ਵਿਸ਼ਵ ਕੱਪ 2019 : ਕੋਹਲੀ-ਧੋਨੀ-ਸ਼ਾਸਤਰੀ ਦਾ ਹੁਣ ਕੀ ਬਣੇਗਾ

ਕੋਹਲੀ-ਧੋਨੀ-ਸ਼ਾਸਤਰੀ Image copyright AFP
ਫੋਟੋ ਕੈਪਸ਼ਨ ਕੋਹਲੀ, ਧੋਨੀ ਅਤੇ ਸ਼ਾਸਤਰੀ ਦੀ ਤਿਕੜੀ ਅਗਲੇ ਆਈਸੀਸੀ ਇਵੈਂਟ 'ਚ ਇਕੱਠੇ ਡ੍ਰੈਸਿੰਗ ਰੂਮ ਵਿੱਚ ਨਜ਼ਰ ਨਹੀਂ ਆਵੇਗੀ

ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਦੀ ਹਾਰ ਤੋਂ ਬਾਅਦ ਵੀਰਵਾਰ ਨੂੰ ਸੂਰਜ ਨਿਕਲਿਆ ਅਤੇ ਅੱਗੇ ਵੀ ਨਿਕਲਦਾ ਰਹੇਗਾ।

ਪਰ ਲੱਗਿਆ ਇਹ ਕਿ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਓਲਡ ਟਰੈਫਡ ਮੈਦਾਨ ਦੇ ਮੁਕਾਬਲੇ ਵਿੱਚ ਭਾਰਤ ਦੀ ਹਾਰ ਦੇ ਨਾਲ ਸਭ ਕੁਝ ਰੁਕ ਗਿਆ।

ਬੇਸ਼ੱਕ ਖਿਡਾਰੀ ਅਤੇ ਕ੍ਰਿਕਟ ਪ੍ਰੇਮੀ ਇਸ ਗੱਲ ਤੋਂ ਨਿਰਾਸ਼ ਹੋਣਗੇ ਕਿ ਲੀਗ ਮੁਕਾਬਲੇ ਵਿੱਚ ਸਭ ਤੋਂ ਮੋਹਰੀ ਟੀਮ ਹੋਣ ਦੇ ਬਾਅਦ ਵੀ ਨੌਕਆਊਟ ਰਾਊਂਡ ਵਿੱਚ ਪਹਿਲੇ ਹੀ ਮੁਕਾਬਲੇ 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਗੱਲ ਵੀ ਸਹੀ ਹੈ ਕਿ ਭਾਰਤੀ ਕ੍ਰਿਕਟਰਾਂ ਲਈ ਜੀਵਨ ਇੰਝ ਹੀ ਚਲਦਾ ਰਹੇਗਾ ਜਿਵੇਂ 2015 ਦੇ ਵਿਸ਼ਵ ਕੱਪ ਸੈਮੀਫਾਈਨਲ 'ਚ ਆਸਟਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਚਲਦਾ ਰਿਹਾ ਸੀ।

ਇਹ ਵੀ ਪੜ੍ਹੋ-

ਉਹ ਇਕੱਠੇ ਭਾਰਤ ਵਾਪਸ ਆਉਣਗੇ ਅਤੇ ਸਦਮੇ ਵਿਚੋਂ ਨਿਕਲਦਿਆਂ ਹੋਇਆ ਖ਼ੁਦ ਨੂੰ ਯਾਦ ਕਰਵਾਉਣਗੇ ਕਿ ਦੁਨੀਆਂ ਦੀ ਉਹ ਸਭ ਤੋਂ ਵਧੀਆ ਟੀਮ ਹੈ।

ਬਾਵਜੂਦ ਇਸ ਦੇ ਇਹ ਕਲਪਨਾ ਕਰਨਾ ਮੁਸ਼ਕਿਲ ਹੀ ਹੈ ਕਿ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਅਤੇ ਕੋਚ ਰਵੀ ਸ਼ਾਸਤਰੀ ਕਿਸੇ ਆਈਸੀਸੀ ਇਵੈਂਟ ਵਿੱਚ ਟੀਮ ਬੱਸ ਵਿੱਚ ਇਕੱਠੇ ਨਜ਼ਰ ਆਉਣਗੇ।

ਸਵਾਲ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਸ਼ਾਸਤਰੀ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਨਿਊਜ਼ਲੈਂਡ ਦੇ ਸਾਹਮਣੇ ਦੌੜਾਂ ਦਾ ਪਿੱਛਾ ਕਰਦਿਆਂ ਹੋਇਆ ਟੀਮ ਇੰਡੀਆ 'ਤੇ ਜੋ ਦਬਾਅ ਸੀ, ਉਸ ਨੂੰ ਝੱਲਣ ਲਈ ਟੀਮ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਸੀ?

Image copyright AFP
ਫੋਟੋ ਕੈਪਸ਼ਨ ਇਕੱਠੇ ਭਾਰਤ ਵਾਪਸ ਆਉਣਗੇ ਅਤੇ ਸਦਮੇ ਵਿਚੋਂ ਨਿਕਲਦਿਆਂ ਹੋਇਆ ਖ਼ੁਦ ਨੂੰ ਯਾਦ ਕਰਵਾਉਣਗੇ ਕਿ ਦੁਨੀਆਂ ਦੀ ਉਹ ਸਭ ਤੋਂ ਵਧੀਆ ਟੀਮ ਹੈ

ਜਿਵੇਂ ਕਿ ਮੈਚ ਤੋਂ ਜ਼ਾਹਿਰ ਹੁੰਦਾ ਹੈ ਅਤੇ ਕੋਹਲੀ ਨੇ ਵੀ ਸਵੀਕਾਰ ਕੀਤਾ ਕਿ ਜਿਸ ਤਰ੍ਹਾਂ ਨਿਊਜ਼ੀਲੈਂਡ ਨੇ ਆਪਣੀਆਂ ਦੌੜਾਂ ਦਾ ਬਚਾਅ ਕੀਤਾ, ਉਸ ਨਾਲ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਈ ਹੈ।

ਇਸ ਨਾਲ ਇਹ ਮੰਨਿਆ ਜਾ ਸਕਦਾ ਹੈ ਕਿ ਸ਼ਾਸਤਰੀ ਅਤੇ ਉਨ੍ਹਾਂ ਦੀ ਕੋਚਿੰਗ ਟੀਮ ਨੇ ਖਿਡਾਰੀਆਂ ਨੂੰ ਤਿਆਰ ਕੀਤਾ ਸੀ।

ਸ਼ਾਸਤਰੀ ਦੀ ਆਸ

ਇਸ ਸਾਲ ਦੀ ਸ਼ੁਰੂਆਤ ਵਿੱਚ ਜਦੋਂ ਭਾਰਤੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ ਤਾਂ ਹੈਮਿਲਟਨ ਵਿੱਚ ਗੇਂਦਬਾਜ਼ਾਂ ਨੂੰ ਮਦਦ ਕਰਨ ਵਾਲੀ ਪਿਚ 'ਤੇ ਭਾਰਤੀ ਬੱਲੇਬਾਜ਼ਾਂ ਦਾ ਹਾਲ ਸ਼ਾਸਤਰੀ ਨੇ ਦੇਖਿਆ ਹੀ ਸੀ।

ਅਜਿਹੇ 'ਚ ਉਨ੍ਹਾਂ ਦੇ ਦਿਲ ਦੇ ਕਿਸੇ ਕੋਨੇ ਵਿੱਚ ਆਸ ਰਹੀ ਹੋਵੇਗੀ ਕਿ ਓਲਡ ਟਰੈਫਡ ਦੇ ਮੈਦਾਨ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ, ਨਿਊਜ਼ੀਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਯੂਨਿਟ ਦੇ ਸਾਹਮਣੇ ਥੋੜ੍ਹਾ ਬਿਹਤਰ ਹੋਵੇ।

ਅਜਿਹੇ 'ਚ ਸਵਾਲ ਭਾਰਤੀ ਖਿਡਾਰੀਆਂ 'ਤੇ ਉਠਦਾ ਹੈ ਕਿ ਕੀ ਉਹ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰ ਸਕੇ ਜਾਂ ਫਿਰ ਆਪਣੀ ਪੂਰੀ ਸਮਰੱਥਾ ਨਾਲ ਖੇਡੇ?

ਦਿਨੇਸ਼ ਕਾਰਤਿਕ, ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਦੇ ਖਰਾਬ ਸ਼ੌਟਸ ਚੋਣ ਅਤੇ ਕਪਤਾਨ ਦੀ ਚੋਣ ਅਤੇ ਰਣਨੀਤਕ ਫ਼ੈਸਲੇ ਲਈ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੋਵੇਗਾ, ਉਂਝ ਵੀ ਟੌਸ ਤੋਂ ਬਾਅਦ ਟੀਮ ਨੂੰ ਚਲਾਉਣ ਦਾ ਕੰਮ ਕਪਤਾਨ ਦਾ ਹੀ ਹੁੰਦਾ ਹੈ।

ਟੌਸ ਤੋਂ ਪਹਿਲਾਂ ਕੋਹਲੀ ਨੇ ਮੁਹੰਮਦ ਸ਼ਮੀ 'ਤੇ ਤਰਜ਼ੀਹ ਦਿੰਦਿਆਂ ਹੋਇਆ ਦਿਨੇਸ਼ ਕਾਰਤਿਕ ਨੂੰ ਵਾਧੂ ਬੱਲੇਬਾਜ਼ ਵਜੋਂ ਚੁਣਿਆ ਤਾਂ ਜੋ ਸ਼ੁਰੂਆਤੀ ਝਟਕੇ ਲੱਗਣ ਤਾਂ ਟੀਮ ਨੂੰ ਮੁਸ਼ਕਿਲ ਨਾ ਹੋਵੇ।

ਹਾਲਾਂਕਿ ਨਿਊਜ਼ੀਲੈਂਡ ਦੀ ਪਾਰੀ ਦੌਰਾਨ ਜਦੋਂ ਹੈਨਰੀ ਨਿਕੋਲਸ, ਰੌਸ ਟੇਲਰ ਆਪਣੇ ਕਪਤਾਨ ਕੇਨ ਵਿਲੀਅਮਸਨ ਦੀ ਮਦਦ ਕਰ ਰਹੇ ਸਨ ਉਦੋਂ ਟੀਮ ਮੁਹੰਮਦ ਸ਼ਮੀ 'ਚ ਵਿਕਟ ਲੈਣ ਦੀ ਖੂਬੀ 'ਚ ਕਮੀ ਦਾ ਅਹਿਸਾਸ ਹੋਇਆ।

Image copyright AFP
ਫੋਟੋ ਕੈਪਸ਼ਨ ਇਹ ਵੀ ਕਿਸਮਤ ਦਾ ਕੋਈ ਪੁੱਠਾ ਹੀ ਗੇੜ ਸੀ ਕਿ ਸੈਮੀਫਾਈਨਲ ਤੋਂ ਪਹਿਲਾਂ ਤੋਂ ਹੀ ਧੋਨੀ ਦੀ ਨੀਤ 'ਤੇ ਲੋਕ ਚਰਚਾ ਕਰ ਰਹੇ ਸਨ

ਇਸ ਫ਼ੈਸਲੇ ਦਾ ਦੂਜਾ ਨੁਕਸਾਨ ਉਦੋਂ ਹੋਇਆ ਜਦੋਂ ਦਿਨੇਸ਼ ਕਾਰਤਿਕ ਬੱਲੇਬਾਜ਼ੀ 'ਚ ਕੁਝ ਖ਼ਾਸ ਨਹੀਂ ਕਰ ਸਕੇ ਉਹ 6.5 ਓਵਰਾਂ ਤੱਕ ਵਿਕਟ 'ਤੇ ਰਹੇ ਪਰ ਕੁਝ ਖ਼ਾਸ ਨਹੀਂ ਕਰ ਸਕੇ।

ਟੀਮ ਦੇ ਦਬਾਅ ਨੂੰ ਘਟ ਕਰਨ ਦੀ ਬਜਾਇ ਉਹ ਆਊਟ ਹੋ ਗਏ, ਜਿਸ ਨਾਲ ਬਾਕੀ ਬੱਲੇਬਾਜ਼ਾਂ 'ਤੇ ਵਧੇਰੇ ਦਬਾਅ ਪੈ ਗਿਆ।

ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿੱਚ ਖਿਡਾਉਣ ਦਾ ਫ਼ੈਸਲਾ ਟੀਮ ਇੰਡੀਆ ਦੇ ਖ਼ਿਲਾਫ਼ ਗਿਆ।

11ਵੇਂ ਓਵਰ ਵਿੱਚ ਜਦੋਂ ਭਾਰਤ ਦੀਆਂ 24 ਦੌੜਾਂ 'ਤੇ 4 ਵਿਕਟਾਂ ਡਿੱਗ ਗਈਆਂ ਤਾਂ ਉਦੋਂ ਧੋਨੀ ਦੀ ਥਾਂ ਬੱਲੇਬਾਜ਼ੀ ਕਰਨ ਲਈ ਹਾਰਦਿਕ ਪਾਂਡਿਆ ਉਤਰੇ।

ਹੈਰਾਨ ਕਰਨ ਵਾਲੇ ਫ਼ੈਸਲੇ

ਕੋਹਲੀ ਨੇ ਰਿਸ਼ਭ ਪੰਤ ਦਾ ਸਾਥ ਦੇਣ ਲਈ ਪਾਂਡਿਆ ਨੂੰ ਭੇਜਿਆ। ਉਹ ਹੈਰਾਨ ਕਰਨ ਵਾਲਾ ਫ਼ੈਸਲਾ ਸੀ ਕਿਉਂਕਿ ਇਨ੍ਹਾਂ ਦੋਵਾਂ ਕ੍ਰਿਕਟਰਾਂ ਕੋਲ ਕੁੱਲ ਮਿਲਾ ਕੇ ਮਹਿਜ਼ 63 ਵਨਡੇ ਮੈਚਾਂ ਦਾ ਤਜ਼ਰਬਾ ਸੀ।

ਪਰ ਇਨ੍ਹਾਂ ਨੂੰ ਇੱਥੇ ਵੱਡੀ ਜ਼ਿੰਮੇਵਾਰੀ ਨਿਭਾਉਣੀ ਸੀ। ਕੋਹਲੀ ਨੇ ਨੌਜਵਾਨ ਖਿਡਾਰੀਆਂ 'ਚ ਭਰੋਸਾ ਦਿਖਾਇਆ ਅਤੇ ਉਨ੍ਹਾਂ ਨੂੰ ਆਪਣੇ ਅੰਦਾਜ਼ ਵਿੱਚ ਖੇਡਣ ਲਈ ਕਿਹਾ, ਇਹ ਚੰਗੀ ਗੱਲ ਹੈ। ਪਰ ਇਹ ਵੀ ਦੇਖਣਾ ਹੋਵੇਗਾ ਕਿ ਇਹ ਵਿਸ਼ਵ ਕੱਪ ਦਾ ਸੈਮੀਫਾਈਨਲ ਮੁਕਾਬਲਾ ਸੀ ਅਤੇ ਨਿਊਜ਼ੀਲੈਂਡੇ ਦੇ ਸਾਹਮਣੇ ਭਾਰਤੀ ਟੀਮ 'ਤੇ ਦਬਾਅ ਵਧ ਰਿਹਾ ਸੀ।

ਇਹ ਵੀ ਪੜ੍ਹੋ-

ਅਜਿਹੇ ਵਿੱਚ ਬਿਹਤਰ ਹੁੰਦਾ ਕਿ ਧੋਨੀ ਨੂੰ ਪੰਤ ਦਾ ਸਾਥ ਦੇਣ ਲਈ ਭੇਜਿਆ ਜਾਂਦਾ, ਖ਼ਾਸ ਕਰਕੇ ਉਦੋਂ ਜਦੋਂ ਖੱਬੇ ਹੱਥ ਦੇ ਸਪਿਨਰ ਮਿਚੇਲ ਸੈਂਟਨਰ ਉਨ੍ਹਾਂ ਨੂੰ ਗਲਤ ਸ਼ੌਟ ਖੇਡਣ ਲਈ ਮਜਬੂਰ ਕਰ ਰਹੇ ਸਨ।

ਇਹ ਵੀ ਕਿਸਮਤ ਦਾ ਕੋਈ ਪੁੱਠਾ ਹੀ ਗੇੜ ਸੀ ਕਿ ਸੈਮੀਫਾਈਨਲ ਤੋਂ ਪਹਿਲਾਂ ਤੋਂ ਹੀ ਧੋਨੀ ਦੀ ਨੀਤ 'ਤੇ ਲੋਕ ਚਰਚਾ ਕਰ ਰਹੇ ਸਨ।

ਲੀਗ ਮੁਕਾਬਲੇ 'ਚ ਇੰਗਲੈਂਡ ਦੇ ਹੱਥੋਂ ਮਿਲੀ ਹਾਰ ਅਤੇ ਸੈਮੀਫਾਈਨਲ 'ਚ ਧੋਨੀ ਵੱਲੋਂ ਕੁਝ ਗੇਂਦਾਂ ਨੂੰ ਖਾਲੀ ਜਾਣ ਦਿੱਤਾ ਗਿਆ, ਜਿਸ ਦੀ ਨਾ ਕੇਵਲ ਕ੍ਰਿਕਟ ਪ੍ਰੇਮੀਆਂ ਬਲਕਿ ਸਚਿਨ ਤੇਂਦੁਲਕਰ ਨੇ ਵੀ ਆਲੋਚਨਾ ਕੀਤੀ। ਇਸ ਨੂੰ ਉਨ੍ਹਾਂ ਦੀ ਸਕਾਰਾਤਮਕ ਨੀਤ ਦੀ ਘਾਟ ਵਜੋਂ ਦੇਖਿਆ ਗਿਆ।

ਕੋਹਲੀ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਵਰਲਡ ਕੱਪ 'ਚ ਧੋਨੀ ਦੇ ਸਟ੍ਰਾਈਕ ਰੇਟ ਨਾਲ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਇਸ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਧੋਨੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਜੇਕਰ ਸਥਿਤੀ ਖਰਾਬ ਹੋਵੇ ਤਾਂ ਵਿਕਟ 'ਤੇ ਟਿਕੇ ਰਹਿਣ ਅਤੇ ਆਖ਼ਰੀ ਦੇ 6-7 ਓਵਰਾਂ ਉੱਤੇ ਵੱਡੇ ਸ਼ੌਟਸ ਮਾਰਨ।

ਪਰ ਸੱਚਾਈ ਇਹ ਹੈ ਕਿ ਕੋਹਲੀ ਜਾਂ ਕੋਈ ਹੋਰ ਧੋਨੀ ਦੇ ਸਟ੍ਰਾਈਕ ਰੇਟ 'ਤੇ ਸਵਾਲ ਕਿਵੇਂ ਚੁੱਕ ਸਕਦੇ ਹਨ ਜਦੋਂ ਉਨ੍ਹਾਂ ਦਾ ਸਟ੍ਰਾਈਕ ਰੇਟ 87.78 ਦੀ ਹੋਵੇ।

Image copyright AFP
ਫੋਟੋ ਕੈਪਸ਼ਨ ਸਮਾਂ ਆ ਗਿਆ ਹੈ ਕਿ ਟੀਮ ਇੰਡੀਆ ਇਸ ਹਾਰ ਤੋਂ ਉਭਰਕੇ ਅੱਗੇ ਵਧੇ ਅਤੇ ਨਵੇਂ ਦਿਨ ਨੂੰ ਇੱਕ ਮੌਕੇ ਵਜੋਂ ਦੇਖੋ

ਇਸ ਟੂਰਨਾਮੈਂਟ ਵਿੱਚ ਰੋਹਿਤ ਸ਼ਰਮਾ ਦਾ ਸਟ੍ਰਾਈਕ ਰੇਟ 98.33 ਅਤੇ ਕੋਹਲੀ ਦਾ ਸਟ੍ਰਾਈਕ ਰੇਟ 94.05 ਦੀ ਰਿਹਾ ਹੈ।

ਇਨ੍ਹਾਂ ਦੋਵਾਂ ਤੋਂ ਇਲਾਵਾ ਧੋਨੀ ਨਾਲੋਂ ਵੱਧ ਦੌੜਾਂ ਕੇਐਲ ਰਾਹੁਲ ਨੇ ਬਣਾਈਆਂ ਜਿਨ੍ਹਾਂ ਦਾ ਸਟ੍ਰਾਈਕ 77.46 ਰਿਹਾ।

ਅਜਿਹੇ ਵਿੱਚ ਧੋਨੀ ਦੇ ਸਟ੍ਰਾਈਕ ਰੇਟ ਨੂੰ ਮੁੱਦਾ ਬਣਾ ਕੇ ਉਨ੍ਹਾਂ ਦੀ ਕਾਬਲੀਅਤ 'ਤੇ ਸਵਾਲ ਚੁੱਕਣਾ ਗ਼ਲਤ ਹੈ।

ਹੁਣ ਟੀਮ ਇੰਡੀਆ ਨੂੰ ਕੀ ਕਰਨਾ ਚਾਹੀਦਾ ਹੈ

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕੇਵਲ ਧੋਨੀ ਹੀ ਆਪਣੇ ਸਨਿਆਸ ਦਾ ਫ਼ੈਸਲਾ ਲੈ ਸਕਦੇ ਹਨ। ਕਿਉਂਕਿ ਇਹ ਵਿਅਕਤੀਗਤ ਪਸੰਦ 'ਤੇ ਨਿਰਭਰ ਕਰਦਾ ਹੈ ਕਿ ਅਤੇ ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਉਹ ਟੀਮ 'ਚ ਆਪਣਾ ਯੋਗਦਾਨ ਨਹੀਂ ਦੇ ਸਕਦੇ ਹਨ ਤਾਂ ਉਹ ਫ਼ੈਸਲਾ ਲੈ ਲੈਣਗੇ।

ਜੇਕਰ ਉਹ ਸਨਿਆਸ ਲੈਣ ਦਾ ਫ਼ੈਸਲਾ ਨਹੀਂ ਕਰਦੇ ਹਨ ਤਾਂ ਵੀ ਚੋਣ ਕਰਨ ਵਾਲਿਆਂ ਨੂੰ ਕਪਤਾਨ ਅਤੇ ਸੰਭਵ ਹੋਵੇ ਤਾਂ ਧੋਨੀ ਦੇ ਨਾਲ ਹੀ ਬੈਠ ਕੇ ਟੀਮ ਦੀ ਯੋਜਨਾ ਨੂੰ ਤਿਆਰ ਕਰਨੀ ਚਾਹੀਦਾ ਹੈ।

ਕਿਉਂਕਿ ਭਵਿੱਖ ਵੱਲ ਦੇਖਣਾ ਹੋਵੇਗਾ ਅਤੇ ਕਿਸੇ ਵਿਕਟਕੀਪਰ-ਬੱਲੇਬਾਜ਼ ਨੂੰ ਇਸ ਚੁਣੌਤੀ ਦੇ ਲਈ ਤਿਆਰ ਕਰਨਾ ਹੋਵੇਗਾ।

ਰਿਸ਼ਭ ਪੰਤ ਨੇ ਖ਼ੁਦ ਨੂੰ ਟੈਸਟ (ਰਿਧੀਮਾਨ ਸਾਹਾ ਦਾ ਗ਼ੈਰ ਹਾਜ਼ਰੀ 'ਚ) ਅਤੇ ਟੀ-20 ਵਿੱਚ ਸਾਬਿਤ ਕੀਤਾ ਹੈ।

ਅਜਿਹੇ ਵਿੱਚ ਵੰਨਡੇ ਕ੍ਰਿਕਟ 'ਚ ਵੀ ਚੋਣ-ਕਰਤਾਵਾਂ ਨੂੰ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਤਾਂ ਜੋ ਉਹ ਆਪਣੀ ਸਮਰੱਥਾ ਦਾ ਪਤਾ ਲਗ ਸਕੇ।

ਜਿੱਥੋਂ ਤੱਕ ਸ਼ਾਸਤਰੀ ਦੀ ਗੱਲ ਹੈ, ਉਹ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਰਹਿੰਦੇ ਹਨ ਜਾਂ ਨਹੀਂ, ਇਹ ਫ਼ੈਸਲਾ ਬੋਰਡ ਨੂੰ ਕਰਨਾ ਹੈ ਅਤੇ ਬੋਰਡ ਉਨ੍ਹਾਂ ਦੇ ਕਾਰਜਕਾਲ ਦੇ ਆਧਾਰ 'ਤੇ ਕਰੇਗਾ।

ਹਾਲਾਂਕਿ ਇਹ ਵੀ ਦੇਖਣਾ ਹੋਵੇਗਾ ਕਿ ਉਹ ਇਸ ਅਹੁਦੇ ਕਾਇਮ ਰਹਿਣਾ ਚਾਹੁੰਦੇ ਹਨ ਅਤੇ ਉਸ ਦੇ ਦਬਾਅ ਨੂੰ ਕਦੋਂ ਤੱਕ ਝੱਲਣਾ ਚਾਹੁੰਦੇ ਹਨ? ਇਸ ਦਾ ਪਤਾ ਵੀ ਸਮੇਂ ਦੇ ਨਾਲ ਹੀ ਲੱਗੇਗਾ।

ਖ਼ੈਰ, ਵਿਸ਼ਵ ਕੱਪ ਸੈਮੀਫਾਈਨਲ 'ਚ ਭਾਰਤ ਦੀ ਹਾਰ ਦੇ ਬਾਅਦ ਸੂਰਜ ਤਾਂ ਹਰ ਦਿਨ ਨਿਕਲਦਾ ਰਹੇਗਾ ਪਰ ਕੋਹਲੀ, ਧੋਨੀ ਅਤੇ ਸ਼ਾਸਤਰੀ ਦੀ ਤਿਕੜੀ ਅਗਲੇ ਆਈਸੀਸੀ ਇਵੈਂਟ 'ਚ ਇਕੱਠੇ ਡ੍ਰੈਸਿੰਗ ਰੂਮ ਵਿੱਚ ਨਜ਼ਰ ਨਹੀਂ ਆਵੇਗੀ- ਅਗਲਾ ਆਈਸੀਸੀ ਵਿਸ਼ਵ ਟੀ-20 ਕੱਪ ਅਗਲੇ ਸਾਲ ਅਕਤੂਬਰ-ਨਵੰਬਰ ਵਿੱਚ ਆਸਟਰੇਲੀਆ ਵਿੱਚ ਹੋਣਾ ਹੈ ਅਤੇ ਚਾਰ ਸਾਲ ਭਾਰਤ ਵਿੱਚ ਹੀ ਵਿਸ਼ਵ ਕੱਪ ਹੋਣਾ ਹੈ।

ਅਜਿਹੇ ਵਿੱਚ ਸਮਾਂ ਆ ਗਿਆ ਹੈ ਕਿ ਟੀਮ ਇੰਡੀਆ ਇਸ ਹਾਰ ਤੋਂ ਉਭਰਕੇ ਅੱਗੇ ਵਧੇ ਅਤੇ ਨਵੇਂ ਦਿਨ ਨੂੰ ਇੱਕ ਮੌਕੇ ਵਜੋਂ ਦੇਖੋ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)