ਪਾਣੀ 100 ਡਿਗਰੀ 'ਤੇ ਉੱਬਲ ਜਾਂਦਾ ਹੈ, ਇੱਥੇ ਮਜ਼ਦੂਰ 124 ਡਿਗਰੀ ਤਾਪਮਾਨ 'ਚ ਕੰਮ ਕਰ ਰਹੇ

ਤਾਪਮਾਨ, ਇੱਟਾਂ ਦੇ ਭੱਠੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ
ਫੋਟੋ ਕੈਪਸ਼ਨ ਇੱਟਾਂ ਦੇ ਭੱਠੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ

124 ਡਿਗਰੀ ਤਾਪਮਾਨ। ਯਾਨਿ ਉਸ ਤਾਪਮਾਨ ਤੋਂ ਡਬਲ ਜਿਸ ਨੂੰ ਭਾਰਤ ਦੇ ਕਿਸੇ ਵੀ ਆਮ ਸ਼ਖ਼ਸ ਨੇ ਸ਼ਾਇਦ ਹੀ ਝੱਲਿਆ ਹੋਵੇ। ਇਹ ਕਹਾਣੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਦੀਆਂ ਬਣਾਈਆਂ ਇੱਟਾਂ ਦੇ ਘਰਾਂ ਵਿੱਚ ਤੁਸੀਂ ਗਰਮੀ, ਸਰਦੀ ਤੋਂ ਬਚੇ ਰਹਿੰਦੇ ਹੋ। ਪਰ ਇੱਟਾਂ ਦੇ ਇਨ੍ਹਾਂ ਭੱਠਿਆਂ ਵਿੱਚ ਕੰਮ ਕਰਨਾ ਕਿੰਨਾ ਔਖਾ ਹੈ?

ਇਹ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਤੁਸੀਂ ਇੱਟਾਂ ਦੇ ਭੱਠੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਅੱਖਾਂ ਵਿੱਚ ਝਾਕ ਕੇ ਦੇਖੋਗੇ। ਉਨ੍ਹਾਂ ਦੇ ਸੜੇ ਹੋਏ ਹੱਥਾਂ ਨੂੰ ਛੂਹ ਕੇ ਵੇਖੋਗੇ।

ਉਸ ਜ਼ਮੀਨ 'ਤੇ ਖੜ੍ਹੇ ਹੋ ਕੇ ਦੇਖੋਗੇ ਜਿੱਥੇ ਉਹ ਲੱਕੜ ਦੀ ਚੱਪਲ ਪਾ ਕੇ ਭੱਠੀ ਵਿੱਚ ਕੋਲਾ ਪਾਉਂਦੇ ਹਨ।

ਇੱਥੇ ਖੜ੍ਹੇ ਹੋਣਾ, ਕੰਮ ਕਰਨਾ ਅਤੇ ਸਾਹ ਲੈਣਾ ਐਨਾ ਖ਼ਤਰਨਾਕ ਹੈ ਕਿ ਇਸ ਤਾਪਮਾਨ ਦੇ ਇੱਕ ਤਿਹਾਈ ਹਿੱਸੇ ਯਾਨਿ 40 ਡਿਗਰੀ ਨੂੰ ਭਾਰੀ ਤਾਪਮਾਨ ਕਿਹਾ ਜਾਂਦਾ ਹੈ। ਹੁਣ ਸੋਚੋ ਕਿ ਆਖ਼ਰ ਇਹ ਲੋਕ ਐਨਾ ਖ਼ਤਰਨਾਰਕ ਕੰਮ ਕਰਦੇ ਕਿਵੇਂ ਹਨ।

ਇਹ ਵੀ ਪੜ੍ਹੋ:

ਇਹ ਭਾਰਤ ਦੇ ਉਨ੍ਹਾਂ ਕਰੋੜਾਂ ਸੰਗਠਿਤ ਮਜ਼ਦੂਰਾਂ ਦੀ ਕਹਾਣੀ ਹੈ ਜੋ 45 ਤੋਂ 50 ਡਿਗਰੀ ਸੈਲਸੀਅਸ 'ਤੇ ਸਖ਼ਤ ਧੁੱਪ ਵਿੱਚ ਕੰਮ ਕਰਦੇ ਹਨ ਤਾਂ ਜੋ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰ ਸਕਣ।

ਪਰ ਸੰਯੁਕਤ ਰਾਸ਼ਟਰ ਸੰਘ ਦੀ ਹਾਲ ਹੀ ਰਿਪੋਰਟ ਕਹਿੰਦੀ ਹੈ ਕਿ ਸਾਲ 2030 ਤੱਕ ਭਾਰਤ ਵਿੱਚ ਅਜਿਹੀਆਂ 3.4 ਕਰੋੜ ਨੌਕਰੀਆਂ ਵੀ ਖ਼ਤਮ ਹੋ ਜਾਣਗੀਆਂ।

ਫੋਟੋ ਕੈਪਸ਼ਨ ਲੱਕੜੀ ਦੀਆਂ ਚੱਪਲਾਂ ਪਹਿਨ ਕੇ ਕੰਮ ਕਰਦੇ ਮਜ਼ਦੂਰ

ਭਾਰਤ ਵਿੱਚ ਅਜਿਹੇ ਲੋਕਾਂ ਦੀ ਸੰਖਿਆ ਕਰੋੜਾਂ ਵਿੱਚ ਹੈ ਜੋ ਸਖ਼ਤ ਧੁੱਪ ਵਿੱਚ ਸੜਕ ਕਿਨਾਰੇ ਪਕੋੜੇ ਵੇਚਣ, ਪੰਚਰ ਲਗਾਉਣ ਅਤੇ ਪਾਣੀ ਵੇਚਣ ਵਰਗੇ ਕੰਮ ਕਰਦੇ ਹਨ।

ਉੱਥੇ ਹੀ ਖੇਤਾਂ, ਬਿਸਕੁਟ ਬਣਾਉਣ ਵਾਲੀਆਂ ਫੈਕਟਰੀਆਂ, ਧਾਤੂ ਗਲਾਉਣ ਵਾਲੀਆਂ ਭੱਠੀਆਂ, ਅੱਗ-ਬੁਝਾਊ ਦਸਤਾ, ਕੰਸਟ੍ਰਕਸ਼ਨ ਅਤੇ ਇੱਟਾਂ ਦੇ ਭੱਠਿਆਂ ਵਿੱਚ ਕੰਮ ਕਰਨ ਵਾਲੇ ਕਰੋੜਾਂ ਮਜ਼ਦੂਰਾਂ 'ਤੇ ਇਸਦਾ ਅਸਰ ਪਵੇਗਾ ਕਿਉਂਕਿ ਇਨ੍ਹਾਂ ਥਾਵਾਂ ਦਾ ਤਾਪਮਾਨ ਪਹਿਲਾਂ ਤੋਂ ਵੱਧ ਰਹਿੰਦਾ ਹੈ।

ਕੈਥਰੀਨ ਸੇਗੇਟ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੱਧਦੀ ਗਰਮੀ ਕਾਰਨ ਦੁਪਹਿਰ ਵੇਲੇ ਕੰਮ ਕਰਨਾ ਮੁਸ਼ਕਿਲ ਹੋ ਜਾਵੇਗਾ ਜਿਸ ਨਾਲ ਮਜ਼ਦੂਰਾਂ ਦੇ ਨਾਲ-ਨਾਲ ਉਨ੍ਹਾਂ ਨੂੰ ਕੰਮ ਦੇਣ ਵਾਲਿਆਂ ਨੂੰ ਵੀ ਆਰਥਿਕ ਨੁਕਸਾਨ ਹੋਵੇਗਾ।

ਬੀਬੀਸੀ ਨੇ ਇੱਕ ਥਰਮਾਮੀਟਰ ਦੀ ਮਦਦ ਨਾਲ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਰੋੜਾਂ ਮਜ਼ਦੂਰ ਕਿੰਨੇ ਤਾਪਮਾਨ 'ਤੇ ਕੰਮ ਕਰਦੇ ਹਨ ਅਤੇ ਇਸਦਾ ਉਨ੍ਹਾਂ ਦੀ ਸਿਹਤ 'ਤੇ ਕੀ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ:

ਮਜਬੂਰੀ ਸਾੜ ਰਹੀ ਹੈ ਗਰਮੀ ਨਹੀਂ ...

ਭੱਠੇ 'ਤੇ ਕੰਮ ਕਰਨ ਵਾਲੇ ਮਜ਼ਦੂਰ ਰਾਮ ਸੂਰਤ ਦੱਸਦੇ ਹਨ, "ਇੱਥੇ ਕੰਮ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਸਾਡੀ ਮਜਬੂਰੀ ਹੈ, ਇਸ ਲਈ ਕਰ ਰਹੇ ਹਾਂ। ਲੱਕੜੀ ਦੀ ਚੱਪਲ ਪਾ ਕੇ ਕੰਮ ਕਰਦੇ ਹਾਂ। ਰਬੜ ਅਤੇ ਪਲਾਸਟਿਕ ਵਾਲੀਆਂ ਚੱਪਲਾਂ ਸੜ ਜਾਂਦੀਆਂ ਹਨ।"

ਰਾਮ ਸੂਰਤ ਜਿਸ ਥਾਂ ਖੜ੍ਹੇ ਹੋ ਕੇ ਕੰਮ ਕਰ ਰਹੇ ਸਨ, ਉਸ ਜ਼ਮੀਨ ਦਾ ਤਾਪਮਾਨ 110 ਡਿਗਰੀ ਸੈਲਸੀਅਸ ਤੋਂ ਵੱਧ ਸੀ।

ਉੱਥੇ ਹੀ, ਇਸ ਥਾਂ ਦੀ ਹਵਾ ਦਾ ਤਾਪਮਾਨ 80 ਡਿਗਰੀ ਸੈਲਸੀਅਸ ਸੀ।

ਬੀਬੀਸੀ ਨੇ ਜਦੋਂ ਰਾਮ ਸੂਰਤ ਦੇ ਸਰੀਰ 'ਤੇ ਥਰਮਾਮੀਟਰ ਲਗਾਇਆ ਤਾਂ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਸ਼ੁਰੂ ਹੋ ਕੇ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ਮੁਤਾਬਕ, ਸਰੀਰ ਦਾ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੱਧ ਹੋਣ 'ਤੇ ਇਨਸਾਨ ਦੀ ਜਾਨ ਜਾ ਸਕਦੀ ਹੈ।

ਇਨ੍ਹਾਂ ਮਜ਼ਦੂਰਾਂ ਵਿਚਾਲੇ ਕੁਝ ਘੰਟੇ ਬਤੀਤ ਕਰਨ ਤੋਂ ਬਾਅਦ ਹੀ ਬੀਬੀਸੀ ਪੱਤਰਕਾਰ ਦੀਆਂ ਅੱਖਾਂ ਵਿੱਚ ਸਾੜ, ਉਲਟੀ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਇਸਦੇ ਨਾਲ ਹੀ ਇਨ੍ਹਾਂ ਦੇ ਕੰਮ ਕਰਨ ਵਾਲੀ ਥਾਂ 'ਤੇ ਖੜ੍ਹੇ ਹੋ ਕੇ ਗੱਲ ਕਰਦੇ-ਕਰਦੇ ਉੱਚੇ ਤਾਪਮਾਨ ਕਾਰਨ ਬੀਬੀਸੀ ਪੱਤਰਕਾਰ ਦੇ ਬੂਟਾਂ ਦੇ ਸੋਲ ਸੜ ਗਏ।

ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਅਜਿਹੀ ਥਾਂ 'ਤੇ ਕੰਮ ਕਰਨ ਵਾਲਿਆਂ ਦੇ ਸਰੀਰ 'ਤੇ ਇਸਦਾ ਕੀ ਅਸਰ ਪੈਂਦਾ ਹੋਵੇਗਾ।

ਇਸਦਾ ਜਵਾਬ ਰਾਮ ਸੂਰਤ ਦਿੰਦੇ ਹਨ, "ਜਦੋਂ ਇੱਥੇ ਕੰਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਪੇਸ਼ਾਬ ਵਿੱਚ ਸਾੜ ਪੈਣ ਲਗਦਾ ਹੈ। ਇਹ ਕੰਮ ਲਗਤਾਰ ਚਲਦਾ ਰਹਿੰਦਾ ਹੈ। ਛੇ ਘੰਟੇ ਦੇ ਕੰਮ ਵਿੱਚ ਇੱਕ ਮਿੰਟ ਦਾ ਆਰਾਮ ਵੀ ਨਹੀਂ ਮਿਲਦਾ। ਇਸ ਤੋਂ ਬਚਣ ਲਈ ਪਾਣੀ ਪੀਣਾ ਬੰਦ ਕਰ ਦਈਏ ਤਾਂ ਪੇਸ਼ਾਬ ਚਿੱਟਾ ਹੋਣ ਲਗਦਾ ਹੈ।"

"ਡਾਕਟਰ ਨੂੰ ਦਿਖਾਇਆ ਹੈ ਪਰ ਉਹ ਕਹਿੰਦੇ ਹਨ ਕਿ ਭੱਠੇ 'ਤੇ ਕੰਮ ਕਰਨ ਕਰਕੇ ਇਹ ਸਭ ਹੋ ਰਿਹਾ ਹੈ। ਕੰਮ ਨਾ ਕਰੀਏ ਤਾਂ ਠੀਕ ਵੀ ਹੋ ਜਾਂਦੇ ਹਾਂ ਪਰ ਕੰਮ ਕਿੱਥੇ ਛੱਡ ਸਕਦੇ ਹਾਂ। ਮਜਬੂਰੀ ਹੈ।"

ਇਹ ਕਹਿੰਦੇ ਹੋਏ ਰਾਮ ਸੂਰਤ ਵਾਪਿਸ ਭੱਠੀ ਵਿੱਚ ਕੋਲਾ ਪਾਉਣ ਲਗਦੇ ਹਨ ਤਾਂ ਕਿ ਅੱਗ ਬਲਦੀ ਰਹੇ।

ਫੋਟੋ ਕੈਪਸ਼ਨ ਰਾਮ ਸੂਰਤ ਜਿਸ ਸਰੀਏ ਨੂੰ ਫੜ ਕੇ ਭੱਠੀ ਵਿੱਚ ਕੋਲਾ ਸੁੱਟ ਰਹੇ ਹਨ, ਉਸਦਾ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਕਿਤੇ ਵੱਧ ਹੈ

ਰਿਪੋਰਟ ਕਹਿੰਦੀ ਹੈ ਕਿ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ 'ਤੇ ਵਾਤਾਵਰਨ ਦੇ ਬਦਲਾਅ ਦਾ ਜ਼ਿਆਦਾ ਅਸਰ ਹੋਵੇਗਾ ਕਿਉਂਕਿ ਇਹ ਅਕਸਰ ਨੀਵੇਂ ਸਮਾਜਿਕ-ਆਰਥਿਕ ਤਬਕੇ ਤੋਂ ਆਉਂਦੇ ਹਨ ਅਤੇ ਜਾਣਕਾਰੀ ਦੀ ਕਮੀ ਹੋਣ ਕਰਕੇ ਇਹ ਸਰਕਾਰੀ ਸਿਹਤ ਯੋਜਨਾਵਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ।

ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਨਾਲ ਜੁੜੇ ਨੀਵਿਤ ਕੁਮਾਰ ਇਸ ਰਿਪੋਰਟ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਹਿੰਦੇ ਹਨ, "ਮੈਨੂੰ ਹੈਰਾਨੀ ਹੋ ਰਹੀ ਹੈ ਕਿ ਸਿਰਫ਼ 3.4 ਕਰੋੜ ਨੌਕਰੀਆਂ ਦਾ ਅੰਕੜਾ ਹੈ। ਕਿਉਂਕਿ ਸਾਡੀ ਜਾਣਕਾਰੀ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਕਿਤੇ ਵਧੇਰੇ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ।"

"ਇੱਟਾਂ ਦੇ ਭੱਠੇ 'ਤੇ 60-70 ਡਿਗਰੀ ਸੈਲਸੀਅਸ 'ਤੇ ਬਿਨਾਂ ਕਿਸੇ ਖਾਸ ਸੁਰੱਖਿਆ ਉਪਕਰਣ ਦੇ ਲਗਾਤਾਰ ਕਈ ਘੰਟੇ ਕੰਮ ਕਰਨਾ ਮੁਸ਼ਕਿਲ ਹੈ। ਇਹ ਜਿੱਥੇ ਖੜ੍ਹੇ ਹੁੰਦੇ ਹਨ, ਉਸਦੇ ਹੇਠਾਂ ਤਾਂ ਤਾਪਮਾਨ 6-700 ਡਿਗਰੀ ਸੈਲਸੀਅਸ ਹੁੰਦਾ ਹੈ। ਅਜਿਹੇ ਵਿੱਚ ਜੇਕਰ ਨੌਕਰੀਆਂ ਵਧਣਗੀਆਂ ਤਾਂ ਇਹ ਨੌਕਰੀਆਂ ਕਰਨਾ ਮੁਸ਼ਕਿਲ ਹੋ ਜਾਵੇਗਾ।"

ਇਹ ਲੋਕ ਦਸਤਾਨਿਆਂ, ਮਾਸਕ ਸਮੇਤ ਦੂਜੇ ਹੋਰ ਸੁਰੱਖਿਆ ਨਾਲ ਜੁੜੇ ਸਮਾਨ ਦੇ ਬਿਨਾਂ ਨੰਗੇ ਹੱਥਾਂ ਨਾਲ ਇਹ ਕੰਮ ਕਰਦੇ ਹਨ ਤਾਂ ਜੋ ਆਪਣੇ ਬੱਚਿਆਂ ਲਈ ਰੋਜ਼ੀ-ਰੋਟਾ ਦਾ ਜੁਗਾੜ ਕਰ ਸਕਣ।

ਇਹ ਵੀ ਪੜ੍ਹੋ:

ਖ਼ਤਮ ਹੋਇਆ ਦੁਪਹਿਰ ਦਾ ਰੁਜ਼ਗਾਰ

ਬੀਬੀਸੀ ਦੀ ਟੀਮ ਜਦੋਂ ਹਾਈਵੇ ਕੰਢੇ ਰਵਾਇਤੀ ਰੁਜ਼ਗਾਰ 'ਚ ਲੱਗੇ ਲੋਕਾਂ ਦਾ ਹਾਲ ਜਾਣਨ ਪਹੁੰਚੀ ਤਾਂ ਉੱਥੋਂ ਦਾ ਤਾਪਮਾਨ 48 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ।

ਹਾਈਏ ਕੰਢੇ ਮੋਟਰ ਸਾਈਕਲ ਠੀਕ ਕਰਨ ਵਾਲੇ ਮੁਹੰਮਦ ਮੁਸਤਕੀਮ ਸੈਫ਼ੀ ਦੱਸਦੇ ਹਨ ਕਿ ਪਿਛਲੇ ਕੁਝ ਸਾਲਾਂ ਤੋਂ ਦੁਪਹਿਰ 12 ਵਜੇ ਤੋਂ 5 ਵਜੇ ਤੱਕ ਕੰਮ ਬਿਲਕੁਲ ਨਹੀਂ ਆਉਂਦਾ।

ਫੋਟੋ ਕੈਪਸ਼ਨ ਹਾਈਵੇਅ ਕਿਨਾਰੇ ਗੱਡੀਆਂ ਠੀਕ ਕਰਨ ਵਾਲੇ ਮਕੈਨਿਕ ਮੁਹੰਮਦ ਮੁਸਤਕੀਮ ਸੈਫ਼ੀ

ਸੈਫ਼ੀ ਦੱਸਦੇ ਹਨ, "ਗਰਮੀ ਹੁਣ ਇੰਨੀ ਵਧਣ ਲੱਗੀ ਹੈ ਕਿ ਪੂਰਾ ਦਿਨ ਕੋਈ ਕੰਮ 'ਤੇ ਨਹੀਂ ਆਉਂਦਾ ਹੈ। ਪੂਰਾ ਪਰਿਵਾਰ ਲੱਗਿਆ ਹੋਇਆ ਹੈ ਇਸ ਕੰਮ ਵਿੱਚ ਪਰ ਹੁਣ ਕੰਮ ਹੀ ਨਹੀਂ ਆਉਂਦਾ। 12 ਵਜਦਿਆਂ ਸੜਕ 'ਤੇ ਸੁੰਨ ਪਸਰ ਜਾਂਦੀ ਹੈ।"

"ਅੱਲ੍ਹਾ ਹੀ ਜਾਣੇ ਆਉਣ ਵਾਲੇ ਸਾਲਾਂ ਵਿੱਚ ਜਦੋਂ ਗਰਮੀ ਹੋਰ ਵਧੇਗੀ ਤਾਂ ਸਾਡਾ ਕੀ ਹੋਵੇਗਾ। ਕੌਣ ਸਾਡੀ ਮਦਦ ਕਰੇਗਾ? ਮੋਦੀ ਸਰਕਾਰ ਤੋਂ ਤਾਂ ਕੋਈ ਆਸ ਨਹੀਂ ਹੈ। ਹੁਣ ਬਸ ਅੱਲ੍ਹਾ ਦਾ ਹੀ ਸਹਾਰਾ ਹੈ।"

ਨਿਵਿਤ ਕੁਮਾਰ ਦੱਸਦੇ ਹਨ, "ਆਉਣ ਵਾਲੇ ਸਮੇਂ 'ਚ ਗਰਮੀ ਇੰਨੀ ਵਧੇਗੀ ਕਿ ਰਵਾਇਤੀ ਢੰਗ ਨਾਲ ਅਜਿਹੇ ਕੰਮ ਕਰਨਾ ਮੁਸ਼ਕਿਲ ਹੋ ਜਾਵੇਗਾ। ਅਜਿਹੇ 'ਚ ਇਹੋ ਜਿਹੇ ਸਾਰੇ ਉਦਯੋਗਾਂ ਲਈ ਆਪਣੇ ਆਪ ਨੂੰ ਬਦਲਣਾ ਹੋਵੇਗਾ। ਮਿਸਾਲ ਵਜੋਂ ਜੇਕਰ ਇੱਟਾਂ ਦੇ ਭੱਠਿਆਂ ਨੂੰ ਮਸ਼ੀਨੀਕਰਨ ਵੱਲ ਲੈ ਜਾਈਏ ਤਾਂ ਇਸ ਸਮੱਸਿਆ ਦਾ ਕੁਝ ਹੱਲ ਨਿਕਲ ਸਕਦਾ ਹੈ। ਪਰ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ।"

"ਪੱਛਮੀ ਉੱਤਰ ਪ੍ਰਦੇਸ਼ ਵਿੱਚ ਕੁਝ ਭੱਠਿਆਂ ਨੇ ਆਪਣੀ ਤਕਨੀਕ ਵਿੱਚ ਬਦਲਾਅ ਕਰਦਿਆਂ, ਮਜ਼ਦੂਰਾਂ ਲਈ ਆਰਾਮ ਕਰਨ ਦੀ ਥਾਂ ਬਣਾ ਕੇ ਦੇਖਿਆ ਹੈ ਕਿ ਉਨ੍ਹਾਂ ਦਾ ਉਤਪਾਦਨ ਰਵਾਇਤੀ ਭੱਠਿਆਂ ਦੇ ਮੁਕਾਬਲੇ ਕਿਤੇ ਵੱਧ ਹੋ ਰਿਹਾ ਹੈ। ਅਜਿਹੇ ਵਿੱਚ ਇਹ ਸਮਝਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਪੁਰਾਣੇ ਤੌਰ-ਤਰੀਕਿਆਂ ਨਾਲ ਵਪਾਰ ਨੂੰ ਨਹੀਂ ਚਲਾ ਸਕਦੇ ਅਤੇ ਸਾਨੂੰ ਬਦਲਣਾ ਹੋਵੇਗਾ।"

"ਉਦਾਹਰਣ ਲਈ, ਭੱਠਿਆਂ ਨੂੰ ਜ਼ਿਗ-ਜ਼ੈਗ ਤਕਨੀਕ ਰਾਹੀਂ ਚਲਾ ਕੇ ਪ੍ਰਦੂਸ਼ਣ ਘਟ ਕੀਤਾ ਜਾ ਸਕਦਾ ਹੈ, ਇਸ ਤੋਂ ਇਲਾਵਾ ਜੇਕਰ ਉਨ੍ਹਾਂ ਨੂੰ ਆਧੁਨਿਕ ਫੈਕਟਰੀਆਂ ਦੀ ਸ਼ਕਲ ਦੇ ਦਿੱਤੀ ਜਾਵੇ ਤਾਂ ਇੱਥੋਂ ਲੋਕਾਂ ਨੂੰ ਪੂਰੇ ਸਾਲ ਰੁਜ਼ਗਾਰ ਮਿਲ ਸਕਦਾ ਹੈ।"

ਭਾਰਤ 'ਚ ਰੁਜ਼ਗਾਰ ਪੈਦਾ ਕਰਨਾ ਹੁਣ ਵੀ ਸਿਆਸੀ ਦਲਾਂ ਲਈ ਇੱਕ ਸਮੱਸਿਆ ਬਣਿਆ ਹੋਇਆ ਹੈ।

ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਜੇਕਰ ਵਧਦੀ ਗਰਮੀ ਰਵਾਇਤੀ ਰੁਜ਼ਗਾਰਾਂ ਲਈ ਖ਼ਤਰਾ ਪੈਦਾ ਕਰੇਗੀ ਤਾਂ ਅਜਿਹੇ ਰੁਜ਼ਗਾਰਾਂ 'ਚ ਲੱਗੇ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਕਿਵੇਂ ਭਰਨਗੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)