ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਅਰਜ਼ੀ ਵਾਪਸ ਲਈ

ਰਾਮ ਰਹੀਮ Image copyright Getty Images

ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ ਹੈ।

ਗੁਰਮੀਤ ਰਾਮ ਰਹੀਮ ਨੇ ਖੇਤੀਬਾੜੀ ਕਰਨ ਲਈ 42 ਦਿਨਾਂ ਦੀ ਪੈਰੋਲ ਅਰਜ਼ੀ ਦਿੱਤੀ ਸੀ। ਪੈਰੋਲ ਅਰਜ਼ੀ ਵਾਪਸ ਲੈਣ ਪਿੱਛੇ ਕੋਈ ਖ਼ਾਸ ਵਜ੍ਹਾ ਨਹੀਂ ਦੱਸੀ ਗਈ।

ਰਾਮ ਰਹੀਮ ਵੱਲੋਂ ਜੇਲ੍ਹ ਸੁਪਰੀਡੈਂਟ ਨੂੰ ਲਿਖੀ ਇੱਕ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਫ਼ਿਲਹਾਲ ਪੈਰੋਲ ਦੀ ਲੋੜ ਨਹੀਂ ਹੈ ਅਤੇ ਜਦੋਂ ਉਨ੍ਹਾਂ ਨੂੰ ਇਸ ਦੀ ਲੋੜ ਮਹਿਸੂਸ ਹੋਵੇਗੀ ਤਾਂ ਉਹ ਲੈ ਲੈਣਗੇ।

ਇਹ ਵੀ ਪੜ੍ਹੋ:

Image copyright Sat singh/bbc
ਫੋਟੋ ਕੈਪਸ਼ਨ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਬਾਹਰ ਰਾਮ ਰਹੀਮ ਦੇ ਸ਼ਰਧਾਲੂ (ਫ਼ਾਈਲ ਫੋਟੋ)

ਡੇਰਾ ਮੁਖੀ ਵੱਲੋਂ ਪੈਰੋਲ ਦੀ ਅਰਜ਼ੀ ਵਾਪਸ ਲੈਣ ਦੀ ਪੁਸ਼ਟੀ ਕਰਦਿਆਂ ਰੋਹਤਕ ਦੇ ਡਿਵਿਜ਼ਨਲ ਕਮਿਸ਼ਨਰ ਪੰਕਜ ਯਾਦਵ ਨੇ ਦੱਸਿਆ, ''ਰਾਮ ਰਹੀਮ ਵੱਲੋਂ ਪੈਰੋਲ ਦੀ ਅਰਜ਼ੀ ਵਾਪਸ ਲੈਣ ਲਈ ਲਿਖੇ ਪੱਤਰ ਨੂੰ ਜੇਲ੍ਹ ਸੁਪਰੀਡੈਂਟ ਵੱਲੋਂ ਸਿਰਸਾ ਦੇ ਡੀਸੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਇਸ ਦੀ ਇੱਕ ਕਾਪੀ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਵੀ ਭੇਜ ਦਿੱਤੀ ਗਈ ਹੈ।''

ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਰਾਮ ਰਹੀਮ ਵੱਲੋਂ ਪੈਰੋਲ ਦੀ ਅਰਜ਼ੀ ਨੂੰ ਵਾਪਸ ਲੈਣ ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਸ ਬਾਬਤ ਪਾਏ ਗਏ ਦਬਾਅ ਦਾ ਅਸਰ ਸਰਕਾਰ ਦੇ ਮੰਤਰੀਆਂ ਤੇ ਪਿਆ ਹੈ।

Image copyright Parbhu Dayal
ਫੋਟੋ ਕੈਪਸ਼ਨ ਸਿਰਸਾ ਦੇ ਡੀਸੀ ਨੂੰ ਸਥਾਨਕ ਜਥੇਬੰਦੀਆਂ ਵੱਲੋਂ ਪਰੋਲ ਖਿਲਾਫ ਦਿੱਤਾ ਗਿਆ ਮੰਗ ਪੱਤਰ

ਇਸ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਖੇਤੀ ਸੰਭਾਲਣ ਲਈ ਮੰਗੀ ਗਈ ਪੈਰੋਲ ਦਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸਿਰਸਾ ਡੇਰੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਪੈਰੋਲ ਦਾ ਵਿਰੋਧ ਕੀਤਾ ਗਿਆ।

ਇਸ ਮਾਮਲੇ ਵਿੱਚ ਲੋਕਾਂ ਦੇ ਵਫਦ ਨੇ ਡੇਰਾ ਮੁਖੀ ਨੂੰ ਪੈਰੋਲ ਨਾ ਦਿੱਤੇ ਜਾਣ ਸੰਬੰਧੀ ਸਿਰਸਾ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੂੰ ਮੰਗ ਪੱਤਰ ਦਿੱਤਾ।

ਰਾਮ ਰਹੀਮ ਦੀ ਪੈਰੋਲ ਅਰਜ਼ੀ ਸਮੇਂ ਕੀ-ਕੀ ਹੋਇਆ

ਗੁਰਮੀਤ ਰਾਮ ਰਹੀਮ ਵੱਲੋਂ ਖੇਤੀ ਦੇ ਕੰਮਾਂ ਲਈ 42 ਦਿਨਾਂ ਦੀ ਪੈਰੋਲ ਲਈ ਅਰਜ਼ੀ 18 ਜੂਨ ਨੂੰ ਪਾਈ ਗਈ ਸੀ। ਇਹ ਅਰਜ਼ੀ ਚਰਚਾ ਦਾ ਵਿਸ਼ਾ ਬਣੀ ਰਹੀ।

ਡੇਰੇ ਵੱਲੋਂ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਦੀ ਵਕਾਲਤ ਕੀਤੀ ਗਈ ਤੇ ਕਿਹਾ ਗਿਆ ਕਿ ਪੈਰੋਲ ਲੈਣਾ ਉਸ ਦਾ ਅਧਿਕਾਰ ਹੈ।

ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਮੁੱਖ ਅਧਿਕਾਰੀ ਨੇ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਬੰਧੀ ਸਿਫਾਰਸ਼ ਮੰਗੀ ਸੀ, ਪੁੱਛਿਆ ਗਿਆ ਸੀ ਕਿ ਕੈਦੀ ਨੂੰ ਪੈਰੋਲ ਦੇਣਾ ਠੀਕ ਹੈ ਜਾਂ ਨਹੀਂ।

ਡਿਪਟੀ ਕਮਿਸ਼ਨਰ ਨੂੰ ਲਿਖੀ ਚਿੱਠੀ ਵਿੱਚ ਦੱਸਿਆ ਗਿਆ ਕਿ ਡੇਰਾ ਮੁਖੀ ਗੁਰਮੀਤ ਸਿੰਘ ਸੀਬੀਆਈ ਕੋਰਟ ਵੱਲੋਂ ਬਲਾਤਕਾਰ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਹੈ।

ਪੈਰੋਲ ਬਾਰੇ ਮੰਗੀ ਗਈ ਸਿਫਾਰਸ਼ ਵਿੱਚ ਡੇਰਾ ਮੁਖੀ 'ਤੇ ਸੀਬੀਆਈ ਕੋਰਟ ਵੱਲੋਂ ਪੱਤਰਕਾਰ ਰਾਮ ਚੰਦਰ ਛੱਤਰਪਤੀ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਇਲਾਵਾ ਦੋ ਹੋਰ ਮਾਮਲੇ ਵਿਚਾਰਧੀਨ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਸੀ।

ਚਿੱਠੀ ਵਿੱਚ ਕਿਹਾ ਗਿਆ ਸੀ ਕਿ ਕੈਦੀ ਗੁਰਮੀਤ ਸਿੰਘ ਦਾ ਜੇਲ੍ਹ ਵਿੱਚ ਰਵੱਈਆ ਚੰਗਾ ਹੈ ਅਤੇ ਉਸ ਨੇ ਜੇਲ੍ਹ ਵਿੱਚ ਕੋਈ ਜੁਰਮ ਨਹੀਂ ਕੀਤਾ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)