ਪੰਜਾਬ ਤੋਂ ਬਾਅਦ ਹੁਣ ਕਸ਼ਮੀਰ ਵੀ 'ਚਿੱਟੇ' ਦੀ ਲਪੇਟ 'ਚ, ਡਰੱਗਜ਼ ਦੇ ਕੇਸਾਂ ਚ ਭਾਰੀ ਵਾਧਾ

ਡਰੱਗਜ਼ Image copyright Getty Images
ਫੋਟੋ ਕੈਪਸ਼ਨ ਸੰਕੇਤਿਕ ਤਸਵੀਰ

“ਲਗਭਗ ਅੱਠ ਮਹੀਨੇ ਪਹਿਲਾਂ ਮੇਰੀ ਦੁਨੀਆਂ ਬਿਲਕੁਲ ਬਦਲ ਗਈ ਸੀ। ਉਸ ਦਿਨ ਮੈਂ ਪਹਿਲੀ ਵਾਰ ਡਰੱਗ ਲਈ ਸੀ। ਮੇਰੇ ਦੋਸਤਾਂ ਨੇ ਕਿਹਾ ਸੀ ਕਿ ਡਰੱਗ ਲੈਣ ਤੋਂ ਬਾਅਦ ਮੈਂ ਬਿਲਕੁਲ ਬਦਲ ਜਾਵਾਂਗਾ ਅਤੇ ਉਤਸਾਹ ਮਹਿਸੂਸ ਕਰਾਂਗਾ ਤਾਂ ਮੈਂ ਡਰੱਗ ਲੈ ਲਈ। ਪਰ ਜਦੋਂ ਮੈਂ ਡਰੱਗ ਲੈਣੀ ਸ਼ੁਰੂ ਕੀਤੀ ਤਾਂ ਉਸ ਨੇ ਮੇਰੀਆਂ ਖੁਸ਼ੀਆਂ ਹੀ ਖੋਹ ਲਈਆਂ, ਮੇਰਾ ਤਣਾਅ ਘੱਟ ਹੋਣ ਦੀ ਥਾਂ ਵੱਧ ਗਿਆ।”

ਇਹ ਕਹਿਣਾ ਹੈ, ਭਾਰਤ ਸ਼ਾਸਿਤ ਕਸ਼ਮੀਰ ਦੇ ਸ਼੍ਰੀਨਗਰ ਸਥਿਤ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਨਸ਼ੇ ਦੇ ਆਦਿ 25 ਸਾਲਾ ਮੁਸ਼ਤਾਕ ਅਹਿਮਦ (ਬਦਲਿਆ ਹੋਇਆ ਨਾਮ) ਦਾ। ਰਿਪੋਰਟਾਂ ਮੁਤਾਬਕ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਡਰੱਗਜ਼ ਦੀ ਲਤ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਮੁਸ਼ਤਾਕ ਨੇ ਦੱਸਿਆ, "ਪਹਿਲਾਂ ਦਿਨ ਮੈਂ ਭੰਗ ਲਈ ਪਰ ਕੁਝ ਦਿਨ ਬਾਅਦ ਮੇਰੇ ਦੋਸਤਾਂ ਨੇ ਮੈਨੂੰ ਹੈਰੋਇਨ ਦਿੱਤੀ। ਅਗਲੇ ਦਿਨ ਤੋਂ ਮੈਨੂੰ ਹੈਰੋਇਨ ਦੀ ਬੁਰੀ ਤਰ੍ਹਾਂ ਲਤ ਲੱਗ ਗਈ। ਇਸ ਤੋਂ ਬਾਅਦ ਹੈਰੋਇਨ ਲੈਣਾ ਮੇਰੀ ਰੋਜ਼ ਦੀ ਆਦਤ ਬਣ ਗਈ।"

ਮੁਸ਼ਤਾਕ ਪਿਛਲੇ ਚਾਰੇ ਦਿਨਾਂ ਤੋਂ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਕੁਝ ਦੋਸਤਾਂ ਨੇ ਉਨ੍ਹਾਂ ਨੂੰ ਇਸਦੀ ਲਤ ਲਗਾਈ ਹੈ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਮੈਂ ਜਦੋਂ ਵੀ ਨਸ਼ਾ ਲੈਂਦਾ ਸੀ ਉਦੋਂ ਸਿੱਧਾ ਆਪਣੇ ਕਮਰੇ ਵਿੱਚ ਚਲਾ ਜਾਂਦਾ ਸੀ। ਮੈਂ ਪਿਛਲੇ ਤਿੰਨ ਮਹੀਨਿਆਂ ਵਿੱਚ ਨਸ਼ੇ 'ਤੇ ਤਿੰਨ ਲੱਖ ਤੋਂ ਵੱਧ ਖਰਚ ਕੀਤੇ ਹਨ।''

"ਮੈਂ ਜਦੋਂ ਨਸ਼ਾ ਨਹੀਂ ਕਰਦਾ ਸੀ ਤਾਂ ਮੇਰੇ ਪੇਟ ਅਤੇ ਸਰੀਰ ਵਿੱਚ ਦਰਦ ਹੁੰਦੀ ਸੀ। ਜਦੋਂ ਮੇਰੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ।''

"ਪਰਿਵਾਰ ਵਿੱਚੋਂ ਜਦੋਂ ਵੀ ਕੋਈ ਮੇਰੇ ਨਾਲ ਗੱਲ ਕਰਦਾ ਸੀ, ਤਾਂ ਮੈਨੂੰ ਲਗਦਾ ਸੀ ਕਿ ਉਹ ਮੇਰੇ ਨਾਲ ਲੜਨ ਜਾ ਰਹੇ ਹਨ। ਇਸ ਤੋਂ ਬਾਅਦ ਮੈਂ ਘਰ ਵਾਲਿਆਂ ਨਾਲ ਗੱਲ ਕਰਕੇ ਕਿਹਾ ਕਿ ਮੈਨੂੰ ਇਲਾਜ ਲਈ ਨਸ਼ਾ ਮੁਕਤ ਕੇਂਦਰ ਲੈ ਜਾਓ, ਉਦੋਂ ਤੋਂ ਮੈਂ ਇੱਥੇ ਹਾਂ।''

ਕੀ ਡਰੱਗਜ਼ ਆਸਾਨੀ ਨਾਲ ਮਿਲ ਜਾਂਦਾ ਹੈ?

ਇਹ ਸਵਾਲ ਜਦੋਂ ਮੁਸ਼ਤਾਕ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਅਸੀਂ ਦੱਖਣੀ ਕਸ਼ਮੀਰ ਦੇ ਸੰਗਮ ਇਲਾਕੇ ਵਿੱਚ ਜਾਂਦੇ ਸੀ, ਉੱਥੇ ਹੈਰੋਇਨ ਮਿਲਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ। ਉੱਥੇ ਕੁਝ ਤਸਕਰ ਹਨ, ਜੋ ਇਹ ਵੇਚਦੇ ਹਨ।"

ਉਹ ਕਹਿੰਦੇ ਹਨ ਕਿ ਜਦੋਂ ਤੋਂ ਨਸ਼ਾ ਮੁਕਤੀ ਕੇਂਦਰ ਆਏ ਹਾਂ, ਉਨ੍ਹਾਂ ਨੂੰ ਇਸ ਲਤ ਤੋਂ ਮੁਕਤੀ ਮਿਲਦੀ ਦਿਖ ਰਹੀ ਹੈ।

ਉਹ ਕਹਿੰਦੇ ਹਨ, "ਹੁਣ ਮੈਂ ਠੀਕ ਹਾਂ। ਮੈਂ ਜਦੋਂ ਤੱਕ ਇੱਥੇ ਨਹੀਂ ਆਇਆ ਸੀ, ਮੈਂ ਨਸ਼ੇ ਬਗੈਰ ਸੌਂ ਨਹੀਂ ਸਕਦਾ ਸੀ ਪਰ ਹੁਣ ਚੀਜ਼ਾਂ ਬਦਲ ਗਈਆਂ ਹਨ ਅਤੇ ਮੈਂ ਸੌਂ ਸਕਦਾ ਹਾਂ।"

"ਮੈਂ ਸਾਰੇ ਨਸ਼ਾ ਕਰਨ ਵਾਲਿਆਂ ਨੂੰ ਕਹਿੰਦਾ ਹਾਂ ਕਿ ਇਸ ਨੂੰ ਛੱਡ ਦਿਓ ਕਿਉਂਕਿ ਇਹ ਬਰਬਾਦ ਕਰ ਦਿੰਦਾ ਹੈ। ਇਹ ਘਰ, ਪਰਿਵਾਰ, ਪੈਸਾ ਅਤੇ ਜ਼ਿੰਦਗੀ ਸਭ ਬਰਬਾਦ ਕਰ ਦਿੰਦਾ ਹੈ।"

ਨਸ਼ਾ ਦਿਮਾਗੀ ਵਿਕਾਸ ਰੋਕ ਦਿੰਦਾ ਹੈ

ਇਸ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਇੱਕ ਦੂਸਰੇ ਨੌਜਵਾਨ ਨੇ ਆਪਣੀ ਕਹਾਣੀ ਦੱਸੀ। ਉਸ ਨੇ ਦੱਸਿਆ ਕਿਵੇਂ ਉਸਦੇ ਇੱਕ ਦੋਸਤ ਨੇ ਉਸ ਨੂੰ ਨਸ਼ੇ ਦੀ ਲਤ ਲਾਈ ਤੇ ਫਿਰ ਉਸਦੀ ਜ਼ਿੰਦਗੀ ਤਬਾਹ ਹੋ ਗਈ।

ਉਸ ਨੇ ਦੱਸਿਆ, "ਲੰਘੇ ਦੋ ਸਾਲਾਂ ਤੋਂ ਮੈਂ ਐੱਸਪੀ ਗੋਲੀਆਂ ਤੇ ਹੈਰੋਇਨ ਲੈਂਦਾ ਰਿਹਾ ਹਾਂ। ਪਹਿਲਾਂ ਇਸ ਵਿੱਚ ਆਨੰਦ ਆਉਂਦਾ ਸੀ ਪਰ ਫਿਰ ਇਹ ਆਦਤ ਬਣ ਗਈ। ਨਸ਼ੇ ਕਾਰਨ ਮੈਂ ਸਭ ਕੁਝ ਗੁਆ ਲਿਆ। ਮੇਰੇ ਘਰ ਵਾਲੇ ਮੇਰੀ ਕਦਰ ਨਹੀਂ ਕਰਦੇ। ਮੈਂ ਨਸ਼ੇ ਕਾਰਨ ਪੰਜ ਤੋਂ 10 ਲੱਖ ਰੁਪਏ ਬਰਾਬਦ ਕੀਤੇ। ਇੱਕ ਗ੍ਰਾਮ ਤਿੰਨ ਹਜ਼ਾਰ ਰੁਪਏ ਦਾ ਮਿਲਦਾ ਸੀ ਤੇ ਮੈਂ ਰੋਜ਼ਾਨਾ ਦੋ ਤੋਂ ਤਿੰਨ ਗ੍ਰਾਮ ਹੇਰੋਇਨ ਖ਼ਰੀਦਦਾ ਸੀ। ਮੈਂ ਹੈਰੋਇਨ ਲਈ ਆਪਣੀ ਮੋਟਰਸਾਈਕਲ ਵੇਚ ਦਿੱਤੀ।"

"ਡਰੱਗਜ਼ ਲੈਣ ਤੋਂ ਬਾਅਦ ਮੈਂ ਖ਼ੁਦ ਨੂੰ ਕੁਝ ਹੋਰ ਸਮਝਦਾ ਸੀ ਪਰ ਸਵੇਰੇ ਨਸ਼ਾ ਉਤਰਦਾ ਤਾਂ ਮੈਂ ਕੁਝ ਵੀ ਨਹੀਂ ਸੀ ਹੁੰਦਾ। ਇਸ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਡਰੱਗਜ਼ ਦੀ ਲਤ ਨੇਕ ਕੰਮਾਂ ਤੋਂ ਰੋਕਦੀ ਹੈ। ਕਹਿੰਦੀ ਹੈ, ਮੈਨੂੰ ਲੈ। ਇਹ ਤੁਹਾਡੇ ਬੌਧਿਕ ਵਿਕਾਸ ਨੂੰ ਰੋਕ ਦਿੰਦੀ ਹੈ।"

ਉਸ ਮੁੰਡੇ ਨੇ ਅੱਗੇ ਦੱਸਿਆ." ਜਦੋਂ ਮੇਰੀ ਮਾਂ ਅਤੇ ਭੈਣ ਨੂੰ ਮੇਰੀ ਨਸ਼ੇ ਦੀ ਲਤ ਦਾ ਪਤਾ ਲੱਗਿਆ ਤਾਂ ਉਹ ਬਹੁਤ ਰੋਏ। ਹੁਣ ਮੈਂ ਆਪਣੀ ਮਾਂ ਤੇ ਭੈਣ ਨਾਲ ਵਾਅਦਾ ਕੀਤਾ ਹੈ ਕਿ ਮੈਂ ਡਰੱਗਜ਼ ਨਹੀਂ ਲਵਾਂਗਾ। ਮੈਂ ਆਪਣੇ ਦੋਸਤ ਦੇਖੇ ਹਨ ਜੋ ਨਸ਼ੇ ਦੇ ਆਦੀ ਸਨ ਤੇ ਮਰ ਗਏ। ਫਿਰ ਮੈਂ ਸਹੁੰ ਖਾਧੀ ਕਿ ਮੈਂ ਇਸ ਜਾਲ ਵਿੱਚ ਨਹੀਂ ਫਸਾਂਗਾ।"

ਤੇਜ਼ੀ ਨਾਲ ਫੈਲਦੀ ਨਸ਼ੇ ਦੀ ਲਤ

ਇਸ ਵਿਅਕਤੀ ਨੇ ਵੀ ਦੱਖਣੀ ਕਸ਼ਮੀਰ ਦੀਆਂ ਕੁਝ ਥਾਵਾਂ ਬਾਰੇ ਮੈਨੂੰ ਦੱਸਿਆ ਜਿੱਥੋਂ ਹੈਰੋਇਨ ਸੌਖਿਆਂ ਹੀ ਹਾਸਲ ਕੀਤੀ ਜਾ ਸਕਦੀ ਹੈ। ਮੈਂ ਕਿਹਾ ਕਿ ਉਹ ਸ਼੍ਰੀਨਰਗ ਵਿੱਚ 16 ਤੋਂ 25 ਸਾਲ ਦੇ ਕਈ ਨੌਜਵਾਨਾਂ ਬਾਰੇ ਜਾਣਦਾ ਹੈ ਜੋ ਇਸ ਦਾ ਸੇਵਨ ਕਰਦੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਲੰਘੇ ਦੋ ਸਾਲਾਂ ਵਿੱਚ ਨਸ਼ੇ ਦੀ ਲਤ ਕਸ਼ਮੀਰ ਵਿੱਚ ਐਨੀ ਤੇਜ਼ੀ ਨਾਲ ਫੈਲੀ ਹੈ ਕਿ ਚਾਰ ਸਾਲਾਂ ਵਿੱਚ ਵੀ ਨਹੀਂ ਫੈਲੀ ਸੀ।

ਨਸ਼ੇ ਦੇ ਆਦੀ ਇੱਕ ਕਸ਼ਮੀਰੀ ਵਿਅਕਤੀ ਨੇ ਦੱਸਿਆ ਕਿ ਜੇ ਘਰ ਵਿੱਚ ਕੋਈ ਨਸ਼ੇੜੀ ਹੋਵੇ ਤਾਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦਾ ਭਰਾ ਨਸ਼ੇ ਦੇ ਲਤ ਕਾਰਨ ਐੱਸਐੱਮਐੱਚਐੱਸ ਹਸਪਤਾਲ ਵਿੱਚ ਦਾਖ਼ਲ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਪੂਰਾ ਪਰਿਵਾਰ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਭਰਾ ਨਸ਼ੇ ਦਾ ਆਦੀ ਹੋ ਗਿਆ ਹੈ ਤਾਂ ਮੇਰੇ ਲਈ ਇਹ ਕਿਸੇ ਸਦਮੇ ਤੋਂ ਘੱਟ ਨਹੀ ਸੀ। ਉਹ ਘਰ ਦੇ ਇੱਕ ਕਮਰੇ ਵਿੱਚ ਚੁੱਪ-ਚੁਪੀਤਾ ਬੈਠਾ ਰਹਿੰਦਾ ਸੀ। ਉਹ ਪਰਿਵਾਰ ਵਾਲਿਆਂ ਨਾਲ ਬੈਠ ਕੇ ਖਾਣਾ ਨਹੀਂ ਸੀ ਖਾਂਦਾ। ਹਮੇਸ਼ਾ ਗੁੱਸੇ ਵਿੱਚ ਰਹਿੰਦਾ ਸੀ। ਉਸਨੇ ਆਪਣੇ ਨਸ਼ੇ ਦੀ ਆਦਤ ਕਾਰਨ ਬੇਹਿਸਾਬ ਪੈਸਾ ਉਡਾਇਆ। ਜਦੋਂ ਉਸ ਤੋਂ ਉਸਦੀਆਂ ਹਰਕਤਾਂ ਬਾਰੇ ਪੁੱਛਿਆ ਤਾਂ ਜਾ ਕੇ ਪਤਾ ਚਲਦਾ ਕਿ ਉਹ ਨਸ਼ਾ ਕਰਦਾ ਹੈ। ਫਿਲਹਾਲ ਤਾਂ ਉਹ ਸ਼੍ਰੀਨਗਰ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਹੈ ਤੇ ਇਲਾਜ ਕਰਾ ਰਿਹਾ ਹੈ।"

ਮਾਹਰਾਂ ਦਾ ਕਹਿਣਾ ਹੈ ਕਿ ਬੀਤੇ ਸਾਲਾਂ ਵਿੱਚ ਨਸ਼ੇ ਦੀ ਲਤ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ ਅਤੇ ਹੁਣ ਇਹ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ। ਐੱਸਐੱਮਐੱਚਐੱਸ ਹਸਪਤਾਲ ਦੇ ਡਾਕਟਰਾਂ ਮੁਤਾਬਕ ਜਿਨ੍ਹਾਂ ਲੋਕਾਂ ਵਿੱਚ ਨਸ਼ੇ ਦੀ ਲਤ ਵਧ ਰਹੀ ਹੈ, ਉਹ ਸਮਾਜ ਲਈ ਵੀ ਖ਼ਤਰਾ ਹਨ।

ਸਿਰਫ਼ 10 ਫ਼ੀਸਦੀ ਕਰਵਾਉਂਦੇ ਹਨ ਇਲਾਜ

ਡਾ਼ ਯਾਸਿਰ ਅਹਿਮਦ ਰਹਤਰ ਐੱਸਐੱਮਐੱਚਐੱਸ ਹਸਪਤਾਲ ਦੇ ਮਨੋਰੋਗ ਵਿਭਾਗ ਵਿੱਚ ਐਸੋਸਿਟ ਪ੍ਰੋਫੈਸਰ ਹਨ। ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਇਸ ਨੂੰ ਬਿਮਾਰੀ ਕਹਿਣ ਵਿੱਚ ਝਿਜਕ ਨਹੀਂ ਹੈ।

ਕਸ਼ਮੀਰ ਵਿੱਚ ਇਹ ਬਿਮਾਰੀ ਵਾਂਗ ਫੈਲ ਰਹੀ ਹੈ। ਸਾਡੇ ਹਸਪਤਾਲਾਂ ਦੇ ਰਿਕਾਰਡ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਓਪੀਡੀ ਤੇ ਆਈਪੀਡੀ ਵਿੱਚ ਇਸ ਤਰ੍ਹਾਂ ਦੇ ਕੇਸ ਵਧ ਰਹੇ ਹਨ ਅਸੀਂ ਪਾਣੀ ਖੋਜ ਦੇ ਅਧਾਰ 'ਤੇ ਇਹ ਕਹਿ ਸਕਦੇ ਹਾਂ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਸਿਰਫ਼ ਦਸ ਫੀਸਦੀ ਲੋਕ ਹੀ ਇਲਾਜ ਲਈ ਆਉਂਦੇ ਹਨ, ਬਾਕੀ ਨੱਬੇ ਫ਼ੀਸਦੀ ਤਾਂ ਆਉਂਦੇ ਵੀ ਨਹੀਂ ਹਨ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬਾਰਡਰ ਪਾਰ ਤੋਂ ਚਿੱਟਾ ਕਿਵੇਂ ਪਹੁੰਚਦਾ ਹੈ ਪੰਜਾਬ?

ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਦਾ ਨਸ਼ਾ ਸਭ ਤੋਂ ਵਧੇਰੇ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੱਸਿਆ, "ਇਹ ਉਮਰ ਤੇ ਨਿਰਭਰ ਕਰਦਾ ਹੈ। ਹਰ ਉਮਰ ਲਈ ਵੱਖਰਾ। ਕੁਝ ਮਾਮਲੇ ਤਾਂ ਅਜਿਹੇ ਹੁੰਦੇ ਹਨ ਜਿੱਥੇ ਨਸ਼ੇੜੀ ਦੀ ਉਮਰ ਅੱਠ ਤੋਂ ਦਸ ਸਾਲ ਦੇ ਵਿਚਕਾਰ ਹੁੰਦੀ ਹੈ। ਇਹ ਬੱਚੇ ਇਨਹੇਲਰ ਦਵਾਈਆਂ, ਬੂਟ ਪਾਲਿਸ਼ ਅਤੇ ਫੈਵੀਕੋਲ ਦਾ ਨਸ਼ਾ ਕਰਦੇ ਹਨ। ਇਸ ਤਰ੍ਹਾਂ ਦੇ ਨਸ਼ੇ ਨੂੰ ਗੇਟ-ਵੇ ਡਰੱਗ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਹੁਣ ਨੌਜਵਾਨਾਂ ਵਿੱਚ ਨਸ਼ੇ ਦੀ ਲਤ ਬਾਰੇ ਇੱਕ ਖ਼ਾਸ ਬਦਲਾਅ ਦੇਖਿਆ ਜਾ ਰਿਹਾ ਹੈ। ਹੁਣ ਉਹ ਹਾਰਡ ਨਸ਼ੇ ਜਿਵੇਂ ਹੈਰੋਇਨ ਤੇ ਬਰਾਊਨ ਸ਼ੂਗਰ ਤੱਕ ਲੈਣ ਲਗ ਪਏ ਹਨ। ਤੁਹਾਨੂੰ ਇਹ ਜਾਣ ਤੇ ਹੈਰਾਨੀ ਹੋਵੇਗੀ ਕਿ ਇਸ ਸਾਲ ਅਸੀਂ ਜਿੰਨੇ ਮਰੀਜ਼ ਦੇਖੇ ਹਨ ਉਨ੍ਹਾਂ ਵਿੱਚੋਂ ਨੱਬੇ ਫ਼ੀਸਦੀ ਨੂੰ ਹੈਰੋਇਨ ਅਤੇ ਬਰਾਊਨ ਸ਼ੂਗਰ ਦੀ ਲਤ ਸੀ। ਇਹ ਇੱਕ ਖ਼ਤਰਨਾਕ ਰੁਝਾਨ ਹੈ। ਤਿੰਨ ਸਾਲ ਪਹਿਲਾਂ ਤੱਕ ਅਜਿਹਾ ਨਹੀਂ ਸੀ।"

ਔਰਤਾਂ ਵੀ ਨਸ਼ੇ ਦੀਆਂ ਸ਼ਿਕਾਰ

ਉਨ੍ਹਾਂ ਦੱਸਿਆ, ਹਾਲਾਂਕਿ ਕੁਝ ਮਾਮਲੇ ਔਰਤਾਂ ਦੇ ਵੀ ਆਏ ਹਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਉਹ ਹੁਣ ਹਾਰਡ ਡਰੱਗਜ਼ ਵੱਲ ਵਧ ਰਹੀਆਂ ਹਨ।"

ਉਹ ਦੱਸਦੇ ਹਨ ਕਿ ਹਾਲ ਹੀ ਵਿੱਚ ਇੱਕ ਔਰਤ ਆਈ ਸੀ, ਜਿਸ ਨੂੰ ਨਸ਼ੇ ਦੀ ਆਦਤ ਸੀ। ਉਹ ਹੈਰੋਇਨ ਲੈਂਦੀ ਸੀ। ਉਹ ਸਮੂਹ ਵਿੱਚ ਨਸ਼ਾ ਕਰਦੀ ਸੀ। ਉਸ ਦੇ ਸਮੂਹ ਵਿੱਚੋਂ ਇੱਕ ਔਰਤ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਮੇਰੇ ਕੋਲ ਆਈ ਸੀ।

Image copyright Getty Images

ਡਾਕਟਰ ਰਹਤਰ ਕਹਿੰਦੇ ਹਨ ਕਿ ਡਰੱਗਜ਼ ਲੈਣ ਨੂੰ ਸਮਾਜਿਕ ਕਲੰਕ ਸਮਝਿਆ ਜਾਂਦਾ ਹੈ। ਜਿਸ ਕਾਰਨ ਔਰਤਾਂ ਇਲਾਜ ਲਈ ਸਾਹਮਣੇ ਨਹੀਂ ਆਉਂਦੀਆਂ।

ਪਿਛਲੇ ਚਾਰ ਸਾਲਾਂ ਦੇ ਅੰਕੜੇ ਦਿਖਾਉਦਿਆਂ ਡਾਕਟਰ ਰਹਤਰ ਨੇ ਦੱਸਿਆ,"ਅਸੀਂ ਤੁਹਾਨੂੰ ਬੀਤੇ ਚਾਰ ਸਾਲਾਂ ਦੇ ਅੰਕੜੇ ਦੇ ਰਹੇ ਹਾਂ। ਸਾਲ 2016 ਵਿੱਚ ਸਾਡੇ ਕੋਲ 500 ਓਪੀਡੀ ਦੇ ਕੇਸ ਆਏ ਸਨ। ਸਾਲ 2016 ਵਿੱਚ ਕਸ਼ਮੀਰ ਛੇ ਮਹੀਨੇ ਬੰਦ ਰਿਹਾ ਸੀ। ਇਸ ਲਈ ਇਸ ਦੌਰਾਨ ਉਨੇਂ ਮਾਮਲੇ ਨਹੀਂ ਆਏ।

ਜਦਕਿ ਸਾਲ 2017 ਵਿੱਚ ਅਚਾਨਕ ਗਿਣਤੀ ਵਧ ਕੇ 3500 ਪਹੁੰਚ ਗਈ। ਅਸੀਂ 350 ਲੋਕਾਂ ਨੂੰ ਇੱਕੋ ਸਮੇਂ ਦਾਖ਼ਲ ਕੀਤਾ ਸੀ। ਜ਼ਿਆਦਾਤਰ ਮਰੀਜ਼ 2018 ਵਿੱਚ ਆਉਣੇ ਸ਼ੁਰੂ ਹੋਏ ਅਤੇ ਸਿਰਫ਼ ਓਪੀਡੀ ਵਿੱਚ ਇਹ ਗਿਣਤੀ 5000 ਤੋਂ ਪਾਰ ਪਹੁੰਚ ਗਈ। ਜਦਕਿ ਆਈਪੀਡੀ ਵਿੱਚ 650 ਤੱਕ ਪਹੁੰਚੀ। ਸਾਲ 2019 ਦੇ ਮੁੱਢਲੇ ਮਹੀਨਿਆਂ ਵਿੱਚ ਸਾਡੇ ਕੋਲ ਓਪੀਡੀ ਵਿੱਚ 1500 ਮਾਮਲੇ ਆਏ ਤੇ ਆਈਪੀਡੀ ਵਿੱਚ 150, ਤੁਸੀਂ ਦੇਖ ਸਕਦੇ ਹੋ ਕਿ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।"

ਹਾਲਾਂਕਿ ਪੁਲਿਸ ਨਹੀਂ ਮੰਨਦੀ ਕਿ ਨਸ਼ੇੜੀਆਂ ਦੀ ਗਿਣਤੀ ਵਧ ਰਹੀ ਹੈ। ਪੁਲਿਸ ਲਈ ਫਿਕਰ ਵਾਲੀ ਸੰਖਿਆ ਨਹੀਂ ਸਗੋਂ ਪਾਕਿਸਤਾਨ ਤੋਂ ਭਾਰਰ ਨਸ਼ੇ ਦੀ ਤਸਕਰੀ ਹੋਣਾ ਹੈ।

ਪੁਲਿਸ ਕੀ ਕਹਿੰਦੀ ਹੈ?

ਕਸ਼ਮੀਰ ਰੇਂਜ ਦੇ ਇੰਸਪੈਕਟਰ ਜਰਨਲ ਆਫ਼ ਪੁਲਿਸ ਸਵੰਪਣੀ ਪ੍ਰਕਾਸ਼ ਦਾ ਕਹਿਣਾ ਹੈ, "ਤੁਸੀਂ ਮਰੀਜ਼ਾਂ ਦੀ ਵਧੀ ਗਿਣਤੀ ਦਾ ਜੋ ਅੰਕੜਾ ਮਾਹਰਾਂ ਦੇ ਹਵਾਲੇ ਨਾਲ ਦਿਖਾ ਰਹੇ ਹੋ, ਉਹ ਸਹੀ ਨਹੀਂ ਹੈ।"

ਉਨ੍ਹਾਂ ਕਿਹਾ, "ਸਾਡੇ ਲਈ ਹਾਲ ਹੀ ਵਿੱਚ ਸਿੰਥੈਟਿਕ ਨਸ਼ੇ ਦਾ ਮਿਲਣਾ ਚਿੰਤਾ ਦੀ ਗੱਲ ਹੈ ਜਿਸਦੀ ਪਾਕਿਸਤਾਨ ਤੋਂ ਤਸਕਰੀ ਹੁੰਦੀ ਹੈ। ਇਹ ਸਾਰੀ ਸਮਗਲਿੰਗ ਡਰੱਗ ਪੈਡਲਰ ਅਤੇ ਸਮਗਲਰਾਂ ਵੱਲੋਂ ਕੀਤੀ ਜਾਂਦੀ ਹੈ, ਜੋ ਇੱਥੋਂ ਦੇ ਨਸ਼ੇ ਨੂੰ ਦੂਜੇ ਹਿੱਸਿਆਂ ਵਿੱਚ ਭੇਜਣ ਦੀ ਕੋਸ਼ਿਸ਼ ਕਰਦੇ ਹਨ।"

"ਕਸ਼ਮੀਰ ਘਾਟੀ ਵਿੱਚ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਤੇ ਤੇਂਗਵਾੜ ਇਲਾਕੇ ਤੋਂ ਡਰੱਗਜ਼ ਦੀ ਸਮਗਲਿੰਗ ਹੁੰਦੀ ਹੈ। ਕਸ਼ਮੀਰ ਤੋ ਬਾਹਰ ਜਿਨ੍ਹਾਂ ਵੀ ਤਸਕਰਾਂ ਨੂੰ ਫੜਿਆ ਗਿਆ ਹੈ ਉਨ੍ਹਾਂ ਸਾਰਿਆਂ ਨੇ ਇਸ ਇਲਾਕੇ ਨਾਲ ਜੁੜੇ ਹੋਣ ਦੀ ਗੱਲ ਮੰਨੀ ਹੈ।"

Image copyright Getty Images
ਫੋਟੋ ਕੈਪਸ਼ਨ ਨਸ਼ਿਆਂ ਕਾਰਨ ਕਈ ਘਰਾਂ-ਪਰਿਵਾਰਾਂ 'ਤੇ ਖ਼ਤਰੇ ਦੇ ਬੱਦਲ ਮੰਡਰਾਉਂਦੇ ਹਨ (ਸੰਕੇਤਕ ਤਸਵੀਰ)

ਉਹ ਅੱਗੇ ਦਸਦੇ ਹਨ, " ਇਨ੍ਹਾਂ ਲੋਕਾਂ ਦਾ ਇੱਕ ਨੈਟਵਰਕ ਹੁੰਦਾ ਹੈ, ਜਿਸ ਨੂੰ ਅਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਕੋਈ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਡਰੱਗ ਪੈਡਲਰ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।"

"ਇਸ ਤੋਂ ਪਹਿਲਾਂ ਅਸੀਂ ਐੱਨਡੀਪੀਐੱਸ ਅਧੀਨ ਮਾਮਲੇ ਦਰਜ ਕਰਦੇ ਸੀ। ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਲੋਕਾਂ ਤੋਂ ਪਬਲਿਕ ਸੇਫ਼ਟੀ ਐਕਟ ਤਹਿਤ ਵੀ ਨਾਮਜ਼ਦ ਕੀਤਾ ਹੈ। ਡਰੱਗਜ਼ ਬਾਰੇ ਸਾਡੇ ਵੱਲੋਂ ਕੋਈ ਰਿਆਇਤ ਨਹੀਂ ਹੈ।"

ਜਦੋਂ ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਸਰਹੱਦ ਪਾਰੋਂ ਹੋਣ ਵਾਲੇ ਕਾਰੋਬਾਰ ਦੇ ਓਹਲੇ ਵਿੱਚ ਡਰੱਗ ਦੀ ਸਮਗਲਿੰਗ ਹੁੰਦੀ ਹੈ ਤਾਂ ਆਈਜੀ ਪ੍ਰਕਾਸ਼ ਨੇ ਦੱਸਿਆ ਕਿ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਬਾਰਾਮੂਲਾ ਵਿੱਚ ਇੱਕ ਜ਼ਖੀਰਾ ਫੜਿਆ ਗਿਆ ਸੀ।

ਪ੍ਰਕਾਸ਼ ਕਹਿੰਦੇ ਹਨ ਕਿ ਇੱਕ ਫਿਕਰ ਦੀ ਗੱਲ ਹੋਰ ਹੈ ਕਿ ਫਿਲਹਾਲ ਦੇ ਦਿਨਾਂ ਵਿੱਚ ਸਿੰਥੈਟਿਕ ਡਰੱਗਸ ਦੀ ਵਰਤੋਂ ਵਧੀ ਹੈ।

ਪਾਕਿਸਤਾਨ 'ਤੇ ਇਲਜ਼ਾਮ

ਇਹ ਪੁੱਛੇ ਜਾਣ ਉੱਤੇ ਕਿ ਕੀ ਪਾਕਿਸਤਾਨ ਡਰੱਗਜ਼ ਰਾਹੀਂ ਕਸ਼ਮੀਰ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ? ਉਨ੍ਹਾਂ ਕਿਹਾ, "ਅਸੀਂ ਇੱਥੇ ਜਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ ਉਹ ਕਿਸੇ ਤੋਂ ਲੁਕੇ ਨਹੀਂ ਹਨ। ਪਾਕਿਸਤਾਨ ਦਾ ਸਹਿਯੋਗ ਹਾਸਲ ਅੱਤਵਾਦੀ ਸੰਗਠਨ ਇੱਥੇ ਬਿਲਕੁਲ ਸਰਗਰਮ ਹਨ ਅਤੇ ਉਹ ਪਰੇਸ਼ਾਨੀ ਵਧਾਉਣਾ ਹੀ ਚਾਹੁੰਦੇ ਹਨ। ਉਹ ਇੱਥੋਂ ਦੇ ਨੌਜਵਾਨਾਂ ਨੂੰ ਆਪਣੇ ਕਾਬੂ ਵਿੱਚ ਲੈਣਾ ਚਾਹੁੰਦੇ ਹਨ ਅਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ।"

ਹਾਲ ਹੀ ਵਿੱਚ ਵੱਖਵਾਦੀ ਆਗੂ ਮੀਰਵਾਇਜ਼ ਉਮਰ ਫਾਰੂਕ ਨੇ ਨਸ਼ੇ ਦੇ ਖ਼ਤਰਿਆਂ ਬਾਰੇ ਇੱਕ-ਰੋਜ਼ਾ ਸੈਮੀਨਾਰ ਕੀਤਾ ਸੀ। ਸੈਮੀਨਾਰ ਵਿੱਚ ਬੁਲਾਰਿਆਂ, ਸਮਾਜਿਕ ਸੰਗਠਨਾਂ ਅਤੇ ਗੈਰ-ਸਰਾਕਾਰੀ ਸੰਗਠਨਾਂ ਨੇ ਹਿੱਸਾ ਲਿਆ ਸੀ।

ਕਸ਼ਮੀਰ ਦੇ ਸਾਬਕਾ ਡੀਜੀਪੀ ਕ੍ਰਾਈਮ ਸਯਦ ਅਹਫ਼ਦੁੱਲਾ ਨੇ ਕੁਝ ਦਿਨ ਪਹਿਲਾਂ ਮੀਡੀਆ ਨੂੰ ਕਿਹਾ ਸੀ ਕਿ ਪੂਰੇ ਜੰਮੂ-ਕਸ਼ਮੀਰ ਵਿੱਚ ਹੈਰੋਇਨ ਦਾ ਨਸ਼ਾ ਵਧ ਰਿਹਾ ਹੈ।

ਪੁਲਿਸ ਨੇ ਸਾਲ 2008-2009 ਵਿੱਚ ਆਪਣਾ ਨਸ਼ਾ ਛੁਡਾਊ ਕੇਂਦਰ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)