ਕਬੀਰ ਸਿੰਘ ਫ਼ਿਲਮ 'ਤੇ ਵਿਵਾਦ: ਪ੍ਰੇਮ ਸਬੰਧਾਂ ਵਿੱਚ ਹਿੰਸਾ ਝੱਲਣ ਵਾਲੀ ਕੁੜੀ ਦੀ ਅਸਲ ਕਹਾਣੀ

ਫ਼ਿਲਮ ਕਬੀਰ ਸਿੰਘ Image copyright Tseries/TrailerGrab

ਮੈਂ ਅਰਜੁਨ ਰੇੱਡੀ ਉਸੇ ਵੇਲੇ ਵੇਖ ਲਈ ਸੀ, ਜਦੋਂ ਇਹ ਅਮੇਜ਼ਨ ਪ੍ਰਾਈਮ 'ਤੇ ਆਈ ਸੀ। ਫਿਲਮ 'ਤੇ ਮਰਦਵਾਦ ਪੂਰੇ ਤਰੀਕੇ ਨਾਲ ਹਾਵੀ ਸੀ ਪਰ ਕਿਉਂਕਿ ਫਿਲਮ ਤੇਲਗੂ ਵਿੱਚ ਸੀ ਇਸ ਲਈ ਸ਼ਾਇਦ ਮੈਂ ਇਸ ਨਾਲ ਕਨੈਕਟ ਨਹੀਂ ਕਰ ਸਕੀ।

ਪਰ ਜਦੋਂ ਅਰਜੁਨ ਰੇੱਡੀ ਦੀ ਰੀਮੇਕ ਕਬੀਰ ਸਿੰਘ ਰਿਲੀਜ਼ ਹੋਈ, ਇਸ ਉੱਤੇ ਚਰਚਾ ਨੇ ਜ਼ੋਰ ਫੜ੍ਹ ਲਿਆ ਅਤੇ ਫਿਲਮ ਦੇ ਡਾਇਰੈਕਟਰ ਸੰਦੀਪ ਰੇੱਡੀ ਦਾ ਇੰਟਰਵਿਊ ਵਾਇਰਲ ਹੋਣ ਲੱਗਿਆ ਉਦੋਂ ਮੈਂ ਵਾਪਸ ਆਪਣੇ ਉਸੇ ਅਤੀਤ ਵਿੱਚ ਜਾ ਪਹੁੰਚੀ ਜਿੱਥੇ ਸਿਰਫ਼ ਦਰਦ ਸੀ।

ਆਪਣੇ ਪਾਰਟਨਰ ਦੇ ਹੱਥੀਂ ਹਿੰਸਾ ਦਾ ਸ਼ਿਕਾਰ ਹੋਣ ਦਾ ਦਰਦ

ਸੰਦੀਪ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਹੈ "ਜੇ ਦੋ ਲੋਕਾਂ ਵਿਚਾਲੇ ਇੱਕ ਦੂਜੇ ਨੂੰ ਥੱਪੜ ਮਾਰਨ, ਇੱਕ ਦੂਜੇ ਨੂੰ ਗਾਲ ਕੱਢਣ ਦੀ ਆਜ਼ਾਦੀ ਨਹੀਂ ਹੈ ਤਾਂ ਸ਼ਾਇਦ ਇਹ ਸੱਚਾ ਪਿਆਰ ਨਹੀਂ ਹੈ।''

ਉਨ੍ਹਾਂ ਦੇ ਇਸ ਬਿਆਨ ਨੇ ਮੇਰੀਆਂ ਪੁਰਾਣੀਆਂ ਕੌੜੀਆਂ ਯਾਦਾਂ ਅਤੇ ਤਕਰੀਬਨ ਭਰ ਚੁੱਕੇ ਜ਼ਖ਼ਮਾਂ ਨੂੰ ਇੱਕ ਵਾਰ ਫਿਰ ਤਾਜ਼ਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

Image copyright FACEBOOK/KABIRSINGHMOVIE

ਹੁਣ ਮੇਰੀ ਕਹਾਣੀ ਸੁਣੋ: ਸੌ ਫੀਸਦੀ ਸੱਚੀ ਕਹਾਣੀ:

ਮੇਰੇ ਐਕਸ ਬੁਆਏਫਰੈਂਡ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ...ਮੇਰੇ ਵਾਰ-ਵਾਰ ਨਾ ਕਹਿਣ ਅਤੇ ਉਸ ਨੂੰ ਜ਼ਬਰਨ ਧੱਕਾ ਦੇਣ ਦੇ ਬਾਵਜੂਦ ਇਹ ਸਾਡੇ ਰਿਸ਼ਤੇ ਦੀ ਸ਼ੁਰੂਆਤ ਹੀ ਸੀ ਅਤੇ ਮੈਂ ਸੈਕਸ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਸੀ।

ਮੈਂ ਰੋ ਰਹੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਸੈਕਸ ਦਾ ਮੇਰਾ ਪਹਿਲਾ ਤਜ਼ਰਬਾ ਜ਼ਬਰਦਸਤੀ ਦਾ ਹੋਵੇ। ਕੋਈ ਵੀ ਨਹੀਂ ਚਾਹੇਗਾ। ਮੈਨੂੰ ਰੋਂਦੇ ਹੋਏ ਦੇਖ ਕੇ ਉਸ ਨੇ ਬਸ ਇੰਨਾ ਕਿਹਾ, "ਬੇਬੀ ਕੰਟਰੋਲ ਨਹੀਂ ਹੋ ਰਿਹਾ ਸੀ।"

ਉਸ ਦੇ ਮਨ ਵਿੱਚ ਹਮੇਸ਼ਾ ਇਹ ਸ਼ੱਕ ਸੀ ਕਿ ਮੈਂ ਪਹਿਲਾਂ ਵੀ ਕਿਸੇ ਰਿਸ਼ਤੇ ਵਿੱਚ ਰਹਿ ਚੁੱਕੀ ਹਾਂ। ਉਹ ਕਈ ਵਾਰ ਮੈਨੂੰ ਅਜਿਹੀਆਂ ਗੱਲਾਂ ਕਰ ਦਿੰਦਾ ਸੀ ਜਿਸ ਨਾਲ ਮੈਨੂੰ ਠੇਸ ਪਹੁੰਚਦੀ ਸੀ। ਉਸ ਨੂੰ ਸਹਿਮਤੀ ਨਾਲ ਹੋਏ ਸੈਕਸ ਅਤੇ ਸਰੀਰਕ ਸ਼ੋਸ਼ਣ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਸੀ।

ਇਸ ਸਰੀਰਕ ਅਤੇ ਭਾਵਨਾਤਮਕ ਹਿੰਸਾ ਨੇ ਮੇਰੇ 'ਤੇ ਅਜਿਹਾ ਅਸਰ ਕੀਤਾ ਕਿ ਮੈਨੂੰ ਖੁਦਕੁਸ਼ੀ ਦੇ ਖ਼ਿਆਲ ਆਉਣ ਲੱਗੇ ਅਤੇ ਮੈਨੂੰ ਲੱਗਣ ਲਗਿਆ ਸੀ ਕਿ ਇਸ ਹਾਲਾਤ ਵਿੱਚੋਂ ਨਿਕਲਣ ਦਾ ਇੱਕੋ-ਇੱਕ ਰਸਤਾ ਖੁਦਕੁਸ਼ੀ ਹੈ।

ਉਹ ਕਿਸੇ ਵੀ ਵਕਤ ਮੇਰੇ ਕੋਲ ਆ ਜਾਂਦਾ ਸੀ, ਮੇਰਾ ਆਪਣਾ ਕੋਈ ਸਪੇਸ ਨਹੀਂ ਰਹਿ ਗਿਆ ਸੀ, ਕੋਈ ਪ੍ਰਾਇਵੇਸੀ ਨਹੀਂ ਬਚੀ ਸੀ।

ਜੇਕਰ ਮੈਂ ਕਦੇ ਉਸਦੀ ਤਾਂ ਖ਼ੁਦ ਨੂੰ ਪਹਿਲਕਦਮੀ ਦੇਣ ਦੀ ਕੋਸ਼ਿਸ਼ ਵੀ ਕਰਦੀ ਤਾਂ ਉਹ ਮੈਨੂੰ ਨਿਰਾਸ਼ਾ ਨਾਲ ਭਰ ਦਿੰਦਾ ਸੀ। ਹਾਲਾਤ ਐਨੇ ਖ਼ਰਾਬ ਹੋ ਗਏ ਕਿ ਮੈਨੂੰ ਕਾਊਂਸਲਰ ਦੇ ਕੋਲ ਜਾਣਾ ਪਿਆ। ਡਾਕਟਰ ਨੇ ਦੱਸਿਆ ਕਿ ਮੈਂ ਡਿਪ੍ਰੈਸ਼ਨ ਅਤੇ 'ਬਾਰਡਰ ਲਾਈਨ ਪਰਸਨੈਲਿਟੀ ਡਿਸਆਰਡਰ' ਨਾਲ ਜੂਝ ਰਹੀ ਸੀ। ਲਗਾਤਾਰ ਥੈਰੇਪੀ ਤੋਂ ਬਾਅਦ ਆਖ਼ਰਕਾਰ ਮੈਂ ਇਸ ਰਿਸ਼ਤੇ ਤੋਂ ਬਾਹਰ ਨਿਕਲ ਸਕੀ।

ਇਸ ਵਿਚਾਲੇ ਉਹ ਵੀ ਦੂਜੇ ਸ਼ਹਿਰ ਚਲਾ ਗਿਆ ਸੀ। ਇਹ ਰਿਸ਼ਤਾ ਖ਼ਤਮ ਹੋਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਮੈਨੂੰ ਧੋਖਾ ਦੇ ਰਿਹਾ ਸੀ। ਜਦੋਂ ਉਹ ਮੇਰੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ, ਉਸ ਵੇਲੇ ਉਹ ਹੋਰ ਵੀ ਕਈ ਕੁੜੀਆਂ ਨਾਲ ਰਿਸ਼ਤੇ ਵਿੱਚ ਸੀ। ਜਦੋਂ ਮੈਂ ਉਸ ਤੋਂ ਫ਼ੋਨ ਕਰਕੇ ਸਫ਼ਾਈ ਮੰਗੀ ਤਾਂ ਉਸ ਨੇ ਮੈਨੂੰ 'ਯੂਜ਼ ਐਂਡ ਥਰੋ' ਮਟੀਰੀਅਲ ਕਿਹਾ।

ਇਹ ਵੀ ਪੜ੍ਹੋ:

Image copyright FACEBOOK/KABIRSINGHMOVIE
ਫੋਟੋ ਕੈਪਸ਼ਨ ਅਦਾਕਾਰਾ ਕਿਆਰਾ ਅਡਵਾਨੀ

ਮੈਂ ਰਿਸ਼ਤੇ ਵਿੱਚ ਕਿਉਂ ਰਹੀ?

ਹੁਣ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਐਨਾ ਸਭ ਕੁਝ ਹੋਣ ਤੋਂ ਬਾਅਦ ਵੀ ਮੈਂ ਅਜਿਹੇ ਰਿਸ਼ਤੇ ਵਿੱਚ ਕਿਉਂ ਰਹੀ?

ਇਸ ਰਿਸ਼ਤੇ ਵਿੱਚੋਂ ਨਿਕਲਣਾ ਇਸ ਲਈ ਮੁਸ਼ਕਿਲ ਸੀ ਕਿਉਂਕਿ ਉਹ ਮੈਨੂੰ ਰੋਕਣ ਲਈ ਕਿਸੇ ਵੀ ਹੱਦ ਤੱਕ ਚਲਾ ਜਾਂਦਾ ਸੀ। ਉਹ ਮੇਰੇ ਪੀਜੀ ਤੱਕ ਚਲਾ ਆਉਂਦਾ ਸੀ, ਮੇਰੇ ਸਾਹਮਣੇ ਤਰਲੇ ਮਾਰਦਾ ਅਤੇ ਮੇਰੇ ਤੋਂ ਮਾਫ਼ੀ ਮੰਗਦਾ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਮਾਤਾ-ਪਿਤਾ ਜਾਂ ਪੀਜੀ ਦੇ ਲੋਕ ਕਿਸੇ ਵੀ ਤਰ੍ਹਾਂ ਇਸ ਸਭ ਵਿੱਚ ਸ਼ਾਮਲ ਹੋਣ।

ਮੇਰੇ ਨਾਲ ਜੋ ਕੁਝ ਹੋਇਆ, ਮੈਂ ਉਸ ਨੂੰ ਕਾਫ਼ੀ ਸਮੇਂ ਤੱਕ ਹਿੰਸਾ ਸਮਝ ਹੀ ਨਹੀਂ ਸਕੀ। ਮੈਂ ਉਸਦੀਆਂ ਹਰਕਤਾਂ ਦਾ ਬਚਾਅ ਕਰਦੀ ਰਹੀ, ਆਪਣੇ ਤਰਕਾਂ ਦੇ ਸਾਹਮਣੇ ਅਤੇ ਆਪਣੇ ਉਨ੍ਹਾਂ ਦੋਸਤਾਂ ਦੇ ਸਾਹਮਣੇ ਵੀ, ਜੋ ਮੈਨੂੰ ਉਸਦੀ ਅਸਲੀਅਤ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਐਨੇ ਕੁਝ ਹੋਣ ਤੋਂ ਬਾਅਦ ਵੀ ਮੈਂ ਉਸ ਰਿਸ਼ਤੇ ਵਿੱਚ ਕਿਉਂ ਰਹੀ?

ਮੈਂ ਉਸਦੀਆਂ ਕਹੀਆਂ ਗੱਲਾਂ ਨੂੰ 'ਆਖ਼ਰੀ ਸੱਚ' ਮੰਨਣ ਲੱਗੀ ਸੀ। ਜਿੰਨੀ ਵਾਰ ਉਹ ਮੈਨੂੰ ਨਾਲਾਇਕ ਕਹਿੰਦਾ, ਓਨੀ ਵਾਰ ਮੈਂ ਉਸਦਾ ਭਰੋਸਾ ਕਰ ਲੈਂਦੀ ਸੀ।

ਭਾਰਤੀ ਸਮਾਜ ਵਿੱਚ ਔਰਤਾਂ ਨੂੰ 'ਪਰਿਵਾਰ ਦੀ ਇੱਜ਼ਤ' ਸਮਝਿਆ ਜਾਂਦਾ ਹੈ। ਅਸੀਂ ਆਪਣੇ ਪਿਆਰ ਅਤੇ ਰਿਸ਼ਤਿਆਂ ਨੂੰ ਲੁਕਾਉਣ ਲਈ ਰੋਮਾਂਟਿਕ ਸਮਝਦੇ ਹਨ। ਪ੍ਰੇਮ, ਰਿਸ਼ਤਿਆਂ ਅਤੇ ਸੈਕਸ ਦੇ ਬਾਰੇ ਚੰਗੀ ਅਤੇ ਖੁੱਲ੍ਹੀ ਗੱਲਬਾਤ ਬਹੁਤ ਘੱਟ ਹੁੰਦੀ ਹੈ।

ਅਸੀਂ ਫ਼ਿਲਮਾਂ ਨਾਲ ਪਿਆਰ ਕਰਨ ਦਾ ਤਰੀਕਾ ਸਿੱਖਦੇ ਹਾਂ ਅਤੇ ਕਿਉਂਕਿ ਫ਼ਿਲਮਾਂ ਦੀ ਪਹੁੰਚ ਬਹੁਤ ਦੂਰ ਤੱਕ ਹੈ, ਉਹ ਨੌਜਵਾਨਾਂ ਦੇ ਦਿਲਾਂ ਵਿੱਚ ਪਿਆਰ ਦੇ ਉਸ ਕੰਸੈਪਟ ਨੂੰ ਜਨਮ ਦਿੰਦੀ ਹੈ। ਉਸ ਪਿਆਰ ਦੇ ਬਾਰੇ, ਜਿਸਦੇ ਬਾਰੇ ਅਸਲ ਜ਼ਿੰਦਗੀ ਵਿੱਚ ਗੱਲ ਨਹੀਂ ਹੁੰਦੀ।

ਇਹ ਕਾਫ਼ੀ ਹੱਦ ਤੱਕ ਉਸ ਤਰ੍ਹਾਂ ਹੀ ਜਿਵੇਂ ਜ਼ਿਆਦਾਤਰ ਮਰਦ ਪੋਰਨ ਦੇਖ ਕੇ ਸੈਕਸ ਬਾਰੇ ਇੱਕ ਛੋਟੀ ਸਮਝ ਬਣਾ ਲੈਂਦੇ ਹਨ। ਉਹ ਸਮਝ ਅਸਲੀਅਤ ਤੋਂ ਦੂਰ ਹੁੰਦੀ ਹੈ ਕਿਉਂਕਿ ਸੈਕਸ ਦੇ ਬਾਰੇ ਵੀ ਅਸਲ ਜ਼ਿੰਦਗੀ ਵਿੱਚ ਬਹੁਤ ਘੱਟ ਚਰਚਾ ਹੁੰਦੀ ਹੈ।

ਡਾਇਰੈਕਟਰ ਸੰਦੀਪ ਰੇੱਡੀ ਨੇ ਅਨੁਪਮਾ ਚੋਪੜਾ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ 'ਗੁੱਸਾ ਸਭ ਤੋਂ ਅਸਲੀ ਜਜ਼ਬਾਤ ਹੈ ਅਤੇ ਰਿਸ਼ਤੇ ਵਿੱਚ ਲੋਕਾਂ ਨੂੰ ਆਪਣੇ ਪਾਰਟਨਰ ਨੂੰ ਜਦੋਂ ਚਾਹੇ ਛੂਹਣ, ਚੁੰਮਣ, ਗਾਲ ਕੱਢਣ ਅਤੇ ਥੱਪੜ ਮਾਰਨ ਦੀ ਆਜ਼ਾਦੀ ਹੁੰਦੀ ਹੈ।'

ਰੇੱਡੀ ਦੀਆਂ ਇਹ ਗੱਲਾਂ ਮੂਲ ਰੂਪ ਤੋਂ ਮੈਨੂੰ ਮਹਿਲਾ ਵਿਰੋਧੀ ਲੱਗੀਆਂ।

ਇਹ ਵੀ ਪੜ੍ਹੋ:

Image copyright kabirsingh/fb

'ਔਰਤਾਂ, ਜੋ ਚੁੱਪਚਾਪ ਇਹ ਸਭ ਭੁਗਤਦੀਆਂ ਹਨ'

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਚੀਜ਼ਾਂ ਅਕਸਰ ਮਰਦ ਹੀ ਕਰਦੇ ਹਨ। ਭਾਵੇਂ ਉਹ ਪਾਰਟਨਰ ਨੂੰ ਜਦੋਂ ਦਿਲ ਕਰੇ ਉਦੋਂ ਛੂਹਣਾ ਹੋਵੇ ਜਾਂ ਥੱਪੜ ਮਾਰਨਾ ਅਤੇ ਇਹ ਸਭ ਝੱਲਣ ਵਾਲੀਆਂ ਹੁੰਦੀਆਂ ਹਨ ਔਰਤਾਂ। ਔਰਤਾਂ, ਜੋ ਚੁੱਪਚਾਪ ਇਹ ਸਭ ਭੁਗਤਦੀਆਂ ਹਨ।

ਰੇੱਡੀ ਇਸ ਨੂੰ 'ਨਾਰਮਲ' ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।

ਜਿਹੜੇ ਲੋਕ ਕਬੀਰ ਸਿੰਘ ਦਾ ਇਹ ਕਹਿ ਕੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਮਨ ਵਿੱਚ ਕਦੇ ਅਜਿਹਾ ਕਰਨ ਦੀ ਚਾਹਤ ਨਹੀਂ ਹੋਈ ਜਾਂ ਉਹ ਕਦੇ ਅਜਿਹਾ ਨਹੀਂ ਕਰਨਗੇ, ਇਹ ਲੋਕ ਸ਼ਾਇਦ ਉਨ੍ਹਾਂ ਮਰਦਾਂ ਨੂੰ ਨਹੀਂ ਜਾਣਦੇ ਜੋ ਸੱਚਮੁੱਚ ਅਜਿਹਾ ਕਰਦੇ ਹਨ।

ਕਬੀਰ ਸਿੰਘ ਦਾ ਬਚਾਅ ਕਰਨ ਵਾਲੇ ਫਾਇਦਾ ਲੈਣ ਵਾਲੇ ਲੋਕ ਹਨ, ਜਿਨ੍ਹਾਂ ਖ਼ੁਦ ਕਦੇ ਕਰੀਬੀ ਰਿਸ਼ਤਿਆਂ ਵਿੱਚ ਹਿੰਸਾ ਨਹੀਂ ਝੱਲੀ ਅਤੇ ਸ਼ਾਇਦ ਕਦੇ ਝੱਲਣਗੇ ਵੀ ਨਹੀਂ।

ਸੰਦੀਪ ਰੇੱਡੀ ਦੇ ਦਰਸ਼ਕ ਫ਼ਿਲਮ ਦਾ ਪੂਰਾ ਮਜ਼ਾ ਲੈਂਦੇ ਹਨ। ਜਦੋਂ ਕਬੀਰ ਪ੍ਰੀਤੀ ਨੂੰ ਥੱਪੜ ਮਾਰਦਾ ਹੈ ਤਾਂ ਉਹ ਤਾੜੀਆਂ ਮਾਰਦੇ ਹਨ। ਜਦੋਂ ਕਬੀਰ ਆਪਣੀ ਕੰਮ ਵਾਲੀ ਬਾਈ ਨੂੰ ਦੌੜਾਉਂਦਾ ਹੈ ਉਦੋਂ ਉਹ ਹੱਸਦੇ ਹਨ, ਉਹ ਉਸ ਸਥਿਤੀ 'ਤੇ ਹੱਸਦੇ ਹਨ ਜਦੋਂ ਇੱਕ ਗ਼ਰੀਬ ਔਰਤ ਨੂੰ ਕੱਚ ਦਾ ਗਿਲਾਸ ਤੋੜਨ 'ਤੇ ਮਾਰਨ ਲਈ ਦੌੜਾਇਆ ਜਾਂਦਾ ਹੈ।

ਉਹ ਸੀਨ 'ਤੇ ਹੱਸਦੇ ਹਨ ਜਦੋਂ ਕਬੀਰ ਕਿਸੇ ਔਰਤ ਨੂੰ ਚਾਕੂ ਦਿਖਾ ਕੇ ਕੱਪੜੇ ਉਤਾਰਨ ਨੂੰ ਕਹਿੰਦਾ ਹੈ।

ਉਨ੍ਹਾਂ ਨੂੰ ਕਿਸੇ ਕੁੜੀ ਤੋਂ ਬਿਨਾਂ ਪੁੱਛੇ ਉਸ ਨੂੰ ਕਿਸ ਕਰਨਾ ਗ਼ਲਤ ਨਹੀਂ ਲਗਦਾ। ਉਨ੍ਹਾਂ ਦੀ ਜ਼ੁਬਾਨ 'ਤੇ 'ਫੇਮੀਨਿਸਟ' ਸ਼ਬਦ ਹੀ ਨਫ਼ਰਤ ਨਾਲ ਆਉਂਦਾ ਹੈ। ਉਹ ਫ਼ਿਲਮ ਵਿੱਚ ਦਿਖਾਈ ਗਈ ਹਿੰਸਾ ਵੱਲ ਧਿਆਨ ਦਿਵਾਉਣ ਵਾਲਿਆਂ ਨੂੰ 'ਸੂਡੋ' ਕਹਿੰਦੇ ਹਨ, ਜਿਵੇਂ ਕਿ ਡਾਇਰੈਕਟਰ ਸੰਦੀਪ ਰੇੱਡੀ ਨੇ ਕਿਹਾ।

ਰੇੱਡੀ ਮੰਨਦੇ ਹਨ ਕਿ ਪਿਆਰ 'ਅਨਕੰਡੀਸ਼ਨਲ' ਹੁੰਦਾ ਹੈ ਯਾਨਿ ਉਸ ਵਿੱਚ ਕੋਈ ਸ਼ਰਤ ਨਹੀਂ ਹੁੰਦੀ, ਕੋਈ ਸੀਮਾ ਰੇਖਾ ਨਹੀਂ ਹੁੰਦੀ। ਉਹ ਵਾਰ-ਵਾਰ ਕਹਿੰਦੇ ਹਨ ਜੋ ਲੋਕ ਫ਼ਿਲਮ ਦੀ ਬੁਰਾਈ ਕਰ ਰਹੇ ਹਨ ਉਨ੍ਹਾਂ ਨੂੰ ਕਦੇ ਵੀ ਕਿਸੇ ਨਾਲ 'ਅਨਕੰਡੀਸ਼ਨਲ' ਲਵ ਹੋਇਆ ਹੀ ਨਹੀਂ।

ਪਰ ਮੈਂ ਅਜਿਹੀਆਂ ਔਰਤਾਂ ਨੂੰ ਜਾਣਦੀ ਹਾਂ, ਅਜਿਹੀਆਂ ਕਈ ਕੁੜੀਆਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਰੇੱਡੀ ਦੇ ਕੰਸੈਪਟ ਵਾਲੇ 'ਅਨਕੰਡੀਸ਼ਨਲ' ਲਵ ਨੂੰ ਝੱਲਿਆ ਹੈ। ਉਹ ਔਰਤਾਂ ਜਿਨ੍ਹਾਂ ਨੇ ਜ਼ਖ਼ਮ ਝੱਲਿਆ, ਜਿਨ੍ਹਾਂ ਨੂੰ ਤੇਜ਼ਾਬ ਨਾਲ ਸਾੜਿਆ ਗਿਆ, ਜਿਨ੍ਹਾਂ ਦੇ ਸਰੀਰ ਅਤੇ ਆਤਮਾ ਨੂੰ ਸੱਟ ਪਹੁੰਚਾਈ ਗਈ।

ਪਿਆਰ 'ਅਨਕੰਡੀਸ਼ਨਲ' ਜਾਂ ਬਿਨਾਂ ਕਿਸੇ ਸ਼ਰਤਾਂ ਦੇ ਨਹੀਂ ਹੋਣਾ ਚਾਹੀਦਾ। ਇਸ ਵਿੱਚ ਕੁਝ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕਿ- ਇੱਕ ਦੂਜੇ ਲਈ ਇੱਜ਼ਤ, ਸਹਿਮਤੀ ਅਤੇ ਸਪੇਸ। ਇਨ੍ਹਾਂ ਸਭ ਦੇ ਬਿਨਾਂ ਪਿਆਰ ਕੁਝ ਹੋਰ ਨਹੀਂ ਸਗੋਂ ਹਿੰਸਾ ਨੂੰ ਜਾਰੀ ਰੱਖਣ ਦਾ ਇੱਕ ਬਹਾਨਾ ਹੈ।

(ਬੀਬੀਸੀ ਦੀ ਸੰਪਾਦਕੀ ਨੀਤੀ ਦੇ ਤਹਿਤ ਲੇਖਿਕਾ ਦੀ ਨਿੱਜਤਾ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ)

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)