ਪੰਜਾਬ 'ਚ ਲਗਾਤਾਰ ਮੀਂਹ ਨਾਲ ਕਈ ਥਾਵਾਂ ਹਾਲਾਤ ਗੰਭੀਰ , ਪਰ ਹੜ੍ਹਾਂ ਦਾ ਕਿੰਨਾ ਖ਼ਤਰਾ

ਘੱਗਰ ਨਦੀ, ਪੰਜਾਬ

ਹਰ ਸਾਲ ਮਾਨਸੂਨ ਸੀਜ਼ਨ ਵਿੱਚ ਦਰਿਆਵਾਂ ਤੇ ਨਦੀਆਂ ਨੇੜਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਹੜ੍ਹਾਂ ਦੀ ਚਿੰਤਾ ਸਤਾਉਣ ਲਗਦੀ ਹੈ। ਇਸ ਵਾਰ ਜੁਲਾਈ ਮਹੀਨੇ ਵਿੱਚ ਮੀਂਹ ਵੀ ਜਿਆਦਾ ਪੈ ਰਿਹਾ ਹੈ, ਅਜਿਹੇ ਵਿੱਚ ਪੰਜਾਬ ਅੰਦਰ ਹੜ੍ਹਾਂ ਦੀ ਕਿੰਨੀ ਕੁ ਸੰਭਾਵਨਾ ਹੈ ਇਹ ਜਾਨਣ ਦੀ ਅਸੀਂ ਕੋਸ਼ਿਸ਼ ਕੀਤੀ।

ਚੰਡੀਗੜ੍ਹ ਸਥਿਤ ਮੌਸਮ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1615.26 ਫੁੱਟ ਅਤੇ ਪੌਂਗ ਡੈਮ 'ਤੇ 1327.98 ਫੁੱਟ ਹੈ। ਪਿਛਲੇ ਸਾਲ ਨਾਲੋਂ ਇਹ ਕ੍ਰਮਵਾਰ 114 ਫੁੱਟ ਅਤੇ 46 ਫੁੱਟ ਜ਼ਿਆਦਾ ਹੈ ਪਰ ਡੈਮ ਦੀ ਸਮਰੱਥਾ ਤੋਂ ਹਾਲੇ ਕਾਫ਼ੀ ਥੱਲੇ ਹੈ।

ਸੁਰਿੰਦਰ ਪੌਲ ਨੇ ਦੱਸਿਆ ਇਸ ਵਾਰ ਜੁਲਾਈ ਮਹੀਨੇ ਦਾ ਮੀਂਹ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੈ, ਪਰ ਕੁੱਲ ਮਿਲਾ ਕੇ ਪੂਰੇ ਮਾਨਸੂਨ ਸੀਜ਼ਨ ਵਿੱਚ ਪਿਛਲੇ ਸਾਲ ਨਾਲੋਂ ਘੱਟ ਮੀਂਹ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸੂਬੇ ਅੰਦਰ ਹੜ੍ਹਾਂ ਦੇ ਖ਼ਤਰੇ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੰਜਾਬ ’ਚ ਲਗਾਤਾਰ ਪੈ ਰਹੇ ਮੀਂਹ ਦਾ ਫ਼ਸਲਾਂ ਨੂੰ ਕਿੰਨਾ ਨੁਕਸਾਨ

ਲਗਾਤਾਰ ਪੈਂਦੇ ਮੀਂਹ ਬਾਅਦ ਘੱਗਰ ਨੇੜਲੇ ਇਲਾਕਿਆਂ ਦਾ ਦੌਰਾ

ਚੰਡੀਗੜ੍ਹ ਵਿੱਚ ਪਿਛਲੇ ਕਰੀਬ 9 ਦਿਨ ਤੋਂ ਹਰ ਰੋਜ਼ ਬਾਰਿਸ਼ ਹੋ ਰਹੀ ਸੀ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀ ਪਿਛਲੇ ਦਿਨਾਂ ਵਿੱਚ ਚੰਗੀ ਬਾਰਿਸ਼ ਹੋਈ।

ਕਈ ਥਾਈਂ ਮੀਂਹ ਦੇ ਪਾਣੀ ਨਾਲ ਜਨਜੀਵਨ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਆਈਆਂ ਤਾਂ ਅਸੀਂ ਵੀ ਮੰਗਲਵਾਰ ਨੂੰ ਜਾਇਜ਼ਾ ਲੈਣ ਲਈ ਚੰਡੀਗੜ੍ਹ ਤੋਂ ਪਟਿਆਲਾ ਵੱਲ ਰਵਾਨਾ ਹੋਏ, ਬਰਸਾਤੀ ਨਦੀ ਘੱਗਰ ਦੇ ਨੇੜਲੇ ਇਲਾਕੇ ਕਿਸ ਹਾਲਾਤ ਵਿੱਚ ਨੇ, ਇਹ ਜਾਨਣ ਲਈ।

ਅਸੀਂ ਕੀ ਕੁਝ ਦੇਖਿਆ ਇਸ ਤੋਂ ਪਹਿਲਾਂ ਇਹ ਜਾਣ ਲਓ ਕਿ ਘੱਗਰ ਨਦੀ ਬਰਸਾਤੀ ਨਦੀ ਹੈ,ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਵਿੱਚੋਂ ਸ਼ੁਰੂ ਹੁੰਦੀ ਹੈ ਫਿਰ ਪੰਜਾਬ ਵਿੱਚ ਡੇਰਾ ਬਸੀ, ਬਨੂੜ, ਘਨੌਰ ਤੇ ਰਾਜਪੁਰਾ ਹੁੰਦਿਆਂ ਹਰਿਆਣਾ ਵਿੱਚ ਦਾਖਲ ਹੁੰਦੀ ਹੈ।

ਅਕਸਰ, ਮੀਂਹ ਜ਼ਿਆਦਾ ਹੋਣ 'ਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਜਾਂਦਾ ਹੈ ਅਤੇ ਕਈ ਵਾਰ ਘੱਗਰ ਦੇ ਨੇੜਲੇ ਇਲਾਕਿਆਂ ਨੂੰ ਇਸ ਦੇ ਪਾਣੀ ਦੀ ਮਾਰ ਝੱਲਣੀ ਪਈ ਹੈ।

ਤਾਂ, ਅਸੀਂ ਚੰਡੀਗੜ੍ਹ ਤੋਂ ਰਵਾਨਾ ਹੋਏ, ਪਹਿਲਾਂ ਬਨੂੜ ਨੇੜੇ ਸੂਰਤ ਮਨੌਲੀ ਪਿੰਡ ਰੁਕੇ ਜਿੱਥੋਂ ਘੱਗਰ ਨਦੀ ਲੰਘਦੀ ਹੈ, ਇੱਥੇ ਘੱਗਰ ਦਾ ਪਾਣੀ ਚੜ੍ਹਿਆ ਹੋਇਆ ਨਹੀਂ ਸੀ। ਸਥਾਨਕ ਹਾਲਾਤ ਤੋਂ ਪਤਾ ਲੱਗਿਆ ਕਿ ਪਿੱਛੇ ਡੇਰਾ ਬਸੀ ਵਿੱਚ ਵੀ ਘੱਗਰ ਦੇ ਹਾਲਾਤ ਚਿੰਤਾਜਨਕ ਨਹੀਂ ਹਨ।

ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਘੱਗਰ ਨੇੜਲੇ ਇਲਾਕਿਆਂ ਦਾ ਮੰਗਲਵਾਰ ਨੂੰ ਦੌਰਾ ਕਰਕੇ ਜਾਇਜ਼ਾ ਵੀ ਲਿਆ ਸੀ।

ਜਿਵੇਂ ਹੀ ਬਨੂੜ ਤੋਂ ਥੋੜ੍ਹਾ ਅੱਗੇ ਗਏ, ਤਾਂ ਸੜਕ ਦੇ ਦੋਹੇਂ ਪਾਸੇ ਖੇਤ ਪਾਣੀ ਨਾਲ ਪੂਰੀ ਤਰ੍ਹਾਂ ਲੁਕੇ ਹੋਏ ਸੀ। ਅਸੀਂ ਜਾਨਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਪਾਣੀ ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖੇਤਾਂ ਵਿੱਚ ਆਇਆ ਹੈ ਜਾਂ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ ਹੈ। ਥੋੜ੍ਹਾ ਅੱਗੇ ਵਧੇ ਤਾਂ ਇੱਕ ਨੌਜਵਾਨ ਸੜਕ ਕਿਨਾਰੇ ਖੜ੍ਹਾ ਸੀ, ਸੋਚਿਆ ਜੇ ਇਹ ਸਥਾਨਕ ਨਿਵਾਸੀ ਹੈ ਤਾਂ ਇਸ ਪਾਣੀ ਬਾਰੇ ਕੁਝ ਜਾਣਕਾਰੀ ਦੇ ਸਕਦਾ ਹੈ।

ਗੁਰਜਿੰਦਰ ਸਿੰਘ ਨਾਮ ਦੇ ਇਸ ਨੌਜਵਾਨ ਨੇ ਦੱਸਿਆ," ਇਹ ਇੱਥੇ ਬਹੁਤ ਸਾਰੇ ਪਿੰਡਾਂ ਦਾ ਮਸਲਾ ਹੈ, ਖੇਤਾਂ ਵਿੱਚ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਹੀਂ ਹੈ। ਜਿਸ ਕਰਕੇ ਸੈਂਕੜੇ ਏਕੜ ਫ਼ਸਲ ਖ਼ਰਾਬ ਹੋ ਗਈ ਹੈ।"

ਇਹ ਵੀ ਪੜ੍ਹੋ:

ਥੋੜ੍ਹਾ ਅੱਗੇ ਗਏ ਤਾਂ ਸੜਕ ਤੋਂ ਕੁਝ ਦੂਰੀ ਦੇ ਖੱਬੇ ਪਾਸੇ ਇੱਕ ਪਿੰਡ ਨਜ਼ਰ ਆਇਆ। ਇਸ ਪਿੰਡ ਦਾ ਨਾਮ ਬਾਸਮਾ ਕਲੋਨੀ ਸੀ। ਪਿੰਡ ਅੰਦਰ ਦਾਖਲ ਹੋਏ ਤਾਂ ਇੱਧਰ ਵੀ ਖੇਤਾਂ ਵਿੱਚ ਇਸੇ ਤਰ੍ਹਾਂ ਪਾਣੀ ਭਰਿਆ ਹੋਇਆ ਸੀ। ਇੱਥੇ ਸਾਨੂੰ ਦੋ ਪਰਵਾਸੀ ਮਜ਼ਦੂਰ ਮਿਲੇ, ਅਸੀਂ ਗੱਡੀ ਵਿੱਚੋਂ ਉਤਰੇ ਅਤੇ ਇਸ ਜਲ-ਥਲ ਬਾਰੇ ਗੱਲ ਕੀਤੀ।

ਮਧਰੇ ਕੱਦ ਅਤੇ ਕਣਕਵੰਨੇ ਰੰਗ ਦਾ ਗਣੇਸ਼ ਬੋਲਿਆ, "ਅਸੀਂ ਹਰ ਸਾਲ ਬਿਹਾਰ ਤੋਂ ਝੋਨਾ ਲਾਉਣ ਲਈ ਇੱਥੇ ਆਉਂਦੇ ਹਾਂ, ਉਸ ਵਾਰ ਵੀ ਕਰੀਬ 60 ਏਕੜ ਵਿੱਚ ਝੋਨਾ ਲਾਇਆ ਸੀ ਪਰ ਪਾਣੀ ਕਾਰਨ ਸਭ ਤਬਾਹ ਹੋ ਗਿਆ।"

"ਅਸੀਂ ਖੇਤਾਂ ਵਿੱਚ ਮੋਟਰ ਦੇ ਟਿਕਾਣਾ ਲਾਇਆ ਸੀ, ਪਰ ਹਰ ਪਾਸੇ ਪਾਣੀ ਭਰ ਗਿਆ ਤਾਂ ਫਿਰ ਸਰਦਾਰ ਜੀ ਸਾਨੂੰ ਇੱਥੇ ਪਿੰਡ ਵਿੱਚ ਧਰਮਸ਼ਾਲਾ ਵਿੱਚ ਲੈ ਆਏ। ਹੁਣ ਬਹੁਤ ਔਖਾ ਹੋ ਜਾਏਗਾ, ਜੇ ਸਰਦਾਰ ਜੀ ਦੀ ਫ਼ਸਲ ਨਹੀਂ ਹੋਏਗਾ ਤਾਂ ਉਹ ਸਾਨੂੰ ਪੈਸੇ ਕਿੱਥੋਂ ਦੇਣਗੇ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਘੱਗਰ ਵਿੱਚ ਪਾੜ ਕਾਰਨ ਕਈ ਏਕੜ ਫ਼ਸਲ ਤਬਾਹ

ਗਣੇਸ਼ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਸ ਦਾ ਸਾਥੀ ਉਸ ਦੀ ਗੱਲਾਂ ਦਾ ਹੁੰਗਾਰਾ ਭਰ ਰਿਹਾ ਸੀ। ਅਸੀਂ ਉਹਨਾਂ ਨੂੰ ਖੇਤਾਂ ਦੇ ਮਾਲਿਕ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਉਹ ਪਿੰਡ ਵਿੱਚ ਨਹੀਂ ਹਨ, ਕੁਝ ਸਮੇਂ ਤੱਕ ਆ ਜਾਣਗੇ। ਅਸੀਂ ਜਿਵੇਂ ਹੀ ਪਿੰਡ ਤੋਂ ਬਾਹਰ ਹੋ ਕੇ ਮੇਨ ਸੜਕ ਤੇ ਪੁੱਜੇ ਤਾਂ ਦੋ ਮੋਟਰਸਈਕਲਾਂ ਦੇ ਪਿੰਡ ਦੇ ਲੋਕ ਮਿਲ ਗਏ।

ਪਿੰਡ ਨੂੰ ਜਾਂਦੇ ਰਾਹ ਕੋਲ ਖੜ੍ਹੇ ਹੋ ਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਿਰਫ਼ ਇੱਕ ਨਹੀਂ, ਬਲਕਿ ਸੜਕ ਦੇ ਦੋਹੇਂ ਪਾਸੇ ਆਲੇ ਦੁਆਲੇ ਦੇ ਤਿੰਨ-ਚਾਰ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਇਸ ਪਾਣੀ ਕਾਰਨ ਖ਼ਰਾਬ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਘੱਗਰ ਦਾ ਪਾਣੀ ਤਾਂ ਇੱਥੇ ਨਹੀਂ ਆਉਂਦਾ, ਡਰੇਨੇਜ ਨਾ ਹੋਣ ਕਾਰਨ ਮੀਂਹ ਦਾ ਪਾਣੀ ਜਮ੍ਹਾਂ ਹੋ ਕੇ ਫ਼ਸਲਾਂ ਖਰਾਬ ਕਰਦਾ ਹੈ।

ਪਿੰਡ ਦੇ ਸਰਪੰਚ ਬਹਾਦਰ ਸਿੰਘ ਨੇ ਦੱਸਿਆ, "ਖੇਤ ਡੂੰਘੇ ਨੇ, ਡਰੇਨ ਨਾ ਹੋ ਕਰਕੇ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ ਹੈ, ਇਹ ਤਕਰੀਬਨ ਹਰ ਸਾਲ ਦਾ ਹਾਲ ਹੈ। ਸਾਰੀ ਉਮਰ ਲੰਘ ਗਈ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਕੋਈ ਪੱਕਾ ਹੱਲ ਨਹੀਂ ਕੀਤਾ। ਤਬਾਹੀ ਹੋ ਜਾਣ ਬਾਅਦ ਮੌਕਾ ਦੇਖ ਜਾਂਦੇ ਹਨ, ਪਰ ਕੋਈ ਡਰੇਨ ਨਹੀਂ ਬਣ ਰਹੀ। ਕਿੰਨੇ ਵਾਰ ਅਸੀਂ ਲਿਖ ਕੇ ਦੇ ਚੁੱਕੇ ਹਾਂ ਪਰ ਕੋਈ ਨਹੀਂ ਸੁਣਦਾ, ਹੁਣ ਗੁਜਾਰਾ ਕਰਨ ਲਈ ਪਿਛਲਾ ਦਾਣਾ-ਪਾਣੀ ਖਾਵਾਂਗੇ, ਜਾਂ ਆੜ੍ਹਤੀਆਂ ਤੋਂ ਕਰਜਾ ਲਵਾਂਗੇ, ਜਿੰਮ੍ਹੀਦਾਰਾਂ ਦਾ ਹਾਲ ਬੁਰਾ ਹੈ"

ਪਿੰਡ ਵਾਲਿਆਂ ਨਾਲ ਗੱਲਬਾਤ ਕਰਕੇ ਅਸੀਂ ਅੱਗੇ ਵਧੇ। ਸੁਣਨ ਵਿੱਚ ਆਇਆ ਸੀ ਕਿ ਸਰਾਲਾ ਹੈਡ ਨੇੜੇ ਪੈਂਦੇ ਪਿੰਡਾਂ ਵਿੱਚ ਘੱਗਰ ਦਾ ਪਾਣੀ ਆ ਵੜਿਆ ਹੈ। ਘਨੌਰ ਤੋਂ ਅੰਬਾਲਾ ਰੋਡ ਤੇ ਜਾਂਦਿਆਂ ਸਰਾਲਾ ਹੈਡ ਕੋਲ ਅਸੀਂ ਸਰਾਲਾ ਕਲਾਂ ਪਿੰਡ ਵਿੱਚ ਚਲੇ ਗਏ। ਇੱਥੇ ਵੀ ਖੇਤਾਂ ਵਿੱਚ ਬੀਜੀ ਗਈ ਜੀਰੀ ਵਿੱਚ ਪਾਣੀ ਖੜ੍ਹਾ ਸੀ। ਪਿੰਡ ਦੀ ਫਿਰਨੀ ਤੇ ਹੀ ਕੁਝ ਬਜੁਰਗ ਅਤੇ ਨੌਜਵਾਨ ਮਿਲ ਗਏ। ਉਹਨਾਂ ਨਾਲ ਗੱਲ ਕਰ ਹੀ ਰਹੇ ਸੀ ਕਿ ਤਿੰਨ ਮਹਿਲਾਵਾਂ ਮਿਲ ਗਈਆਂ ਜੋ ਕਿ ਮੀਂਹ ਕਾਰਨ ਖਰਾਬ ਹੋਏ ਪਾਥੀਆਂ ਦੇ ਗਹੀਰੇ ਵੇਖਣ ਲਈ ਆਈਆਂ ਸੀ।

ਹਰਭਜਨ ਕੌਰ ਨੇ ਦੱਸਿਆ, "ਹਰ ਸਾਲ ਹਾੜ੍ਹੀ ਸਾਉਣੀ ਇਸੇ ਤਰ੍ਹਾਂ ਪਾਣੀ ਆ ਜਾਂਦਾ ਹੈ, ਘੱਗਰ ਦਾ ਪਾਣੀ ਚੜ੍ਹਣ ਕਾਰਨ ਨੁਕਸਾਨ ਹੋਇਆ ਹੈ। ਸਾਡੀਆਂ ਫ਼ਸਲਾਂ ਖ਼ਰਾਬ ਹੋ ਗਈਆਂ, ਪਸ਼ੂਆਂ ਲਈ ਲਾਇਆ ਚਾਰਾ ਖ਼ਰਾਬ ਹੋ ਗਿਆ, ਪਾਥੀਆਂ ਦੇ ਗਹੀਰੇ ਲਗਾਏ ਸੀ, ਉਹ ਵੀ ਗਲ਼ ਗਏ"

ਪਿੰਡ ਦੀ ਫਿਰਨੀ ਦੇ ਦੂਜੇ ਪਾਸੇ ਗਏ ਤਾਂ ਪਾਣੀ ਖੇਤਾਂ ਵਿੱਚ ਸੜਕਾਂ 'ਤੇ ਵੀ ਆ ਗਿਆ ਸੀ। ਬੱਚੇ ਅਤੇ ਨੌਜਵਾਨ ਇਸ ਪਾਣੀ ਨੇੜੇ ਖੜਮਸਤੀ ਵਿੱਚ ਲੱਗੇ ਹੋਏ ਸੀ।

ਇਹ ਵੀ ਪੜ੍ਹੋ:

ਅਸੀਂ ਇੱਥੋਂ ਵਾਪਸ ਆ ਕੇ ਮੇਨ ਸੜਕ ਤੇ ਆਏ ਅਤੇ ਵਾਪਸ ਚੰਡੀਗੜ੍ਹ ਵੱਲ ਨੂੰ ਹੋ ਗਏ। ਕੁਝ ਹੀ ਦੂਰੀ ਤੇ ਪਿੰਡ ਪਿੱਪਲ ਮੰਗੋਲੀ ਆਇਆ, ਇੱਥੇ ਸੁਣਨ ਵਿੱਚ ਆਇਆ ਕਿ ਪਾਣੀ ਪਿੰਡ ਅੰਦਰ ਦਾਖਲ ਹੋ ਗਿਆ ਹੈ। ਅਸੀਂ ਸੜਕ ਤੋਂ ਸੱਜੇ ਪਾਸੇ ਪਿੰਡ ਵੱਲ ਨੂੰ ਮੁੜੇ। ਕੁਝ ਕ ਮੀਟਰ 'ਤੇ ਹੀ ਇੱਕ ਘਰ ਕੋਲ ਅਸੀਂ ਰੁਕੇ ਅਤੇ ਦੇਖਿਆ ਕਿ ਅੱਗੇ ਪਿੰਡ ਵੱਲ ਨੂੰ ਜਾਂਦੀ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਭਰੀ ਹੋਈ ਹੈ ਅਤੇ ਦੋਹੇਂ ਪਾਸੇ ਖੇਤਾਂ ਵਿੱਚ ਪਾਣੀ ਹੈ।

ਘਰ ਵਿੱਚੋਂ ਇੱਕ ਬਜੁਰਗ ਮਹਿਲਾ ਬਾਹਰ ਆਈ ਅਤੇ ਸਾਨੂੰ ਦੱਸਿਆ ਕਿ ਘੱਗਰ ਵਿੱਚ ਪਾਣੀ ਜਿਆਦਾ ਭਰ ਜਾਣ ਕਾਰਨ ਸੂਆ ਟੁੱਟ ਗਿਆ ਅਤੇ ਪਾਣੀ ਉਹਨਾਂ ਦੇ ਖੇਤਾਂ 'ਤੇ ਪਿੰਡ ਵਿੱਚ ਆ ਗਿਆ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਜੀਰੀ ਲਾਉਣ ਦਾ ਕੰਮ ਮੁੱਕਿਆ ਸੀ ਅਤੇ ਹੁਣ ਇਸ ਪਾਣੀ ਨੇ ਸਭ ਫ਼ਨ੍ਹਾ ਕਰ ਦਿੱਤਾ ਹੈ।

ਇਸ ਘਰ ਦੇ ਬਿਲਕੁਲ ਬਾਹਰ ਪਾਣੀ ਹੀ ਪਾਣੀ ਸੀ, ਘਰ ਉੱਚਾ ਹੋਣ ਕਾਰਨ ਪਾਣੀ ਅੰਦਰ ਦਾਖ਼ਲ ਨਹੀਂ ਹੋਇਆ ਸੀ। ਬਾਹਰ ਪਿੰਡ ਦੇ ਕੁਝ ਨੌਜਵਾਨ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਸੀ।

ਅਸੀਂ ਉਹਨਾਂ ਨੂੰ ਪਿੰਡ ਦੇ ਹਾਲਾਤ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਪਾਣੀ ਘਰਾਂ ਅੰਦਰ ਤਾਂ ਨਹੀਂ ਗਿਆ ਹੈ ਪਰ ਸੜਕਾਂ 'ਤੇ ਖੇਤਾਂ ਵਿੱਚ ਭਰ ਗਿਆ ਹੈ। ਇਸੇ ਦਰਮਿਆਨ ਇੱਕ ਸ਼ਖਸ ਸਾਈਕਲ ਚਲਾਉਂਦਾ ਹੋਇਆ ਮੁੱਖ ਸੜਕ ਤੋਂ ਪਿੰਡ ਵੱਲ ਆਇਆ। ਪਵਨ ਕੁਮਾਰ ਨਾਮੀਂ ਇਸ ਸ਼ਖਸ ਨੇ ਇਹ ਪਿੰਡ ਪਿੱਪਲ ਮੰਗੋਲੀ ਲੰਘ ਕੇ ਆਪਣੇ ਪਿੰਡ ਰਾਏਪੁਰ ਨਨਹੇੜੀ ਜਾਣਾ ਸੀ।

ਪਵਨ ਕੁਮਾਰ ਨੇ ਦੱਸਿਆ, "ਸਾਡੇ ਪਿੰਡ ਵੀ ਇਹੀ ਹਾਲ ਹੈ। ਹੁਣ ਸਾਈਕਲ 'ਤੇ ਇਸ ਪਾਣੀ ਵਿੱਚੋਂ ਹੁੰਦਾ ਹੋਇਆ ਘਰ ਜਾਵਾਂਗਾ, ਕਿਉਂਕਿ ਰਾਤ ਨੂੰ ਘਰ ਤਾਂ ਪਹੁੰਚਣਾ ਹੀ ਹੈ।"

ਉਸ ਵੇਲੇ ਸ਼ਾਮ ਦੇ ਕਰੀਬ 7 ਵਜ ਚੁੱਕੇ ਸੀ। ਅਸੀਂ ਉੱਥੋਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਾਪਸ ਚੰਡੀਗੜ੍ਹ ਵੱਲ ਨੂੰ ਮੁੜ ਪਏ।

ਵਾਪਸੀ ਵੇਲੇ, ਇਹੀ ਸੋਚ ਰਹੇ ਸੀ ਕਿ ਚੰਡੀਗੜ੍ਹ ਬੈਠਿਆਂ ਮਾਨਸੂਨ ਵਿੱਚ ਸੁਹਾਵਣਾ ਮੌਸਮ ਹੀ ਨਜ਼ਰ ਆਉਂਦਾ ਹੈ, ਪਰ ਇਹਨਾਂ ਪਿੰਡਾਂ ਦੇ ਲੋਕਾਂ ਲਈ ਮਾਨਸੂਨ ਵੱਡੀ ਚਿੰਤਾ ਹੈ। ਇਹ ਚਿੰਤਾ ਹਰ ਸਾਲ ਰਹਿੰਦੀ ਹੈ, ਮੀਂਹ ਘੱਟ ਹੁੰਦਾ ਹੈ ਤਾਂ ਫ਼ਸਲਾਂ ਬਚ ਜਾਂਦੀਆਂ ਹਨ, ਜਿਆਦਾ ਪਵੇ ਤਾਂ ਸਭ ਤਬਾਹ ਕਿਉਂਕਿ ਇਸ ਹਾਲਾਤ ਨਾਲ ਸਮਾਂ ਰਹਿੰਦਿਆਂ ਨਜਿੱਠਣ ਲਈ ਕੋਈ ਪੱਕਾ ਹੱਲ ਹਾਲੇ ਤੱਕ ਨਹੀਂ ਹੋ ਸਕਿਆ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)