ਕਾਰਗਿਲ: ਜਦੋਂ ਭਾਰਤੀ ਫ਼ੌਜ ਦੇ ਬ੍ਰਿਗੇਡੀਅਰ ਬਾਜਵਾ ਦੀ ਸਿਫਾਰਿਸ਼ ’ਤੇ ਪਾਕਿਸਤਾਨ ਨੇ ਕੈਪਟਨ ਨੂੰ ਦਿੱਤਾ ਸਰਬ-ਉੱਚ ਸਨਮਾਨ

ਕੈਪਟਨ ਕਰਨਲ ਸ਼ੇਰ ਖਾਂ Image copyright Pakistan Army

ਅਜਿਹਾ ਦੇਖਣ ਨੂੰ ਘੱਟ ਹੀ ਮਿਲਦਾ ਹੈ ਕਿ ਦੁਸ਼ਮਣ ਦੀ ਫ਼ੌਜ ਕਿਸੇ ਫ਼ੌਜ ਦੀ ਬਹਾਦਰੀ ਦੀ ਦਾਦ ਦੇਵੇ ਅਤੇ ਉਸ ਦੀ ਫ਼ੌਜ ਨੂੰ ਲਿੱਖ ਕੇ ਕਹੇ ਕਿ ਇਸ ਅਫ਼ਸਰ ਦੀ ਬਹਾਦਰੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

1999 ਦੀ ਕਾਰਗਿਲ ਜੰਗ ਵਿੱਚ ਅਜਿਹਾ ਹੀ ਹੋਇਆ ਜਦੋਂ ਟਾਈਗਰ ਹਿਲ ਦੇ ਮੋਰਚੇ 'ਤੇ ਪਾਕਿਸਤਾਨੀ ਫ਼ੌਜ ਦੇ ਕਪਤਾਨ ਕਰਨਲ ਸ਼ੇਰ ਖ਼ਾਨ ਨੇ ਇੰਨੀ ਬਹਾਦਰੀ ਨਾਲ ਲੜਾਈ ਲੜੀ ਸੀ ਕਿ ਭਾਰਤੀ ਫ਼ੌਜ ਨੇ ਉਨ੍ਹਾਂ ਦਾ ਲੋਹਾ ਮੰਨਿਆ ਸੀ।

ਉਸ ਲੜਾਈ ਨੂੰ ਕਮਾਂਡ ਕਰ ਰਹੇ ਬ੍ਰਿਗੇਡੀਅਰ ਐਮਐਸ ਬਾਜਵਾ ਯਾਦ ਕਰਦੇ ਹਨ, "ਜਦੋਂ ਇਹ ਜੰਗ ਖ਼ਤਮ ਹੋਈ ਤਾਂ ਮੈਂ ਇਸ ਅਫ਼ਸਰ ਦਾ ਕਾਇਲ ਸੀ। ਮੈਂ 71 ਦੀ ਜੰਗ ਵੀ ਲੜ ਚੁੱਕਿਆ ਹਾਂ। ਮੈਂ ਕਦੇ ਕਿਸੇ ਪਾਕਿਸਤਾਨੀ ਅਫ਼ਸਰ ਨੂੰ ਲੀਡ ਕਰਦੇ ਨਹੀਂ ਦੇਖਿਆ। ਬਾਕੀ ਸਾਰੇ ਪਾਕਿਸਤਾਨੀ ਕੁੜਤੇ ਪਜਾਮੇ ਵਿੱਚ ਸਨ। ਇਕੱਲੇ ਇਸ ਨੇ ਟਰੈਕ ਸੂਟ ਪਾਇਆ ਸੀ।"

ਆਤਮਘਾਤੀ ਹਮਲਾ

ਹਾਲ ਹੀ ਵਿੱਚ ਕਾਰਗਿਲ 'ਤੇ ਇੱਕ ਕਿਤਾਬ, 'ਕਾਰਗਿਲ ਅਨਟੋਲਡ ਸਟੋਰੀਜ਼ ਫਰਾਮ ਦਿ ਵਾਰ' ਲਿਖਣ ਵਾਲੀ ਰਚਨਾ ਬਿਸ਼ਟ ਰਾਵਤ ਦੱਸਦੀ ਹੈ, "ਕੈਪਟਨ ਕਰਨਲ ਸ਼ੇਰ ਖਾਂ ਨਾਰਦਰਨ ਲਾਈਟ ਇਨਫੈਂਟਰੀ ਦੇ ਸਨ।"

ਇਹ ਵੀ ਪੜ੍ਹੋ:

"ਟਾਈਗਰ ਹਿਲ 'ਤੇ ਪੰਜ ਥਾਵਾਂ 'ਤੇ ਉਨ੍ਹਾਂ ਨੇ ਆਪਣੀਆਂ ਚੌਕੀਆਂ ਬਣਾ ਰੱਖੀਆਂ ਸਨ। ਪਹਿਲਾਂ 8 ਸਿੱਖ ਨੂੰ ਉਨ੍ਹਾਂ 'ਤੇ ਕਬਜ਼ਾ ਕਰਨ ਦਾ ਕੰਮ ਦਿੱਤਾ ਗਿਆ ਸੀ ਪਰ ਉਹ ਉਨ੍ਹਾਂ 'ਤੇ ਕਬਜ਼ਾ ਨਹੀਂ ਕਰ ਸਕੇ।

ਬਾਅਦ ਵਿੱਚ 18 ਗੈਨੇਡੀਅਰਸ ਨੂੰ ਵੀ ਉਨ੍ਹਾਂ ਦੇ ਨਾ ਲਾਇਆ ਗਿਆ ਤਾਂ ਉਹ ਇੱਕ ਚੌਕੀ 'ਤੇ ਕਿਸੇ ਤਰ੍ਹਾਂ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਏ ਪਰ ਕੈਪਟਨ ਸ਼ੇਰ ਖਾਂ ਨੇ ਇੱਕ ਜਵਾਬੀ ਹਮਲਾ ਕੀਤਾ।"

Image copyright MOHINDER BAJWA/ FACEBOOK
ਫੋਟੋ ਕੈਪਸ਼ਨ ਬ੍ਰਿਗੇਡੀਅਰ ਐਮਪੀਐਸ ਬਾਜਵਾ ਮੁਤਾਬਕ ਕੈਪਟਨ ਸ਼ੇਰ ਖ਼ਾਂ ਲੰਮੇ-ਚੌੜੇ ਵਿਅਕਤੀ ਸਨ ਤੇ ਉਹ ਬਹੁਤ ਬਹਾਦਰੀ ਨਾਲ ਲੜੇ

ਇੱਕ ਵਾਰੀ ਨਾਕਾਮ ਹੋਣ 'ਤੇ ਉਨ੍ਹਾਂ ਨੇ ਫ਼ਿਰ ਆਪਣੇ ਜਵਾਨਾਂ ਨੂੰ 'ਰੀਗਰੁਪ' ਕਰਕੇ ਦੁਬਾਰਾ ਹਮਲਾ ਕੀਤਾ।

ਜੋ ਲੋਕ ਇਹ 'ਜੰਗ' ਦੇਖ ਰਹੇ ਸਨ ਉਹ ਸਾਰੇ ਕਹਿ ਰਹੇ ਸਨ ਕਿ ਇਹ 'ਆਤਮਘਾਤੀ' ਹਮਲਾ ਸੀ। ਉਹ ਜਾਣਦੇ ਸਨ ਕਿ ਇਹ ਮਿਸ਼ਨ ਕਾਮਯਾਬ ਨਹੀਂ ਹੋ ਸਕੇਗਾ ਕਿਉਂਕਿ ਭਾਰਤੀ ਫ਼ੌਜੀਆਂ ਦੀ ਗਿਣਤੀ ਉਨ੍ਹਾਂ ਤੋਂ ਕਿਤੇ ਵੱਧ ਸੀ।

ਜੇਬ ਵਿੱਚ ਚਿੱਟ

ਬ੍ਰਿਗੇਡੀਅਰ ਐਮਪੀਐਸ ਬਾਜਵਾ ਕਹਿੰਦੇ ਹਨ, "ਕੈਪਟਨ ਸ਼ੇਰ ਖ਼ਾਂ ਲੰਮਾ-ਚੌੜਾ ਵਿਅਕਤੀ ਸੀ। ਉਹ ਬਹੁਤ ਬਹਾਦਰੀ ਨਾਲ ਲੜੇ। ਅਖ਼ੀਰ ਵਿੱਚ ਸਾਡਾ ਇੱਕ ਜਵਾਨ ਕਿਰਪਾਲ ਸਿੰਘ ਜੋ ਕਿ ਜ਼ਖ਼ਮੀ ਪਿਆ ਹੋਇਆ ਸੀ, ਉਸ ਨੇ ਅਚਾਨਕ ਉੱਠ ਕੇ 10 ਗਜ਼ ਦੀ ਦੂਰੀ ਤੋਂ ਇੱਕ 'ਬਰਸਟ' ਮਾਰਿਆ ਅਤੇ ਸ਼ੇਰ ਖ਼ਾਂ ਨੂੰ ਡੇਗਣ ਵਿੱਚ ਕਾਮਯਾਬ ਰਿਹਾ।"

ਸ਼ੇਰ ਖ਼ਾਂ ਦੇ ਡਿਗਦਿਆਂ ਹੀ ਉਨ੍ਹਾਂ ਦੇ ਹਮਲੇ ਦੀ ਧਾਰ ਵੀ ਚਲੀ ਗਈ। ਬ੍ਰਿਗੇਡੀਅਰ ਬਾਜਵਾ ਕਹਿੰਦੇ ਹਨ, "ਅਸੀਂ 30 ਪਾਕਿਸਤਾਨੀਆਂ ਦੀਆਂ ਲਾਸ਼ਾਂ ਨੂੰ ਦਫ਼ਨਾਇਆ ਪਰ ਮੈਂ ਸਿਵੀਲੀਅਨ ਪੋਰਟਰਸ ਭੇਜਕੇ ਕੈਪਟਨ ਕਰਨਲ ਸ਼ੇਰ ਖਾਂ ਦੀ ਲਾਸ਼ ਨੂੰ ਮੰਗਵਾਇਆ। ਪਹਿਲਾਂ ਅਸੀਂ ਉਸ ਨੂੰ ਬ੍ਰਿਗੇਡ ਹੈੱਡਕਵਾਰਟਰ ਵਿੱਚ ਰੱਖਿਆ ਸੀ।"

Image copyright Penguin/BBC

ਜਦੋਂ ਉਨ੍ਹਾਂ ਦੀ ਲਾਸ਼ ਵਾਪਸ ਗਈ ਤਾਂ ਜੇਬ੍ਹ ਵਿੱਚ ਬ੍ਰਿਗੇਡੀਅਰ ਬਾਜਵਾ ਨੇ ਇੱਕ ਚਿੱਟ ਰੱਖੀ। ਉਸ 'ਤੇ ਲਿਖਿਆ ਸੀ, "ਕੈਪਟਨ ਕਰਨਲ ਸ਼ੇਰ ਖ਼ਾਂ ਆਫ਼ 12 ਐਨਐਲਆਈ ਹੈਜ਼ ਫੌਟ ਵੈਰੀ ਬਰੇਵਲੀ ਐਂਡ ਹੀ ਸ਼ੁਡ ਬੀ ਗਿਵਨ ਹਿਜ਼ ਡਿਊ।"

ਯਾਨਿ ਕਿ ਕੈਪਟਨ ਸ਼ੇਰ ਖ਼ਾਂ ਬਹੁਤ ਬਹਾਦਰੀ ਨਾਲ ਲੜੇ ਅਤੇ ਉਨ੍ਹਾਂ ਨੂੰ ਇਸ ਦਾ ਕਰੈਡਿਟ ਮਿਲਣਾ ਚਾਹੀਦਾ ਹੈ।

ਨਾਮ ਕਾਰਨ ਕਈ ਮੁਸ਼ਕਲਾਂ

ਕੈਪਟਨ ਕਰਨਲ ਸ਼ੇਰ ਖ਼ਾਂ ਦਾ ਜਨਮ ਉੱਤਰ ਪੱਛਮੀ ਸਰਹੱਦੀ ਖੇਤਰ ਦੇ ਇੱਕ ਪਿੰਡ ਨਵਾ ਕਿੱਲੇ ਵਿੱਚ ਹੋਇਆ ਸੀ। ਉਨ੍ਹਾਂ ਦੇ ਦਾਦਾ ਨੇ 1948 ਵਿੱਚ ਕਸ਼ਮੀਰ ਮੁਹਿੰਮ ਵਿੱਚ ਹਿੱਸਾ ਲਿਆ ਸੀ।

ਉਨ੍ਹਾਂ ਨੂੰ ਵਰਦੀ ਪਾਏ ਹੋਏ ਜਵਾਨ ਪਸੰਦ ਸਨ। ਜਦੋਂ ਉਨ੍ਹਾਂ ਦੇ ਇੱਕ ਪੋਤੇ ਦਾ ਜਨਮ ਹੋਇਆ ਤਾਂ ਉਸ ਦਾ ਨਾਮ ਕਰਨਲ ਸ਼ੇਰ ਖ਼ਾਂ ਰੱਖਿਆ ਗਿਆ ਸੀ।

ਉਸ ਵੇਲੇ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਨਾਮ ਦੇ ਕਾਰਨ ਉਨ੍ਹਾਂ ਦੇ ਪੋਤੇ ਦੀ ਜ਼ਿੰਦਗੀ ਵਿੱਚ ਕਈ ਮੁਸ਼ਕਿਲਾਂ ਆਉਣਗੀਆਂ।

ਫੋਟੋ ਕੈਪਸ਼ਨ ਰਚਨਾ ਬਿਸ਼ਟ ਬੀਬੀਸੀ ਸਟੂਡੀਓ ਵਿੱਚ ਰੇਹਾਨ ਫ਼ਜ਼ਲ ਦੇ ਨਾਲ

ਕਾਰਗਿਲ 'ਤੇ ਮਸ਼ਹੂਰ ਕਿਤਾਬ, 'ਵਿਟਨੈਸ ਟੂ ਬਲੰਡਰ-ਕਾਰਗਿਲ ਸਟੋਰੀ ਅਨਫ਼ੋਲਡਸ' ਲਿਖਣ ਵਾਲੇ ਕਰਨਲ ਅਸ਼ਫ਼ਾਕ ਹੁਸੈਨ ਦੱਸਦੇ ਹਨ, "ਕਰਨਲ ਸ਼ੇਰ ਖ਼ਾਂ ਦੇ ਨਾਮ ਦਾ ਹਿੱਸਾ ਸੀ ਅਤੇ ਉਹ ਉਸ ਨੂੰ ਬਹੁਤ ਮਾਣ ਨਾਲ ਇਸਤੇਮਾਲ ਕਰਦੇ ਸੀ। ਕਈ ਵਾਰੀ ਇਸ ਕਾਰਨ ਕਾਫ਼ੀ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਸਨ।"

"ਜਦੋਂ ਉਹ ਫ਼ੋਨ ਚੁੱਕ ਕੇ ਕਹਿੰਦੇ ਸੀ, ਲੈਫ਼ਟੀਨੈਂਟ ਕਰਨਲ ਸ਼ੇਰ ਸਪੀਕਿੰਗ' ਤਾਂ ਫ਼ੋਨ ਕਰਨ ਵਾਲਾ ਸਮਝਦਾ ਸੀ ਕਿ ਉਹ ਕਮਾਂਡਿੰਗ ਅਫ਼ਸਰ ਨਾਲ ਗੱਲ ਕਰ ਰਿਹਾ ਹੈ ਅਤੇ ਉਹ ਉਸ ਨੂੰ 'ਸਰ' ਕਹਿਣਾ ਸ਼ੁਰੂ ਕਰ ਦਿੰਦਾ ਸੀ। ਉਦੋਂ ਸ਼ੇਰ ਮੁਸਕਰਾਉਂਦੇ ਹੋਏ ਕਹਿੰਦੇ ਕਿ ਉਹ ਲੈਫ਼ਟੀਨੈਂਟ ਸ਼ੇਰ ਹਨ। ਮੈਂ ਹੁਣੇ ਤੁਹਾਡੀ ਗੱਲ ਕਮਾਂਡਿੰਗ ਅਫ਼ਸਰ ਨਾਲ ਕਰਵਾਉਂਦਾ ਹਾਂ।"

ਪਸੰਦੀਦਾ ਅਫ਼ਸਰ

ਕਰਨਲ ਸ਼ੇਰ ਨੇ ਅਕਤੂਬਰ, 1992 ਵਿੱਚ ਪਾਕਿਸਤਾਨੀ ਮਿਲੀਟਰੀ ਅਕਾਦਮੀ ਜੁਆਇਨ ਕੀਤੀ ਸੀ। ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦਾੜ੍ਹੀ ਰੱਖੀ ਹੋਈ ਸੀ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਦਾੜ੍ਹੀ ਕਟਵਾ ਦੇਣ ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ।

ਉਨ੍ਹਾਂ ਦੇ ਆਖ਼ਰੀ ਸੈਸ਼ਨ ਵਿੱਚ ਉਨ੍ਹਾਂ ਨੂੰ ਫ਼ਿਰ ਕਿਹਾ ਗਿਆ ਕਿ ਤੁਹਾਡਾ ਪ੍ਰਦਰਸ਼ਨ ਚੰਗਾ ਰਿਹਾ ਹੈ। ਜੇ ਤੁਸੀਂ ਦਾੜ੍ਹੀ ਕਟਵਾ ਦਿਓ ਤਾਂ ਤੁਹਾਨੂੰ ਚੰਗੀ ਜਗ੍ਹਾ ਪੋਸਟਿੰਗ ਮਿਲੇਗੀ।

Image copyright Pakistan Post
ਫੋਟੋ ਕੈਪਸ਼ਨ ਪਾਕਿਸਤਾਨ ਦੀ ਸਰਕਾਰ ਨੇ ਕੈਪਟਨ ਸ਼ੇਰ ਖਾਂ ਤੇ ਡਾਕ ਟਿਕਟ ਕੱਢਿਆ

ਪਰ ਉਨ੍ਹਾਂ ਨੇ ਫ਼ਿਰ ਇਨਕਾਰ ਕਰ ਦਿੱਤਾ। ਪਰ ਫਿਰ ਵੀ ਉਨ੍ਹਾਂ ਨੂੰ ਬਟਾਲੀਅਨ ਕਵਾਰਟਰ ਮਾਸਟਰ ਦਾ ਅਹੁਦਾ ਦਿੱਤਾ ਗਿਆ।

ਉਨ੍ਹਾਂ ਤੋਂ ਇੱਕ ਸਾਲ ਜੂਨੀਅਰ ਰਹੇ ਕੈਪਟਨ ਅਲੀਉਲ ਹਸਨੈਨ ਦੱਸਦੇ ਹਨ, "ਪਾਕਿਸਤਾਨ ਮਿਲੀਟਰੀ ਅਕਾਦਮੀ ਵਿੱਚ ਸੀਨੀਅਰ, ਰੈਗਿੰਗ ਦੌਰਾਨ ਅਕਸਰ ਜੂਨੀਅਰਸ ਲਈ ਗਾਲ੍ਹਾਂ ਦੀ ਵਰਤੋਂ ਕਰਦੇ ਸੀ। ਪਰ ਮੈਂ ਸ਼ੇਰ ਖਾਂ ਦੇ ਮੂੰਹ ਤੋਂ ਕਦੇ ਕੋਈ ਗਾਲ੍ਹ ਨਹੀਂ ਸੁਣੀ ਸੀ।”

“ਉਨ੍ਹਾਂ ਦੀ ਅੰਗਰੇਜ਼ੀ ਬਹੁਤ ਚੰਗੀ ਸੀ ਤੇ ਉਹ ਦੂਜੇ ਅਫ਼ਸਰਾਂ ਨਾਲ 'ਸਕਰੈਬਲ' ਖੇਡਿਆ ਕਰਦੇ ਸਨ ਅਤੇ ਅਕਸਰ ਜਿੱਤਦੇ ਵੀ ਸੀ। ਜਵਾਨਾਂ ਦੇ ਨਾਲ ਵੀ ਉਹ ਬਹੁਤ ਸੌਖਿਆਂ ਹੀ ਘੁਲਮਿਲ ਜਾਂਦੇ ਸੀ ਅਤੇ ਉਨ੍ਹਾਂ ਦੇ ਨਾਲ ਲੂਡੋ ਖੇਡਦੇ ਸਨ।"

ਅਧਿਕਾਰੀਆਂ ਦੇ ਕਹਿਣ 'ਤੇ ਵਾਪਸੀ

ਜਨਵਰੀ 1998 ਵਿੱਚ ਉਹ ਡੋਮੇਲ ਸੈਕਟਰ ਵਿੱਚ ਤਾਇਨਾਤ ਸਨ। ਠੰਢ ਵਿੱਚ ਜਦੋਂ ਭਾਰਤੀ ਫ਼ੌਜੀ ਪਿੱਛੇ ਚਲੇ ਗਏ, ਉਨ੍ਹਾਂ ਦੀ ਯੂਨਿਟ ਚਾਹੁੰਦੀ ਸੀ ਕਿ ਉਸ ਟਿਕਾਣੇ 'ਤੇ ਕਬਜ਼ਾ ਕਰ ਲਿਆ ਜਾਵੇ।

ਹੁਣ ਉਹ ਇਸ ਬਾਰੇ ਆਪਣੇ ਆਲਾ ਅਧਿਕਾਰੀਆਂ ਤੋਂ ਇਜਾਜ਼ਤ ਲੈਣ ਬਾਰੇ ਸੋਚ ਹੀ ਰਹੇ ਸਨ ਕਿ ਕੈਪਟਨ ਕਰਨਲ ਸ਼ੇਰ ਖ਼ਾਂ ਨੇ ਸੂਚਨਾ ਭੇਜੀ ਕਿ ਉਹ ਚੋਟੀ 'ਤੇ ਪਹੁੰਚ ਗਏ ਹਨ।

Image copyright Bookwise India pvt ltd

ਕਰਨਲ ਅਸ਼ਫਾਕ ਹੁਸੈਨ ਆਪਣੀ ਕਿਤਾਬ 'ਵਿਟਨੈਸ ਟੂ ਬਲੰਡਰ - ਕਾਰਗਿਲ ਸਟੋਰੀ ਅਨਫ਼ੋਲਡਜ਼' ਵਿੱਚ ਲਿੱਖਦੇ ਹਨ, "ਕਮਾਂਡਿੰਗ ਅਫ਼ਸਰ ਸੋਚ ਵਿੱਚ ਸਨ ਕਿ ਕੀ ਕੀਤਾ ਜਾਵੇ। ਉਸ ਨੇ ਆਪਣੇ ਆਲਾ-ਅਧਿਕਾਰੀਆਂ ਤੱਕ ਗੱਲ ਪਹੁੰਚਾਈ ਅਤੇ ਉਸ ਭਾਰਤੀ ਚੌਕੀ ਉੱਤੇ ਕਬਜ਼ਾ ਜਾਰੀ ਰੱਖਣ ਦੀ ਇਜਾਜ਼ਤ ਮੰਗੀ।”

“ਪਰ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਕੈਪਟਨ ਸ਼ੇਰ ਨੂੰ ਵਾਪਸ ਆਉਣ ਲਈ ਕਿਹਾ ਗਿਆ। ਉਹ ਵਾਪਸ ਆਏ ਪਰ ਭਾਰਤੀ ਚੌਕੀ ਤੋਂ ਕਈ ਯਾਦਾਂ ਜਿਵੇਂ ਕਿ ਕੁਝ ਗਰੈਨੇਡ, ਭਾਰਤੀ ਜਵਾਨਾਂ ਦੀਆਂ ਕੁਝ ਵਰਦੀਆਂ, ਵਾਈਕਰ ਗਨ ਦੀ ਮੈਗਜ਼ੀਨ, ਗੋਲੀਆਂ ਅਤੇ ਕੁਝ ਸਲੀਪਿੰਗ ਬੈੱਗ ਚੁੱਕ ਲਿਆਏ।"

ਟਾਈਗਰ ਹਿਲ 'ਤੇ ਦੰਮ ਤੋੜਿਆ

4 ਜੁਲਾਈ, 1999 ਨੂੰ ਕੈਪਟਨ ਸ਼ੇਰ ਨੂੰ ਟਾਈਗਰ ਹਿੱਲ 'ਤੇ ਜਾਣ ਲਈ ਕਿਹਾ ਗਿਆ। ਉੱਥੇ ਪਾਕਿਸਤਾਨੀ ਫ਼ੌਜਾਂ ਨੇ ਤਿੰਨ ਕਤਾਰਾਂ ਬਣਾਈਆਂ ਹੋਈਆਂ ਸਨ ਜਿਨ੍ਹਾਂ ਨੂੰ ਕੋਡ ਨਾਮ ਦਿੱਤਾ ਗਿਆ ਸੀ 129 ਏ, ਬੀ ਅਤੇ ਸੀ। ਉਨ੍ਹਾਂ ਦੇ ਦੂਜੇ ਨਾਮ ਸਨ ਕਲੀਮ, ਕਾਸ਼ਿਫ਼ ਅਤੇ ਕਲੀਮ ਪੋਸਟ।

ਭਾਰਤੀ ਫ਼ੌਜੀ 129 ਏ ਅਤੇ ਬੀ ਨੂੰ ਵੱਖ ਕਰਨ ਵਿੱਚ ਕਾਮਯਾਬ ਹੋ ਚੁੱਕੇ ਸਨ। ਕੈਪਟਨ ਸ਼ੇਰ ਉਸ ਜਗ੍ਹਾ 'ਤੇ ਸ਼ਾਮ 6 ਵਜੇ ਪਹੁੰਚੇ। ਹਾਲਾਤ ਦਾ ਮੁਆਇਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਅਗਲੇ ਦਿਨ ਸਵੇਰੇ ਭਾਰਤੀ ਫ਼ੌਜ ਉੱਤੇ ਹਮਲੇ ਕਰਨ ਦੀ ਯੋਜਨਾ ਬਣਾਈ।

Image copyright Sher Khan/Facebook

ਕਰਨਲ ਅਸ਼ਫ਼ਾਕ ਹੁਸੈਨ ਲਿਖਦੇ ਹਨ, "ਰਾਤ ਨੂੰ ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਇਕੱਠਾ ਕਰਕੇ ਸ਼ਹਾਦਤ 'ਤੇ ਇੱਕ ਤਕਰੀਰ ਕੀਤੀ। ਸਵੇਰੇ 5 ਵਜੇ ਉਨ੍ਹਾਂ ਨੇ ਨਮਾਜ਼ ਪੜ੍ਹੀ ਅਤੇ ਕਪਤਾਨ ਉਮਰ ਦੇ ਨਾਲ ਹਮਲੇ ਲਈ ਨਿਕਲ ਗਏ। ਉਹ ਮੇਜਰ ਹਾਸ਼ਿਮ ਦੇ ਨਾਲ 129ਬੀ 'ਤੇ ਹੀ ਸੀ ਕਿ ਭਾਰਤੀ ਜਵਾਨਾਂ ਨੇ ਉਨ੍ਹਾਂ 'ਤੇ ਜਵਾਬੀ ਹਮਲਾ ਕੀਤਾ।"

Image copyright Sher Khan/Facebook
ਫੋਟੋ ਕੈਪਸ਼ਨ ਕੈਪਟਨ ਕਰਨਲ ਸ਼ੇਰ ਖ਼ਾਂ (ਸੱਜੇ)

ਖ਼ਤਰਨਾਕ ਹਾਲਾਤ ਤੋਂ ਬਚਣ ਲਈ ਮੇਜਰ ਹਾਸ਼ਿਮ ਨੇ ਆਪਣੇ ਹੀ ਤੋਪਖ਼ਾਨੇ ਤੋਂ ਆਪਣੇ ਹੀ ਉੱਤੇ ਗੋਲੇ ਵਰ੍ਹਾਉਣ ਦੀ ਮੰਗ ਕੀਤੀ। ਜਦੋਂ ਦੁਸ਼ਮਣ ਜਵਾਨ ਬਹੁਤ ਨੇੜੇ ਆ ਜਾਂਦੇ ਹਨ ਤਾਂ ਅਕਸਰ ਫ਼ੌਜਾਂ ਉਨ੍ਹਾਂ ਤੋਂ ਬਚਣ ਲਈ ਇਸ ਤਰ੍ਹਾਂ ਦੀ ਮੰਗ ਕਰਦੀਆਂ ਹਨ।

ਕਰਨਲ ਅਸ਼ਫ਼ਾਕ ਹੁਸੈਨ ਅੱਗੇ ਲਿਖਦੇ ਹਨ, "ਸਾਡੀਆਂ ਆਪਣੀਆਂ ਤੋਪਾਂ ਦੇ ਗੋਲੇ ਉਨ੍ਹਾਂ ਦੇ ਚਾਰੇ ਪਾਸੇ ਡਿੱਗ ਰਹੇ ਸਨ। ਪਾਕਿਸਤਾਨੀ ਅਤੇ ਭਾਰਤੀ ਜਵਾਨਾਂ ਦੀ ਹੱਥਾਂ ਨਾਲ ਲੜਾਈ ਹੋ ਰਹੀ ਸੀ। ਉਦੋਂ ਹੀ ਇੱਕ ਭਾਰਤੀ ਜਵਾਨ ਦਾ ਇੱਕ ਪੂਰਾ ਬਰਸਟ ਕੈਪਟਨ ਕਰਨਲ ਸ਼ੇਰ ਖ਼ਾਂ ਨੂੰ ਲੱਗਿਆ ਅਤੇ ਉਹ ਹੇਠਾਂ ਡਿੱਗ ਗਏ। ਸ਼ੇਰ ਖ਼ਾਂ ਨੂੰ ਉਨ੍ਹਾਂ ਦੇ ਸਾਥੀਆਂ ਨਾਲ ਸ਼ਹਾਦਤ ਮਿਲੀ।"

ਬਾਕੀ ਪਾਕਿਸਤਾਨੀ ਜਵਾਨਾਂ ਨੂੰ ਤਾਂ ਭਾਰਤੀ ਜਵਾਨਾਂ ਨੇ ਉੱਥੇ ਹੀ ਦਫ਼ਨਾ ਦਿੱਤਾ ਪਰ ਉਨ੍ਹਾਂ ਦੇ ਦੀ ਮ੍ਰਿਤਕ ਦੇਹ ਨੂੰ ਭਾਰਤੀ ਫ਼ੌਜ ਪਹਿਲਾਂ ਸ੍ਰੀਨਗਰ ਅਤੇ ਫਿਰ ਦਿੱਲੀ ਲੈ ਗਏ।

ਮੌਤ ਤੋਂ ਬਾਅਦ ਸਭ ਤੋਂ ਵੱਡਾ ਪੁਰਸਕਾਰ

ਬ੍ਰਿਗੇਡੀਅਰ ਬਾਜਵਾ ਦੱਸਦੇ ਹਨ, " ਜੇ ਮੈਂ ਉਨ੍ਹਾਂ ਦੀ ਲਾਸ਼ ਹੇਠਾਂ ਨਾ ਮੰਗਵਾਉਂਦਾ ਅਤੇ ਜ਼ੋਰ ਦੇ ਕੇ ਵਾਪਸ ਨਾ ਭੇਜਦਾ ਤਾਂ ਉਨ੍ਹਾਂ ਦਾ ਨਾਮ ਵੀ ਕਿਤੇ ਨਹੀਂ ਹੋਣਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਨਿਸ਼ਾਨ-ਏ-ਹੈਦਰ ਦਿੱਤਾ ਗਿਆ ਜੋ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ ਅਤੇ ਸਾਡੇ ਪਰਮਵੀਰ ਚੱਕਰ ਦੇ ਬਰਾਬਰ ਹੈ।"

ਇਹ ਵੀ ਪੜ੍ਹੋ:

ਬਾਅਦ ਵਿੱਚ ਉਨ੍ਹਾਂ ਦੇ ਵੱਡੇ ਭਰਾ ਅਜਮਲ ਸ਼ੇਰ ਨੇ ਇੱਕ ਬਿਆਨ ਦਿੱਤਾ, "ਅੱਲ੍ਹਾ ਦਾ ਸ਼ੁਕਰ ਹੈ ਕਿ ਸਾਡਾ ਦੁਸ਼ਮਣ ਵੀ ਕੋਈ ਬੁਜ਼ਦਿਲ ਦੁਸ਼ਮਣ ਨਹੀਂ ਹੈ। ਜੇ ਲੋਕ ਕਹਿਣ ਕਿ ਇੰਡੀਆ ਬੁਜ਼ਦਿਲ ਹੈ ਤਾਂ ਮੈਂ ਕਹਾਂਗਾਂ ਨਹੀਂ ਕਿਉਂਕਿ ਉਸ ਨੇ ਐਲਾਨਿਆ ਕਿ ਕਰਨਲ ਸ਼ੇਰ ਹੀਰੋ ਹਨ।"

ਅੰਤਿਮ ਵਿਦਾਈ

18 ਜੁਲਾਈ 1999 ਦੀ ਅੱਧੀ ਰਾਤ ਤੋਂ ਬਾਅਦ ਹੀ ਕੈਪਟਨ ਕਰਨਲ ਸ਼ੇਰ ਖ਼ਾਂ ਦੀ ਮ੍ਰਿਤਕ ਦੇਹ ਦੀ ਆਗਵਾਨੀ ਕਰਨ ਮਲੀਰ ਗੈਰੀਸਨ ਦੇ ਸੈਂਕੜੇ ਜਵਾਨ ਕਰਾਚੀ ਕੌਮਾਂਤਰੀ ਹਵਾਈ ਅੱਡੇ ਪਹੁੰਚ ਚੁੱਕੇ ਸਨ। ਉਨ੍ਹਾਂ ਦੇ ਪੁਸ਼ਤੈਨੀ ਪਿੰਡ ਤੋਂ ਉਨ੍ਹਾਂ ਦੇ ਦੋ ਭਰਾ ਵੀ ਉੱਥੇ ਪਹੁੰਚੇ ਹੋਏ ਸਨ।

ਕਰਨਲ ਅਸ਼ਫਾਕ ਹੁਸੈਨ ਲਿਖਦੇ ਹਨ, "ਤੜਕੇ 5 ਵਜੇ 1 ਮਿੰਟ ਉੱਤੇ ਜਹਾਜ਼ ਨੇ ਰਨਵੇਅ ਨੂੰ ਛੂਹਿਆ ਸੀ। ਉਸ ਦੇ ਪਿਛਲੇ ਹਿੱਸੇ ਤੋਂ ਦੋ ਤਾਬੂਤ ਉਤਾਰੇ ਗਏ। ਇੱਕ ਵਿੱਚ ਕੈਪਟਨ ਸ਼ੇਰ ਖ਼ਾਂ ਦੀ ਮ੍ਰਿਤਕ ਦੇਹ ਸੀ। ਦੂਜੇ ਤਾਬੂਤ ਵਿੱਚ ਰੱਖੀ ਲਾਸ਼ ਨੂੰ ਹਾਲੇ ਤੱਕ ਪਛਾਣਿਆਂ ਨਹੀਂ ਜਾ ਸਕਿਆ ਸੀ।"

Image copyright Sher khan/facebook

ਉਨ੍ਹਾਂ ਤਾਬੂਤਾਂ ਨੂੰ ਇੱਕ ਐਂਬੂਲੈਂਸ ਵਿੱਚ ਰੱਖ ਕੇ ਉਸ ਥਾਂ 'ਤੇ ਲਿਜਾਇਆ ਗਿਆ ਜਿੱਥੇ ਹਜ਼ਾਰਾਂ ਜਵਾਨ ਅਤੇ ਆਮ ਨਾਗਰਿਕ ਮੌਜੂਦ ਸਨ। ਬਲੂਚ ਰੈਜੀਮੈਂਟ ਦੇ ਜਵਾਨ ਤਾਬੂਤ ਨੂੰ ਐਂਬੂਲੈਂਸ ਤੋਂ ਉਤਾਰ ਕੇ ਲੋਕਾਂ ਸਾਹਮਣੇ ਲੈ ਆਏ। ਤਾਬੂਤਾਂ ਨੂੰ ਜ਼ਮੀਨ 'ਤੇ ਰੱਖਿਆ ਗਿਆ ਅਤੇ ਇੱਕ ਖ਼ਾਤਿਬ ਨੇ ਨਮਾਜ਼ੇ-ਜਨਾਜ਼ਾ ਪੜ੍ਹੀ।

ਨਮਾਜ਼ ਤੋਂ ਬਾਅਦ ਤਾਬੂਤਾਂ ਨੂੰ ਪਾਕਿਸਤਾਨੀ ਹਵਾਈ ਫ਼ੌਜ ਦੀ ਇੱਕ ਉਡਾਣ ਵਿੱਚ ਚੜ੍ਹਾਇਆ ਗਿਆ।

Image copyright Sher Khan/Facebook
ਫੋਟੋ ਕੈਪਸ਼ਨ ਕੈਪਟਨ ਕਰਨ ਸ਼ੇਰ ਖਾਂ ਦਾ ਮਕਬਰਾ

ਕੈਪਟਨ ਕਰਨਲ ਸ਼ੇਰ ਖ਼ਾਂ ਦੀ ਲਾਸ਼ ਨੂੰ ਕੋਰ ਕਮਾਂਡਰ ਮੁਜ਼ਫ਼ਰ ਹੁਸੈਨ ਉਸਮਾਨੀ, ਸਿੰਧ ਦੇ ਰਾਜਪਾਲ ਮਾਮੂਨ ਹੁਸੈਨ ਅਤੇ ਐਮਪੀ ਹਲੀਮ ਸਿੱਦੀਕੀ ਨੇ ਮੋਢਾ ਦਿੱਤਾ।

ਇਹ ਵੀ ਪੜ੍ਹੋ:

ਉੱਥੋਂ ਇਹ ਉਡਾਣ ਇਸਲਾਮਾਬਾਦ ਪਹੁੰਚਿਆ, ਜਿੱਥੇ ਇੱਕ ਵਾਰੀ ਫ਼ਿਰ ਨਮਾਜ਼ੇ ਜਨਾਜ਼ਾ ਪੜ੍ਹੀ ਗਈ। ਹਵਾਈ ਅੱਡੇ 'ਤੇ ਪਾਕਿਸਤਾਨ ਦੇ ਰਾਸ਼ਟਰਪਤੀ ਰਫ਼ੀਕ ਤਾਰੜ ਮੌਜੂਦ ਸਨ।

ਉਸ ਤੋਂ ਬਾਅਦ ਕੈਪਟਨ ਸ਼ੇਰ ਖ਼ਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜ਼ੱਦੀ ਪਿੰਡ ਲਿਜਾਇਆ ਗਿਆ। ਹਜ਼ਾਰਾਂ ਲੋਕਾਂ ਨੇ ਪਾਕਿਸਤਾਨੀ ਫ਼ੌਜ ਦੇ ਇਸ ਬਹਾਦਰ ਸਿਪਾਹੀ ਨੂੰ ਆਖ਼ਰੀ ਵਿਦਾਈ ਦਿੱਤੀ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)