇ ਲਈ ਪੂਰੇ ਝਾਰਖੰਡ ਨੂੰ ਬਦਨਾਮ ਕਰਨਾ ਠੀਕ ਹੈ? ਇਸ ਨਾਲ ਕਿਸੇ ਦਾ ਭਲਾ ਨਹੀਂ ਹੋਵੇਗੀ। ਅਪਰਾਧ ਹੋਣ 'ਤੇ ਕਾਨੂੰਨ ਤੇ ਸੰਵਿਧਾਨ ਦੇ ਦਾਇਰੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ।"

ਇਹ ਵੀ ਪੜ੍ਹੋ:

ਮੋਦੀ ਨੇ ਕਾਂਗਰਸ ’ਤੇ ਲਾਏ ਨਿਸ਼ਾਨੇ

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਅਭਿਭਾਸ਼ਨ ਤੋਂ ਬਾਅਦ ਧੰਨਵਾਦ ਮਤਾ ਦਿੱਤਾ ਸੀ।

ਇਸ ਦੌਰਾਨ ਮੋਦੀ ਨੇ ਸ਼ਾਹ ਬਾਨੋ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਾਂਗਰਸ 'ਤੇ ਨਿਸ਼ਾਨਾ ਲਾਇਆ ਅਤੇ ਕਾਂਗਰਸ ਦੇ ਇੱਕ ਆਗੂ ਦੇ ਵਿਵਾਦਤ ਬਿਆਨ ਨੂੰ ਸੰਸਦ ਵਿੱਚ ਦੁਹਰਾਇਆ।

ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਕਾਂਗਰਸ ਦੇ ਇੱਕ ਆਗੂ ਨੇ ਕਿਹਾ ਸੀ ਕਿ ਮੁਸਲਮਾਨਾਂ ਦੀ ਭਲਾਈ ਦੀ ਜ਼ਿੰਮੇਵਾਰੀ ਕਾਂਗਰਸ ਦੀ ਨਹੀਂ ਹੈ। ਜੇ ਉਹ ਗਟਰ ਵਿੱਚ ਰਹਿ ਕੇ ਜਿਉਣਾ ਚਾਹੁੰਦੇ ਹਨ ਤਾਂ ਰਹਿਣ।”

ਹਾਲਾਂਕਿ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਇਹ ਨਹੀਂ ਦੱਸਿਆ ਕਿ ਇਹ ਬਿਆਨ ਕਿਸ ਕਾਂਗਰਸੀ ਆਗੂ ਦਾ ਹੈ। ਜਦੋਂ ਕਾਂਗਰਸ ਵੱਲੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਕਿਸ ਆਗੂ ਨੇ ਇਹ ਬਿਆਨ ਦਿੱਤਾ ਹੈ ਤਾਂ ਮੋਦੀ ਨੇ ਉਨ੍ਹਾਂ ਨੂੰ ਯੂ-ਟਿਊਬ ਲਿੰਕ ਭੇਜਣ ਦੀ ਗੱਲ ਕਹੀ।

ਆਰਿਫ਼ ਮੁਹੰਮਦ ਖ਼ਾਨ ਦੀ ਪ੍ਰਤੀਕਿਰਿਆ

ਸੰਸਦ ਵਿੱਚ ਮੋਦੀ ਦੇ ਇਸ ਗੱਲ ਦਾ ਜ਼ਿਕਰ ਕਰਨ ਤੋਂ ਬਾਅਦ ਇਹ ਬਿਆਨ ਦੇਣ ਵਾਲੇ ਕਾਂਗਰਸੀ ਆਗੂ ਆਰਿਫ਼ ਮੁਹੰਮਦ ਖ਼ਾਨ ਸੁਰਖੀਆਂ ਵਿੱਚ ਆ ਗਏ।

ਰਾਜੀਵ ਗਾਂਧੀ ਸਰਕਾਰ ਵੇਲੇ ਮੰਤਰੀ ਰਹੇ ਆਰਿਫ਼ ਮੁਹੰਮਦ ਖ਼ਾਨ ਨੇ ਇਸ ਬਿਆਨ 'ਤੇ ਪ੍ਰਤੀਕਰਮ ਦਿੱਤਾ ਹੈ।

ਖ਼ਬਰ ਏਜੰਸੀ ਏਐਨਆਈ ਨੂੰ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ, "ਛੇ-ਸੱਤ ਸਾਲ ਪਹਿਲਾਂ ਇੱਕ ਟੀਵੀ ਇੰਟਰਵਿਊ ਦੌਰਾਨ ਮੈਨੂੰ ਪੁੱਛਿਆ ਗਿਆ ਸੀ ਕਿ, ਕੀ ਮੇਰੇ 'ਤੇ ਅਸਤੀਫ਼ਾ (ਸ਼ਾਹ ਬਾਨੋ ਮਾਮਲੇ ਤੋਂ ਬਾਅਦ) ਵਾਪਸ ਲੈਣ ਲਈ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਗਿਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਅਸਤੀਫ਼ਾ ਦੇਣ ਤੋਂ ਬਾਅਦ ਮੈਂ ਆਪਣੇ ਘਰ ਚਲਾ ਗਿਆ ਸੀ।"

ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ, "ਇਸ ਤੋਂ ਬਾਅਦ ਮੈਂ ਦੱਸਿਆ ਸੀ ਕਿ ਅਗਲੇ ਦਿਨ ਸੰਸਦ ਵਿੱਚ ਮੇਰੀ ਮੁਲਾਕਾਤ ਅਰਜੁਨ ਸਿੰਘ ਨਾਲ ਹੋਈ ਸੀ। ਉਹ ਲਗਾਤਾਰ ਮੈਨੂੰ ਬੋਲ ਰਹੇ ਸਨ ਕਿ ਮੈਂ ਜੋ ਕੀਤਾ ਉਹ ਸਿਧਾਂਤਕ ਤੌਰ 'ਤੇ ਸਹੀ ਹੈ ਪਰ ਇਸ ਨਾਲ ਪਾਰਟੀ ਲਈ ਬਹੁਤ ਜ਼ਿਆਦਾ ਮੁਸ਼ਕਿਲਾਂ ਵੱਧ ਜਾਣਗੀਆਂ। ਉਦੋਂ ਨਰਸਿਮਹਾ ਰਾਵ ਨੇ ਮੈਨੂੰ ਕਿਹਾ ਸੀ, 'ਤੂੰ ਬਹੁਤ ਜ਼ਿੱਦੀ ਹੈ। ਹੁਣ ਤਾਂ ਸ਼ਾਹ ਬਾਨੋ ਨੇ ਵੀ ਆਪਣਾ ਸਟੈਂਡ ਬਦਲ ਲਿਆ ਹੈ।'"

ਸਦਨ ਵਿੱਚ ਮੋਦੀ ਨੇ ਆਰਿਫ਼ ਮੁਹੰਮਦ ਖ਼ਾਨ ਦੇ ਬਿਆਨ ਦਾ ਜ਼ਿਕਰ ਕੀਤਾ ਸੀ।

ਇਸ 'ਤੇ ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਮੇਰੇ ਇੰਟਰਵਿਊ ਦਾ ਜ਼ਿਕਰ ਕਰਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਦੋਂ ਤੱਕ ਸਮਾਜ ਦਾ ਇੱਕ ਤਬਕਾ ਹਾਕਮ ਧਿਰ ਨੂੰ ਉਸ ਨੂੰ ਧੋਖਾ ਦੇਣ ਦਾ ਅਧਿਕਾਰ ਦਿੰਦਾ ਰਹੇਗਾ। ਇਹ ਬਿਲਕੁਲ ਸਪਸ਼ਟ ਮੈਸੇਜ ਹੈ।"

ਆਰਿਫ਼ ਮੁਹੰਮਦ ਖ਼ਾਨ ਨੇ ਇੰਟਰਵਿਊ ਵਿੱਚ ਕੀ ਕਿਹਾ?

ਪ੍ਰਧਾਨ ਮੰਤਰੀ ਮੋਦੀ ਨੇ ਆਰਿਫ਼ ਮੁਹੰਮਦ ਖ਼ਾਨ ਦੇ ਜਿਸ ਇੰਟਰਵਿਊ ਦਾ ਜ਼ਿਕਰ ਕੀਤਾ ਉਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ, "ਨਰਸਿਮਹਾ ਰਾਓ ਜੀ ਨੇ ਖੁਦ ਮੈਨੂੰ ਕਿਹਾ ਹੈ ਕਿ ਮੁਸਲਮਾਨ ਸਾਡੇ ਵੋਟਰ ਹਨ, ਅਸੀਂ ਇਨ੍ਹਾਂ ਨੂੰ ਨਰਾਜ਼ ਕਿਉਂ ਕਰੀਏ।”

“ਅਸੀਂ ਇਨ੍ਹਾਂ ਦੇ ਸਮਾਜਿਕ ਸੁਧਾਰਕ ਨਹੀਂ ਹਾਂ। ਕਾਂਗਰਸ ਪਾਰਟੀ ਸਮਾਜਿਕ ਸੁਧਾਰ ਦਾ ਕੰਮ ਨਹੀਂ ਕਰ ਰਹੀ ਹੈ। ਅਸੀਂ ਸਿਆਸਤ ਦੇ ਵਪਾਰ ਵਿੱਚ ਹਾਂ ਅਤੇ ਜੇ ਇਹ ਗਟਰ ਵਿੱਚ ਪਏ ਰਹਿਣਾ ਚਾਹੁੰਦੇ ਹਨ ਤਾਂ ਪਏ ਰਹਿਣ ਦਿਉ।"

ਇਹ ਵੀ ਪੜ੍ਹੋ:

ਕਈ ਮੀਡੀਆ ਵੈੱਬਸਾਈਟਾਂ ਵਿੱਚ ਆਰਿਫ਼ ਮੁਹੰਮਦ ਖ਼ਾਨ ਦੇ ਉਸ ਪੁਰਾਣੇ ਇੰਟਰਵਿਊ ਨਾਲ ਜੁੜੇ ਹਿੱਸਿਆਂ ਨੂੰ ਦੱਸਿਆ ਗਿਆ ਹੈ। ਉਸ ਇੰਟਰਵਿਊ ਵਿੱਚ ਆਰਿਫ਼ ਮੁਹੰਮਦ ਖਾਨ ਨੇ ਇਹ ਕਿਹਾ ਸੀ ਕਿ ਸ਼ਾਹ ਬਾਨੋ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਬਦਲਣ ਲਈ ਰਾਜੀਵ ਗਾਂਧੀ 'ਤੇ ਦਬਾਅ ਪਾਇਆ ਗਿਆ ਸੀ।

ਦਬਾਅ ਪਾਉਣ ਵਾਲੇ ਸੀਨੀਅਰ ਆਗੂਆਂ ਵਿੱਚ ਪੀਵੀ ਨਰਸਿਮਹਾ ਰਾਓ, ਅਰਜਨ ਸਿੰਘ ਅਤੇ ਐਨਡੀ ਤਿਵਾੜੀ ਸ਼ਾਮਿਲ ਸਨ। ਇਹ ਸਾਰੇ ਉਸ ਵੇਲੇ ਸਰਕਾਰ ਦੇ ਮੰਤਰੀ ਸਨ।

ਇਸ ਪੂਰੇ ਮਾਮਲੇ ਤੋਂ ਬਾਅਦ ਭਾਜਪਾ ਨੇ ਇੱਕ ਵਾਰੀ ਫਿਰ ਕਾਂਗਰਸ 'ਤੇ ਨਿਸ਼ਾਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਅਤੇ ਆਰਿਫ਼ ਮੁਹੰਮਦ ਖ਼ਾਨ ਦੇ ਉਸ ਪੁਰਾਣੇ ਇੰਟਰਵਿਊ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਜੋੜ ਕੇ ਟਵੀਟ ਕੀਤਾ ਹੈ।

ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ 'ਤੇ ਇਲਜ਼ਾਮ ਲਾਏ ਕਿ ਉਹ ਇੰਨੇ ਸਾਲ ਸੱਤਾ ਵਿੱਚ ਰਹੀ ਪਰ ਉਨ੍ਹਾਂ ਨੇ ਯੂਨੀਫਾਰਮ ਸਿਵਿਲ ਕੋਡ ਲਾਗੂ ਕਰਨ ਦਾ ਮੌਕਾ ਗਵਾ ਦਿੱਤਾ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)