ਮੁੱਖ ਸਕੱਤਰ ਬਣੀ ਕੇਸ਼ਨੀ ਆਨੰਦ ਅਰੋੜਾ ਨੇ ਕਿਹਾ, ‘ਸ਼ਰਤਾਂ ਲਗਦੀਆਂ ਸੀ ਕਿ ਔਰਤਾਂ ਡੀਸੀ ਨਹੀਂ ਬਣ ਸਕਦੀਆਂ’

ਹਰਿਆਣਾ

ਆਈਏਐੱਸ ਦੀ ਟ੍ਰੇਨਿੰਗ ਦੌਰਾਨ ਜਦੋਂ ਕੇਸ਼ਨੀ ਆਨੰਦ ਅਰੋੜਾ ਨੂੰ ਡਿਪਟੀ ਕਮਿਸ਼ਨਰ ਦੇ ਕੰਮ ਬਾਰੇ ਦੱਸਿਆ ਜਾ ਰਿਹਾ ਸੀ ਤਾਂ ਇੱਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨੂੰ ਤਾਅਨਾ ਮਾਰਦਿਆਂ ਕਿਹਾ, ਤੁਸੀਂ ਇਸ 'ਤੇ ਇੰਨਾਂ ਧਿਆਨ ਕਿਉਂ ਦੇ ਰਹੇ ਹੋ। ਕੋਈ ਤੁਹਾਨੂੰ ਡੀਸੀ ਦੀ ਪੋਸਟ ਨਹੀਂ ਦੇਣ ਜਾ ਰਿਹਾ।

ਇਸ ਕਿੱਸੇ ਦਾ ਜ਼ਿਕਰ ਕਰਦਿਆਂ ਹੋਇਆਂ ਕੇਸ਼ਨੀ ਕਹਿੰਦੇ ਹਨ ਕਿ ਉਨ੍ਹਾਂ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਸੀ, ਤੁਸੀਂ ਚਿੰਤਾ ਨਾ ਕਰੋ, ਮੈਂ ਇੱਕ ਦਿਨ ਡਿਪਟੀ ਕਮਿਸ਼ਨਰ ਬਣਾਂਗੀ।

ਉਹ ਕਹਿੰਦੇ ਹਨ ਕਿ ਲੋਕ ਤਾਂ ਇਸ ਗੱਲ ਉੱਤੇ ਸ਼ਰਤ ਲਗਾਉਂਦੇ ਸਨ ਕਿ ਕਿਸੇ ਮਹਿਲਾ ਨੂੰ ਡੀਸੀ ਜਾਂ ਦੂਜੇ ਅਹਿਮ ਅਹੁਦੇ ਨਹੀਂ ਮਿਲ ਸਕਦੇ ਹਨ।

ਹਰਿਆਣਾ ਦੇ ਵੱਖਰਾ ਸੂਬਾ ਬਣਨ ਦੇ 25 ਸਾਲ ਬਾਅਦ, 1983 ਬੈਚ ਦੀ ਆਈਏਐੱਸ ਅਧਿਕਾਰੀ ਕੇਸ਼ਨੀ ਹਰਿਆਣਾ ਦੇ ਪਹਿਲੇ ਮਹਿਲਾ ਡਿਪਟੀ ਕਮਿਸ਼ਨਰ ਬਣੇ ਅਤੇ ਇਸੇ ਹਫ਼ਤੇ ਉਹ ਸੂਬੇ ਦੇ ਮੁੱਖ ਸਕੱਤਰ ਬਣੇ।

ਪਰ ਇਹ ਪਲ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਬਹੁਤ ਹੀ ਖ਼ਾਸ ਸੀ ਕਿਉਂਕਿ ਇਹ ਆਪਣੇ ਪਰਿਵਾਰ ਦੀ ਤੀਜੀ ਭੈਣ ਸੀ ਜੋ ਕਿਸੇ ਸੂਬੇ ਦੀ ਮੁੱਖ ਸਕੱਤਰ ਬਣੀ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਦੀਆਂ ਦੋ ਭੈਣਾਂ ਮਿਨਾਕਸ਼ੀ ਆਨੰਦ ਚੌਧਰੀ (1969 ਬੈਚ ਆਈਏਐੱਸ) ਅਤੇ ਉਰਵਸ਼ੀ ਗੁਲਾਟੀ 1975 ਬੈਚ ਆਈਏਐੱਸ) ਉਨ੍ਹਾਂ ਤੋਂ ਪਹਿਲਾਂ ਸੂਬੇ ਦੀ ਮੁੱਖ ਸਕੱਤਰ ਰਹਿ ਚੁੱਕੇ ਹਨ।

ਇਸ ਸਫ਼ਲਤਾ ਦਾ ਪੂਰਾ ਕਰੇਡਿਟ ਉਹ ਆਪਣੇ ਮਾਪੇ ਅਤੇ ਖ਼ਾਸ ਤੌਰ ਤੇ ਪਿਤਾ ਪ੍ਰੋਫ਼ੈਸਰ ਜੀਸੀ ਆਨੰਦ ਨੂੰ ਦਿੰਦੇ ਹਨ।

ਉਹ ਕਹਿੰਦੇ ਹਨ, ''ਇਹ ਉਨ੍ਹਾਂ ਦਾ ਸੁਪਨਾ ਸੀ ਜੋ ਅੱਜ ਪੂਰਾ ਹੋ ਗਿਆ। ਉਨ੍ਹਾਂ ਨੇ ਘਰ ਵਿੱਚ ਅਜਿਹਾ ਮਾਹੌਲ ਬਣਾਇਆ ਸੀ ਜਿਸ ਨਾਲ ਸਾਨੂੰ ਸਾਡੀ ਪੜ੍ਹਾਈ ਤੇ ਪੂਰਾ ਧਿਆਨ ਦੇਣ ਦਾ ਮੌਕਾ ਮਿਲਿਆ।''

ਕੇਸ਼ਨੀ ਆਨੰਦ ਅਰੋੜਾ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਹਾਲਾਤ ਚੰਗੇ ਨਹੀਂ ਸਨ। ਜਦੋਂ ਉਨ੍ਹਾਂ ਦੀ ਵੱਡੀ ਭੈਣ ਮਿਨਾਕਸ਼ੀ ਨੇ 10ਵੀਂ ਜਮਾਤ ਪਾਸ ਕੀਤੀ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਮਾਪਿਆਂ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਹੁਣ ਉਹ ਉਨ੍ਹਾਂ ਦਾ ਵਿਆਹ ਕਰ ਦੇਣ। ਪਰ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਬੁਰੇ ਸਮਾਂ 'ਚ ਤੁਹਾਡੀ ਪੜ੍ਹਾਈ-ਲਿਖਾਈ ਹੀ ਕੰਮ ਆਉਂਦੀ ਹੈ।

ਕੇਸ਼ਨੀ ਦਾ ਪਰਿਵਾਰ ਰਾਵਲਪਿੰਡੀ (ਪਾਕਿਸਤਾਨ) ਤੋਂ ਵੰਢ ਦੇ ਸਮੇਂ ਭਾਰਤ ਆ ਗਿਆ ਸੀ।

ਇੱਕ ਅਜਿਹਾ ਸੂਬਾ ਜੋ ਲਿੰਗ ਅਨੁਪਾਤ ਦੇ ਲਈ ਬਹੁਤ ਬਦਨਾਮ ਹੈ, ਉੱਥੇ ਇੱਕੋ ਹੀ ਪਰਿਵਾਰ ਦੀਆਂ ਤਿੰਨ ਸਕੀਆਂ ਭੈਣਾਂ ਦਾ ਆਈਏਐੱਸ ਬਣਨਾ ਅਤੇ ਫ਼ਿਰ ਬਾਅਦ ਵਿੱਚ ਤਿੰਨਾਂ ਦਾ ਮੁੱਖ ਸਕੱਤਰ ਬਣਨਾ ਬਹੁਤ ਵੱਡੀ ਗੱਲ ਹੈ।

ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਲਿੰਗ ਅਨੁਪਾਤ ਥੋੜ੍ਹਾ ਬਿਹਤਰ ਹੋਇਆ ਹੈ ਅਤੇ ਸੂਬਾ ਸਰਕਾਰ ਨੇ ''ਬੇਟੀ ਬਚਾਓ, ਬੇਟੀ ਪੜ੍ਹਾਓ'' ਵਰਗੀ ਜਾਗਰੂਕਤਾ ਮੁਹਿੰਮ ਵੀ ਚਲਾਈ ਹੈ, ਪਰ ਇਸ ਸਭ ਦੇ ਬਾਵਜੂਦ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਬਹੁਤ ਘੱਟ ਹੈ।

ਕੇਸ਼ਨੀ ਕਹਿੰਦੇ ਹਨ ਕਿ ਲੋਕ ਮਹਿਲਾਵਾਂ ਨੂੰ ਅਹਿਮ ਅਹੁਦਿਆਂ ਉੱਤੇ ਬੈਠਦੇ ਹੋਏ ਦੇਖਣ ਦੇ ਆਦੀ ਨਹੀਂ ਹਨ।

ਇਹ ਵੀ ਪੜ੍ਹੋ:

ਕੇਸ਼ਨੀ ਨੇ ਕਿਹਾ, ''ਜਦੋਂ ਮੈਂ ਕਿਸੇ ਇਲਾਕੇ ਦਾ ਦੌਰਾ ਕਰਨ ਜਾਂਦੀ ਸੀ ਤਾਂ ਲੋਕਾਂ ਨੂੰ ਲਗਦਾ ਸੀ ਕਿ ਡਿਪਟੀ ਕਮਿਸ਼ਨਰ ਸਾਹਿਬ ਦੀ ਪਤਨੀ ਆਈ ਹੈ। ਮੈਨੂੰ ਯਾਦ ਹੈ ਕਿ ਲੋਕ ਪਿੰਡ ਦੇ ਪਟਵਾਰੀ ਤੋਂ ਪੁੱਛਦੇ ਸਨ ਕਿ ਕੀ ਡੀਸੀ ਸਾਹਿਬ ਨੇ ਆਪਣੀ ਧੀ ਨੂੰ ਕੰਮ 'ਤੇ ਲਗਾ ਰੱਖਿਆ ਹੈ।''

ਕੇਸ਼ਨੀ ਕਹਿੰਦੇ ਹਨ ਕਿ ਨੌਕਰਸ਼ਾਹੀ 'ਚ ਮਹਿਲਾਵਾਂ ਦੇ ਲਈ ਚੀਜ਼ਾਂ ਕਦੇ ਵੀ ਆਸਾਨ ਨਹੀਂ ਸਨ।

ਆਪਣੀ ਪਹਿਲੀ ਪੋਸਟਿੰਗ ਨੂੰ ਚੇਤੇ ਕਰਦਿਆਂ ਕੇਸ਼ਨੀ ਕਹਿੰਦੇ ਹਨ, ''ਜਦੋਂ ਪਹਿਲੀ ਵਾਰ ਮੈਨੂੰ ਡਿਪਟੀ ਕਮਿਸ਼ਨਰ ਬਣਾਇਆ ਗਿਆ ਸੀ ਤਾਂ ਕਿਹਾ ਗਿਆ ਕਿ ਜੇ ਮੈਂ ਚੰਗਾ ਪ੍ਰਦਰਸ਼ਨ ਕਰਾਂਗੀ ਤਾਂ ਫ਼ਿਰ ਕਿਸੇ ਹੋਰ ਮਹਿਲਾ ਅਫ਼ਸਰ ਨੂੰ ਇਹ ਪੋਸਟ ਨਹੀਂ ਮਿਲੇਗੀ।"

"ਅਗਲੇ ਸਾਲ ਜਦੋਂ ਟਰਾਂਸਫਰ ਲਿਸਟ ਨਿਕਲੀ ਤਾਂ ਮੈਨੂੰ ਇਹ ਦੇਖ ਕੇ ਖ਼ੁਸ਼ੀ ਹੋਈ ਹੈ ਉਸ 'ਚ ਦੋ ਮਹਿਲਾਵਾਂ ਨੂੰ ਡਿਪਟੀ ਕਮਿਸ਼ਨਰ ਬਣਾਇਆ ਗਿਆ ਸੀ।''

ਕੇਸ਼ਨੀ ਅੱਗੇ ਕਹਿੰਦੇ ਹਨ ਕਿ ਮਹਿਲਾਵਾਂ ਨੂੰ ਹਮੇਸ਼ਾ ਆਪਣੇ ਅਧਿਕਾਰਾਂ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਦੇ ਮੁਤਾਬਕ ਮਹਿਲਾਵਾਂ ਨੂੰ ਹਮੇਸ਼ਾ ਆਪਣੇ ਪੁਰਸ਼ ਅਧਿਕਾਰੀਆਂ ਨੂੰ ਕਹਿਣਾ ਪੈਂਦਾ ਹੈ ਕਿ ਉਹ ਉਨ੍ਹਾਂ ਨੂੰ ਇੱਕ ਅਧਿਕਾਰੀ ਵਾਂਗ ਹੀ ਸਮਝਣ ਨਾ ਕਿ ਮਹਿਲਾ ਜਾਂ ਪੁਰਸ਼ ਦੀ ਤਰ੍ਹਾਂ।

ਅਖ਼ੀਰ ਵਿੱਚ ਉਹ ਕਹਿੰਦੇ ਹਨ ਕਿ ਹਾਲਾਤ ਬਿਹਤਰ ਜ਼ਰੂਰ ਹੋਏ ਹਨ ਪਰ ਅਜੇ ਬਹੁਤ ਕੁਝ ਹੋਣਾ ਬਾਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਮਾਨਸਿਕਤਾ ਬਦਲਣੀ ਚਾਹੀਦੀ ਹੈ। ਉਨ੍ਹਾਂ ਦੇ ਮੁਤਾਬਕ ਜੇ ਮਹਿਲਾਵਾਂ ਨੂੰ ਸਹੀ ਮਾਹੌਲ ਮਿਲੇ ਤਾਂ ਉਹ ਕੁਝ ਵੀ ਹਾਸਿਲ ਕਰ ਸਕਦੀਆਂ ਹਨ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)