ਸੋਨਭੱਦਰ ਦੇ ਪੀੜਤਾਂ ਨੇ ਪ੍ਰਿਅੰਕਾ ਗਾਂਧੀ ਦੇ ਗਲ਼ ਲੱਗ ਕੇ ਰੋਏ ਦੁੱਖ, ਕੈਪਟਨ ਅਮਰਿੰਦਰ ਸਿੰਘ ਯੋਗੀ ਸਰਕਾਰ 'ਤੇ ਭੜਕੇ

ਕੈਪਟਨ ਅਮਰਿੰਦਰ ਸਿੰਘ Image copyright FACEBOOK/CAPT AMARINDER SINGH

ਸੋਨਭੱਦਰ ਹਿੰਸਾ ਬਾਰੇ ਮਿਰਜ਼ਾਪੁਰ ਦੇ ਚੁਨਾਰ ਗੈਸਟ ਹਾਊਸ ਵਿੱਚ ਸਿਆਸੀ ਗਹਿਮਾ-ਗਹਿਮੀ ਜਾਰੀ ਹੈ।

ਕਾਂਗਰਸ ਦੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਗੈਸਟ ਹਾਊਸ ਵਿੱਚ ਧਰਨਾ ਜਾਰੀ ਹੈ। ਇਸੇ ਦੌਰਾਨ ਸੋਨਭੱਦਰ ਹਿੰਸਾ ਦੇ ਪੀੜਤ ਉਨ੍ਹਾਂ ਨੂੰ ਆ ਕੇ ਮਿਲੇ।

ਮੁਲਾਕਾਤ ਦੌਰਾਨ ਆਪਣੇ ਦੁੱਖ ਦੱਸਦਿਆਂ ਉਹ ਲਗਾਤਾਰ ਰੋ ਰਹੇ ਸਨ, ਕੁਝ ਔਰਤਾਂ ਪ੍ਰਿਅੰਕਾ ਦੇ ਗਲੇ ਲੱਗ ਕੇ ਰੋਂਦੀਆਂ ਵੀ ਦੇਖੀਆਂ ਗਈਆਂ।

ਪੀੜਤਾਂ ਨੇ ਦਾਅਵਾ ਕੀਤਾ ਕਿ ਉਹ ਆਪਣੀ ਮਰਜ਼ੀ ਨਾਲ ਪ੍ਰਿਅੰਕਾ ਗਾਂਧੀ ਨੂੰ ਮਿਲਣ ਪਹੁੰਚੇ ਸਨ।

ਪ੍ਰਿਅੰਕਾਂ ਗਾਂਧੀ ਸ਼ੁੱਕਰਵਾਰ ਤੋਂ ਹੀ ਉਨ੍ਹਾਂ ਨਾਲ ਮਿਲਣ ਦੀ ਮੰਗ ਕਰ ਰਹੇ ਸਨ। ਸ਼ਨਿੱਚਰਵਾਰ ਸਵੇਰੇ ਵੀ ਉਨ੍ਹਾਂ ਆਪਣੀ ਮੰਗ ਮੁੜ ਦੁਹਰਾਈ।

ਪ੍ਰਿਅੰਕਾ ਨੇ ਬੀਬੀਸੀ ਨੂੰ ਕਿਹਾ ਸੀ ਕਿ ਚੁਨਾਰ ਸੱਦ ਕੇ ਵੀ ਪੀੜਤਾਂ ਨੂੰ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਕਿਹਾ "ਮੈਂ ਪ੍ਰਸ਼ਾਸਨ ਦੀ ਮਾਨਸਿਕਤਾ ਸਮਝ ਨਹੀਂ ਪਾ ਰਹੀ। ਉਹ ਮੈਨੂੰ ਕਿਉਂ ਪਰਿਵਾਰ ਵਾਲਿਆਂ ਨਾਲ ਮਿਲਣ ਨਹੀਂ ਦੇ ਰਹੇ ਹਨ।"

ਇਹ ਵੀ ਪੜ੍ਹੋ:

ਜਦੋਂ ਤੱਕ ਮੈਂ ਉਨ੍ਹਾਂ ਪਰਿਵਾਰ ਵਾਲਿਆਂ ਨੂੰ ਨਹੀਂ ਮਿਲਦੀ। ਮੈਂ ਇੱਥੋਂ ਨਹੀਂ ਜਾਵਾਂਗੀਂ। ਪ੍ਰਸ਼ਾਸਨ ਜੇ ਮੈਨੂੰ ਸੋਨਭੱਦਰ ਤੋਂ ਇਲਾਵਾ ਕਿਤੇ ਹੋਰ ਪਰਿਵਾਰ ਵਾਲਿਆਂ ਨਾਲ ਮਿਲਵਾਉਣਾ ਚਾਹੁੰਦਾ ਹੈ ਮੈਂ ਇਸ ਲਈ ਵੀ ਤਿਆਰ ਹਾਂ।"

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਟਵੀਟ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ 'ਤੇ ਇਲਜ਼ਾਮ ਲਗਾਇਆ, ''ਸਰਕਾਰ ਆਪਣੀ ਮਨਮਰਜ਼ੀ ਕਰ ਰਹੀ ਹੈ ਅਤੇ ਜਮਹੂਰੀ ਆਵਾਜ਼ ਨੂੰ ਦਬਾ ਰਹੀ ਹੈ ਅਤੇ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲੈਣਾ ਉਨ੍ਹਾਂ ਦਾ ਇੱਕ ਦਮਨਕਾਰੀ ਵਾਲਾ ਕਾਰਾ ਹੈ। ਮੈਂ ਪੀਐਮ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਯੋਗੀ ਸਰਕਾਰ ਨੂੰ ਇਸ ਤਰ੍ਹਾਂ ਦੇ ਗੈਰ-ਜਮਹੂਰੀ ਹੁਰਮ ਦੇਣ ਤੋਂ ਰੋਕਣ।''

ਗੈਸਟ ਹਾਊਸ ਵਿੱਚ ਰਾਤ

ਇਸ ਤੋਂ ਪਹਿਲਾਂ ਸ਼ੁੱਕਰਵਾਰ ਦੀ ਰਾਤ ਪ੍ਰਿਅੰਕਾ ਗਾਂਧੀ ਨੂੰ ਜਦੋਂ ਗੈਸਟ ਹਾਊਸ ਲੈ ਕੇ ਗਏ ਤਾਂ ਉਸ ਸਮੇਂ ਉੱਥੇ ਬਿਜਲੀ ਤੇ ਪਾਣੀ ਦਾ ਵੀ ਬੰਦੋਬਸਤ ਨਹੀਂ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਗਏ ਕਾਂਗਰਸੀ ਆਗੂ ਮੋਬਾਈਲ ਫੋਨ ਦੀ ਰੌਸ਼ਨੀ ਵਿੱਚ ਭਜਨ-ਕੀਰਤਨ ਕਰਦੇ ਰਹੇ।

ਰਾਤ ਕਰੀਬ ਗਿਆਰਾਂ ਵਜੇ ਗੈਸਟ ਹਾਊਸ ਵਿੱਚ ਜਨਰੇਟਰ ਚਲਾ ਕੇ ਬਿਜਲੀ ਦਾ ਬੰਦੋਬਸਤ ਕੀਤਾ ਗਿਆ। ਇਸ ਦੌਰਾਨ ਪ੍ਰਸਾਸ਼ਨ ਦੇ ਅਧਿਕਾਰੀ ਪ੍ਰਿਅੰਕਾ ਨੂੰ ਵਾਪਸ ਮੁੜ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ।

ਕੀ ਹੈ ਸੋਨ ਭੱਦਰ ਹਿੰਸਾ ਦਾ ਮਾਮਲਾ ਜਿਸ ਕਾਰਨ ਪ੍ਰਿਅੰਕਾ ਗਾਂਧੀ ਉੱਥੇ ਪਹੁੰਚੇ ਹਨ

ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਵਿੱਚ ਜ਼ਮੀਨੀ ਵਿਵਾਦ ਵਿੱਚ ਤਿੰਨ ਔਰਤਾਂ ਸਮੇਤ ਨੌਂ ਜਣਿਆਂ ਦਾ ਕਤਲ ਕਰ ਦਿੱਤਾ ਗਿਆ ਸੀ।

ਉੱਭਾ ਪਿੰਡ ਦੇ ਬਾਹਰੀ ਇਲਾਕੇ ਵਿੱਚ ਸੈਂਕੜੇ ਵਿੱਘਿਆਂ ਦੇ ਖੇਤ ਹਨ, ਜਿਨ੍ਹਾਂ ਉੱਪਰ ਪਿੰਡ ਦੇ ਕੁਝ ਲੋਕ ਪੁਸ਼ਤੈਨੀ ਤੌਰ ਤੇ ਖੇਤੀ ਕਰਦੇ ਆ ਰਹੇ ਹਨ।

Image copyright DINESH KUMAR

ਪਿੰਡ ਵਾਲਿਆਂ ਮੁਤਾਬਕ ਇਸ ਜ਼ਮੀਨ ਦਾ ਇੱਕ ਵੱਡਾ ਹਿੱਸਾ ਪ੍ਰਧਾਨ ਦੇ ਨਾਮ 'ਤੇ ਹੈ। ਪਿੰਡ ਵਾਲਿਆਂ ਤੋਂ ਕਬਜ਼ਾ ਛੁਡਾਉਣ ਦੇ ਇਰਾਦੇ ਨਾਲ ਪ੍ਰਧਾਨ ਸੈਂਕੜੇ ਲੋਕਾਂ ਸਮੇਤ ਖੇਤ ਵਾਹੁਣ ਪਹੁੰਚ ਗਏ। ਜਦੋਂ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਤਾਂ ਪ੍ਰਧਾਨ ਦੇ ਬੰਦਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਈਆਂ।

ਜੰਗਲਾਂ ਨਾਲ ਘਿਰੇ ਇਸ ਇਲਾਕੇ ਵਿੱਚ ਗੌਂਡ ਤੇ ਗੁੱਜਰ ਆਦੀਵਾਸੀ ਰਹਿੰਦੇ ਹਨ। ਇੱਥੋਂ ਦੀ ਜ਼ਿਆਦਾਤਰ ਜ਼ਮੀਨ ਜੰਗਲ ਹੇਠ ਹੈ। ਜਿਸ ਉੱਪਰ ਕਬਜ਼ੇ ਬਾਰੇ ਅਕਸਰ ਫਸਾਦ ਹੁੰਦਾ ਹੈ।

Image copyright DINESH KUMAR

ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਨੇ ਸੂਬੇ ਦੀ ਆਦਿਤਿਆ ਨਾਥ ਸਰਕਾਰ ਉੱਪਰ ਹਮਲੇ ਤੇਜ਼ ਕਰ ਦਿੱਤੇ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਵਿਚਲੀ ਅਮਨ ਕਾਨੂੰਨ ਦੀ ਸਥਿਤੀ ਉੱਪਰ ਸਵਾਲ ਚੁੱਕੇ ਅਤੇ ਮਰਨ ਵਾਲਿਆਂ ਨੂੰ ਵੀਹ-ਵੀਹ ਲੱਖ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ।

ਜਦਕਿ ਕਾਂਗਰਸੀ ਵਿਧਾਨ ਸਭਾ ਮੈਂਬਰਾਂ ਦੇ ਆਗੂ ਅਜੈ ਕੁਮਾਰ ਲੱਲੂ ਨੇ ਇਲਜ਼ਾਮ ਲਾਇਆ ਸੀ ਕਿ ਸਰਕਾਰ ਇਸ ਘਟਨਾ ਨੂੰ ਜ਼ਮੀਨੀ ਵਿਵਾਦ ਵਿੱਚ ਬਦਲ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਸੀ, "ਇਹ ਪੂਰਾ ਮਾਮਲਾ ਸਰਕਾਰ ਦੀ ਮਿਲੀ ਭੁਗਤ ਨਾਲ ਭੂਦਾਨ ਦੀ ਜ਼ਮੀਨ ਤੋਂ ਆਦੀਵਾਸੀਆਂ ਨੂੰ ਬੇਦਖ਼ਲ ਕਰਨ ਦਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)