ਕਾਰਗਿਲ ਜੰਗ: 15 ਗੋਲੀਆਂ ਲੱਗਣ ਤੋਂ ਬਾਅਦ ਵੀ ਲੜਦੇ ਰਹੇ ਪਰਮਵੀਰ ਯੋਗੇਂਦਰ

ਯੋਗੇਂਦਰ ਸਿੰਘ ਯਾਦਵ Image copyright PTI
ਫੋਟੋ ਕੈਪਸ਼ਨ ਪਰਮਵੀਰ ਚੱਕਰ ਜੇਤੂ ਯੋਗੇਂਦਰ ਯਾਦਵ

ਤਿੰਨ ਜੁਲਾਈ 1999 ਨੂੰ ਟਾਈਗਰ ਹਿਲ 'ਤੇ ਬਰਫ਼ ਪੈ ਰਹੀ ਸੀ। ਰਾਤ ਸਾਢੇ 9 ਵਜੇ ਓਪਸ ਰੂਮ ਵਿੱਚ ਫ਼ੋਨ ਦੀ ਘੰਟੀ ਵੱਜੀ। ਆਪਰੇਟਰ ਨੇ ਕਿਹਾ ਕਿ ਕੋਰ ਕਮਾਂਡਰ ਜਨਰਲ ਕਿਸ਼ਨ ਪਾਲ ਮੇਜਰ ਜਨਰਲ ਮੋਹਿੰਦਰ ਪੁਰੀ ਨਾਲ ਤੁਰੰਤ ਗੱਲ ਕਰਨਾ ਚਾਹੁੰਦੇ ਹਨ।

ਦੋਹਾਂ ਵਿਚਾਲੇ ਕੁਝ ਮਿੰਟਾਂ ਤੱਕ ਚੱਲੀ ਗੱਲ ਤੋਂ ਬਾਅਦ ਪੁਰੀ ਨੇ 56 ਮਾਉਂਟੇਨ ਬ੍ਰਿਗੇਡ ਦੇ ਡਿਪਟੀ ਕਮਾਂਡਰ ਐਸਵਾਈ ਡੇਵਿਡ ਨੂੰ ਕਿਹਾ, "ਪਤਾ ਲਗਾਓ ਕਿ ਕੀ ਟੀਵੀ ਰਿਪੋਰਟਰ ਬਰਖਾ ਦੱਤ ਨੇੜੇ-ਤੇੜੇ ਮੌਜੂਦ ਹੈ? ਕੀ ਉਹ ਟਾਈਗਰ ਹਿਲ 'ਤੇ ਹੋਣ ਵਾਲੀ ਗੋਲੀਬਾਰੀ ਦੀ ਲਾਈਵ ਕਮੈਂਟਰੀ ਕਰ ਰਹੀ ਹੈ?"

ਲੈਫ਼ਟੀਨੈਂਟ ਜਨਰਲ ਮੋਹਿੰਦਰ ਪੁਰੀ ਨੇ ਯਾਦ ਕਰਦੇ ਹੋਏ ਕਹਿੰਦੇ ਹਨ, "ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਬਰਖਾ ਦੱਤ ਟਾਈਗਰ ਹਿੱਲ 'ਤੇ ਸਾਡੇ ਹਮਲੇ ਦੀ ਇੱਕ ਲਾਈਵ ਕਮੈਂਟਰੀ ਦੇ ਰਹੀ ਹੈ। ਮੈਂ ਉਨ੍ਹਾਂ ਕੋਲ ਜਾ ਕੇ ਕਿਹਾ, ਤੁਰੰਤ ਇਸ ਨੂੰ ਰੋਕੋ। ਅਸੀਂ ਨਹੀਂ ਚਾਹੁੰਦੇ ਕਿ ਪਾਕਿਸਤਾਨੀਆਂ ਨੂੰ ਇਸ ਦੀ ਹਵਾ ਲੱਗੇ।"

ਜਨਰਲ ਪੁਰੀ ਨੇ ਕਿਹਾ, "ਮੈਂ ਇਸ ਹਮਲੇ ਦੀ ਜਾਣਕਾਰੀ ਸਿਰਫ਼ ਆਪਣੇ ਕੋਰ ਕਮਾਂਡਰ ਨੂੰ ਦਿੱਤੀ ਸੀ। ਉਨ੍ਹਾਂ ਇਸ ਬਾਰੇ ਫੌਜ ਮੁਖੀ ਨੂੰ ਵੀ ਨਹੀਂ ਦੱਸਿਆ ਸੀ। ਇਸ ਲਈ ਮੈਨੂੰ ਹੈਰਾਨੀ ਹੋਈ ਕਿ ਬਰਖਾ ਦੱਤ ਅਜਿਹੇ ਸੰਵੇਦਨਸ਼ੀਲ ਆਪਰੇਸ਼ਨ ਦੀ ਲਾਈਵ ਕਮੈਂਟਰੀ ਕਿਵੇਂ ਕਰ ਰਹੀ ਹੈ?"

ਇਹ ਵੀ ਪੜ੍ਹੋ:

ਟਾਈਗਰ ਹਿਲ ਦੇ ਕਬਜ਼ੇ ਦਾ ਐਲਾਨ

4 ਜੁਲਾਈ ਨੂੰ ਉਸ ਵੇਲੇ ਦੇ ਰੱਖਿਆ ਮੰਤਰੀ ਜਾਰਜ ਫਰਨਾਂਡਿਜ਼ ਨੇ ਟਾਈਗਰ ਹਿਲ ਉੱਤੇ ਕਬਜ਼ਾ ਕਰਨ ਦਾ ਐਲਾਨ ਕਰ ਦਿੱਤਾ ਸੀ, ਉਸ ਸਮੇਂ ਤੱਕ ਭਾਰਤੀ ਫੌਜੀਆਂ ਨੇ ਉਸ ਉੱਤੇ ਪੂਰੀ ਤਰ੍ਹਾਂ ਕਬਜ਼ਾ ਨਹੀਂ ਕੀਤਾ ਸੀ।

Image copyright Barkha dutt/ Facebook Page
ਫੋਟੋ ਕੈਪਸ਼ਨ ਕਾਰਗਿੱਲ ਜੰਗ ਦੌਰਾਨ ਪੱਤਰਕਾਰ ਬਰਖਾ ਦੱਤ ਨੇ ਲਾਈਵ ਰਿਪੋਰਟਿੰਗ ਕੀਤੀ ਸੀ

ਟਾਈਗਰ ਹਿੱਲ ਦੀ ਚੋਟੀ ਹਾਲੇ ਵੀ ਪਾਕਿਸਤਾਨੀਆਂ ਦੇ ਕੰਟਰੋਲ ਵਿੱਚ ਸੀ। ਉਸ ਸਮੇਂ ਭਾਰਤੀ ਫੌਜ ਦੇ ਦੋ ਬਹਾਦਰ ਅਫ਼ਸਰ ਲੈਫ਼ਟੀਨੈਂਟ ਬਲਵਾਨ ਸਿੰਘ ਅਤੇ ਕੈਪਟਨ ਸਚਿਨ ਨਿੰਬਾਲਕਰ ਨੇ ਟਾਈਗਰ ਹਿਲ ਦੀ ਚੋਟੀ ਤੋਂ ਪਾਕਿਸਤਾਨੀ ਫੌਜੀਆਂ ਨੂੰ ਹਿਲਾਉਣ ਵਿੱਚ ਪੂਰਾ ਜ਼ੋਰ ਲਾਇਆ ਹੋਇਆ ਸੀ।

ਉਹ ਚੋਟੀ ਤੋਂ ਸਿਰਫ਼ 50 ਮੀਟਰ ਦੀ ਦੂਰੀ 'ਤੇ ਸਨ ਕਿ ਬ੍ਰਿਗੇਡ ਹੈੱਡਕੁਆਰਟਰ ਤੱਕ ਸੁਨੇਹਾ ਪਹੁੰਚਿਆ, 'ਦੇਅਰ ਸ਼ਾਰਟ ਆਫ਼ ਦਿ ਟਾਪ'।

ਸ੍ਰੀਨਗਰ ਅਤੇ ਉਧਮਪੁਰ ਹੁੰਦਾ ਹੋਇਆ ਹੈ ਜਦੋਂ ਤੱਕ ਇਹ ਸੁਨੇਹਾ ਦਿੱਲੀ ਪਹੁੰਚਿਆ ਉਸ ਦੀ ਭਾਸ਼ਾ ਬਦਲ ਕੇ ਹੋ ਚੁੱਕੀ ਸੀ, 'ਦੇ ਆਰ ਆਨ ਦਿ ਟਾਈਗਰ ਟਾਪ।' ਰੱਖਿਆ ਮੰਤਰੀ ਤੱਕ ਇਹ ਸੁਨੇਹੇ ਉਸ ਵੇਲੇ ਪਹੁੰਚਿਆ ਜਦੋਂ ਉਹ ਪੰਜਾਬ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸੀ।

ਉਨ੍ਹਾਂ ਨੇ ਉਸ ਦੀ ਦੁਬਾਰਾ ਪੁਸ਼ਟੀ ਕੀਤੇ ਬਿਨਾਂ ਉਹੀ ਐਲਾਨ ਕਰ ਦਿੱਤਾ ਕਿ ਟਾਈਗਰ ਹਿਲ 'ਤੇ ਹੁਣ ਭਾਰਤ ਦਾ ਕਬਜ਼ਾ ਹੋ ਗਿਆ ਹੈ।

ਪਾਕਿਸਤਾਨ ਦਾ ਜਵਾਬੀ ਹਮਲਾ

ਜਨਰਲ ਮੋਹਿੰਦਰ ਪੁਰੀ ਦੱਸਦੇ ਹਨ ਕਿ ਉਨ੍ਹਾਂ ਨੇ ਜਦੋਂ ਕੋਰ ਕਮਾਂਡਰ ਜਨਰਲ ਕਿਸ਼ਨਪਾਲ ਨੂੰ ਇਸ ਦੀ ਖ਼ਬਰ ਦਿੱਤੀ ਤਾਂ ਉਨ੍ਹਾਂ ਨੇ ਪਹਿਲੀ ਗੱਲ ਕਹੀ, "ਜਾਓ, ਫੌਰਨ ਜਾ ਕੇ ਸ਼ੈਂਪੇਨ ਵਿੱਚ ਨਹਾ ਲਓ।"

ਉਨ੍ਹਾਂ ਨੇ ਫੌਜ ਮੁਖੀ ਜਨਰਲ ਮਲਿਕ ਨੂੰ ਇਹ ਖ਼ਬਰ ਸੁਣਾਈ ਅਤੇ ਉਨ੍ਹਾਂ ਨੇ ਮੈਨੂੰ ਫ਼ੋਨ ਕਰਕੇ ਇਸ ਸਫ਼ਲਤਾ ਦੀ ਵਧਾਈ ਦਿੱਤੀ।

Image copyright Pti

ਪਰ ਕਹਾਣੀ ਅਜੇ ਖ਼ਤਮ ਨਹੀਂ ਹੋਈ ਸੀ। ਟਾਈਗਰ ਹਿਲ ਦੀ ਚੋਟੀ ਉੱਤੇ ਥਾਂ ਇੰਨੀ ਘੱਟ ਸੀ ਕਿ ਉੱਥੇ ਕੁਝ ਜਵਾਨ ਹੀ ਰਹਿ ਸਕਦੇ ਸਨ।

ਪਾਕਿਸਤਾਨੀਆਂ ਨੇ ਅਚਾਨਕ ਢਲਾਣਾਂ 'ਤੇ ਆ ਕੇ ਭਾਰਤੀ ਜਵਾਨਾਂ 'ਤੇ ਹਮਲਾ ਕੀਤਾ।

ਉਸ ਵੇਲੇ ਬੱਦਲਾਂ ਨੇ ਚੋਟੀ ਨੂੰ ਇਸ ਤਰ੍ਹਾਂ ਜਕੜ ਲਿਆ ਸੀ ਕਿ ਭਾਰਤੀ ਫੌਜੀਆਂ ਨੂੰ ਪਾਕਿਸਤਾਨੀ ਫੌਜੀ ਨਜ਼ਰ ਨਹੀਂ ਆ ਰਹੇ ਸਨ।

ਇਸ ਹਮਲੇ ਵਿੱਚ ਚੋਟੀ 'ਤੇ ਪਹੁੰਚ ਚੁੱਕੇ 7 ਭਾਰਤੀ ਜਵਾਨ ਮਾਰੇ ਗਏ ਸਨ।

ਮਿਰਾਜ 2000 ਦੀ ਭਿਆਨਕ ਬੰਬਾਰੀ

16,700 ਫੁੱਟ ਉੱਚੀ ਟਾਈਗਰ ਹਿਲ ਉੱਤੇ ਕਬਜ਼ਾ ਕਰਨ ਦੀ ਪਹਿਲੀ ਕੋਸ਼ਿਸ਼ ਮਈ ਵਿੱਚ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਸੀ।

ਫਿਰ ਇਹ ਤੈਅ ਕੀਤਾ ਗਿਆ ਸੀ ਕਿ ਜਦੋਂ ਤੱਕ ਨੇੜਲੀਆਂ ਚੋਟੀਆਂ ਉੱਤੇ ਕਬਜ਼ਾ ਨਹੀਂ ਹੋ ਜਾਂਦਾ, ਟਾਈਗਰ ਹਿਲ ਉੱਤੇ ਦੂਜਾ ਹਮਲਾ ਨਹੀਂ ਕੀਤਾ ਜਾਵੇਗਾ।

Image copyright Getty Images
ਫੋਟੋ ਕੈਪਸ਼ਨ ਬੋਫੋਰਸ ਤੋਪਾਂ ਨਾਲ ਗੋਲੀਬਾਰੀ

3 ਜੁਲਾਈ ਦੇ ਹਮਲੇ ਤੋਂ ਪਹਿਲਾਂ ਭਾਰਤੀ ਤੋਪਾਂ ਦੀਆਂ 100 ਬੈਟਰੀਆਂ ਨੇ ਮਿਲ ਕੇ ਟਾਈਗਰ ਹਿਲ ਉੱਤੇ ਗੋਲੇ ਵਰ੍ਹਾਏ।

ਉਸ ਤੋਂ ਪਹਿਲਾਂ ਮਿਰਾਜ 2000 ਉਡਾਣਾਂ ਨੇ 'ਪੇਵ ਵੇ ਲੇਜ਼ਰ ਗਾਈਡੇਡ' ਬੰਬ ਸੁੱਟ ਕੇ ਪਾਕਿਸਤਾਨੀ ਬੰਕਰਾਂ ਨੂੰ ਨਸ਼ਟ ਕੀਤਾ।

ਇਸ ਤੋਂ ਪਹਿਲਾਂ ਦੁਨੀਆਂ ਵਿੱਚ ਕਿਤੇ ਵੀ ਇੰਨੀ ਉਚਾਈ 'ਤੇ ਇਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਨਹੀਂ ਹੋਈ ਸੀ।

90 ਡਿਗਰੀ ਦੀ ਸਿੱਧੀ ਚੜ੍ਹਾਈ

ਇਲਾਕੇ ਦੇ ਮੁਆਨੇ ਤੋਂ ਬਾਅਦ ਭਾਰਤੀ ਫੌਜੀਆਂ ਨੇ ਪੂਰਬੀ ਢਲਾਣ ਤੋਂ ਉੱਪਰ ਜਾਣ ਦਾ ਫੈਸਲਾ ਲਿਆ।

ਇਹ ਤਕਰੀਬਨ 90 ਡਿਗਰੀ ਦੀ ਸਿੱਧੀ ਅਤੇ ਤਕਰੀਬਨ ਅਸੰਭਵ ਜਿਹੀ ਚੜ੍ਹਾਈ ਸੀ।

ਪਰ ਸਿਰਫ਼ ਇਹ ਹੀ ਇੱਕ ਰਾਹ ਸੀ ਜਿਸ 'ਤੇ ਜਾ ਕੇ ਪਾਕਿਸਤਾਨੀਆਂ ਨੂੰ ਚਕਮਾ ਦਿੱਤਾ ਜਾ ਸਕਦਾ ਸੀ।

ਫੌਜੀਆਂ ਨੇ ਰਾਤ 8 ਵਜੇ ਆਪਣਾ ਬੇਸ ਕੈਂਪ ਛੱਡਿਆ ਅਤੇ ਲਗਾਤਾਰ ਚੜ੍ਹਣ ਤੋਂ ਬਾਅਦ ਅਗਲੇ ਦਿਨ ਸਵੇਰੇ 11 ਵਜੇ ਉਹ ਟਾਈਗਰ ਹਿਲ ਦੀ ਚੋਟੀ ਦੇ ਬਿਲਕੁਲ ਨੇੜੇ ਪਹੁੰਚ ਗਏ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਟਾਈਗਰ ਹਿਲ 'ਤੇ ਤੋਪਾਂ ਦੇ ਗੋਲੇ ਲਿਜਾਉਂਦੇ ਹੋਏ ਭਾਰਤੀ ਫੌਜੀ

ਕਈ ਥਾਵਾਂ 'ਤੇ ਚੜ੍ਹਣ ਲਈ ਉਨ੍ਹਾਂ ਨੇ ਰੱਸੀਆਂ ਦਾ ਸਹਾਰਾ ਲਿਆ। ਉਨ੍ਹਾਂ ਦੀਆਂ ਬੰਦੂਕਾਂ ਉਨ੍ਹਾਂ ਦੀ ਪਿੱਠ ਨਾਲ ਬੰਨ੍ਹੀਆਂ ਹੋਈਆਂ ਸਨ।

ਸੀਨੀਅਰ ਪੱਤਰਕਾਰ ਹਰਿੰਦਰ ਬਵੇਜਾ ਆਪਣੀ ਕਿਤਾਬ 'ਓ ਸੋਲਜਰਜ਼ ਡਾਇਰੀ - ਕਰਗਿਲ ਦਿ ਇਨਸਾਈਡ ਸਟੋਰੀ' ਵਿੱਚ ਲਿੱਖਦੇ ਹਨ, "ਇੱਕ ਅਜਿਹਾ ਸਮਾਂ ਆਇਆ ਕਿ ਉਨ੍ਹਾਂ ਲਈ ਪਾਕਿਸਤਾਨੀ ਫੌਜੀਆਂ ਦੀ ਨਜ਼ਰ ਤੋਂ ਬਚੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਦੋ ਭਾਰਤੀ ਜਵਾਨ ਗੰਭੀਰ ਤੌਕ 'ਤੋ ਜ਼ਖ਼ਮੀ ਹੋਏ ਸਨ। ਪਾਕਿਸਤਾਨੀਆਂ ਨੇ ਪਿੱਛੇ ਹਟਣ ਵਾਲੇ ਭਾਰਤੀ ਫੌਜੀਆਂ ਉੱਤੇ ਭਾਰੀ ਪੱਥਰ ਵੀ ਸੁੱਟਣੇ ਸ਼ੁਰੂ ਕਰ ਦਿੱਤੇ।"

ਯੋਗੇਂਦਰ ਸਿੰਘ ਯਾਦਵ ਦਾ ਜੀਵਨ

5 ਜੁਲਾਈ ਨੂੰ 18 ਗ੍ਰਨੇਡੀਅਰਸ ਦੇ 25 ਫੌਜੀ ਫਿਰ ਅੱਗੇ ਵਧੇ। ਪਾਕਿਸਤਾਨੀਆਂ ਨੇ ਉਨ੍ਹਾਂ 'ਤੇ ਜ਼ਬਰਦਸਤੀ ਗੋਲਬਾਰੀ ਕੀਤੀ। ਪੰਜ ਘੰਟੇ ਤੱਕ ਲਗਾਤਾਰ ਗੋਲੀਆਂ ਚੱਲੀਆਂ।

18 ਭਾਰਤੀ ਫੌਜੀਆਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਹੁਣ ਉੱਥੇ ਸਿਰਫ਼ 7 ਭਾਰਤੀ ਫੌਜੀ ਬਚੇ ਸਨ।

Image copyright Pti
ਫੋਟੋ ਕੈਪਸ਼ਨ ਟਾਈਗਰ ਹਿਲ

'ਦਿ ਬ੍ਰੇਵ' ਲਿਖਣ ਵਾਲੀ ਰਚਨਾ ਬਿਸ਼ਟ ਰਾਵਤ ਦੱਸਦੀ ਹੈ, "ਸਾਢੇ 11 ਵਜੇ ਕਰੀਬ 10 ਪਾਕਿਸਤਾਨੀ ਇਹ ਦੇਖਣ ਹੇਠਾਂ ਆਏ ਕਿ ਭਾਰਤੀ ਫੌਜੀ ਜ਼ਿੰਦਾ ਬਚੇ ਹਨ ਜਾਂ ਨਹੀਂ। ਹਰ ਭਾਰਤੀ ਫੌਜੀ ਦੇ ਕੋਲ ਸਿਰਫ਼ 45 ਰਾਊਂਡ ਗੋਲੀਆਂ ਬਚੀਆਂ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਕੋਲ ਆਉਣ ਦਿੱਤਾ। ਉਨ੍ਹਾਂ ਲੋਕਾਂ ਨੇ ਕਰੀਮ ਰੰਗ ਦੇ ਪਠਾਣੀ ਸੂਟ ਪਹਿਨੇ ਹੋਏ ਸਨ। ਜਿਵੇਂ ਹੀ ਉਹ ਉਨ੍ਹਾਂ ਦੇ ਕੋਲ ਆਏ ਸੱਤਾਂ ਭਾਰਤੀ ਫੌਜੀਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।"

ਉਨ੍ਹਾਂ ਵਿੱਚੋਂ ਸਨ ਇੱਕ ਬੁਲੰਦਸ਼ਹਿਰ ਦੇ ਰਹਿਣ ਵਾਲੇ 19 ਸਾਲਾ ਗ੍ਰਨੇਡੀਅਰ ਯੋਗੇਂਦਰ ਸਿੰਘ ਯਾਦਵ।

ਉਹ ਯਾਦ ਕਰਦੇ ਹਨ, "ਅਸੀਂ ਪਾਕਿਸਤਾਨੀਆਂ 'ਤੇ ਬਹੁਤ ਨੇੜਿਓਂ ਗੋਲੀ ਚਲਾਈ ਅਤੇ ਉਨ੍ਹਾਂ ਵਿੱਚੋਂ ਅੱਠਾਂ ਨੂੰ ਹੇਠੋਂ ਹੀ ਸੁੱਟ ਦਿੱਤਾ, ਪਰ ਉਨ੍ਹਾਂ ਵਿੱਚੋਂ ਦੋ ਲੋਕ ਭੱਜਣ ਵਿੱਚ ਸਫ਼ਲ ਹੋ ਗਏ। ਉਨ੍ਹਾਂ ਨੇ ਉੱਪਰ ਜਾ ਕੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਹੇਠਾਂ ਅਸੀਂ ਸਿਰਫ਼ ਸੱਤ ਹਾਂ।"

ਲਾਸ਼ਾਂ 'ਤੇ ਵੀ ਗੋਲੀਆਂ ਚਲਾਈਆਂ

ਯੋਗੇਂਦਰ ਅੱਗੇ ਦੱਸਦੇ ਹਨ, "ਥੋੜ੍ਹੀ ਦੇਰ ਵਿੱਚ 35 ਪਾਕਿਸਤਾਨੀਆਂ ਨੇ ਸਾਡੇ 'ਤੇ ਹਮਲਾ ਕੀਤਾ ਅਤੇ ਸਾਨੂੰ ਚਾਰੇ ਪਾਸਿਓਂ ਘੇਰ ਲਿਆ। ਮੇਰੇ ਸਾਰੇ ਛੇ ਸਾਥੀ ਮਾਰੇ ਗਏ। ਮੈਂ ਭਾਰਤੀ ਅਤੇ ਪਾਕਿਸਤਾਨੀ ਫੌਜੀਆਂ ਦੀਆਂ ਲਾਸ਼ਾਂ ਵਿਚਾਲੇ ਪਿਆ ਹੋਇਆ ਸੀ। ਪਾਕਿਸਤਾਨੀਆਂ ਦਾ ਇਰਾਦਾ ਸਾਰੇ ਭਾਰਤੀਆਂ ਨੂੰ ਮਾਰਨ ਦਾ ਸੀ ਇਸ ਲਈ ਉਹ ਲਾਸ਼ਾਂ 'ਤੇ ਵੀ ਗੋਲੀਆਂ ਚਲਾ ਰਹੇ ਸਨ।"

Image copyright PIB

"ਮੈਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਮਰਨ ਦੀ ਉਡੀਕ ਕਰਨ ਲੱਗਾ। ਮੇਰੇ ਪੈਰ, ਬਾਂਹ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਕਰੀਬ 15 ਗੋਲੀਆਂ ਲੱਗੀਆਂ ਸਨ। ਪਰ ਮੈਂ ਅਜੇ ਤੱਕ ਜ਼ਿੰਦਾ ਸੀ।"

ਇਸ ਤੋਂ ਬਾਅਦ ਜੋ ਹੋਇਆ ਉਹ ਕਿਸੇ ਫ਼ਿਲਮੀ ਦ੍ਰਿਸ਼ ਤੋਂ ਘੱਟ ਨਾਟਕੀ ਨਹੀਂ ਸੀ।

ਯੋਗੇਂਦਰ ਦੱਸਦੇ ਹਨ, "ਪਾਕਿਸਤਾਨੀ ਫੌਜੀਆਂ ਨੇ ਸਾਡੇ ਹਥਿਆਰ ਚੁੱਕ ਲਏ। ਪਰ ਉਹ ਮੇਰੀ ਜੇਬ ਵਿੱਚ ਰੱਖੇ ਗ੍ਰਨੇਡ ਨੂੰ ਨਹੀਂ ਲੱਭ ਸਕੇ। ਮੈਂ ਆਪਣੀ ਸਾਰੀ ਤਾਕਤ ਲਾ ਕੇ ਆਪਣਾ ਗ੍ਰੈਨੇਡ ਕੱਢਿਆ, ਉਸ ਦੀ ਪਿਨ ਹਟਾਈ ਅਤੇ ਅੱਗੇ ਜਾ ਰਹੇ ਪਾਕਿਸਤਾਨੀਆਂ 'ਤੇ ਸੁੱਟ ਦਿੱਤਾ।"

"ਉਹ ਗ੍ਰਨੇਡ ਇੱਕ ਪਾਕਿਸਤਾਨੀ ਫੌਜੀ ਦੇ ਹੈਲਮੈਟ 'ਤੇ ਡਿੱਗਿਆ। ਉਸਦੇ ਚਿਥੜੇ ਉੱਡ ਗਏ। ਮੈਂ ਇੱਕ ਪਾਕਿਸਤਾਨੀ ਫੌਜ ਦੀ ਲਾਸ਼ ਦੇ ਕੋਲ ਪਈ ਹੋਈ ਪੀਕਾ ਰਾਇਫਲ ਚੁੱਕ ਲਈ ਸੀ। ਮੇਰੀ ਫਾਇਰਿੰਗ ਵਿੱਚ ਪੰਜ ਪਾਕਿਸਤਾਨੀ ਫੌਜੀ ਮਾਰੇ ਗਏ।"

ਨਾਲੇ ਵਿੱਚ ਛਾਲ ਮਾਰੀ

ਉਦੋਂ ਹੀ ਯੋਗੇਂਦਰ ਨੇ ਸੁਣਿਆ ਕਿ ਪਾਕਿਸਤਾਨੀ ਵਾਇਰਲੈੱਸ 'ਤੇ ਗੱਲ ਕਰ ਰਹੇ ਸਨ ਕਿ ਇੱਥੋਂ ਪਿੱਛੇ ਹਟੋ ਅਤੇ 500 ਮੀਟਰ ਹੇਠਾਂ ਭਾਰਤ ਦੇ ਐੱਮਐੱਮਜੀ ਬੇਸ 'ਤੇ ਹਮਲਾ ਕਰੋ।

ਉਦੋਂ ਤੱਕ ਯੋਗੇਂਦਰ ਦਾ ਬਹੁਤ ਖ਼ੂਨ ਵਹਿ ਚੁੱਕਿਆ ਸੀ ਅਤੇ ਉਨ੍ਹਾਂ ਨੂੰ ਹੋਸ਼ ਵਿੱਚ ਬਣੇ ਰਹਿਣ 'ਚ ਵੀ ਦਿੱਕਤ ਹੋ ਰਹੀ ਸੀ। ਉੱਥੇ ਹੀ ਇੱਕ ਨਾਲਾ ਵਹਿ ਰਿਹਾ ਸੀ। ਉਨ੍ਹਾਂ ਨੇ ਉਸੇ ਹਾਲਤ ਵਿੱਚ ਉਸ ਨਾਲੇ 'ਚ ਛਾਲ ਮਾਰ ਦਿੱਤੀ।

ਪੰਜ ਮਿੰਟ ਵਿੱਚ ਉਹ ਵਹਿੰਦੇ ਹੋਏ 400 ਮੀਟਰ ਹੇਠਾਂ ਆ ਗਏ।

ਉੱਥੇ ਭਾਰਤੀ ਫੌਜੀਆਂ ਨੇ ਉਨ੍ਹਾਂ ਨੂੰ ਨਾਲੇ ਵਿਚੋਂ ਬਾਹਰ ਕੱਢਿਆ। ਉਸ ਸਮੇਂ ਤੱਕ ਯਾਦਵ ਦਾ ਐਨਾ ਖ਼ੂਨ ਵਹਿ ਚੁੱਕਿਆ ਸੀ ਕਿ ਉਨ੍ਹਾਂ ਨੂੰ ਦਿਖਾਈ ਤੱਕ ਨਹੀਂ ਦੇ ਰਿਹਾ ਸੀ।

Image copyright Getty Images
ਫੋਟੋ ਕੈਪਸ਼ਨ ਯੋਗੇਂਦਰ ਸਿੰਘ ਯਾਦਵ ਪਰਿਵਾਰ ਨਾਲ

ਪਰ ਜਦੋਂ ਉਨ੍ਹਾਂ ਦੇ ਸੀਈਓ ਖੁਸ਼ਹਾਲ ਸਿੰਘ ਚੌਹਾਨ ਨੇ ਪੁੱਛਿਆ, ਕੀ ਤੁਸੀਂ ਮੈਨੂੰ ਪਛਾਣ ਰਹੇ ਹੋ?

ਯਾਦਵ ਨੇ ਟੁੱਟਦੀ ਆਵਾਜ਼ ਵਿੱਚ ਜਵਾਬ ਦਿੱਤਾ, 'ਸਾਹਿਬ ਮੈਂ ਤੁਹਾਡੀ ਆਵਾਜ਼ ਪਛਾਣਦਾ ਹਾਂ। ਜੈ ਹਿੰਦ ਸਾਹਿਬ।'

ਯੋਗੇਂਦਰ ਨੇ ਖੁਸ਼ਹਾਲ ਸਿੰਘ ਚੌਹਾਨ ਨੂੰ ਦੱਸਿਆ ਕਿ ਪਾਕਿਸਤਾਨੀਆਂ ਨੇ ਟਾਈਗਰ ਹਿਲ ਖਾਲੀ ਕਰ ਦਿੱਤਾ ਹੈ ਅਤੇ ਉਹ ਹੁਣ ਸਾਡੇ ਐੱਮਐੱਮਜੀ ਬੇਸ 'ਤੇ ਹਮਲਾ ਕਰਨ ਆ ਰਹੇ ਹਨ। ਇਸ ਤੋਂ ਬਾਅਦ ਯਾਦਵ ਬੇਹੋਸ਼ ਹੋ ਗਏ।

ਕੁਝ ਦੇਰ ਬਾਅਦ ਪਾਕਿਸਤਾਨੀ ਫੌਜੀਆਂ ਨੇ ਜਦੋਂ ਉੱਥੇ ਹਮਲਾ ਕੀਤਾ ਤਾਂ ਭਾਰਤੀ ਫੌਜੀ ਉਨ੍ਹਾਂ ਲਈ ਪਹਿਲਾਂ ਤੋਂ ਤਿਆਰ ਸਨ। ਯਾਦਵ ਨੂੰ ਉਨ੍ਹਾਂ ਦੀ ਅਸਾਧਾਰਨ ਬਹਾਦੁਰੀ ਲਈ ਭਾਰਤ ਦਾ ਸਰਬ ਉੱਚ ਬਹਾਦੁਰੀ ਸਨਮਾਨ ਪਰਮਵੀਰ ਚੱਕਰ ਦਿੱਤਾ ਗਿਆ।

ਭਾਰਤੀ ਫੌਜ ਦੀ ਇੱਜ਼ਤ ਦਾ ਸਵਾਲ

ਉੱਧਰ ਹੇਠੋਂ ਰੇਡੀਓ ਸੰਦੇਸ਼ਾਂ ਦੀ ਝੜੀ ਲੱਗੀ ਹੋਈ ਸੀ। ਕਾਰਨ ਸੀ ਕਿ ਟਾਈਗਰ ਹਿਲ 'ਤੇ ਜਿੱਤ ਦੇ ਐਲਾਨ ਦੀ ਖ਼ਬਰ ਬ੍ਰਿਗੇਡ ਮੁੱਖ ਦਫ਼ਤਰ ਤੱਕ ਪਹੁੰਚ ਗਈ ਸੀ। ਬ੍ਰਿਗੇਡ ਦੇ ਆਲਾ ਅਧਿਕਾਰੀ ਛੇਤੀ ਤੋਂ ਛੇਤੀ ਟਾਈਗਰ ਹਿਲ ਦੀ ਚੋਟੀ 'ਤੇ ਭਾਰਤੀ ਝੰਡਾ ਫਹਿਰਾਉਣਾ ਚਾਹੁੰਦੇ ਸਨ, ਭਾਵੇਂ ਇਸ ਲਈ ਕੋਈ ਵੀ ਕੀਮਤ ਅਦਾ ਕਰਨੀ ਪਵੇ।

Image copyright Getty Images
ਫੋਟੋ ਕੈਪਸ਼ਨ ਯੋਗੇਂਦਰ ਯਾਦਵ ਨੂੰ ਉਨ੍ਹਾਂ ਦੀ ਬਹਾਦਰੀ ਲਈ ਪਰਮਵੀਰ ਚੱਕਰ ਨਾਲ ਸਨਮਾਨਿਆ ਗਿਆ

ਇਹ ਭਾਰਤੀ ਫੌਜ ਦੇ ਲਈ ਇੱਜ਼ਤ ਦਾ ਸਵਾਲ ਸੀ ਕਿਉਂਕਿ ਦੁਨੀਆਂ ਨੂੰ ਦੱਸਿਆ ਜਾ ਚੁੱਕਿਆ ਸੀ ਕਿ ਟਾਈਗਰ ਹਿਲ ਉਨ੍ਹਾਂ ਦੇ ਕਬਜ਼ੇ ਵਿੱਚ ਆ ਚੁੱਕਿਆ ਹੈ।

ਇਸ ਵਿਚਾਲੇ 18 ਗ੍ਰਨੇਡੀਅਰਸ ਦੀ ਇੱਕ ਕੰਪਨੀ ਕਾਲਰ ਚੋਟੀ 'ਤੇ ਪਹੁੰਚ ਗਈ, ਜਿਸ ਕਾਰਨ ਪਾਕਿਸਤਾਨੀਆਂ ਨੂੰ ਆਪਣੇ ਇਲਾਕੇ ਦੀ ਰੱਖਿਆ ਕਰਨ ਲਈ ਕਈ ਹਿੱਸਿਆਂ ਵਿੱਚ ਵੰਡਣਾ ਪਿਆ।

ਇਹ ਵੀ ਪੜ੍ਹੋ:

ਹਰਿੰਦਰ ਬਵੇਜਾ ਆਪਣੀ ਕਿਤਾਬ ਵਿੱਚ ਲਿਖਦੀ ਹੈ, "ਭਾਰਤੀ ਇਸੇ ਮੌਕੇ ਦੀ ਉਡੀਕ ਕਰ ਰਹੇ ਸਨ। ਇਸ ਵਾਰ 23 ਸਾਲ ਦੇ ਕੈਪਟੇਨ ਸਚਿਨ ਨਿੰਬਾਲਕਰ ਦੀ ਅਗਵਾਈ ਵਿੱਚ ਭਾਰਤੀ ਫੌਜੀਆਂ ਨੇ ਤੀਜਾ ਹਮਲਾ ਬੋਲਿਆ। ਪਾਕਿਸਤਾਨੀ ਐਨੀ ਛੇਤੀ ਇਸ ਹਮਲੇ ਦੀ ਉਮੀਦ ਨਹੀਂ ਕਰ ਰਹੇ ਸੀ।

ਨਿੰਬਾਲਕਰ ਨੂੰ ਰਸਤਿਆਂ ਦਾ ਪੂਰਾ ਪਤਾ ਸੀ, ਕਿਉਂਕਿ ਉਹ ਪਹਿਲਾਂ ਦੋ ਵਾਰ ਉੱਪਰ ਅਤੇ ਹੇਠਾਂ ਜਾ ਚੁੱਕੇ ਸਨ। ਉਨ੍ਹਾਂ ਦੇ ਜਵਾਨ ਬਿਨਾਂ ਕੋਈ ਆਵਾਜ਼ ਕੀਤੇ ਹੋਏ ਟਾਈਗਰ ਹਿਲ ਦੀ ਚੋਟੀ 'ਤੇ ਪਹੁੰਚ ਗਏ ਅਤੇ ਮਿੰਟਾਂ ਵਿੱਚ ਉਨ੍ਹਾਂ ਨੇ ਟਾਈਗਰ ਹਿਲ 'ਤੇ ਪਾਕਿਸਤਾਨੀਆਂ ਦੇ ਅੱਠ ਬੰਕਰਾਂ ਵਿੱਚੋਂ ਇੱਕ ਬੰਕਰ 'ਤੇ ਕਬਜ਼ਾ ਕਰ ਲਿਆ।"

Image copyright PIB
ਫੋਟੋ ਕੈਪਸ਼ਨ ਟਾਈਗਰ ਹਿਲ 'ਤੇ ਭਾਰਤੀ ਫੌਜੀ

ਇੱਥੋਂ ਪਾਕਿਸਤਾਨੀਆਂ ਨਾਲ ਆਹਮੋਂ- ਸਾਹਮਣੇ ਦੀ ਲੜਾਈ ਸ਼ੁਰੂ ਹੋਈ। ਹੁਣ ਉਨ੍ਹਾਂ ਨੂੰ ਉੱਚਾਈ ਦਾ ਕੋਈ ਫਾਇਦਾ ਨਹੀਂ ਰਹਿ ਗਿਆ ਸੀ। ਰਾਤ ਡੇਢ ਵਜੇ ਟਾਈਗਰ ਹਿਲ ਦੀ ਚੋਟੀ ਭਾਰਤੀ ਫੌਜੀਆਂ ਦੇ ਕੰਟਰੋਲ ਵਿੱਚ ਸੀ ਪਰ ਟਾਈਗਰ ਹਿਲਜ਼ ਦੇ ਦੂਜੇ ਹਿੱਸਿਆਂ 'ਤੇ ਹੁਣ ਵੀ ਪਾਕਿਸਤਾਨੀ ਫੌਜੀ ਡਟੇ ਹੋਏ ਸਨ।

ਜਿੱਤ ਦੀ ਵੱਡੀ ਕੀਮਤ

ਉਦੋਂ ਹੀ ਭਾਰਤੀ ਫੌਜੀਆਂ ਨੂੰ ਹੇਠਾਂ ਲੜ ਰਹੇ ਆਪਣੇ ਸਾਥੀਆਂ ਦੀ ਖੁਸ਼ੀ ਦੀ ਚੀਕ ਸੁਣਾਈ ਦਿੱਤੀ। ਸ਼ਾਇਦ ਉਨ੍ਹਾਂ ਤੱਕ ਉਨ੍ਹਾਂ ਦੀ ਜਿੱਤ ਦਾ ਰੇਡੀਓ ਸੰਦੇਸ਼ ਪਹੁੰਚ ਗਿਆ ਸੀ।

ਹੁਣ ਉਨ੍ਹਾਂ ਨੂੰ ਚਿੰਤਾ ਨਹੀਂ ਸੀ ਕਿ ਰੱਖਿਆ ਮੰਤਰੀ ਨੂੰ ਦੁਨੀਆਂ ਦੇ ਸਾਹਮਣੇ ਸ਼ਰਮਿੰਦਾ ਨਹੀਂ ਹੋਣਾ ਪਵੇਗਾ।

ਭਾਰਤੀ ਫੌਜੀ ਥੱਕ ਕੇ ਟੁੱਟ ਚੁੱਕੇ ਸਨ। ਲੈਫਟੀਨੈਂਟ ਬਲਵਾਨ ਸਦਮੇ ਵਿੱਚ ਸਨ। ਜਦੋਂ ਉਨ੍ਹਾਂ ਨੇ ਟਾਈਗਰ ਹਿਲ 'ਤੇ ਹਮਲਿਆ ਬੋਲਿਆ ਸੀ ਤਾਂ ਉਨ੍ਹਾਂ ਦੇ ਨਾਲ 20 ਜਵਾਨ ਸਨ। ਹੁਣ ਸਿਰਫ਼ 2 ਜਵਾਨ ਜਿਉਂਦੇ ਬਚੇ ਸਨ।

ਬਾਕੀ ਜਾਂ ਤਾਂ ਬੁਰੀ ਤਰ੍ਹਾਂ ਜ਼ਖ਼ਮੀ ਸਨ ਜਾਂ ਆਪਣੀ ਜਾਨ ਗੁਆ ਚੁੱਕੇ ਸਨ। ਕੁਝ ਲੋਕਾਂ ਨੇ ਹਥਿਆਰਾਂ ਦੇ ਉਸ ਜ਼ਖ਼ੀਰੇ ਦਾ ਜਾਇਜ਼ਾ ਲੈਣਾ ਸ਼ੁਰੂ ਕੀਤਾ ਜੋ ਪਾਕਿਸਤਾਨੀ ਉੱਥੇ ਛੱਡ ਕੇ ਗਏ ਸਨ।

ਉਹ ਦੇਖ ਕੇ ਉਨ੍ਹਾਂ ਦੀ ਰੂਹ ਕੰਬ ਗਈ। ਉਹ ਜ਼ਖ਼ੀਰਾ ਐਨਾ ਵੱਡਾ ਸੀ ਕਿ ਪਾਕਿਸਤਾਨੀ ਉੱਥੇ ਹਫ਼ਤਿਆਂ ਤੱਕ ਬਿਨਾਂ ਰਸਦ ਦੇ ਲੜ ਸਕਦੇ ਸਨ। ਭਾਰੀ ਹਥਿਆਰ ਅਤੇ 1000 ਕਿੱਲੋ ਦੀ 'ਲਾਈਟ ਇਨਫੈਂਟਰੀ ਗਨ' ਹੈਲੀਕਾਪਟਰਾਂ ਦੇ ਬਿਨਾਂ ਉੱਥੇ ਪਹੁੰਚਾਈ ਨਹੀਂ ਜਾ ਸਕਦੀ ਸੀ।

ਪਾਕਿਸਤਾਨੀ ਯੁੱਧਬੰਦੀ

ਟਾਈਗਰ ਹਿਲ 'ਤੇ ਹਮਲੇ ਤੋਂ ਦੋ ਦਿਨ ਪਹਿਲਾਂ ਭਾਰਤੀ ਫੌਜੀਆਂ ਨੇ ਪਾਕਿਸਤਾਨੀ ਫੌਜ ਦਾ ਇੱਕ ਜਵਾਨ ਜ਼ਿੰਦਾ ਫੜ ਲਿਆ ਸੀ। ਉਨ੍ਹਾਂ ਦਾ ਨਾਮ ਮੁਹੰਮਦ ਅਸ਼ਰਫ਼ ਸੀ। ਉਹ ਬੁਰੀ ਤਰ੍ਹਾਂ ਜ਼ਖ਼ਮੀ ਸਨ।

ਬ੍ਰਿਗੇਡੀਅਰ ਐੱਮਪੀਐੱਸ ਬਾਜਵਾ ਯਾਦ ਕਰਦੇ ਹਨ, "ਮੈਂ ਆਪਣੇ ਜਵਾਨਾਂ ਨੂੰ ਕਿਹਾ ਕਿ ਉਸ ਨੂੰ ਮੇਰੇ ਕੋਲ ਹੇਠਾਂ ਭੇਜੋ। ਮੈਂ ਉਸ ਨਾਲ ਗੱਲ ਕਰਨੀ ਚਾਹੁੰਦਾ ਹਾਂ। ਜਦੋਂ ਉਸ ਨੂੰ ਮੇਰੇ ਕੋਲ ਲਿਆਂਦਾ ਗਿਆ ਤਾਂ ਮੈਂ ਆਪਣੀ ਬ੍ਰਿਗੇਡੀਅਰ ਦੀ ਵਰਦੀ ਪਾਈ ਹੋਈ ਸੀ। ਮੇਰੇ ਸਾਹਮਣੇ ਹੀ ਉਸ ਦੀਆਂ ਅੱਖਾਂ ਦੀ ਪੱਟੀ ਖੋਲੀ ਗਈ। ਉਹ ਮੈਨੂੰ ਦੇਖ ਕੇ ਰੋਣ ਲੱਗਿਆ।"

Image copyright Mohinder Bajwa/ Facebook
ਫੋਟੋ ਕੈਪਸ਼ਨ ਬ੍ਰਿਗੇਡੀਅਰ ਐਸਪੀਐਸ ਬਾਜਵਾ

"ਮੈਂ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਮੈਂ ਉਸ ਨੂੰ ਪੰਜਾਬੀ ਵਿੱਚ ਪੁੱਛਿਆ, 'ਕਿਉਂ ਰੋ ਰਿਹਾ ਤੂੰ?' ਉਸਦਾ ਜਵਾਬ ਸੀ 'ਮੈਂ ਕਮਾਂਡਰ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ।' ਪਾਕਿਸਤਾਨ ਵਿੱਚ ਉਹ ਕਦੇ ਸਾਡੇ ਕੋਲ ਨਹੀਂ ਆਉਂਦੇ। ਮੇਰੇ ਲਈ ਇਹੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਐਨੇ ਵੱਡੇ ਅਫਸਰ ਹੋ ਤੇ ਮੇਰੇ ਨਾਲ ਮੇਰੀ ਜ਼ੁਬਾਨ ਵਿੱਚ ਗੱਲ ਕਰ ਰਹੇ ਹੋ। ਤੁਸੀਂ ਜਿਸ ਤਰ੍ਹਾਂ ਮੇਰਾ ਇਲਾਜ ਕਰਵਾਇਆ ਅਤੇ ਮੈਨੂੰ ਖਾਣਾ ਖੁਆਇਆ, ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ।"

ਸਨਮਾਨ ਨਾਲ ਮੋੜੀਆਂ ਗਈਆਂ ਲਾਸ਼ਾਂ

ਪਹਾੜਾਂ ਦੀ ਲੜਾਈ ਵਿੱਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਹੁੰਦੀ ਹੈ ਕਿਉਂਕਿ ਗੋਲੀ ਲੱਗ ਜਾਣ ਤੋਂ ਬਾਅਦ ਜ਼ਖ਼ਮੀ ਜਵਾਨਾਂ ਨੂੰ ਹੇਠਾਂ ਲਿਆਉਣ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਅਤੇ ਉਦੋਂ ਤੱਕ ਬਹੁਤ ਖ਼ੂਨ ਵਹਿ ਜਾਂਦਾ ਹੈ।

ਪਾਕਿਸਤਾਨੀ ਫੌਜ ਵਿੱਚ ਵੀ ਬਹੁਤ ਸਾਰੇ ਜਵਾਨ ਮਾਰੇ ਗਏ ਸਨ। ਜਨਰਲ ਮੋਹਿੰਦਰ ਪੁਰੀ ਦੱਸਦੇ ਹਨ ਕਿ 'ਕਈ ਪਾਕਿਸਤਾਨੀ ਜਵਾਨਾਂ ਨੂੰ ਭਾਰਤੀ ਮੌਲਵੀਆਂ ਦੀ ਹਾਜ਼ਰੀ ਵਿੱਚ ਪੂਰੇ ਇਸਲਾਮੀ ਤਰੀਕੇ ਨਾਲ ਦਫ਼ਨਾਇਆ ਗਿਆ।'

ਸ਼ੁਰੂਆਤ ਵਿੱਚ ਉਹ ਇਹ ਕਹਿੰਦੇ ਹੋਏ ਆਪਣੀਆਂ ਲਾਸ਼ਾਂ ਸਵੀਕਾਰ ਨਹੀਂ ਕਰ ਰਹੇ ਸੀ ਕਿ ਇਹ ਲੋਕ ਪਾਕਿਸਤਾਨੀ ਫੌਜ ਦੇ ਨਹੀਂ ਹਨ। ਪਰ ਬਾਅਦ ਵਿੱਚ ਉਹ ਆਪਣੀਆਂ ਮ੍ਰਿਤਕ ਦੇਹਾਂ ਵਾਪਿਸ ਲੈਣ ਲਈ ਤਿਆਰ ਹੋ ਗਏ।

Image copyright Mohinder Puri/BBC
ਫੋਟੋ ਕੈਪਸ਼ਨ ਟਾਈਗਰ ਹਿਲ ਕਬਜ਼ਾ ਕਰਨ ਦੀ ਮੁਹਿੰਮ ਵਿੱਚ ਫੌਜੀਆਂ ਦੇ ਨਾਲ ਫੌਜ ਮੁਖੀ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ (ਸੱਜਿਓਂ ਤੀਜੇ) ਅਤੇ ਮੇਜਰ ਜਨਰਲ ਮੋਹਿੰਦਰ ਪੁਰੀ (ਸੱਜਿਓਂ ਦੂਜੇ)

ਬ੍ਰਿਗੇਡੀਅਰ ਬਾਜਵਾ ਇੱਕ ਕਿੱਸਾ ਸੁਣਾਉਂਦੇ ਹਨ, ''ਟਾਈਗਰ ਹਿਲ 'ਤੇ ਜਿੱਤ ਤੋਂ ਕੁਝ ਦਿਨ ਬਾਅਦ ਮੇਰੇ ਕੋਲ ਪਾਕਿਸਤਾਨ ਵੱਲੋਂ ਇੱਕ ਰੇਡੀਓ ਸੰਦੇਸ਼ ਆਇਆ। ਉੱਧਰੋਂ ਆਵਾਜ਼ ਆਈ 'ਮੈਂ ਸੀਓ 188 ਐੱਫ਼ਐੱਫ਼ ਬੋਲ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਮਾਰੇ ਗਏ ਸਾਥੀਆਂ ਦੀਆਂ ਲਾਸ਼ਾਂ ਵਾਪਿਸ ਕਰ ਦਿਓ।"

Image copyright PIB

ਬ੍ਰਿਗੇਡੀਅਰ ਬਾਜਵਾ ਨੇ ਪੁੱਛਿਆ ਕਿ ਬਦਲੇ ਵਿੱਚ ਉਹ ਕੀ ਕਰ ਸਕਦੇ ਹਨ? ਉਨ੍ਹਾਂ ਨੇ ਕਿਹਾ ਕਿ ਅਸੀਂ ਵਾਪਿਸ ਚਲੇ ਜਾਵਾਂਗੇ ਅਤੇ ਤੁਹਾਨੂੰ ਸਾਨੂੰ ਹਟਾਉਣ ਲਈ ਹਮਲਾ ਨਹੀਂ ਕਰਨਾ ਪਵੇਗਾ।

ਬਾਜਵਾ ਯਾਦ ਕਰਦੇ ਹਨ, "ਅਸੀਂ ਲੜਾਈ ਵਿਚਾਲੇ ਮੈਦਾਨ ਵਿੱਚ ਬਹੁਤ ਸਨਮਾਨ ਦੇ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਾਕਿਸਤਾਨੀ ਝੰਡੇ ਵਿੱਚ ਲਪੇਟਿਆ। ਮੈਂ ਉਨ੍ਹਾਂ ਮੁਹਰੇ ਸ਼ਰਤ ਰੱਖੀ ਕਿ ਤੁਹਾਨੂੰ ਲਾਸ਼ਾਂ ਲੈਣ ਲਈ ਆਪਣੇ ਸਟ੍ਰੇਚਰ ਲਿਆਉਣੇ ਹੋਣਗੇ। ਅਸੀਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੂਰੀ ਸੈਨਿਕ ਰਸਮ ਦੇ ਨਾਲ ਵਾਪਿਸ ਕੀਤਾ। ਇਸ ਪੂਰੀ ਕਾਰਵਾਈ ਦੀ ਫਿਲਮਿੰਗ ਕੀਤੀ ਗਈ ਜਿਸ ਨੂੰ ਅੱਜ ਵੀ ਯੂ-ਟਿਊਬ 'ਤੇ ਦੇਖਿਆ ਜਾ ਸਕਦਾ ਹੈ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)