ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਇਨ੍ਹਾਂ ਪਿੰਡਾਂ ਦੀ ਤਿਆਰੀ

ਪਿੰਡ ਬੜਾਗੁੜਾ ਵਿਖੇ ਪਤੀ ਮਰਨ ਮਗਰੋਂ ਸਥਰ 'ਤੇ ਬੈਠੀ ਵਿਰਲਾਪ ਕਰਦੇ 24 ਸਾਲਾ ਪਤਨੀ Image copyright Parbhu Dayal/BBC

“ਸਾਡੇ ਤਾਂ ਸਾਰੇ ਪਿੰਡ 'ਚ ਚਿੱਟਾ ਹੀ ਵਿਕਦਾ ਹੈ। 15-16 ਸਾਲ ਦੀ ਉਮਰ ਦੇ ਨੌਜਵਾਨ ਟੀਕੇ ਲਾਉਣ ਲੱਗ ਜਾਂਦੇ ਹਨ, ਜਿਨ੍ਹਾਂ ਨਾਲ ਉਹ ਮਰ ਰਹੇ ਹਨ। ਮਾਂ-ਪਿਓ ਦੇ ਇਕੱਲੇ-ਇਕੱਲੇ ਪੁੱਤ ਮਰ ਰਹੇ ਹਨ। ਮਾਂਵਾਂ ਇਕੱਲੀਆਂ ਬੈਠੀਆਂ ਰੋ ਰਹੀਆਂ ਹਨ।”

ਇਹ ਦਰਦ ਪਤੀ ਦੀ ਮੌਤ ਮਗਰੋਂ ਸੱਥਰ 'ਤੇ ਬੈਠ ਕੇ ਰੋ ਰਹੀ, 24 ਸਾਲਾ ਸੁਮਨਦੀਪ ਕੌਰ ਨੇ ਬਿਆਨ ਕੀਤਾ।

ਇਹ ਦਰਦ ਸਿਰਫ਼ ਇੱਕ ਸੁਮਨਦੀਪ ਦਾ ਨਹੀਂ, ਕਈ ਅਜਿਹੀਆਂ ਹੋਰ ਔਰਤਾਂ ਤੇ ਉਨ੍ਹਾਂ ਦੇ ਬੁੱਢੇ ਮਾਪਿਆਂ ਦਾ ਵੀ ਹੈ।

ਪੰਜਾਬ ਤੇ ਰਾਜਸਥਾਨ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਹਿੱਸਿਆਂ ਵਿੱਚ ਨਸ਼ੇ ਦਾ ਅਸਰ ਦੇਖਿਆ ਜਾ ਰਿਹਾ ਹੈ।

ਸਿਰਸਾ ਦੇ ਪਿੰਡ ਬੜਾਗੁੜਾ ਵਿੱਚ ਨਸ਼ੇ ਤੋਂ ਪ੍ਰੇਸ਼ਾਨ ਪੰਚਾਇਤ ਨੇ ਨਸ਼ੇ ਵਰਤਣ ਅਤੇ ਵੇਚਣ ਵਾਲੇ ਖਿਲਾਫ਼ ਇੱਕ ਖ਼ਾਸ ਮਤਾ ਪਾਸ ਕੀਤਾ ਹੈ।

ਇਹ ਵੀ ਪੜ੍ਹੋ:

Image copyright Parbhu Dayal/BBC
ਫੋਟੋ ਕੈਪਸ਼ਨ ਪਿੰਡ ਵਾਸੀਆਂ ਵੱਲੋਂ ਦਿਨ ਰਾਤ ਦਾ ਠਿਕਰੀ ਪਹਿਰਾ ਲਾਇਆ ਜਾ ਰਿਹਾ ਹੈ ਤੇ ਦਿਨੇ ਸੱਥ ਵਿੱਚ ਬੈਠੇ ਲੋਕ ਆਉਣ-ਜਾਣ ਵਾਲੇ ਦੀ ਪੁਣ-ਛਾਣ ਕਰਦੇ ਹਨ।

ਪਿੰਡ ਦੇ ਸਰਪੰਚ ਜਸਵੀਰ ਸਿੰਘ ਨੇ ਕਿਹਾ, "ਅਸੀਂ ਲੋਕਾਂ ਨੂੰ ਬਾਂਹ ਤੋਂ ਫੜ ਕੇ ਤਾਂ ਨਸ਼ਾ ਕਰਨ ਤੋਂ ਨਹੀਂ ਰੋਕ ਸਕਦੇ ਹਾਂ। ਪੰਚਾਇਤ ਨੇ ਇਸ ਲਈ ਫੈਸਲਾ ਕੀਤਾ ਹੈ ਕਿ ਉਹ ਨਸ਼ਾ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਨਹੀਂ ਕਰਵਾਉਣਗੇ।"

ਇਸ ਖੇਤਰ ਵਿੱਚ ਨਸ਼ੇ ਨਾਲ ਮਰਨ ਵਾਲੇ ਦਾ ਨਾ ਤਾਂ ਮਾਪਿਆਂ ਵਲੋਂ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਤੇ ਨਾ ਹੀ ਪੁਲੀਸ ਕੋਲ ਇਸ ਦਾ ਕੋਈ ਰਿਕਾਰਡ ਹੈ। ਸਮਾਜਿਕ ਤਾਣੇ-ਬਾਣੇ ਦੇ ਡਰੋਂ ਮਾਪੇ ਇਹ ਵੀ ਬੋਲਣ ਨੂੰ ਤਿਆਰ ਨਹੀਂ ਕਿ ਉਨ੍ਹਾਂ ਦਾ ਪੁੱਤ ਨਸ਼ੇ ਨਾਲ ਮਰਿਆ ਹੈ।

ਪਿੰਡ ਦੀ ਪੰਚਾਇਤ ਨੇ ਪਿੰਡ ਦੇ ਗੁਰਦੁਆਰੇ ਵਿੱਚ ਇਕ ਸ਼ਿਕਾਇਤ ਪੇਟੀ ਰੱਖੀ ਹੈ ਜਿਸ ਵਿੱਚ ਕੋਈ ਵੀ ਪਿੰਡ ਦਾ ਵਿਅਕਤੀ ਚਿੱਟਾ ਵੇਚਣ ਵਾਲੇ ਜਾਂ ਪੀਣ ਵਾਲੇ ਬਾਰੇ ਜਾਣਕਾਰੀ ਦੇ ਸਕਦਾ ਹੈ।

ਇਸ ਪੇਟੀ ਵਿੱਚ ਲਿਖਤੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਣ ਦਾ ਵੀ ਭਰੋਸਾ ਦਿਵਾਇਆ ਗਿਆ ਹੈ।

Image copyright Parbhu Dayal/BBC

ਇਸੇ ਤਰ੍ਹਾਂ ਦਾ ਫ਼ੈਸਲਾ ਸਿਰਸਾ ਦੇ ਨਾਲ ਲਗਦੇ ਪਿੰਡ ਖੈਰੇਕਾਂ ਦੇ ਵਾਸੀਆਂ ਨੇ ਵੀ ਲਿਆ ਹੈ।

ਸਿਰਸਾ ਦੇ ਇੱਕ ਹੋਰ ਪਿੰਡ ਫੂਲਕਾਂ ਵਿੱਚ ਚਿੱਟੇ ਦੇ ਨਸ਼ੇ ਨੂੰ ਰੋਕਣ ਲਈ ਪਿੰਡ ਵਾਸੀਆਂ ਵੱਲੋਂ ਦਿਨ ਰਾਤ ਠਿਕਰੀ ਪਹਿਰਾ ਲਾਇਆ ਜਾ ਰਿਹਾ ਹੈ।

ਰਾਤ ਦੇ ਠਿਕਰੀ ਪਹਿਰੇ ਦੌਰਾਨ ਪਹਿਰੇ 'ਤੇ ਲੱਗੇ ਵਿਅਕਤੀ ਜਿੱਥੇ ਪਿੰਡ ਨੂੰ ਜਾਣ ਵਾਲੇ ਰਾਹਾਂ 'ਤੇ ਸਾਰੀ ਰਾਤ ਜਾਗਦੇ ਹਨ ਤੇ ਆਉਣ ਜਾਣ ਵਾਲੇ ਤੋਂ ਪੁੱਛ-ਗਿੱਛ ਕਰਦੇ ਹਨ।

ਇਹ ਵੀ ਪੜ੍ਹੋ:

ਪਿੰਡ ਦੇ ਬਾਹਰ ਵਾਰ ਲੱਗੇ ਪਿੰਡ ਦੇ 'ਗੌਰਵ ਪੱਟ' ਬੋਰਡ ਉੱਤੇ ਪਿੰਡ ਦੇ ਉਨ੍ਹਾਂ ਨੌਜਵਾਨਾਂ ਦੇ ਨਾਂ ਲਿਖੇ ਹੋਏ ਸਨ ਜਿਨ੍ਹਾਂ ਦੇ ਕਿਸੇ ਸਮੇਂ ਪਿੰਡ ਦਾ ਨਾਂ ਕੌਮਾਂਤਰੀ ਪੱਧਰ 'ਤੇ ਰੋਸ਼ਨ ਕੀਤਾ ਸੀ।

ਇਸ ਦੇ ਨਾਲ ਹੀ ਬਣੇ ਗਰਾਊਂਡ 'ਚ ਕੁਝ ਨੌਜਵਾਨ ਫੁੱਟਬਾਲ ਖੇਡਦੇ ਮਿਲੇ। ਜਦੋਂ ਇਨ੍ਹਾਂ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਖੇਡਣ ਵਾਲਿਆਂ ਵਿੱਚ ਫੂਲਕਾਂ ਪਿੰਡ ਦਾ ਨੌਜਵਾਨ ਕੋਈ ਨਹੀਂ ਹੈ। ਇਹ ਫੁੱਟਬਾਲ ਦੀਆਂ ਟੀਮਾਂ ਗੁਆਂਢੀ ਪਿੰਡਾਂ ਤੋਂ ਇੱਥੇ ਆ ਕੇ ਖੇਡ ਰਹੀਆਂ ਸਨ।

Image copyright Parbhu Dayal/BBC

ਹਾਲਾਂਕਿ ਪਿੰਡ ਦੇ ਕਈ ਲੋਕਾਂ ਨੇ ਨਸ਼ੇ ਬਾਰੇ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਇੱਕ ਵਿਅਕਤੀ ਨੇ ਕਿਹਾ,"ਅਸੀਂ ਕਿਸੇ ਦਾ ਨਾਂ ਲੈ ਕੇ ਲੜਾਈ ਮੁੱਲ ਨਹੀਂ ਲੈਣੀ।”

”ਜਿਸ ਦਾ ਮੁੰਡਾ ਨਸ਼ਾ ਕਰਦਾ ਹੈ, ਉਸ ਨੂੰ ਪਰਵਾਹ ਨਹੀਂ ਤਾਂ ਸਾਨੂੰ ਕੀ? ਜੇ ਅਸੀਂ ਕਿਸੇ ਦਾ ਨਾਂ ਲੈ ਦਿੱਤਾ ਤਾਂ ਖਾਹਮਖਾਹ ਸਾਡੇ ਗੱਲ ਲੜਾਈ ਪੈ ਜਾਊ।"

ਸਿਰਸਾ ਦੇ ਨਸ਼ਾ ਛੁਡਾਉ ਕੇਂਦਰ ਵਿੱਚ ਦਾਖ਼ਲ ਇੱਕ ਨੌਜਵਾਨ ਨੇ ਕਿਹਾ, "ਬਈ ਮੇਰਾ ਨਾਂ ਨਹੀਂ ਆਉਣਾ ਚਾਹੀਦਾ, ਮੇਰਾ ਵਿਆਹ ਹੋਣ ਵਾਲਾ ਹੈ।"

ਉਸ ਨੇ ਦੱਸਿਆ, "ਮੇਰਾ ਲੱਕੜ ਦਾ ਵਪਾਰ ਸੀ। ਮੈਂ ਦਸਾਂ ਦਿਨਾਂ ਵਿੱਚ ਚਾਲੀ ਪੰਜਾਹ ਹਜ਼ਾਰ ਦਾ ਕੰਮ ਕਰ ਲੈਂਦਾ ਸਾਂ। ਮੇਰੇ ਦੋਸਤ ਕਾਰਨ ਮੈਨੂੰ ਨਸ਼ੇ ਦੀ ਆਦਤ ਲੱਗੀ। ਨਸ਼ੇ ਕਾਰਨ ਮੇਰੇ 'ਤੇ ਕਾਫੀ ਕਰਜ਼ ਚੜ੍ਹ ਗਿਆ ਸੀ।"

Image copyright Parbhu Dayal/BBC

"ਮੈਂ ਖੁਦਕੁਸ਼ੀ ਕਰਨ ਵਾਲਾ ਸੀ ਪਰ ਮੇਰੀ ਮਾਂ ਨੇ ਮੈਨੂੰ ਰੋਕ ਲਿਆ ਤੇ ਮੈਨੂੰ ਹਸਪਤਾਲ ਲੈ ਆਈ।"

ਸਿਰਸਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ 35 ਸਾਲਾ ਔਰਤ ਆਪਣੇ ਪੁੱਤਰ ਨੂੰ ਨਸ਼ਾ ਛੁਡਾਉਣ ਲਈ ਲਿਆਈ ਸੀ।

ਉਸ ਨੇ ਦੱਸਿਆ, "ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਮੇਰੇ ਦੋ ਪੁੱਤਰ ਹਨ। ਵੱਡੇ ਪੁੱਤਰ ਦੀ ਨਸ਼ੇ ਦੀ ਆਦਤ ਕਾਰਨ ਘਰ ਦਾ ਸਭ ਕੁਝ ਵਿਕ ਗਿਆ ਹੈ। ਪਰ ਮੁੰਡਾ ਹਸਪਤਾਲ ਵਿੱਚ ਵੀ ਨਸ਼ਾ ਕਰ ਲੈਂਦਾ ਹੈ ਇਸ ਲਈ ਡਾਕਟਰਾਂ ਨੇ ਉਸ ਦੀ ਛੁੱਟੀ ਕਰ ਦਿੱਤੀ ਹੈ।

"ਮੈਂ ਗਰੀਬ ਔਰਤਾਂ ਹਾਂ ਹੁਣ ਆਪਣੇ ਪੁੱਤਰ ਦਾ ਇਲਾਜ ਕਿੱਥੇ ਕਰਾਵਾਂ।"

Image copyright Parbhu Dayal/BBC
ਫੋਟੋ ਕੈਪਸ਼ਨ ਡਾਕਟਰ ਪੰਕਜ ਨੇ ਦੱਸਿਆ ਕਿ ਇਲਾਕੇ ਵਿੱਚ ਮੈਡੀਕਲ ਨਸ਼ੇ ਦੇ ਨਾਲ ਨਾਲ ਚਿੱਟਾ, ਅਫ਼ੀਮ ਤੇ ਗਾਂਜੇ ਦੇ ਆਦਿ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਸਿਰਸਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਉ ਕੇਂਦਰ ਦੇ ਡਾਕਟਰ ਪੰਕਜ ਨੇ ਦੱਸਿਆ, "ਸਰਕਾਰੀ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਉ ਕੇਂਦਰ ਵਿੱਚ ਸਾਲ 2014 ਵਿੱਜ ਓਪੀਡੀ ਦੀ ਗਿਣਤੀ 1405 ਸੀ ਅਤੇ ਦਾਖ਼ਲ 99 ਸੀ। ਇਸੇ ਤਰ੍ਹਾਂ 2015 ਵਿੱਚ ਓਪੀਡੀ 1919, ਦਾਖ਼ਲ 117, 2016 ਓਪੀਡੀ 2438, ਦਾਖ਼ਲ116, 2017 ਵਿੱਚ ਓਪੀਡੀ ਵਿੱਚ 5872, ਦਾਖ਼ਲ 327, 2018 ਓਪੀਡੀ 18551 ਅਤੇ ਦਾਖ਼ਲ 649 ਦੀ ਗਿਣਤੀ ਹੈ।

ਨਸ਼ਾ ਛੁਡਾਉ ਕੇਂਦਰ ਦੇ ਮਾੜੇ ਹਾਲਾਤ

ਡਾਕਟਰ ਪੰਕਜ ਨੇ ਦੱਸਿਆ, "ਹਸਪਤਾਲ ਵਿੱਚ ਨਸ਼ੇ ਨੂੰ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਇੱਥੇ ਉਨ੍ਹਾਂ ਨੂੰ ਦਾਖ਼ਲ ਕਰਨ ਲਈ ਵਿਵਸਥਾ ਨਾਂ ਮਾਤਰ ਹੀ ਹੈ।"

"ਹਸਪਤਾਲ ਦੇ ਨਸ਼ਾ ਛੁਡਾਉ ਕੇਂਦਰ 'ਚ 12 ਬੈੱਡਾਂ ਦਾ ਬੰਦੋਬਸਤ ਹੈ ਪਰ ਉਨ੍ਹਾਂ ਕੋਲ 42 ਮਰੀਜ ਦਾਖ਼ਲ ਹਨ। ਹਰ ਬੈੱਡ 'ਤੇ ਦੋ-ਦੋ ਤਿੰਨ-ਤਿੰਨ ਮਰੀਜ ਦਾਖ਼ਲ ਹਨ ਇਸ ਦੇ ਬਾਵਜੂਦ ਕਈਆਂ ਨੂੰ ਬਿਨ੍ਹਾਂ ਬੈੱਡ ਦੇ ਹੀ ਰਹਿਣਾ ਪੈ ਰਿਹਾ ਹੈ।"

'ਸਨੇਕ ਬਾਈਟ' ਰਾਹੀਂ ਨਸ਼ੇ ਦੇ ਮਾਮਲੇ

ਡਾ. ਪੰਕਜ ਨੇ ਦੱਸਿਆ ਹੈ ਕਿ ਸਿਰਸਾ ਵਿੱਚ ਦੋ ਕੇਸ ਸਨੇਕ ਬਾਈਟ ਦੇ ਮਿਲੇ ਹਨ।

ਉਨ੍ਹਾਂ ਨੇ ਦੱਸਿਆ, "ਸਨੇਕ ਬਾਈਟ ਲਈ ਨਸ਼ੇੜੀ ਅਜਿਹੇ ਸੱਪ ਨੂੰ ਫੜਦੇ ਹਨ ਜਿਹੜਾ ਜ਼ਹਿਰੀਲਾ ਨਹੀਂ ਹੁੰਦਾ। ਉਸ ਨੂੰ ਚਿੱਟੇ ਦਾ ਟੀਕਾ ਲਾਉਂਦੇ ਹਨ ਤੇ ਫਿਰ ਉਸ ਸੱਪ ਤੋਂ ਆਪਣੇ ਸਰੀਰ 'ਤੇ ਡੰਗ ਮਰਵਾਉਂਦੇ ਸਨ।

ਡਾ. ਮੁਤਾਬਕ ਇਸ ਤਰ੍ਹਾਂ ਦੇ ਸਿਰਸਾ ਵਿੱਚ ਉਨ੍ਹਾਂ ਨੂੰ ਦੋ ਕੇਸ ਮਿਲੇ ਹਨ, ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਮੁਸਤੈਦੀ ਵਰਤਣ ਦਾ ਦਾਅਵਾ

ਸਿਰਸਾ ਦੇ ਡੀ.ਐੱਸ.ਪੀ. ਆਰਿਅਨ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਨੇ ਪਿਛਲੇ ਸਮੇਂ ਦੇ ਮੁਕਾਬਲੇ ਐਤਕੀਂ ਜਿਆਦਾ ਨਸ਼ਾ ਤਸਕਰ ਫੜੇ ਹਨ।

ਉਨ੍ਹਾਂ ਕਿਹਾ, "ਪੁਲਿਸ ਹਰ ਤਰ੍ਹਾਂ ਦੇ ਨਸ਼ਾ ਤਸਕਰਾਂ ਨੂੰ ਫੜਨ ਲਈ ਅਲਰਟ ਹੈ। ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾ ਰਿਹਾ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਦਾ ਪਤਾ ਲਗਦੇ ਹੀ ਇਸ ਦੀ ਸੂਚਨਾ ਪੁਲੀਸ ਨੂੰ ਦੇਣ।

Image copyright Parbhu Dayal/BBC
ਫੋਟੋ ਕੈਪਸ਼ਨ ਪਿੰਡ ਵਿੱਚ ਨਸ਼ਿਆਂ ਖ਼ਿਲਾਫ਼ ਮੀਟਿੰਗ ਕਰਦੇ ਪਿੰਡ ਵਾਸੀ।

ਐੱਮ.ਪੀ. ਨੇ ਕੀ ਕਿਹਾ

ਸਿਰਸਾ ਤੋਂ ਭਾਜਪਾ ਦੇ ਚੁਣੇ ਗਏ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਪਹਿਲਾ ਕੰਮ ਇਲਾਕੇ ਵਿਚੋਂ ਨਸ਼ਿਆਂ ਨੂੰ ਰੋਕਣਾ ਹੈ।

ਉਨ੍ਹਾਂ ਕਿਹਾ, "ਉਹ ਇਸ ਦੇ ਲਈ ਸੰਸਦ ਵਿੱਚ ਵੀ ਆਵਾਜ਼ ਬੁਲੰਦ ਕਰਨਗੇ ਤੇ ਲੋੜ ਪਈ ਤਾਂ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਦੀ ਵੀ ਵਕਾਲਤ ਕਰਨਗੇ। ਨਸ਼ਿਆਂ ਨੂੰ ਰੋਕਣ ਲਈ ਤੁਰੰਤ ਹਰਿਆਣਾ ਦੇ ਪੁਲੀਸ ਮੁਖੀ ਤੇ ਸਬੰਧਤ ਜ਼ਿਲ੍ਹਿਆਂ ਦੇ ਐਸ.ਪੀਜ ਨਾਲ ਗੱਲ ਕੀਤੀ ਜਾਵੇਗੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)