ਭਾਰਤ ਵਿੱਚ 'ਸੈਮੀ-ਅਰੇਂਜਡ' ਵਿਆਹ ਦਾ ਰੁਝਾਨ ਕੀ ਹੈ

ਵਿਆਹ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

''ਨਹੀਂ! ਇਹ ਵਿਆਹ ਨਹੀਂ ਹੋ ਸਕਦਾ!!!'

'ਦੁਨੀਆਂ ਵਿੱਚ ਵਿਆਹ ਕਰਨ ਲਈ ਸਭ ਤੋਂ ਵੱਧ ਜ਼ਰੂਰੀ ਕੀ ਹੁੰਦਾ ਹੈ? ਪਿਆਰ! ਭਾਰਤ ਵਿੱਚ 3-4 ਸਟੈੱਪ ਹੋਰ ਹੁੰਦੇ ਹਨ। ਕੁੜੀ ਦੇ ਪਰਿਵਾਰ ਨੂੰ ਮੁੰਡੇ ਨਾਲ ਪਿਆਰ ਹੋਣਾ ਚਾਹੀਦਾ ਹੈ ਅਤੇ ਮੁੰਡੇ ਦੇ ਪਰਿਵਾਰ ਨੂੰ ਕੁੜੀ ਨਾਲ। ਮੁੰਡੇ ਦੀ ਫ਼ੈਮਿਲੀ ਨੂੰ ਕੁੜੀ ਦੀ ਫ਼ੈਮਿਲੀ ਨਾਲ ਪਿਆਰ ਹੋਣਾ ਚਾਹੀਦਾ ਹੈ ਅਤੇ ਕੁੜੀ ਦੀ ਫ਼ੈਮਿਲੀ ਨੂੰ ਮੁੰਡੇ ਦੀ ਫ਼ੈਮਿਲੀ ਨਾਲ। ਇਹ ਸਭ ਹੋ ਜਾਣ ਤੋਂ ਬਾਅਦ ਜੇ ਗ਼ਲਤੀ ਨਾਲ ਥੋੜ੍ਹਾ-ਬਹੁਤ ਪਿਆਰ ਬੱਚ ਜਾਵੇ, ਤਾਂ ਮੁੰਡਾ ਅਤੇ ਕੁੜੀ ਵਿਆਹ ਕਰ ਲੈਂਦੇ ਹਨ!'

ਇਹ ਡਾਇਲਾਗ ਬਾਲੀਵੁੱਡ ਫ਼ਿਲਮਾਂ ਦਾ ਸਿਰਫ਼ ਹਿੱਸਾ ਨਹੀਂ ਹੈ, ਸਗੋਂ ਇਹ ਦਿਖਾਉਂਦੇ ਹਨ ਕਿ ਭਾਰਤੀ ਸਮਾਜ ਵਿੱਚ ਅਸਲ 'ਚ ਵਿਆਹ ਕਿਵੇਂ ਹੁੰਦੇ ਹਨ। ਵਿਆਹ ਸਿਰਫ਼ ਵਿਆਹ ਹੀ ਨਹੀਂ ਹੁੰਦਾ ਸਗੋਂ ਇਹ ਸਮਾਜ ਦੇ ਤਾਨੇ-ਬਾਨੇ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ।

ਵਿਆਹ ਦੱਸਦੇ ਹਨ ਕਿ ਕੋਈ ਖ਼ਾਸ ਸਮਾਜ ਕਿਵੇਂ ਚੱਲ ਰਿਹਾ ਹੈ। ਜੇ ਵਿਆਹਾਂ ਦਾ ਸਮਾਜਿਕ ਅਤੇ ਮਨੋਵਿਗਿਆਨਿਕ ਨਜ਼ਰੀਏ ਨਾਲ ਅਧਿਐਨ ਕੀਤਾ ਜਾਵੇ ਤਾਂ ਕਈ ਅਹਿਮ ਗੱਲਾਂ ਨਿਕਲ ਕੇ ਸਾਹਮਣੇ ਆ ਜਾਣਗੀਆਂ।

ਬਦਲਦੇ ਸਮਾਜ ਦੇ ਸੱਭਿਆਚਾਰਕ ਢਾਂਚੇ ਦੇ ਨਾਲ ਵਿਆਹ ਵੀ ਬਦਲ ਰਹੇ ਹਨ, ਵਿਆਹਾਂ ਦਾ ਤਰੀਕਾ ਵੀ ਬਦਲ ਰਿਹਾ ਹੈ। ਇਹ ਕਹਿਣਾ ਹੈ ਸੰਯੁਕਤ ਰਾਸ਼ਟਰ ਦੀ ਹਾਲ ਹੀ ਵਿੱਚ ਆਈ ਰਿਪੋਰਟ ਦਾ।

ਯੂਐੱਨ ਵੀਮਨ ਨੇ ਇਸ ਸਿਲਸਿਲੇ ਵਿੱਚ ਇੱਕ ਰਿਸਰਚ ਰਿਪੋਰਟ ਛਾਪੀ ਹੈ। ਰਿਪੋਰਟ ਦਾ ਨਾਮ ਹੈ - ਪ੍ਰੋਗ੍ਰੇਸ ਆਫ਼ ਵਰਲਡਸ ਵੀਮਨ 2019-2010: ਫ਼ੈਮਿਲੀਜ਼ ਇਨ ਅ ਚੇਂਜਿੰਗ ਵਰਲਡ।

ਇਹ ਵੀ ਪੜ੍ਹੋ:

Image copyright 2statesmovie/fb
ਫੋਟੋ ਕੈਪਸ਼ਨ ਫ਼ਿਲਮ '2 ਸਟੇਟਸ' ਦਾ ਇੱਕ ਦ੍ਰਿਸ਼। ਫ਼ਿਲਮ ਵਿੱਚ ਅਦਾਕਾਰ ਅਤੇ ਅਦਾਕਾਰਾ ਨੂੰ ਲਵ ਮੈਰਿਜਕਰਨ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ।

ਇਸ ਰਿਪੋਰਟ ਵਿੱਚ ਭਾਰਤੀ ਸਮਾਜ ਅਤੇ ਮਹਿਲਾਵਾਂ ਬਾਰੇ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ ਹਨ:

ਸੈਮੀ ਅਰੇਂਜਡ ਮੈਰਿਜ - ਭਾਰਤ ਵਿੱਚ ਅਜੇ ਵੀ 'ਅਰੇਂਜਡ ਮੈਰਿਡ' ਹਾਵੀ ਹੈ ਪਰ ਹੌਲੀ-ਹੌਲੀ ਇਸ ਦੀ ਥਾਂ 'ਸੈਮੀ-ਅਰੇਂਜਡ ਮੈਰਿਜ' ਨੇ ਲੈ ਲਈ ਹੈ, ਪਰ ਇਹ ਸੇਮੀ ਅਰੇਂਜਡ ਮੈਰਿਜ ਹੈ ਕੀ?

ਯੂਐੱਨ ਨੇ 'ਸੈਮੀ ਅਰੇਂਜਡ ਮੈਰਿਜ' ਨੂੰ ਕੁਝ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ:

'ਸੈਮੀ ਅਰੇਂਜਡ ਮੈਰਿਜ' ਯਾਨੀ ਉਹ ਵਿਆਹ ਜਿਨ੍ਹਾਂ ਵਿੱਚ ਰਿਸ਼ਤੇ ਦੀ ਚੋਣ ਕੁੜੀ ਦੇ ਮਾਪੇ ਅਤੇ ਘਰ ਵਾਲੇ ਹੀ ਕਰਦੇ ਹਨ ਪਰ ਕੁੜੀ ਰਿਸ਼ਤਾ ਪਸੰਦ ਨਾ ਆਉਣ 'ਤੇ ਵਿਆਹ ਤੋਂ ਇਨਕਾਰ ਕਰ ਸਕਦੀ ਹੈ। ਸੰਭਾਵਿਤ ਰਿਸ਼ਤਿਆਂ ਦੀ ਚੋਣ ਕਰਦੇ ਹੋਏ ਉਹ ਆਪਣੀ ਸੁਵਿਧਾ ਅਨੁਸਾਰ ਮੁੰਡੇ ਦੇ ਧਰਮ, ਜਾਤ ਅਤੇ ਆਰਥਿਕ-ਸਮਾਜਿਕ ਪਿਛੋਕੜ ਦਾ ਖ਼ਿਆਲ ਵੀ ਰੱਖਦੇ ਹਨ ਕਿਉਂਕਿ ਅਜਿਹੇ ਵਿਆਹਾਂ ਵਿੱਚ ਕੁੜੀਆਂ ਕੋਲ 'ਨਾ ਕਹਿਣ ਦਾ ਅਧਿਕਾਰ' (ਰਾਈਟ ਟੂ ਰਿਫ਼ਊਜ਼ਲ) ਹੁੰਦਾ ਹੈ। ਭਾਵ ਇਹ ਕਿ ਜੇ ਕੁੜੀ ਨੂੰ ਆਪਣੇ ਮਾਪਿਆਂ ਵੱਲੋਂ ਲਿਆਂਦੇ ਰਿਸ਼ਤੇ ਨਾਲ ਕੋਈ ਇਤਰਾਜ਼ ਹੈ ਤਾਂ ਉਹ ਵਿਆਹ ਤੋਂ ਇਨਕਾਰ ਕਰ ਸਕਦੀ ਹੈ। 'ਸੇਮੀ ਅਰੇਂਜਡ ਮੈਰਿਜ' ਵਿੱਚ ਆਖ਼ਰੀ ਫ਼ੈਸਲਾ ਅਕਸਰ ਕੁੜੀ ਦਾ ਹੀ ਹੁੰਦਾ ਹੈ ਅਤੇ ਉਹ ਮਾਪਿਆਂ ਦੇ ਸਾਹਮਣੇ ਰਿਸ਼ਤਿਆਂ ਦੇ ਹੋਰ ਵਿਕਲਪ ਪੇਸ਼ ਕਰਨ ਨੂੰ ਕਹਿ ਸਕਦੀ ਹੈ।

ਰਿਪੋਰਟ ਮੁਤਾਬਕ, ਜਿਨ੍ਹਾਂ ਕੁੜੀਆਂ ਦੀ 'ਸੈਮੀ ਅਰੇਂਜਡ ਮੈਰਿਜ' ਹੁੰਦੀ ਹੈ, ਵਿਆਹ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੂੰ ਪਾਲਣ, ਫ਼ੈਮਿਲੀ ਪਲਾਨਿੰਗ ਅਤੇ ਘਰ ਦਾ ਖ਼ਰਚਾ ਚਲਾਉਣ ਨਾਲ ਜੁੜੇ ਫ਼ੈਸਲੇ ਲੈਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਵੱਧ ਜਾਂਦੀ ਹੈ। ਇੰਨਾਂ ਹੀ ਨਹੀਂ, ਅਜਿਹੇ ਵਿਆਹਾਂ ਵਿੱਚ ਮਹਿਲਾਵਾਂ ਦੇ ਨਾਲ ਘਰੇਲੂ ਹਿੰਸਾ ਦੀ ਖ਼ਦਸ਼ਾ ਵੀ ਘੱਟ ਹੋ ਜਾਂਦਾ ਹੈ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

'ਲਵ ਕਮ ਅਰੇਂਜਡ ਮੈਰਿਜ' ਤੋਂ ਕਿਵੇਂ ਵੱਖਰੀ ਹੈ 'ਸੈਮੀ ਅਰੇਂਜਡ ਮੈਰਿਜ'?

ਯੂਐੱਨ ਵੀਮਨ ਨਾਲ ਜੁੜੀ ਨਿਸ਼ਠਾ ਸਤਿਅਮ ਨੇ ਬੀਬੀਸੀ ਨੂੰ ਦੱਸਿਆ, ''ਲਵ ਕਮ ਅਰੇਂਜਡ ਮੈਰਿਜ ਭਾਰਤ ਅਤੇ ਦੱਖਣ ਏਸ਼ੀਆ ਦਾ ਚਲਨ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕੁੜੀ ਆਪਣੀ ਮਰਜ਼ੀ ਨਾਲ ਆਪਣਾ ਪਾਰਟਨਰ ਚੁਣਦੀ ਹੈ ਅਤੇ ਪਰਿਵਾਰ ਨੂੰ ਉਸ ਨਾਲ ਮਿਲਾਉਂਦੀ ਹੈ। ਇਸ ਤੋਂ ਬਾਅਦ ਪਰਿਵਾਰ ਆਪਣੀ ਖ਼ੁਸ਼ੀ ਨਾਲ ਉਸਦੇ ਵਿਆਹ ਦਾ ਇੰਤਜ਼ਾਮ ਕਰਦਾ ਹੈ।''

ਨਿਸ਼ਠਾ ਸਤਿਅਮ ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਮੈਂਬਰਾਂ ਵਿੱਚ ਸ਼ਾਮਿਲ ਰਹੇ ਹਨ।

ਉਹ ਕਹਿੰਦੇ ਹਨ, ''ਲਵ ਕਮ ਅਰੇਂਜਡ ਮੈਰਿਜ 'ਚ ਕੁੜੀਆਂ ਦੀ ਚੁਆਇਸ ਦਾ ਦਾਇਰਾ ਜ਼ਿਆਦਾ ਵੱਡਾ ਹੁੰਦਾ ਹੈ। ਉਹ ਅਜਿਹੇ ਸਾਥੀ ਨੂੰ ਚੁਣ ਸਕਦੀ ਹੈ ਜੋ ਉਨ੍ਹਾਂ ਦੀ ਜਾਤ-ਧਰਮ ਅਤੇ ਸਮਾਜਿਕ-ਆਰਥਿਕ ਪਿਛੋਕੜ ਨਾਲ ਮੇਲ ਨਹੀਂ ਖਾਂਦਾ। ਸੈਮੀ ਅਰੇਂਜਡ ਮੈਰਿਜ ਵਿੱਚ ਕੁੜੀ ਦੇ ਕੋਲ ਇਸ ਤਰ੍ਹਾਂ ਦੀ ਸੁਵਿਧਾ ਨਹੀਂ ਹੁੰਦੀ।''

ਹਾਲਾਂਕਿ ਇਸਦਾ ਮਤਲਬ ਇਹ ਨਹੀਂ ਕਿ ਭਾਰਤੀ ਸਮਾਜ ਨਾਲ 'ਅਰੇਂਜਡ ਮੈਰਿਜ' ਦਾ ਚਲਨ ਘਟਿਆ ਹੈ। ਹੁਣ ਵੀ ਭਾਰਤ ਵਿੱਚ ਵੱਡੀ ਗਿਣਤੀ 'ਚ ਅਰੇਂਜਡ ਮੈਰਿਜ ਹੁੰਦੀਆਂ ਹਨ ਅਤੇ ਇੱਕ ਵੱਡਾ ਵਰਗ ਉਨ੍ਹਾਂ ਕੁੜੀਆਂ ਦਾ ਹੈ, ਜਿਨ੍ਹਾਂ ਕੋਲ ਆਪਣਾ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਨਹੀਂ ਹੈ।

ਦੂਜੇ ਪਾਸੇ, ਵਿਆਹ ਨੂੰ ਪੂਰੀ ਤਰ੍ਹਾਂ ਖ਼ਾਰਿਜ ਕਰਨ ਜਾਂ ਵਿਆਹ ਤੋਂ ਇਨਕਾਰ ਕਰਨ ਦਾ ਬਦਲ ਅਜੇ ਵੀ ਬੇਹੱਦ ਘੱਟ ਕੁੜੀਆਂ ਦੇ ਕੋਲ ਹੈ, ਇੱਕ ਫ਼ੀਸਦ ਤੋਂ ਵੀ ਘੱਟ ਕੁੜੀਆਂ ਦੇ ਕੋਲ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਦਾਜ - ਗ਼ੈਰ-ਕਾਨੂੰਨੀ ਅਤੇ ਜ਼ੁਰਮਾਨੇ ਵਾਲਾ ਅਪਰਾਧ ਐਲਾਨੇ ਜਾਣ ਦੇ ਬਾਵਜੂਦ ਭਾਰਤ ਵਿੱਚ ਅਜੇ ਵੀ ਦਾਜ ਵਿਆਹਾਂ ਦਾ ਹਿੱਸਾ ਹੈ। ਰਿਪੋਰਟ ਵਿੱਚ ਦਾਜ ਮੰਗਣ ਵਾਲਿਆਂ ਵਿੱਚ ਸਭ ਤੋਂ ਵੱਡੀ ਗਿਣਤੀ ਖ਼ੁਦ ਮੁੰਡਿਆਂ ਯਾਨੀ ਕਿ ਲਾੜਿਆਂ ਦੀ ਦੱਸੀ ਗਈ ਹੈ। ਇਸ ਤੋਂ ਬਾਅਦ ਲਾੜੇ ਦੀ ਮਾਂ ਯਾਨੀ ਕੁੜੀ ਦੀ ਸੱਸ ਦੇ ਦਾਜ ਦੀ ਮੰਗ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਰਿਪੋਰਟ ਕਹਿੰਦੀ ਹੈ ਕਿ ਦਾਜ ਦਾ ਸੰਬੰਧ ਸਿੱਧੇ ਤੌਰ 'ਤੇ ਘਰੇਲੂ ਹਿੰਸਾ ਨਾਲ ਹੈ ਅਤੇ ਜਿਨ੍ਹਾਂ ਕੁੜੀਆਂ ਦੇ ਮਾਪੇ ਮੁੰਡੇ ਵਾਲਿਆਂ ਨੂੰ ਮੁੰਹ ਮੰਗਿਆ ਦਾਜ ਨਹੀਂ ਦੇ ਪਾਂਦੇ, ਉਨ੍ਹਾਂ ਨਾਲ ਘਰੇਲੂ ਹਿੰਸਾ ਹੋਣ ਦਾ ਖ਼ਦਸ਼ਾ ਵੱਧ ਜਾਂਦਾ ਹੈ।

ਤਲਾਕ - ਰਿਪੋਰਟ ਦੱਸਦੀ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਭਾਰਤ 'ਚ ਹੋਣ ਵਾਲੇ ਤਲਾਕਾਂ ਦੀ ਗਿਣਤੀ ਵਿੱਚ ਲਗਭਗ ਦੋ ਗੁਣਾ ਵਾਧਾ ਹੋਇਆ ਹੈ ਪਰ ਸਿਰਫ਼ 1.1 ਫ਼ੀਸਦ ਮਹਿਲਾਵਾਂ ਅਜਿਹੀਆਂ ਹਨ ਜੋ ਕਾਨੂੰਨੀ ਤੌਰ 'ਤੇ ਤਲਾਕਸ਼ੁਦਾ ਹਨ ਅਤੇ ਇਸ ਵਿੱਚ ਵੀ ਵੱਡੀ ਗਿਣਤੀ ਸ਼ਹਿਰੀ ਮਹਿਲਾਵਾਂ ਦੀ ਹੈ। ਰਿਪੋਰਟ ਮੁਤਾਬਕ, ਜੇ ਮਹਿਲਾ ਕੋਲ ਕੋਈ ਜਾਇਦਾਦ ਜਾਂ ਕਮਾਈ ਦਾ ਸਰੋਤ ਹੈ ਤਾਂ ਉਸਦੇ ਹਿੰਸਕ ਰਿਸ਼ਤੇ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ ਸਿੰਗਲ ਪੈਰੇਂਟ ਮਹਿਲਾਵਾਂ ਦੀ ਗਿਣਤੀ ਵੀ ਵਧੀ ਹੈ ਪਰ ਇਹ ਜ਼ਿਆਦਾਤਰ ਸ਼ਹਿਰੀ ਮਹਿਲਾਵਾਂ ਹਨ।

ਕੰਮਕਾਜੀ ਮਹਿਲਾਵਾਂ ਦੀ ਗਿਣਤੀ ਵਿੱਚ ਗਿਰਾਵਟ - ਰਿਪੋਰਟ ਅਨੁਸਾਰ ਸਕਾਰਾਤਮਕ ਆਰਥਿਕ ਵਿਕਾਸ ਦੇ ਬਾਵਜੂਦ ਭਾਰਤ ਵਿੱਚ ਕੰਮਕਾਜੀ ਮਹਿਲਾਵਾਂ ਦੀ ਗਿਣਤੀ 'ਚ ਕਮੀ ਆਈ ਹੈ, ਯਾਨੀ ਉਨ੍ਹਾਂ ਦਾ ਲੇਬਰ ਫ਼ੋਰਸ ਪਾਰਟੀਸਿਪੇਸ਼ਟ ਰੇਟ (LFPR) ਘਟਿਆ ਹੈ। ਚੀਨ ਵਿੱਚ ਵੀ ਕੁਝ ਇਸੇ ਤਰ੍ਹਾਂ ਦੀ ਸਥਿਤੀ ਹੈ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਕਿੰਨੀ ਬਦਲੀ ਔਰਤਾਂ ਦੀ ਹਾਲਤ?

ਯੂਐੱਨ ਵੀਮਨ ਨਾਲ ਜੁੜੀ ਨਿਸ਼ਠਾ ਸਤਿਅਮ ਦਾ ਮੰਨਣਾ ਹੈ ਕਿ ਰਿਪੋਰਟ ਭਾਰਤੀ ਔਰਤਾਂ ਦੀ ਸਥਿਤੀ ਵਿੱਚ ਹੋ ਰਹੇ ਮਿਲੇ-ਜੁਲੇ ਬਦਲਾਵਾਂ ਨੂੰ ਬਿਆਨ ਕਰਦੀ ਹੈ। ਨਿਸ਼ਠਾ ਭਾਰਤ, ਸ਼੍ਰੀਲੰਕਾ, ਭੂਟਾਨ ਅਤੇ ਮਾਲਦੀਵ ਵਿੱਚ ਯੂਐੱਨ ਵੀਮਨ ਦੀ 'ਡਿਪਟੀ ਕੰਟ੍ਰੀ ਰਿਪ੍ਰਜ਼ੇਂਟੇਟਿਵ ਹਨ।

ਨਿਸ਼ਠਾ ਕਹਿੰਦੇ ਹਨ, ''ਜੇ ਅਸੀਂ ਸੈਮੀ ਅਰੇਂਜਡ ਮੈਰਿਜ ਨੂੰ ਦੇਖੀਏ ਤਾਂ ਤਾਂ ਇਸ ਵਿੱਚ ਕੁੜੀ ਦੇ ਕੋਲ 'ਨਾ' ਕਹਿਣ ਦਾ ਅਧਿਕਾਰ ਤਾਂ ਹੈ ਪਰ ਉਹ ਕਦੋਂ ਤੱਕ 'ਨਾ' ਕਹਿ ਸਕਦੀ ਹੈ, ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਕਦੋਂ ਉਸਨੂੰ 'ਹਾਂ' ਕਰਨਾ ਹੋਵੇਗਾ, ਕਿਹਾ ਨਹੀਂ ਜਾ ਸਕਦਾ। ਉਸ ਕੋਲ ਬਦਲ ਵੀ ਸੀਮਤ ਹਨ, ਉਸਨੂੰ ਉਨ੍ਹਾਂ ਮੁੰਡਿਆਂ ਵਿੱਚੋਂ ਹੀ ਕਿਸੇ ਇੱਕ ਨੂੰ ਚੁਣਨਾ ਪਵੇਗਾ, ਜਿਸ ਨੂੰ ਉਸਦੇ ਮਾਪੇ ਉਸਦੇ ਲਾਇਕ ਸਮਝਦੇ ਹਨ। ਦੂਜੇ ਪਾਸੇ ਇਹ ਜ਼ਰੂਰ ਹੈ ਕਿ 'ਸੇਮੀ ਅਰੇਂਜਡ ਮੈਰਿਜ' ਉਨ੍ਹਾਂ ਵਿਆਹਾਂ ਤੋਂ ਬਿਹਤਰ ਹਨ ਜਿੱਥੇ ਕੁੜੀਆਂ ਦੇ ਕੋਲ ਕੋਈ ਬਦਲ ਹੀ ਨਹੀਂ ਹੁੰਦਾ।''

ਲੇਬਰ ਫ਼ੋਰਸ 'ਚ ਔਰਤਾਂ ਦੀ ਘਟਦੀ ਹਿੱਸੇਦਾਰੀ ਨੂੰ ਨਿਸ਼ਠਾ ਦੋ ਤਰੀਕਿਆਂ ਨਾਲ ਦੇਖਦੇ ਹਨ। ਉਨ੍ਹਾਂ ਨੇ ਕਿਹਾ, ''ਇਹ ਨਿਰਾਸ਼ਾ ਵਾਲਾ ਜ਼ਰੂਰ ਹੈ ਕਿ ਮੌਜੂਦਾ ਸਮੇਂ ਵਿੱਚ ਉੱਚ ਸਿੱਖਿਆ ਹਾਸਿਲ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਵਧੀ ਹੈ ਪਰ ਇਸਦੇ ਨਾਲ ਹੀ ਨੌਕਰੀ ਛੱਡਣ ਵਾਲੀਆਂ ਔਰਤਾਂ ਦੀ ਗਿਣਤੀ ਵੀ ਵਧੀ ਹੈ। ਹਾਲਾਂਕਿ ਇਸਦਾ ਦੂਜਾ ਪਹਿਲੂ ਵੀ ਹੈ। ਹੁਣ ਔਰਤਾਂ ਛੋਟੀ-ਮੋਟੀ ਨੌਕਰੀਆਂ ਨਹੀਂ ਕਰਨਾ ਚਾਹੁੰਦੀਆਂ। ਉਹ ਆਪਣੀ ਯੋਗਤਾ ਮੁਤਾਬਕ, ਚੰਗੀ ਤਨਖ਼ਾਹ 'ਤੇ ਅਤੇ ਵੱਖ-ਵੱਖ ਖ਼ੇਤਰਾਂ ਵਿੱਚ ਕੰਮ ਕਰਨਾ ਚਾਹੁੰਦੀਆਂ ਹਨ। ਉਹ ਕਰੀਅਰ ਦੇ ਮਾਮਲੇ 'ਚ ਸਮਝੌਤਾ ਨਹੀਂ ਕਰਨਾ ਚਾਹੁੰਦੀਆਂ, ਇਹ ਇੱਕ ਸਕਾਰਾਤਮਕ ਸੰਕੇਤ ਹੈ।''

ਨਿਸ਼ਠਾ ਅੱਗੇ ਕਹਿੰਦੇ ਹਨ, ''ਕਈ ਵਾਰ ਮੈਨੂੰ ਤਲਾਕ ਦੀ ਵੱਧਦੀ ਗਿਣਤੀ ਦਾ ਹਵਾਲਾ ਦੇ ਕੇ ਪੁੱਛਿਆ ਜਾਂਦਾ ਹੈ ਕਿ ਕੀ ਟੁੱਟਦੇ ਪਰਿਵਾਰਾਂ ਦੇ ਪਿੱਛੇ ਕਿਤੇ ਨਾ ਕਿਤੇ ਮਹਿਲਾਵਾਂ ਦਾ ਆਤਮ ਨਿਰਭਰ ਹੋਣ ਜ਼ਿੰਮੇਦਾਰ ਹੈ? ਮੈਨੂੰ ਲੱਗਦਾ ਹੈ ਕਿ ਇਹ ਬੇਹੱਦ ਅਫ਼ਸੋਸ ਵਾਲਾ ਹੈ ਕਿ ਅਜੇ ਵੀ ਸਾਡੇ ਮਨ ਵਿੱਚ ਅਜਿਹੀ ਸੋਚ ਲਈ ਥਾਂ ਹੈ। ਸਾਨੂੰ ਖ਼ੁਦ ਨੂੰ ਪੁੱਛਣਾ ਹੋਵੇਗਾ ਕਿ ਜੇ ਕੋਈ ਪਰਿਵਾਰ ਔਰਤ ਦੇ ਨਾਲ ਹੋਣ ਵਾਲੀ ਹਿੰਸਾ ਅਤੇ ਗ਼ੈਰ-ਬਰਾਬਰੀ ਦੀ ਨੀਂਹ 'ਤੇ ਹੀ ਟਿਕਿਆ ਹੈ ਤਾਂ ਉਹ ਪਰਿਵਾਰ ਕਹੇ ਜਾਣ ਦੇ ਲਾਇਕ ਵੀ ਹੈ?''

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)