ਘੱਗਰ ਦੇ ਪਾਣੀ ਨਾਲ 6 ਪਿੰਡਾਂ ਦਾ ਰਕਬਾ ਡੁੱਬਿਆ- 'ਤੀਵੀਆਂ ਦਾ ਤਾਂ ਜੰਗਲ ਪਾਣੀ ਜਾਣਾ ਵੀ ਔਖਾ ਹੋਇਆ ਪਿਆ ਐ'

ਘੱਗਰ ਵਿੱਚ ਪਾੜ Image copyright Sukhcharan Preet/BBC

"ਹਰ ਚੀਜ਼ ਦੀ ਹੀ ਤੰਗੀ ਹੈ। ਖਾਣ-ਪੀਣ ਦੀ ਤੰਗੀ ਹੈ। ਹਰੇ ਚਾਰੇ ਦੀ ਵੀ ਤੰਗੀ ਹੈ। ਪਸ਼ੂਆਂ ਨੂੰ ਤੂੜੀ ਪਾ ਕੇ ਹੀ ਸਾਰ ਰਹੇ ਹਾਂ। ਔਰਤਾਂ ਲਈ ਜੰਗਲ ਪਾਣੀ ਦਾ ਵੀ ਔਖਾ ਹੈ। ਬੰਦੇ ਤਾਂ ਕਿਤੇ ਵੀ ਜਾ ਸਕਦੇ ਹਨ। ਔਰਤਾਂ ਕਿੱਥੇ ਜਾਣ। ਇਸ ਦਿੱਕਤ ਦਾ ਸਾਨੂੰ ਹਰ ਸਾਲ ਸਾਹਮਣਾ ਕਰਨਾ ਪੈਂਦਾ ਹੈ।"

ਇਹ ਕਹਿਣਾ ਹੈ ਮੂਨਕ ਨੇੜਲੇ ਪਿੰਡ ਸੁਰਜਣ ਭੈਣੀ ਦੀ ਪ੍ਰਕਾਸ਼ੋ ਦੇਵੀ ਦਾ ਜੋ ਕਿ ਘੱਗਰ ਵਿੱਚ ਪਏ ਪਾੜ ਕਾਰਨ ਪਰੇਸ਼ਾਨ ਹੈ।

ਮੂਨਕ ਨੇੜੇ ਪਿੰਡ ਮਕਰੌੜ ਸਾਹਿਬ ਕੋਲੋਂ ਘੱਗਰ ਵਿੱਚ ਪਏ ਪਾੜ ਨੂੰ ਤਿੰਨ ਦਿਨ ਹੋ ਗਏ ਹਨ। ਇਹ ਪਾੜ 50 ਫੁੱਟ ਚੌੜਾ ਸੀ ਪਰ ਹੁਣ ਇਹ ਵੱਧ ਕੇ ਤਕਰੀਬਨ 100 ਫੁੱਟ ਹੋ ਗਿਆ ਹੈ। ਮੂਨਕ ਤੋਂ ਸੁਰਜਣ ਭੈਣੀ ਨੂੰ ਜਾਣ ਵਾਲਾ ਰਸਤਾ ਵੀ ਪਾਣੀ ਭਰਨ ਕਾਰਨ ਬੰਦ ਹੋ ਚੁੱਕਾ ਹੈ।

ਪਾਣੀ ਨੂੰ ਬੰਨ੍ਹ ਲਾਉਣ ਲਈ ਪ੍ਰਸ਼ਾਸਨ ਵੱਲੋਂ ਫੌਜ ਅਤੇ ਐੱਨਡੀਆਰਐੱਫ਼ ਦੀ ਮਦਦ ਲਈ ਜਾ ਰਹੀ ਹੈ ਪਰ ਹਾਲੇ ਤੱਕ ਸਫ਼ਲਤਾ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਘੱਗਰ ਵਿੱਚ ਪਾੜ ਕਾਰਨ ਕਈ ਏਕੜ ਫ਼ਸਲ ਤਬਾਹ

ਪ੍ਰਸ਼ਾਸਨਿਕ ਅਧਿਕਾਰੀ ਇਸ ਪਾੜ ਕਾਰਨ ਪ੍ਰਭਾਵਿਤ ਖੇਤਾਂ ਦਾ ਅੰਕੜਾ ਤਿੰਨ ਹਜ਼ਾਰ ਏਕੜ ਦੱਸ ਰਹੇ ਹਨ ਜਦੋਂਕਿ ਸਥਾਨਕ ਵਾਸੀਆਂ ਮੁਤਾਬਕ 10 ਹਜ਼ਾਰ ਏਕੜ ਤੋਂ ਉੱਪਰ ਖੇਤਾਂ ਵਿੱਚ ਪਾਣੀ ਭਰ ਚੁੱਕਿਆ ਹੈ।

ਫੂਲਦ,ਸਲੇਮਗੜ, ਭੁੰਦੜ ਭੈਣੀ ਅਤੇ ਮੂਨਕ ਸਣੇ ਛੇ ਪਿੰਡਾਂ ਦੇ ਖੇਤ ਪਾਣੀ ਵਿੱਚ ਡੁੱਬ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਵੀ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਹੈ। ਪਾੜ ਵਾਲੀ ਜਗ੍ਹਾ 'ਤੇ ਕੋਈ ਵਾਹਨ ਨਾ ਪਹੁੰਚਣ ਕਾਰਨ ਪਾੜ ਪੂਰਨ ਦਾ ਕੰਮ ਹੱਥਾਂ ਨਾਲ ਹੀ ਹੋ ਰਿਹਾ ਹੈ।

ਪਾੜ ਕਾਰਨ ਔਰਤਾਂ ਪਰੇਸ਼ਾਨ

ਪਾਣੀ ਦੀ ਮਾਰ ਕਾਰਨ ਸਭ ਤੋਂ ਵੱਧ ਸਮੱਸਿਆ ਦਾ ਸਾਹਮਣਾ ਰੋਜ਼ਾਨਾ ਮਜ਼ਦੂਰੀ ਕਰਨ ਵਾਲੀਆਂ ਔਰਤਾਂ ਨੂੰ ਝੱਲਣਾ ਪੈ ਰਿਹਾ ਹੈ।

ਮੂਨਕ ਦੀ ਰਹਿਣ ਵਾਲੀ ਰਾਮ ਮੂਰਤੀ ਦੇ ਘਰ ਨੇੜਲੇ ਖੇਤ ਪਾਣੀ ਨਾਲ ਭਰ ਗਏ ਹਨ ਇਸ ਲਈ ਉਨ੍ਹਾਂ ਨੂੰ ਕਈ ਕਿੱਲੋਮੀਟਰ ਦੂਰ ਪੱਠੇ ਲੈਣ ਜਾਣਾ ਪੈ ਰਿਹਾ ਹੈ।

Image copyright Sukhcharn Preet/BBC
ਫੋਟੋ ਕੈਪਸ਼ਨ ਖੇਤਾਂ ਵਿੱਚ ਵੜੇ ਪਾਣੀ ਕਾਰਨ ਰਾਮ ਮੂਰਤੀ ਨੂੰ ਕਈ ਕਿਲੋਮੀਟਰ ਦੂਰ ਪੱਠੇ ਲੈਣ ਜਾਣਾ ਪੈ ਰਿਹਾ ਹੈ

ਰਾਮ ਮੂਰਤੀ ਦਾ ਕਹਿਣਾ ਹੈ, "ਦੋ ਮੱਝਾਂ ਖੜ੍ਹੀਆਂ ਨੇ ਘਰ, ਪੱਠਿਆਂ ਦੀ ਬਹੁਤ ਮੁਸ਼ਕਿਲ ਹੈ। ਜ਼ਿਮੀਂਦਾਰ ਜੇ ਵੱਢਣ ਦੇ ਦੇਵੇ ਤਾਂ ਠੀਕ ਹੈ ਨਹੀਂ ਤਾਂ ਬਹੁਤ ਔਖਾ ਹੈ। ਮੇਰੇ ਵਰਗੀ ਬਜ਼ੁਰਗ ਔਰਤ ਤਾਂ ਦੂਰ ਦੁਰਾਡੇ ਚਲੀ ਜਾਂਦੀ ਹੈ ਪਰ ਜਵਾਨ ਕੁੜੀਆਂ ਦਾ ਹੋਰ ਵੀ ਔਖਾ ਹੈ। ਘਰ ਦੀ ਕੋਈ ਚੀਜ਼ ਲੈਣ ਜਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਜੇ ਇਹੀ ਹਾਲ ਰਿਹਾ ਤਾਂ ਘਰਾਂ ਵਿੱਚ ਵੀ ਪਾਣੀ ਆ ਜਾਵੇਗਾ। ਜਿਨ੍ਹਾਂ ਦੇ ਘਰ ਉੱਚੀ ਥਾਂ ਹਨ ਉਹ ਤਾਂ ਬਚ ਜਾਣਗੇ, ਬਾਕੀਆਂ ਨੂੰ ਕਿਸੇ ਹੋਰ ਸੁਰੱਖਿਅਤ ਥਾਂ ਵੱਲ ਜਾਣੀ ਪਏਗਾ।"

Image copyright Sukhcharan Preet/BBC

ਮੂਨਕ ਦੀ ਰਾਣੀ ਕੌਰ ਨੂੰ ਖੇਤਾਂ ਵਿੱਚ ਵੱਟਾਂ ਤੋਂ ਘਾਹ ਖੋਤਣ ਲਈ ਸੁਰਜਨ ਭੈਣੀ ਆਉਣਾ ਪਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦੇ ਪਤੀ ਸਤਪਾਲ ਵੀ ਨਾਲ ਹੀ ਆਏ ਹਨ। ਸਤਪਾਲ ਆਟੋ ਚਲਾਉਂਦਾ ਹੈ ਪਰ ਪਾਣੀ ਕਾਰਨ ਦੋ ਦਿਨ ਤੋਂ ਕੰਮ 'ਤੇ ਨਹੀਂ ਜਾ ਸਕਿਆ। ਉਨ੍ਹਾਂ ਨਾਲ ਉਨ੍ਹਾਂ ਦੀ ਧੀ ਵੀ ਹੈ ਜੋ ਪਾਣੀ ਭਰਨ ਕਾਰਨ ਸਕੂਲ ਨਹੀਂ ਜਾ ਪਾ ਰਹੀ।

Image copyright Sukhcharan Preet/BBC

ਰਾਣੀ ਕੌਰ ਨੇ ਕਿਹਾ, "ਮੇਰੇ ਪਤੀ ਟੋਹਾਣੇ ਤੋਂ ਸਬਜ਼ੀ ਲੈ ਕੇ ਆਉਂਦੇ ਹਨ ਪਰ ਦੋ ਦਿਨਾਂ ਤੋਂ ਉਹ ਜਾ ਹੀ ਨਹੀਂ ਸਕੇ। ਘਰੇ ਡੰਗਰ ਭੁੱਖੇ ਹਨ ਤਾਂ ਉਨ੍ਹਾਂ ਲਈ ਚਾਰਾ ਵੀ ਚਾਹੀਦਾ ਹੈ। ਬੱਚੇ ਛੋਟੇ ਹਨ ਉਨ੍ਹਾਂ ਦਾ ਵੀ ਧਿਆਨ ਰੱਖਣਾ ਹੈ। ਜੰਗਲ ਪਾਣੀ ਦੀ ਸਮੱਸਿਆ ਅਲੱਗ ਹੈ। ਬਾਲਣ ਲਈ ਲੱਕੜਾਂ ਵੀ ਚਾਹੀਦੀਆਂ ਹਨ ਪਰ ਖੇਤਾਂ ਵਿੱਚ ਤਾਂ ਪਾਣੀ ਖੜ੍ਹਾ ਹੈ। "

ਇਸ ਦੌਰਾਨ ਮਹਿਮਾ ਕੌਰ ਨੇ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, "ਸਾਰੀ ਫ਼ਸਲ ਮਰਨ ਦਾ ਖ਼ਤਰਾ ਹੈ। ਵੋਟਾਂ ਵੇਲੇ ਤਾਂ ਆਗੂ ਬਹੁਤ ਵਾਅਦੇ ਕਰਦੇ ਹਨ ਪਰ ਬਾਅਦ ਵਿੱਚ ਕੋਈ ਸਾਰ ਨਹੀਂ ਲੈਂਦਾ। ਘੱਗਰ ਹਰ ਸਾਲ ਟੁੱਟਦਾ ਹੈ, ਇਸ ਨੂੰ ਪੱਕਾ ਕਿਉਂ ਨਹੀਂ ਕਰਦੇ। ਨੇੜਲੇ ਪਿੰਡਾਂ ਦੇ ਲੋਕ ਆਪਣੇ ਖ਼ੇਤ ਬਚਾਉਣ ਲਈ ਬੰਨ੍ਹ ਲਾ ਦਿੰਦੇ ਹਨ। ਸਾਡੇ ਘਰ ਡੁੱਬਣ ਦਾ ਖ਼ਤਰਾ ਬਣ ਜਾਂਦਾ ਹੈ। ਸਾਡਾ ਝੋਨਾ ਸਾਰਾ ਹੀ ਡੁੱਬ ਗਿਆ ਹੈ। ਘਰ ਦਸ ਪਸ਼ੂ ਹਨ, ਹਰਾ ਚਾਰਾ ਚਾਰ ਦਿਨਾਂ ਦਾ ਹੀ ਬਚਿਆ ਹੈ।"

ਇਹ ਵੀ ਪੜ੍ਹੋ:

ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ, "ਚਾਰ ਦਿਨਾਂ ਤੱਕ ਤਾਂ ਪਾਣੀ ਨਾਲ ਫ਼ਸਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜੇਕਰ ਇਸ ਤੋਂ ਵੱਧ ਪਾਣੀ ਖੇਤਾਂ ਵਿੱਚ ਖੜ੍ਹਾ ਰਿਹਾ ਤਾਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਫੌਜ ਦੀ ਮਦਦ ਨਾਲ ਜਲਦ ਹੀ ਪਾਣੀ ਰੋਕ ਕੇ ਬੰਨ੍ਹ ਮਾਰ ਦਿੱਤਾ ਜਾਵੇਗਾ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)