ਨਵਜੋਤ ਸਿੱਧੂ ਕੋਲ ਅਸਤੀਫ਼ੇ ਦੀ ਪ੍ਰਵਾਨਗੀ ਤੋਂ ਬਾਅਦ ਬਚਦੇ ਨੇ ਇਹ 3 ਰਾਹ

ਨਵਜੋਤ ਸਿੱਧੂ ਤੇ ਰਾਹੁਲ ਗਾਂਧੀ Image copyright Getty Images

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ।

ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ, ''ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਤੋਂ ਬਾਅਦ ਰਾਜਪਾਲ ਦੀ ਰਸਮੀ ਪ੍ਰਵਾਨਗੀ ਲਈ ਪੰਜਾਬ ਰਾਜ ਭਵਨ ਭੇਜ ਦਿੱਤਾ ਹੈ।

ਦੱਸਿਆ ਗਿਆ ਕਿ ਮੁੱਖ ਮੰਤਰੀ ਦੋ ਦਿਨ ਦਿੱਲੀ ਵਿੱਚ ਰੁੱਝੇ ਹੋਏ ਸਨ ਜਿਸ ਕਾਰਨ ਉਨ੍ਹਾਂ ਨੇ ਸ਼ਨੀਵਾਰ ਸਵੇਰੇ ਅਸਤੀਫ਼ਾ ਦੇਖਿਆ, ਸਿੱਧੂ ਦੇ ਇੱਕ ਲਾਈਨ ਦੇ ਅਸਤੀਫ਼ੇ ਨੂੰ ਰਾਜਪਾਲ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਹੈ।

ਨਵਜੋਤ ਸਿੰਘ ਸਿੱਧੂ ਨੇ 10 ਜੂਨ ਨੂੰ ਰਾਹੁਲ ਗਾਂਧੀ ਨੂੰ ਅਸਤੀਫ਼ਾ ਦੇ ਦਿੱਤਾ ਸੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਇਸ ਦਾ ਟਵੀਟ ਕਰਕੇ ਰਸਮੀ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਨੂੰ ਅਸਤੀਫ਼ਾ ਭੇਜ ਦਿੱਤਾ।

ਇਹ ਵੀ ਪੜ੍ਹੋ:

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਣ ਤੋਂ ਬਾਅਦ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਹੁਣ ਸਿੱਧੂ ਦਾ ਕੀ ਬਣੇਗਾ।

ਪੰਜਾਬ ਦੀ ਸਿਆਸਤ ਨੂੰ ਕਈ ਦਹਾਕਿਆਂ ਤੋਂ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰਾਂ ਨੂੰ ਨਵਜੋਤ ਸਿੰਘ ਸਿੱਧੂ ਸਾਹਮਣੇ ਤਿੰਨ ਰਾਹ ਦਿਖਦੇ ਹਨ।

Image copyright Getty Images
ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਕਪਤਾਨ ਹਨ

'ਦਿ ਹਿੰਦੂ' ਦੇ ਸਾਬਕਾ ਪੱਤਰਕਾਰ ਸਰਬਜੀਤ ਪੰਧੇਰ ਕਹਿੰਦੇ ਹਨ ਕਿ ਨਵਜੋਤ ਸਿੱਧੂ ਕੋਲ ਤਿੰਨ ਰਾਹ ਹਨ।

ਪਹਿਲਾ ਰਾਹ :

ਸਰਬਜੀਤ ਪੰਧੇਰ ਕਹਿੰਦੇ ਹਨ, 'ਆਪਣੇ ਕਪਤਾਨ ਰਾਹੁਲ ਗਾਂਧੀ ਤੇ ਪਾਰਟੀ ਦੇ ਦੇਸ਼ ਭਰ ਵਿਚ ਮਾੜੇ ਹਾਲਾਤ ਦੇ ਮੱਦੇਨਜ਼ਰ ਦੜ ਵੱਟ ਗੁਜ਼ਾਰਾ ਕਰ ਭਲੇ ਦਿਨ ਆਵਣਗੇ, ਮਤਾਬਕ ਚੁੱਪਚਾਪ ਪਾਰਟੀ ਲਈ ਕੰਮ ਕਰਦੇ ਰਹਿਣ। ਉਹ ਪਾਰਟੀ ਜ਼ਾਬਤੇ ਵਿਚ ਰਹਿੰਦੇ ਹੋਏ ਲੋਕ ਮਸਲਿਆਂ ਨੂੰ ਚੁੱਕਣ ਅਤੇ ਪੰਜਾਬ ਦੀ ਸਿਆਸਤ ਵਿਚ ਆਪਣੇ ਚੰਗੇ ਦਿਨਾਂ ਦੀ ਉਡੀਕ ਕਰਨ'।

ਦੂਜਾ ਰਾਹ :

ਪੰਧੇਰ ਮੁਤਾਬਕ, 'ਸਿੱਧੂ ਕੋਲ ਦੂਜਾ ਰਾਹ ਉਹੀ ਬਚਦਾ ਹੈ, ਜਿਸ ਉੱਤੇ ਉਨ੍ਹਾਂ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਨਾ ਤੁਰਨ ਦਾ ਫ਼ੈਸਲਾ ਲਿਆ ਸੀ। ਇਹ ਰਾਹ ਹੈ, ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ , ਆਮ ਆਦਮੀ ਪਾਰਟੀ, ਜਾਂ ਆਮ ਆਦਮੀ ਪਾਰਟੀ ਨਾਲੋਂ ਟੁੱਟ ਚੁੱਕੇ ਧੜਿਆਂ ਨਾਲ ਮਿਲ ਕੇ ਤੀਜੀ ਧਿਰ ਖੜ੍ਹੀ ਕਰਨ ਦਾ'।

ਪੰਧੇਰ ਮੁਤਾਬਕ ਆਮ ਆਦਮੀ ਪਾਰਟੀ ਤੇ ਉਸ ਦੇ ਬਾਗੀ ਧੜ੍ਹੇ ਪਿਛਲੇ ਕਾਫ਼ੀ ਸਮੇਂ ਸਿੱਧੂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਕਰ ਚੁੱਕੀਆਂ ਸਨ।

Image copyright Getty Images
ਫੋਟੋ ਕੈਪਸ਼ਨ ਸਿੱਧੂ ਸ਼ਬਦਾਂ ਦੇ ਮਾਹਿਰ ਹਨ, ਉਹ ਜਾਣਦੇ ਹਨ ਕਿ ਭਾਸ਼ਾ ਦੀ ਮਰਿਆਦਾ ਵਿੱਚ ਰਹਿ ਜਵਾਬ ਕਿਵੇਂ ਦਿੱਤਾ ਜਾਂਦਾ ਹੈ

ਸ਼ਾਇਦ ਇਸੇ ਅਹੁਦੇ ਦੀ ਪੇਸ਼ਕਸ਼ ਪ੍ਰਵਾਨ ਨਾ ਹੋਣ ਕਰਕੇ ਸਿੱਧੂ ਉਦੋਂ ਆਮ ਆਦਮੀ ਪਾਰਟੀ ਵਿਚ ਨਹੀਂ ਗਏ ਸਨ। ਪੰਧੇਰ ਕਹਿੰਦੇ ਹਨ ਹੁਣ ਹਾਲਾਤ ਬਦਲ ਚੁੱਕੇ ਹਨ, ਤੀਜੀ ਧਿਰ ਖੜ੍ਹੀ ਕਰਨ ਦਾ ਰਾਹ ਬਹੁਤ ਅੰਦੋਲਨਕਾਰੀ ਤੇ ਔਖਾ ਹੈ।

ਨਵਜੋਤ ਸਿੱਧੂ ਹੁਣ ਤੱਕ ਦੇ ਸਿਆਸੀ ਕਰੀਅਰ ਦੌਰਾਨ ਕਿਸੇ ਲੋਕ ਅੰਦੋਲਨ ਵਿਚ ਦਿਖਾਈ ਨਹੀਂ ਦਿੱਤੇ ਹਨ। ਉਹ ਸਿਰਫ਼ ਸਟਾਰ ਚਿਹਰੇ ਵਜੋਂ ਹੀ ਸਿਆਸਤ ਕਰਦੇ ਰਹੇ ਹਨ।

ਤੀਜਾ ਰਾਹ:

ਸਰਬਜੀਤ ਪੰਧੇਰ ਨੂੰ ਪੰਜਾਬ ਦੀ ਸਿਆਸਤ ਵਿਚ ਸਿੱਧੂ ਲਈ ਤੀਜਾ ਰਾਹ ਬੀਰਦਵਿੰਦਰ ਸਿੰਘ, ਜਗਮੀਤ ਬਰਾੜ, ਸੁਖਪਾਲ ਖਹਿਰਾ ਜਾਂ ਫਿਰ ਬਲਵੰਤ ਸਿੰਘ ਰਾਮੂਵਾਲੀਆ ਵਾਲਾ ਦਿਖਦਾ ਹੈ। ਜੋ ਹੁਣ ਸਿਆਸਤ ਦੇ ਹਾਸ਼ੀਏ ਉੱਤੇ ਚਲੇ ਗਏ ਹਨ। ਪੰਧੇਰ ਕਹਿੰਦੇ ਹਨ ਕਿ ਜੇਕਰ ਸਿੱਧੂ ਨੇ ਆਪਣੇ ਮੌਜੂਦਾ ਸਿਆਸੀ ਅੰਦਾਜ਼ ਨੂੰ ਛੱਡ ਕੇ ਲੋਕ ਮੁੱਦਿਆ ਉੱਤੇ ਲੜਨ ਤੇ ਅੰਦੋਲਨ ਖੜਾ ਕਰਨ ਦਾ ਰਾਹ ਨਾ ਚੁਣਿਆ ਤਾਂ ਉਹ ਲਗਪਗ ਸਿਆਸਤ ਦੇ ਹਾਸ਼ੀਏ ਉੱਤੇ ਚਲੇ ਜਾਣ।

ਸਿੱਧੂ ਦੀ ਕਮਜ਼ੋਰੀ ਤੇ ਕਾਂਗਰਸ ਦਾ ਨੁਕਸਾਨ

ਵਰਿੰਦਰ ਵਾਲੀਆ ਪੰਜਾਬ ਵਿਚ ਲੰਬਾ ਸਮਾਂ ਅੰਗਰੇਜ਼ੀ ਪੱਤਰਕਾਰੀ ਕਰਦੇ ਰਹੇ ਹਨ ਤੇ ਅੱਜ ਕੱਲ ਪੰਜਾਬੀ ਜਾਗਰਣ ਦੇ ਸੰਪਾਦਕ ਹਨ।

ਵਰਿੰਦਰ ਵਾਲੀਆ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਨਵਜੋਤ ਸਿੱਧੂ ਦੀ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦਾ ਬੜਬੋਲਾਪਣ, ਜਜ਼ਬਾਤੀ ਅਤੇ ਪ੍ਰਬਲ ਇੱਛਾਵਾਦੀ ਹੋਣਾ ਹੈ। ਇੱਛਾ ਰੱਖਣਾ ਮਾੜੀ ਗੱਲ ਨਹੀਂ ਪਰ ਲੋੜ ਤੋਂ ਵੱਧ ਹਰ ਚੀਜ਼ ਮਾੜੀ ਹੁੰਦੀ ਹੈ।

ਉਹ ਪੈਰਾਸ਼ੂਟ ਰਾਹੀ ਭਾਜਪਾ ਵਿੱਚ ਆਏ ਸਨ, ਪਰ ਆਪਣੀਆਂ ਇਨ੍ਹਾਂ ਆਦਤਾਂ ਕਾਰਨ ਉਨ੍ਹਾਂ ਨੂੰ ਪਹਿਲਾਂ ਭਾਜਪਾ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਹੁਣ ਕਾਂਗਰਸ ਵਿੱਚ ਅਜਿਹੇ ਹਾਲਾਤ ਬਣ ਗਏ ਹਨ।

ਵਰਿੰਦਰ ਵਾਲੀਆ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਕਿ ਸਿੱਧੂ ਦੇ ਕਾਂਗਰਸ ਵਿੱਚੋਂ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ, ਉਹ ਕਹਿੰਦੇ ਹਨ ਕਿ ਖ਼ਾਨਾਜੰਗੀ ਦਾ ਹਮੇਸ਼ਾ ਨੁਕਸਾਨ ਹੁੰਦਾ ਹੈ। ਇਸ ਲਈ ਕਾਂਗਰਸ ਦਾ ਪੰਜਾਬ ਵਿੱਚ ਹਾਲ ਵੀ 'ਘਰ ਕੋ ਲਗੀ ਆਗ ਘਰ ਕੇ ਚਿਰਾਗ ਸੇ' ਦੀ ਕਹਾਵਤ ਵਾਲਾ ਹੋ ਸਕਦਾ ਹੈ।

Image copyright @JYOTIPRAKASHRA2/TWITTER
ਫੋਟੋ ਕੈਪਸ਼ਨ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਂਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ

ਉਹ ਕਹਿੰਦੇ ਨੇ, ਜਿਵੇਂ ਦੇਸ ਵਿਚ ਕਾਂਗਰਸ ਸੁੰਗੜ ਰਹੀ ਸੀ ਉਸ ਲਈ ਪੰਜਾਬ ਵਿਚ ਸਰਕਾਰ ਦਾ ਹੋਣਾ ਤੇ 8 ਲੋਕ ਸਭਾ ਮੈਂਬਰਾਂ ਦਾ ਜਿੱਤਣਾ ਠੰਢੇ ਹਵਾ ਦੇ ਬੁੱਲੇ ਵਰਗਾ ਸੀ ਪਰ ਸਿੱਧੂ ਦਾ ਅਸਤੀਫ਼ਾ ਦੇਸ ਭਰ ਵਿੱਚ ਕਾਂਗਰਸ ਦੀ ਹਵਾ ਹੋਰ ਵਿਗਾੜਨ ਵਾਲਾ ਹੈ। ਕਿਉਂਕਿ ਸਿੱਧੂ ਪਾਰਟੀ ਦੇ ਸਟਾਰ ਪ੍ਰਚਾਰਕ ਸਨ ਤੇ ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਪੂਰੇ ਦੇਸ਼ ਵਿੱਚ ਵੱਡੀ ਸੁਰਖੀ ਬਣ ਰਹੀ ਹੈ।

ਸਿੱਧੂ ਕੋਲ ਬਚਦੇ ਵਿਕਲਪਾਂ ਬਾਰੇ ਗੱਲ ਕਰਦਿਆਂ ਵਰਿੰਦਰ ਵਾਲੀਆ ਕਹਿੰਦੇ ਹਨ ਕਿ ਸਿਆਸਤ ਵਿੱਚ ਕੋਈ ਪੱਕਾ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦਾ। ਸਿਆਸਤ ਹਮੇਸ਼ਾ ਆਪਣੀ ਸਹੂਲਤ ਦਾ ਮਸਲਾ ਹੁੰਦੀ ਹੈ।

ਇਸ ਲਈ ਸਿੱਧੂ ਕੋਲ ਭਾਜਪਾ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਰਾਹ ਤਾਂ ਕਈ ਹਨ ਪਰ ਵਰਿੰਦਰ ਵਾਲੀਆ ਮੁਤਾਬਕ ਉਨ੍ਹਾਂ ਲਈ ਤੀਜੇ ਮੋਰਚੇ ਵੱਲ ਜਾਣਾ ਸਮੇਂ ਮੁਤਾਬਕ ਚੰਗਾ ਵਿਕਲਪ ਹੋ ਸਕਦਾ ਹੈ।

ਅਮਰਿੰਦਰ ਤੇ ਨਵਜੋਤਸਿੱਧੂ ਵਿਚਾਲੇ ਤਲਖ਼ੀ

  • ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਵੱਖਰੇਵਾਂ ਉਸ ਵੇਲੇ ਸਾਹਮਣੇ ਆਇਆ ਜਦੋਂ ਉਹ ਕੈਪਟਨ ਦੀ ਇੱਛਾ ਦੇ ਵਿਰੁੱਧ ਇਮਰਾਨ ਖ਼ਾਨ ਦੇ ਸੱਦੇ 'ਤੇ ਪਾਕਿਸਤਾਨ ਗਏ। ਵੇਲਾ ਸੀ ਇਮਰਾਨ ਖਾਨ ਦੀ ਤਾਜਪੋਸ਼ੀ ਦਾ...ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੈਦਰਾਬਾਦ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆ ਕਿਹਾ, “ਮੇਰੇ ਕੈਪਟਨ ਰਾਹੁਲ ਗਾਂਧੀ ਹਨ, ਉਨ੍ਹਾਂ ਨੇ ਹੀ ਤਾਂ ਹਰ ਥਾਂ ਭੇਜਿਆ ਹੈ। ਕੈਪਟਨ ਅਮਰਿੰਦਰ ਮੇਰੇ ਬੌਸ ਨੇ ਅਤੇ ਰਾਹੁਲ ਗਾਂਧੀ ਕੈਪਟਨ।”
  • ਇਸ ਤੋਂ ਬਾਅਦ ਪਾਕਿਸਤਾਨ ਵਿੱਚ ਉੱਥੋਂ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਸਿੱਧੂ ਦੀ ਜੱਫੀ ਸਾਰੇ ਪਾਸੇ ਚਰਚਾ ਤੇ ਆਲੋਚਨਾ ਦਾ ਵਿਸ਼ਾ ਬਣੀ। ਇਸ ਤੋਂ ਕੈਪਟਨ ਵੀ ਖੁਸ਼ ਨਹੀਂ ਸਨ।
  • ਖ਼ਬਰਾਂ ਇਹ ਵੀ ਆਈਆਂ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ, ਇਲਜ਼ਾਮ ਲਗਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਟਿਕਟ ਕਟਵਾਈ ਹੈ, ਕੈਪਟਨ ਨੇ ਜਵਾਬ ਦਿੰਦਿਆ ਕਿਹਾ ਸੀ, “ਚੰਡੀਗੜ੍ਹ ਦੀ ਸੀਟ ਪੰਜਾਬ ਦੀ ਸੀਟ ਨਹੀਂ ਸੀ ਇਸ ਲਈ ਮੇਰਾ ਇਸ 'ਚ ਕੋਈ ਰੋਲ ਨਹੀਂ।”

ਇਹ ਵੀ ਪੜ੍ਹੋ :

  • ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਵੇਲੇ ਪ੍ਰਚਾਰ ਕਰਨ ਤੋਂ ਦੂਰੀ ਬਣਾ ਲਈ ਸੀ, ਇਲਜ਼ਾਮ ਇਹ ਲਗਾਇਆ ਸੀ ਕਿ ਕੈਪਟਨ ਨੇ ਕਿਹਾ ਹੈ ਕਿ ਉਹ ਆਪਣੇ ਦਮ 'ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾਉਣਗੇ, ਹਾਲਾਂਕਿ ਬਾਅਦ ਵਿੱਚ ਪ੍ਰਿਅੰਕਾ ਗਾਂਧੀ ਦੇ ਨਾਲ ਸਿੱਧੂ ਪੰਜਾਬ 'ਚ ਪ੍ਰਚਾਰ ਕਰਨ ਪਹੁੰਚੇ ਸਨ।
  • ਲੋਕ ਸਭਾ ਚੋਣਾਂ ਵੇਲੇ ਵੀ ਸਿੱਧੂ ਨੇ ਬਠਿੰਡਾ ਵਿੱਚ ਚੋਣ ਰੈਲੀ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਨਹੀਂ ਦੁਆਏ ਜਾਣ ਪਿੱਛੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਕੁਝ ਕਾਂਗਰਸੀ ਅਕਾਲੀਆਂ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ। ਇਸ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਿੱਧੂ ਮੇਰੀ ਥਾਂ ਲੈਣਾ ਚਾਹੁੰਦੇ ਹਨ।
  • ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ 'ਚ ਕਾਂਗਰਸ ਨੂੰ 8 ਸੀਟਾਂ 'ਤੇ ਜਿੱਤ ਮਿਲੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ ਸਹੀ ਕੰਮ ਨਾ ਹੋਣ ਕਰਕੇ ਨੁਕਸਾਨ ਹੋਇਆ। ਪਰ ਸਿੱਧੂ ਨੇ ਜਵਾਬ ਵਜੋਂ ਕਿਹਾ ਕਿ ਜਿਹੜੀਆਂ 8 ਸੀਟਾਂ 'ਤੇ ਜਿੱਤ ਮਿਲੀ ਹੈ ਕਿ ਉੱਥੇ ਸ਼ਹਿਰ ਨਹੀਂ ਸਨ।
  • ਚਰਚਾ ਚੱਲੀ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਦਾ ਮੰਤਰਾਲਾ ਬਦਲ ਸਕਦੇ ਹਨ ਅਤੇ ਹੋਇਆ ਵੀ ਕੁਝ ਅਜਿਹਾ ਹੀ...6 ਜੂਨ 2019 ਨੂੰ ਸਿੱਧੂ ਦਾ ਮਹਿਕਮਾ ਬਦਲ ਕੇ ਉਨ੍ਹਾਂ ਬਿਜਲੀ ਮੰਤਰੀ ਬਣਾ ਦਿੱਤਾ ਗਿਆ, ਹਾਲਾਂਕਿ ਸਿੱਧੂ ਨੇ ਰਸਮੀ ਤੌਰ 'ਤੇ ਆਪਣੇ ਮੰਤਰਾਲੇ ਦਾ ਕਾਰਜਭਾਰ ਨਹੀਂ ਸੰਭਾਲਿਆ ਤੇ 10 ਜੂਨ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ। ਜਿਵੇਂ ਕਿ ਉਨ੍ਹਾਂ ਨੇ ਟਵਿੱਟਰ 'ਤੇ ਚਿੱਠੀ ਪੋਸਟ ਕਰਕੇ ਦਾਅਵਾ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)