ਕਰਜ਼ਾ ਮੁਆਫ਼ੀ ਤਾਂ ਦੂਰ ਇਹ ਕਿਸਾਨ 'ਮਰੇ ਹੋਏ' ਐਲਾਨੇ ਗਏ

ਕਿਸਾਨ ਕਰਜ਼ਾ ਮੁਆਫ਼ੀ Image copyright sukhcharan preet/BBC

"ਮੇਰਾ ਨਾਂ ਮਰੇ ਹੋਏ ਕਿਸਾਨਾਂ ਦੀ ਲਿਸਟ ਵਿੱਚ ਪਾ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਮੈਂ ਦਫ਼ਤਰ ਸੰਪਰਕ ਕੀਤਾ ਤਾਂ ਮੇਰੇ ਤੋਂ ਕਾਗ਼ਜ਼ ਮੰਗਵਾਏ ਗਏ। ਐਸਡੀਐਮ ਦਫ਼ਤਰ ਵੀ ਬੁਲਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ।"

ਇਹ ਕਹਿਣਾ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਕਿਸਾਨ ਗੁਰਮੁਖ ਸਿੰਘ ਦਾ। ਜਿਨ੍ਹਾਂ ਦਾ ਨਾਮ ਖੇਤੀ ਕਰਜ਼ਾ ਮੁਆਫ਼ ਕਰਨ ਵਾਲਿਆਂ ਦੀ ਸੂਚੀ ਵਿੱਚ ਤਾਂ ਨਹੀਂ ਸੀ ਪਰ ਮ੍ਰਿਤਕ ਕਿਸਾਨਾਂ ਦੀ ਸੂਚੀ ਵਿੱਚ ਆ ਗਿਆ।

ਦਰਅਸਲ ਪੰਜਾਬ ਸਰਕਾਰ ਨੇ ਜੂਨ 2017 ਵਿੱਚ ਪੰਜਾਬ ਦੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਖੇਤੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਇਹ ਖੇਤੀ ਕਰਜ਼ਾ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ ਮੁਆਫ਼ ਕੀਤਾ ਜਾਣਾ ਸੀ।

Image copyright Sukhcharan Preet/BBC

ਜ਼ਿਲ੍ਹਾ ਬਰਨਾਲਾ ਵਿੱਚ ਵੀ ਇਸੇ ਦੇ ਤਹਿਤ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਕਰਜ਼ਾ ਮੁਆਫ਼ੀ ਲਈ ਯੋਗ ਕਿਸਾਨਾਂ ਦੀ ਲਿਸਟ ਜਾਰੀ ਕੀਤੀ ਗਈ ਸੀ।

ਇਸ ਦੇ ਨਾਲ ਹੀ ਪਿੰਡ ਦੇ ਮ੍ਰਿਤਕ ਕਿਸਾਨਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ। ਇਸ ਲਿਸਟ ਵਿੱਚ 13 ਕਿਸਾਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਸੀ। ਪਰ ਕਈ ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਮਰੇ ਹੋਏ ਕਰਾਰ ਦਿੱਤੇ ਗਏ ਕਿਸਾਨ ਜਿਉਂਦੇ ਹਨ।

ਇਹ ਵੀ ਪੜ੍ਹੋ:

Image copyright Sukhcharan Preet/BBC

ਕਾਗਜ਼ਾਂ 'ਚ ਮ੍ਰਿਤਕ ਐਲਾਨਿਆ ਕਿਸਾਨ ਜ਼ਿਉਂਦਾ

ਗੁਰਮੁਖ ਸਿੰਘ ਨੇ ਦੱਸਿਆ, "ਜਦੋਂ ਮੈਂ ਐਸਡੀਐਮ ਦਫ਼ਤਰ ਜਾ ਕੇ ਇਤਰਾਜ਼ ਜਤਾਇਆ ਤਾਂ ਮੈਨੂੰ ਕਿਹਾ ਗਿਆ ਕਿ ਮ੍ਰਿਤਕ ਦਿਖਾਇਆ ਗਿਆ ਗੁਰਮੁਖ ਸਿੰਘ ਪੁੱਤਰ ਬੋਹੜ ਸਿੰਘ ਹੋਰ ਕਿਸਾਨ ਹੈ, ਜਦੋਂ ਕਿ ਖ਼ਾਤਾ ਨੰਬਰ ਲਿਸਟ ਵਿੱਚ ਮੇਰਾ ਹੀ ਪਾਇਆ ਗਿਆ ਸੀ। ਦੂਜਾ ਗੁਰਮੁਖ ਸਿੰਘ ਜਿਹੜਾ ਅਧਿਕਾਰੀ ਕਹਿ ਰਹੇ ਹਨ ਉਹ ਵੀ ਜਿਊਂਦਾ ਹੈ।"

ਉਨ੍ਹਾਂ ਅੱਗੇ ਕਿਹਾ, "ਸਾਡੇ ਪਿੰਡ ਵਿੱਚ ਸਾਲ 1947 ਤੋਂ ਬਾਅਦ ਕਿਸੇ ਗੁਰਮੁਖ ਸਿੰਘ ਪੁੱਤਰ ਬੋਹੜ ਸਿੰਘ ਦੀ ਮੌਤ ਨਹੀਂ ਹੋਈ। ਫਿਰ ਮੈਨੂੰ ਕਿਹਾ ਗਿਆ ਕਿ ਤੁਹਾਡੇ ਕੋਲ ਚਾਰ ਕਿੱਲੇ ਜ਼ਮੀਨ ਹੈ ਅਤੇ ਕਰਜ਼ਾ ਦੋ ਲੱਖ ਤੋਂ ਜ਼ਿਆਦਾ ਹੈ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਿਸ ਕੋਲ ਵਾਧੂ ਪੈਸਾ ਜਮ੍ਹਾ ਹੈ, ਕੀ ਉਸ ਦਾ ਕਰਜ਼ਾ ਮੁਆਫ਼ ਹੋਵੇਗਾ।"

ਉਨ੍ਹਾਂ ਦੇ ਨਾਲ ਬੈਠੇ ਕਿਸਾਨ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਨਾਂ ਗੁਰਮੁਖ ਸਿੰਘ ਪੁੱਤਰ ਬੋਹੜ ਸਿੰਘ ਹੈ।

Image copyright Sukhcharan Preet/BBC
ਫੋਟੋ ਕੈਪਸ਼ਨ ਜਰਨੈਲ ਸਿੰਘ ਦਾ ਕਹਿਣਾ ਹੈ ਦੋ-ਤਿੰਨ ਵਾਰ ਸੋਸਾਇਟੀ ਵਿੱਚ ਸੂਚੀ ਠੀਕ ਕਰਵਾਉਣ ਲਈ ਕਾਗ਼ਜ਼ ਵੀ ਦਿੱਤੇ ਪਰ ਮਾਮਲਾ ਹੱਲ ਨਹੀਂ ਹੋਇਆ

ਸੂਚੀ ਵਿੱਚ ਗੜਬੜੀ ਲਈ ਜ਼ਿੰਮੇਵਾਰ ਕੌਣ

ਇਸ ਪਿੰਡ ਦੇ ਇੱਕ ਹੋਰ ਕਿਸਾਨ ਸੁਖਵੰਤ ਸਿੰਘ ਨੇ ਦੱਸਿਆ, "ਮੇਰੇ ਕੋਲ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਹੈ। ਮੇਰਾ ਨਾਂ ਮਰੇ ਹੋਏ ਕਿਸਾਨਾਂ ਦੀ ਲਿਸਟ ਵਿੱਚ ਲਿਖ ਦਿੱਤਾ ਗਿਆ। ਇਸ ਲਈ ਸੁਸਾਇਟੀ ਦੇ ਮੁਲਾਜ਼ਮ ਹੀ ਜ਼ਿੰਮੇਵਾਰ ਹਨ। ਸਾਡੇ ਰੌਲਾ ਪਾਉਣ ਤੋਂ ਬਾਅਦ ਵੀ ਕਿਸੇ ਅਧਿਕਾਰੀ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਸਾਡਾ ਨਾਂ ਮ੍ਰਿਤਕਾਂ ਦੀ ਸੂਚੀ ਵਿੱਚੋਂ ਕੱਢਿਆ ਜਾਵੇ ਅਤੇ ਸਾਡਾ ਕਰਜ਼ਾ ਮੁਆਫ਼ ਕੀਤਾ ਜਾਵੇ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
"ਮੈਨੂੰ ਫਾਰਮ ਭਰਕੇ ਸਾਬਿਤ ਕਰਨਾ ਪਿਆ ਕਿ ਮੈਂ ਜਿਉਂਦਾ ਹਾਂ" VIDEO

ਇਸੇ ਪਿੰਡ ਵਿੱਚ ਸਾਨੂੰ ਕਿਸਾਨ ਜਰਨੈਲ ਸਿੰਘ ਵੀ ਮਿਲੇ। ਜਰਨੈਲ ਸਿੰਘ ਦਾ ਕਹਿਣਾ ਹੈ, "ਇਹ ਨਹੀਂ ਪਤਾ ਕਿਸ ਅਧਿਕਾਰੀ ਦੀ ਗ਼ਲਤੀ ਹੈ ਪਰ ਸਾਨੂੰ ਤਾਂ ਮਰਿਆਂ ਵਿੱਚ ਲਿਖਿਆ ਹੋਇਆ ਹੈ। ਦੋ-ਤਿੰਨ ਵਾਰ ਸੋਸਾਇਟੀ ਵਿੱਚ ਠੀਕ ਕਰਵਾਉਣ ਲਈ ਕਾਗ਼ਜ਼ ਵੀ ਦਿੱਤੇ ਪਰ ਸਾਡਾ ਮਾਮਲਾ ਹੱਲ ਨਹੀਂ ਹੋਇਆ। ਡਿਪਟੀ ਕਮਿਸ਼ਨਰ ਸਾਡੇ ਪਿੰਡ ਆਏ ਸਨ ਤਾਂ ਉਨ੍ਹਾਂ ਨੂੰ ਵੀ ਮੈਂ ਆਪਣਾ ਮਾਮਲਾ ਦੱਸਿਆ ਸੀ ਪਰ ਹਾਲੇ ਤੱਕ ਸਾਡੇ ਨਾਲ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੇ ਸੰਪਰਕ ਨਹੀਂ ਕੀਤਾ।"

ਇਹ ਵੀ ਪੜ੍ਹੋ:

ਅਧਿਕਾਰੀਆਂ ਦਾ ਦਾਅਵਾ

ਇਸ ਮਾਮਲੇ ਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦਾ ਕਹਿਣਾ ਹੈ ਕਿ ਸੂਚੀ ਨੂੰ ਠੀਕ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ, "ਅਸੀਂ ਇਸ ਮਾਮਲੇ ਦੀ ਜਾਂਚ ਕੀਤੀ ਹੈ। ਬਰਾਂਚ ਮੈਨੇਜਰ ਵੱਲੋਂ ਆਪਣੀ ਗ਼ਲਤੀ ਸਵੀਕਾਰ ਕੀਤੀ ਗਈ ਹੈ। ਸੋਸਾਇਟੀ ਦੇ ਸਕੱਤਰ ਅਤੇ ਬਰਾਂਚ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੂਚੀ ਵੀ ਠੀਕ ਕਰ ਦਿੱਤੀ ਗਈ ਹੈ। ਇਨ੍ਹਾਂ 13 ਵਿੱਚੋਂ ਦੋ ਕਿਸਾਨਾਂ ਦੀ ਮੌਤ ਹੋਈ ਹੈ ਜਦੋਂਕਿ ਬਾਕੀ 11 ਕਿਸਾਨਾਂ ਵਿੱਚੋਂ ਜਿਹੜੇ ਯੋਗ ਪਾਏ ਜਾਣਗੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ।"

Image copyright Sukhcharan Preet/BBC
ਫੋਟੋ ਕੈਪਸ਼ਨ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦਾ ਕਹਿਣਾ ਹੈ ਕਿ ਸੂਚੀ ਨੂੰ ਠੀਕ ਕਰ ਦਿੱਤਾ ਗਿਆ ਹੈ

ਕੋਆਪਰੇਟਿਵ ਸੋਸਾਇਟੀ ਦੇ ਡਿਪਟੀ ਰਜਿਸਟਰਾਰ ਜਤਿੰਦਰਪਾਲ ਸਿੰਘ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਲਈ ਸੰਪਰਕ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਿਉਂਦੇ ਕਿਸਾਨਾਂ ਨੂੰ ਮ੍ਰਿਤਕ ਲਿਖਣਾ, ਕੰਮ ਵਿੱਚ ਕੀਤੀ ਗਈ ਅਣਗਹਿਲੀ ਹੈ।

ਉਨ੍ਹਾਂ ਦੱਸਿਆ, "ਬੀਤੀ 14 ਜੂਨ ਨੂੰ ਇਹ ਸੂਚੀ ਜਾਰੀ ਕੀਤੀ ਗਈ ਸੀ। ਅਣਗਹਿਲੀ ਦਾ ਪਤਾ ਲੱਗਣ 'ਤੇ 21 ਜੂਨ ਨੂੰ ਕੋਆਪਰੇਟਿਵ ਸੋਸਾਇਟੀ ਦੇ ਸੈਕਟਰੀ ਨੂੰ ਬਡਬਰ ਸੋਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। 27 ਜੂਨ ਨੂੰ ਬਰਾਂਚ ਮੈਨੇਜਰ ਨੂੰ ਕੋਆਪਰੇਟਿਵ ਸੋਸਾਇਟੀ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। 22 ਜੂਨ ਨੂੰ ਹੀ ਵਿਭਾਗ ਵੱਲੋਂ ਸੂਚੀ ਠੀਕ ਕਰ ਦਿੱਤੀ ਗਈ ਸੀ।"

"ਇਨ੍ਹਾਂ ਨੂੰ ਦੋਸ਼ ਪੱਤਰ ਭੇਜ ਕੇ ਜੁਆਬ ਤਲਬੀ ਕੀਤੀ ਜਾਵੇਗੀ ਅਤੇ ਇਸ ਦੇ ਅਧਾਰ ਉੱਤੇ ਹੀ ਜਾਂਚ ਮੁਕੰਮਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿੱਥੋਂ ਤੱਕ ਕਰਜ਼ਾ ਮੁਆਫ਼ੀ ਦਾ ਸਬੰਧ ਹੈ ਇਨ੍ਹਾਂ 13 ਕਿਸਾਨਾਂ ਵਿੱਚੋਂ ਇੱਕ ਕਿਸਾਨ ਦਾ ਪਹਿਲਾਂ ਹੀ ਕਰਜ਼ਾ ਮੁਆਫ਼ ਹੋ ਚੁੱਕਾ ਹੈ। 6 ਕਿਸਾਨਾਂ ਦਾ ਮਾਮਲਾ ਐਸਡੀਐਮ ਦਫ਼ਤਰ ਵੱਲੋਂ ਪਹਿਲਾਂ ਹੀ ਅਯੋਗ ਕਰਾਰ ਦਿੱਤਾ ਗਿਆ ਸੀ। ਬਾਕੀ ਛੇ ਕਿਸਾਨ ਮੁਆਫ਼ੀ ਲਈ ਨਿਯਮਾਂ ਅਧੀਨ ਜੇ ਯੋਗ ਪਾਏ ਜਾਂਦੇ ਹਨ ਤਾਂ ਉਨ੍ਹਾਂ ਦਾ ਵੀ ਕਰਜ਼ਾ ਅਗਲੇ ਪੜਾਅ ਵਿੱਚ ਮੁਆਫ਼ ਕਰ ਦਿੱਤਾ ਜਾਵੇਗਾ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)