ਪਹਿਲਾਂ ਸੈਲਫ਼ੀ, ਫੇਰ ਪੜ੍ਹਾਈ, ਨਹੀਂ ਤਾਂ ਕੱਟੀ ਜਾਵੇਗੀ ਤਨਖ਼ਾਹ

ਉੱਤਰ ਪ੍ਰਦੇਸ਼ ਦਾ ਬਾਰਾਬੰਕੀ ਜ਼ਿਲ੍ਹਾ, ਸੈਲਫ਼ੀ Image copyright SAMIRATMAJ MISHRA/bbc

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀ ਹਾਜ਼ਰੀ ਦਾ ਇੱਕ ਨਵਾਂ ਤਰੀਕਾ ਲੱਭਿਆ ਗਿਆ ਹੈ।

ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਉਹ ਅੱਠ ਵਜੇ ਸਕੂਲ ਪਹੁੰਚ ਕੇ ਸਟਾਫ਼ ਅਤੇ ਬੱਚਿਆਂ ਨਾਲ ਸੈਲਫ਼ੀ ਖਿੱਚਣ, ਉਸ ਨੂੰ ਵਿਭਾਗ ਦੇ ਵੱਟਸਐਪ ਗਰੁੱਪ 'ਤੇ ਭੇਜਣ। ਉਸ ਤੋਂ ਬਾਅਦ ਪੜ੍ਹਾਈ ਅਤੇ ਦੂਜੇ ਕੰਮ ਸ਼ੁਰੂ ਕਰਨ।

ਇਸ ਪ੍ਰਬੰਧ ਦਾ ਪਾਲਣ ਨਾ ਕਰਨ ਵਾਲੇ ਅਤੇ ਗ਼ੈਰ-ਹਾਜ਼ਰ ਰਹਿਣ ਵਾਲੇ ਅਧਿਆਪਕਾਂ ਦੀ ਇੱਕ ਦਿਨ ਦੀ ਤਨਖ਼ਾਹ ਜ਼ੁਰਮਾਨੇ ਵਜੋਂ ਕੱਟ ਲਈ ਜਾਵੇਗੀ।

ਜ਼ਿਲ੍ਹੇ ਦੇ ਬੇਸਿਕ ਸਿੱਖਿਆ ਅਧਿਕਾਰੀ ਮੁਤਾਬਕ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਅਧਿਆਪਕਾਂ ਨੂੰ ਲੈ ਕੇ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਸਨ ਕਿ ਉਹ ਸਮੇਂ 'ਤੇ ਸਕੂਲ ਨਹੀਂ ਪਹੁੰਚਦੇ ਜਾਂ ਫਿਰ ਅਕਸਰ ਛੁੱਟੀ 'ਤੇ ਹੀ ਰਹਿੰਦੇ ਹਨ।

ਬਾਰਾਬੰਕੀ ਦੇ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਵੀਪੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਨਿਯਮ ਦੀ ਸ਼ੁਰੂਆਤ ਉਦੋਂ ਹੀ ਕਰ ਦਿੱਤੀ ਗਈ ਸੀ ਜਦੋਂ ਅਪ੍ਰੈਲ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਇਆ ਸੀ।

"ਅਪ੍ਰੈਲ ਮਹੀਨੇ 'ਚ ਕੁਝ ਦਿਨ ਸਕੂਲ ਤੋਂ ਬਾਅਦ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ। ਇੱਕ ਜੁਲਾਈ ਤੋਂ ਸਕੂਲ ਮੁੜ ਖੁੱਲ੍ਹੇ ਹਨ ਅਤੇ ਅਧਿਆਪਕਾਂ ਨੂੰ ਇਸ ਨਿਯਮ ਦਾ ਸਖ਼ਤੀ ਨਾਲ ਪਾਲਣ ਕਰਨ ਨੂੰ ਕਿਹਾ ਗਿਆ ਹੈ।"

"ਗ਼ੈਰਹਾਜ਼ਰ ਰਹਿਣ ਵਾਲੇ ਜਾਂ ਫਿਰ ਸੈਲਫ਼ੀ ਨਾ ਪਾਉਣ ਵਾਲੇ ਕਰੀਬ 700 ਅਧਿਆਪਕਾਂ ਦੀ ਇੱਕ ਦਿਨ ਦੀ ਤਨਖ਼ਾਹ ਹੁਣ ਤੱਕ ਕੱਟੀ ਗਈ ਹੈ।''

ਇਹ ਵੀ ਪੜ੍ਹੋ:

ਬਾਰਾਬੰਕੀ ਵਿੱਚ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਕਰੀਬ ਸਾਢੇ 7 ਹਜ਼ਾਰ ਅਧਿਆਪਕ ਹਨ ਜਿਨ੍ਹਾਂ 'ਤੇ ਇਹ ਪ੍ਰਬੰਧ ਲਾਗੂ ਕੀਤਾ ਗਿਆ ਹੈ।

ਇਨ੍ਹਾਂ ਨੂੰ ਕਿਹਾ ਗਿਆ ਹੈ ਕਿ ਸਵੇਰੇ 8 ਵਜੇ ਸਕੂਲ ਪਹੁੰਚਦੇ ਹੀ ਸਾਰੇ ਅਧਿਆਪਕਾ ਵਿਦਿਆਰਥੀਆਂ ਨਾਲ ਸੈਲਫ਼ੀ ਖਿੱਚਣ ਅਤੇ ਉਸ ਨੂੰ ਬੇਸਿਕ ਸਿੱਖਿਆ ਵਿਭਾਗ ਦੇ ਵੈੱਬ ਪੇਜ 'ਤੇ ਪੋਸਟ ਕਰ ਦਿਓ। ਇਸ ਨਵੇਂ ਨਿਯਮ ਨੂੰ 'ਸੈਲਫ਼ੀ ਅਟੈਂਡੇਂਸ ਮੀਟਰ' ਨਾਮ ਦਿੱਤਾ ਗਿਆ ਹੈ।

ਉਂਝ ਤਾਂ ਜ਼ਿਆਦਾਤਰ ਅਧਿਆਪਕ ਇਸ ਨੂੰ ਸਹੀ ਮੰਨ ਰਹੇ ਹਨ ਪਰ ਕਈਆਂ ਇਸ ਨੂੰ ਉੱਤੇ ਇਤਰਾਜ਼ ਵੀ ਹੈ।

Image copyright SAMIRATMAJ MISHRA/bbc
ਫੋਟੋ ਕੈਪਸ਼ਨ ਬਾਰਾਬੰਕੀ ਦੇ ਬੇਸਿਕ ਸਿੱਖਿਆ ਅਧਿਕਾਰੀ ਵੀਪੀ ਸਿੰਘ

ਬੰਕੀ ਬਲਾਕ ਦੇ ਕੰਨਿਆ ਜੂਨੀਅਰ ਹਾਈ ਸਕੂਲ ਦੀ ਇੱਕ ਅਧਿਆਪਕ ਪਾਰੁਲ ਸ਼ੁਕਲਾ ਕਹਿੰਦੀ ਹੈ, "ਇਹ ਅਧਿਆਪਕਾਂ ਦੇ ਸਵੈਮਾਣ ਨੂੰ ਠੇਸ ਪਹੁੰਚਾਉਂਦਾ ਹੈ।"

"ਹਾਜ਼ਰੀ ਦਾ ਪ੍ਰਬੰਧ ਪਹਿਲਾਂ ਤੋਂ ਹੀ ਹੈ ਫਿਰ ਸੈਲਫ਼ੀ ਵਾਲਾ ਪ੍ਰਬੰਧ ਸ਼ੁਰੂ ਕਰਕੇ ਤੁਸੀਂ ਸਾਨੂੰ ਕੀ ਦੱਸਣਾ ਚਾਹੁੰਦੇ ਹੋ? ਇਹੀ ਨਾ ਕਿ ਅਧਿਆਪਕ ਸਭ ਤੋਂ ਵੱਧ ਨਿਕੰਮੇ ਹਨ।"

"ਉਹ ਅਨੁਸ਼ਾਸਨਹੀਨ ਹਨ ਅਤੇ ਇਸ ਲਈ ਉਨ੍ਹਾਂ ਨੂੰ ਪਰਖਿਆ ਜਾ ਰਿਹਾ ਹੈ। ਆਖ਼ਰ ਇਹ ਸਾਰੇ ਤਰੀਕੇ ਹੋਰ ਵਿਭਾਗਾਂ ਵਿੱਚ ਕਿਉਂ ਨਹੀਂ ਅਪਣਾਏ ਜਾਂਦੇ?"

ਪਾਰੁਲ ਸ਼ੁਕਲਾ ਦਾ ਕਹਿਣਾ ਹੈ ਕਿ ਉਹ ਖ਼ੁਦ ਹਮੇਸ਼ਾ ਸਮੇਂ ਸਿਰ ਆਉਂਦੀ ਹੈ ਅਤੇ ਜਦੋਂ ਤੋਂ ਨਿਯਮ ਲਾਗੂ ਹੋਇਆ ਹੈ ਸੈਲਫ਼ੀ ਵੀ ਪੋਸਟ ਕਰਦੀ ਹੈ ਪਰ ਇਹ ਪ੍ਰਬੰਧ ਉਨ੍ਹਾਂ ਨੂੰ ਅਜਿਹਾ ਲਗਦਾ ਹੈ ਜਿਵੇਂ ਕਿ ਉਨ੍ਹਾਂ ਨੂੰ ਹਮੇਸ਼ਾ ਸ਼ੱਕ ਦੀਆਂ ਨਜ਼ਰਾਂ ਨਾਲ ਵੇਖ ਰਿਹਾ ਹੋਵੇ।

ਪਾਰੁਲ ਸ਼ੁਕਲਾ ਦੀ ਇੱਕ ਹੋਰ ਸਾਥਣ ਸਵਿਤਾ ਯਾਦਵ ਨੂੰ ਸੈਲਫ਼ੀ ਭੇਜਣ ਵਿੱਚ ਕੋਈ ਇਤਰਾਜ਼ ਨਹੀਂ ਹੈ ਪਰ ਪਾਰੁਲ ਦੀਆਂ ਗੱਲਾਂ ਨਾਲ ਵੀ ਉਹ ਸਹਿਮਤ ਹੈ।

ਕਿੰਨਾ ਪ੍ਰਭਾਵੀ ਨਿਯਮ?

ਬੰਕੀ ਦੇ ਹੀ ਕੰਨਿਆ ਜੂਨੀਅਰ ਹਾਈ ਸਕੂਲ ਦੀ ਹੈੱਡ ਟੀਚਰ ਸੁਸ਼ੀਲਾ ਸ਼ਰਮਾ ਇਸ ਨਿਯਮ ਦਾ ਸਮਰਥਨ ਕਰਦੀ ਹੈ ਪਰ ਇੱਕ ਸਵਾਲ ਉਨ੍ਹਾਂ ਦਾ ਇਹ ਵੀ ਹੈ ਕਿ ਸਮੇਂ 'ਤੇ ਸਕੂਲ ਨਾ ਆਉਣ ਵਾਲੇ ਬਹੁਤ ਘੱਟ ਲੋਕ ਹੀ ਹਨ ਅਤੇ ਜਿਹੜੇ ਨਹੀਂ ਆਉਂਦੇ ਹਨ ਉਹ ਸ਼ਾਇਦ 'ਸੈਲਫ਼ੀ ਅਟੈਂਡੇਂਟਸ' ਦੀ ਵੀ ਪਰਵਾਹ ਨਹੀਂ ਕਰਦੇ।

ਪਰ ਸਿੱਖਿਆ ਵਿਭਾਗ ਦੇ ਅਧਿਕਾਰੀ ਕਹਿੰਦੇ ਹਨ ਕਿ ਸੈਲਫ਼ੀ ਦੀ ਚੰਗੀ ਤਰ੍ਹਾਂ ਮਾਨੀਟਰਿੰਗ ਹੋ ਰਹੀ ਹੈ।

ਜਿਹੜੇ ਵੀ ਸਿੱਖਿਅਕ ਇਸਦੇ ਮਾਧਿਅਮ ਨਾਲ ਗ਼ੈਰ-ਹਾਜ਼ਰ ਪਾਇਆ ਗਿਆ ਉਸ ਨੂੰ ਆਪਣੀ ਇੱਕ ਦਿਨ ਦੀ ਤਨਖ਼ਾਹ ਤੋਂ ਹੱਥ ਧੋਣਾ ਪੇਵਗਾ।

ਬੀਐੱਸਏ ਵੀਪੀ ਸਿੰਘ ਕਹਿੰਦੇ ਹਨ, "ਜਿਨ੍ਹਾਂ ਨੂੰ ਤਨਖ਼ਾਹ ਦੀ ਫ਼ਿਕਰ ਨਹੀਂ ਹੋਵੇਗੀ ਉਹੀ ਇਸਦਾ ਉਲੰਘਣ ਕਰਨਗੇ। ਅਜੇ ਇਸ ਨੂੰ ਦੇਖ ਰਹੇ ਹਾਂ, ਅੱਗੇ ਇਸ 'ਤੇ ਵੀ ਕੁਝ ਹੋਰ ਨਿਯਮ ਬਣਾਵਾਂਗੇ ਕਿ ਅਕਸਰ ਜਿਨ੍ਹਾਂ ਦੀ ਤਨਖ਼ਾਹ ਕੱਟ ਰਹੀ ਹੈ, ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਵੇ।"

ਇਹ ਵੀ ਪੜ੍ਹੋ:

Image copyright SAMIRATMAJ MISHRA/bbc
ਫੋਟੋ ਕੈਪਸ਼ਨ ਬਾਰਾਬੰਕੀ ਦੀ ਮੁੱਖ ਵਿਕਾਸ ਅਧਿਕਾਰੀ ਮੇਧਾ ਰੂਪਮ

ਦਰਅਸਲ, ਬਾਰਾਬੰਕੀ ਵਿੱਚ ਇਸ ਪ੍ਰਬੰਧ ਨੂੰ ਲਾਗੂ ਕਰਨ ਦਾ ਵਿਚਾਰ ਬਾਕਾਬੰਕੀ ਦੀ ਮੁੱਖ ਵਿਕਾਸ ਅਧਿਕਾਰੀ ਮੇਧਾ ਰੂਪਮ ਦਾ ਸੀ।

ਬੀਬੀਸੀ ਨਾਲ ਗੱਲਬਾਤ ਦੌਰਾਨ ਮੇਧਾ ਰੂਪਮ ਦੱਸਦੀ ਹੈ ਕਿ ਉਨਾਵ ਵਿੱਚ ਤਾਇਨਾਤੀ ਦੌਰਾਨ ਉਨ੍ਹਾਂ ਨੇ ਇਸ ਪ੍ਰਬੰਧ ਨੂੰ ਟੈਸਟ ਦੇ ਤੌਰ 'ਤੇ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਦੇ ਆਉਣ ਤੋਂ ਬਾਅਦ ਉੱਥੇ ਇਹ ਪ੍ਰਬੰਧ ਅੱਗੇ ਨਹੀਂ ਚੱਲ ਸਕਿਆ।

ਇਸ ਤੋਂ ਇਲਾਵਾ ਬੁਲੰਦਸ਼ਹਿਰ ਵਰਗੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਵੀ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਧੇਰੇ ਦਿਨ ਤੱਕ ਨਹੀਂ ਚੱਲ ਸਕੀ।

ਨਵੇਂ ਸਿਸਟਮ ਤੋਂ ਫਾਇਦਾ?

ਸੀਡੀਓ ਮੇਧਾ ਰੂਪਮ ਕਹਿੰਦੀ ਹੈ, "ਸੈਲਫ਼ੀ ਅਟੈਂਡੇਂਸ ਦੀ ਨਿਗਰਾਨੀ ਲਈ ਅਸੀਂ ਇੱਕ ਵੱਖਰਾ ਸੈੱਲ ਬਣਾਇਆ ਹੋਇਆ ਹੈ, ਜਿੱਥੇ ਪਹਿਲਾਂ ਸਕੂਲ ਦੇ ਹੈੱਡ ਮਾਸਟਰ, ਫਿਰ ਸਹਾਇਕ ਬੀਐੱਸਏ ਅਤੇ ਫਿਰ ਬੀਐੱਸਏ ਦੇ ਕੋਲ ਰਿਪੋਰਟ ਆਉਂਦੀ ਹੈ।"

"ਮੈਂ ਖ਼ੁਦ ਵੀ ਇਸਦੀ ਮਾਨੀਟਰਿੰਗ ਕਰਦੀ ਹਾਂ ਅਤੇ ਮੇਰੇ ਵਿਭਾਗ ਤੋਂ ਵੀ ਕੁਝ ਲੋਕ ਇਸ ਸੈੱਲ ਨਾਲ ਜੁੜੇ ਹਨ। ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਉਹ ਵੀ ਇਸ ਗਰੁੱਪ ਵਿੱਚ ਪੋਸਟ ਕੀਤੀ ਜਾਂਦੀ ਹੈ। ਇਸ ਵਿੱਚ ਮੇਰਾ ਸੀਯੂਜੀ ਨੰਬਰ ਵੀ ਹੈ।"

ਬੀਐੱਸਏ ਵੀਪੀ ਸਿੰਘ ਦਾ ਦਾਅਵਾ ਹੈ ਕਿ 16 ਮਈ ਤੋਂ ਲਾਗੂ ਇਸ ਪ੍ਰਬੰਧ ਤੋਂ ਬਾਅਦ ਨਾ ਸਿਰਫ਼ ਅਧਿਆਪਕਾਂ ਦੀ ਹਾਜ਼ਰੀ ਵਿੱਚ ਵਾਧਾ ਹੋਇਆ ਹੈ ਸਗੋਂ 1 ਜੁਲਾਈ ਤੋਂ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਦੀ ਹਾਜ਼ਰੀ ਵੀ ਵਧੀ ਹੈ।

Image copyright SAMIRATMAJ MISHRA/bbc

ਹਾਲਾਂਕਿ ਬਾਰਾਬੰਕੀ ਦੇ ਹੀ ਇੱਕ ਪ੍ਰਾਇਮਰੀ ਸਕੂਲ ਦੇ ਟੀਚਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਹਿੰਦੇ ਹਨ "ਸੈਲਫ਼ੀ ਭੇਜਣ ਦੇ ਚੱਕਰ ਵਿੱਚ ਹੋ ਸਕਦਾ ਹੈ ਕਿ ਅਕਸਰ ਸਮੇਂ 'ਤੇ ਨਾ ਆਉਣ ਵਾਲੇ ਅਧਿਆਪਕ ਸਮੇਂ ਦੇ ਪਾਬੰਦ ਹੋ ਜਾਣ ਪਰ ਕਿਤੇ ਅਜਿਹਾ ਨਾ ਹੋਵੇ ਕਿ ਬੱਚੇ ਹੀ ਸਕੂਲ ਆਉਣਾ ਬੰਦ ਕਰ ਦੇਣ।"

"ਉੱਪਰ ਦੇ ਅਧਿਕਾਰੀ ਨਹੀਂ ਜਾਣਦੇ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਬੁਲਾਉਣ ਤੇ ਫਿਰ ਉਨ੍ਹਾਂ ਨੂੰ ਰੋਕ ਕੇ ਰੱਖਣ ਵਿੱਚ ਕਿੰਨੀ ਮਿਹਨਤ ਲਗਦੀ ਹੈ।''

ਵਿਰੋਧ ਵਿੱਚ ਅਧਿਆਪਕ

ਜਿਨ੍ਹਾਂ ਅਧਿਆਪਕਾਂ ਦੀ ਸੈਲਫ਼ੀ ਨਾ ਭੇਜਣ ਕਾਰਨ ਤਨਖ਼ਾਹ ਕੱਟ ਚੁੱਕੀ ਹੈ ਉਨ੍ਹਾਂ ਨਾਲ ਵੀ ਅਸੀਂ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

Image copyright SAMIRATMAJ MISHRA/bbc

ਸੁਸ਼ੀਲ ਪਾਂਡੇ ਦੀ ਤਨਖ਼ਾਹ ਇਸ ਮਾਮਲੇ ਵਿੱਚ ਕੱਟੀ ਜਾ ਚੁੱਕੀ ਹੈ।

ਉਹ ਕਹਿੰਦੇ ਹਨ, "ਇਸ ਵਿੱਚ ਕਈ ਦਿੱਕਤਾਂ ਹਨ। ਬਹੁਤ ਸਾਰੇ ਅਧਿਆਪਕ, ਖਾਸ ਕਰਕੇ ਜੋ ਪੁਰਾਣੇ ਹਨ, ਜਿਨ੍ਹਾਂ ਕੋਲ ਐਂਡਰਾਇਡ ਫੋਨ ਨਹੀਂ ਹਨ। ਉਨ੍ਹਾਂ ਨੂੰ ਸੈਲਫੀ ਲੈਣੀ ਨਹੀਂ ਆਉਂਦੀ। ਪਿੰਡਾਂ ਵਿੱਚ ਨੈੱਟਵਰਕ ਵੀ ਨਹੀਂ ਆਉਂਦਾ ਤੇ ਠੀਕ ਅੱਠ ਵਜੇ ਕਿਵੇਂ ਸੈਲਫ਼ੀ ਭੇਜ ਦਿਆਂਗੇ?"

ਬੀਐੱਸਏ ਦੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਕੁਝ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ। ਸੁਸ਼ੀਲ ਪਾਂਡੇ ਕਹਿੰਦੇ ਹਨ ਕਿ ਵਿਰੋਧ ਦਾ ਕਾਰਨ ਸਿਰਫ਼ ਇਹ ਹੈ ਕਿ ਇਸ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇ, ਸਿਰਫ਼ ਬਾਰਾਬੰਕੀ ਵਿੱਚ ਹੀ ਕਿਉਂ?

ਉਨ੍ਹਾਂ ਮੁਤਾਬਕ ਜਦੋਂ ਤੱਕ ਇਹ ਪ੍ਰਬੰਧ ਹਰ ਥਾਂ ਲਾਗੂ ਨਹੀਂ ਹੁੰਦਾ ਉਦੋਂ ਤੱਕ ਅਧਿਆਪਕ ਇਸਦਾ ਵਿਰੋਧ ਕਰਦੇ ਰਹਿਣਗੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ YouTube , INSTAGRAM, TWITTERਅਤੇFACEBOOK 'ਤੇ ਜੁੜੋ।)