ਪੰਜਾਬ ਪੁਲਿਸ ਦੇ ਨਸ਼ੇ ਵਿਰੋਧੀ ਗੁਪਤ ਆਪ੍ਰੇਸ਼ਨਾਂ ਦੀ ਜਾਣਕਾਰੀ 'ਲੀਕ' ਹੋਣਾ ਸਵਾਲਾਂ ਦੇ ਘੇਰੇ ਵਿੱਚ

ਨਸ਼ੇ ਖ਼ਿਲਾਫ਼ ਪੁਲਿਸ ਦਾ ‘ਗੁਪਤ ਮਿਸ਼ਨ’

ਸਮਾਂ ਸਵੇਰੇ 5.15 ਵਜੇ ਤੇ ਸਥਾਨ ਮੋਗਾ ਦਾ ਪਿੰਡ ਲੰਢੇਕੇ, ਇੱਕ-ਇੱਕ ਕਰਕੇ ਪੱਤਰਕਾਰਾਂ ਦਾ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਪਿੰਡ ਦੀਆਂ ਕੁਝ ਔਰਤਾਂ ਕੈਮਰੇ ਵਾਲਿਆਂ ਦੇ ਇਸ ਜਮਾਵੜੇ ਨੂੰ ਦੇਖ ਕੇ ਇੱਧਰ-ਉੱਧਰ ਬਿੜਕਾਂ ਲੈਣ 'ਚ ਮਸ਼ਰੂਫ਼ ਹਨ ਕਿ ਆਖ਼ਰ ਮਾਜਰਾ ਕੀ ਹੈ।

ਠੀਕ 6 ਵਜੇ ਪੁਲਿਸ ਦੀ ਇੱਕ ਵੱਡੀ ਟੁਕੜੀ ਪਿੰਡ 'ਚ ਦਾਖ਼ਲ ਹੁੰਦੀ ਹੈ ਤੇ ਪਹਿਲਾਂ ਤੋਂ ਹੀ ਕੀਤੀ ਗਈ ਨਿਸ਼ਾਨਦੇਹੀ ਵਾਲੇ ਘਰਾਂ ਦੀ ਤਲਾਸ਼ੀ ਲੈਣਾ ਸ਼ੁਰੂ ਕਰਦੀ ਹੈ। ਪੱਤਰਕਾਰਾਂ ਦੇ ਕੈਮਰਿਆਂ ਦੀਆਂ ਲਿਸ਼ਕਾਂ ਤਲਾਸ਼ੀ ਮੁਹਿੰਮ ਨੂੰ ਕਵਰ ਕਰਨ ਲਗਦੀਆਂ ਹਨ।

ਮਹਿਲਾ ਪੁਲਿਸ ਮੁਲਾਜ਼ਮਾਂ ਸਣੇ ਪੰਜਾਬ ਪੁਲਿਸ ਦੇ ਕੁਝ ਜਵਾਨ ਇੱਕ ਘਰ 'ਚ ਖੋਜੀ ਕੁੱਤੇ ਨਾਲ ਦਾਖ਼ਲ ਹੁੰਦੇ ਹਨ।

ਘਰ ਦਾ ਹਰ ਕੋਨੇ ਅਤੇ ਇੱਥੋਂ ਤੱਕ ਕਿ ਅਟੈਚੀ ਤੇ ਲੋਹੇ ਦੇ ਬਕਸਿਆਂ 'ਚ ਰੱਖੇ ਗਏ ਕੱਪੜਿਆਂ ਤੱਕ ਦੀ ਪੂਰੀ ਮੁਸ਼ਤੈਦੀ ਨਾਲ ਤਲਾਸ਼ੀ ਲਈ ਜਾਂਦੀ ਹੈ।

ਅਸਲ ਵਿੱਚ ਇਸ ਪਿੰਡ 'ਚ ਪੰਜਾਬ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰਨ ਆਈ ਸੀ ਤੇ ਪੁਲਿਸ ਦੀ ਇਹ ਛਾਪੇਮਾਰੀ ਇੱਕ 'ਗੁਪਤ ਮਿਸ਼ਨ' ਦਾ ਹਿੱਸਾ ਸੀ।

ਇਹ ਵੀ ਪੜ੍ਹੋ-

Image copyright Surinder maan/bbc
ਫੋਟੋ ਕੈਪਸ਼ਨ ਮੁਹਿੰਮ ਦੇ ਤਹਿਤ ਪੁਲਿਸ ਪਹਿਲਾਂ ਤੋਂ ਤੈਅ ਘਰਾਂ ਦੀ ਤਲਾਸ਼ੀ ਲੈਂਦੀ ਹੈ

ਫਿਰ ਇੱਕ ਘਰ 'ਚੋਂ ਕਿਸੇ ਨਿੱਕੇ ਨਿਆਣੇ ਦੀਆਂ ਉੱਚੀਆਂ ਚੀਕਾਂ ਸੁਣਾਈ ਦਿੰਦੀਆਂ ਹਨ। ਪੁੱਛਣ 'ਤੇ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀਆਂ ਮਹਿਲਾ ਮੁਲਾਜ਼ਮਾਂ ਇਸ ਘਰ 'ਚੋ ਇੱਕ ਔਰਤ ਨੂੰ ਪੁੱਛ-ਗਿੱਛ ਲਈ ਘਰ ਤੋਂ ਬਾਹਰ ਲੈ ਕੇ ਜਾ ਰਹੀਆਂ ਸਨ।

ਆਖ਼ਰਕਾਰ ਸਵੇਰੇ 8.15 ਵਜੇ ਪੁਲਿਸ ਦੀ ਤਲਾਸ਼ੀ ਮੁਹਿੰਮ ਖ਼ਤਮ ਹੋ ਗਈ ਅਤੇ ਪੁਲਿਸ ਖਾਲੀ ਹੱਥ ਹੀ ਵਾਪਿਸ ਪਰਤ ਰਹੀ ਸੀ।

ਪਰ ਇਸ ਪਿੰਡ ਵਿੱਚ ਪੁਲਿਸ ਦੀ ਇਸ ਮੁਹਿੰਮ ਦਾ ਅਹਿਮ ਪਹਿਲੂ ਇਹ ਰਿਹਾ ਕਿ ਇਸ ਛਾਪੇਮਾਰੀ ਦੌਰਾਨ ਪੁਲਿਸ ਦੇ ਹੱਥ ਨਸ਼ੇ ਦੀ ਨਾ ਤਾਂ ਕੋਈ ਖੇਪ ਲੱਗੀ ਤੇ ਨਾ ਹੀ ਕੋਈ ਤਸਕਰ ਕਾਬੂ ਆਇਆ।

ਲੀਕ ਹੋਈ ਜਾਣਕਾਰੀ

ਦਰਅਸਲ ਨਸ਼ਾ ਤਸਕਰਾਂ ਨੂੰ ਫੜਨ ਲਈ ਪੁਲਿਸ ਵੱਲੋਂ ਪੂਰੇ ਪੰਜਾਬ 'ਚ ਛਾਪੇਮਾਰ ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਹਾਲ ਹੀ ਵਿੱਚ ਆਲਾ ਪੁਲਿਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਸ ਛਾਪੇਮਾਰੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।

ਇਸ ਦੇ ਤਹਿਤ ਘਰਾਂ ਅੰਦਰ ਗੁਪਤ ਥਾਵਾਂ 'ਤੇ ਲੁਕਾ ਕੇ ਰੱਖੀਆਂ ਗਈਆਂ 'ਚਿੱਟੇ' ਦੀਆਂ ਪੁੜੀਆਂ ਦੀ ਸੂਹ ਲੈਣ ਲਈ ਪੁਲਿਸ ਵੱਲੋਂ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ।

Image copyright Surinder maan/bbc
ਫੋਟੋ ਕੈਪਸ਼ਨ ਪੁਲਿਸ ਦੀ ਇਸ ਕਾਰਵਾਈ ਦਾ ਆਮ ਲੋਕਾਂ ਨੇ ਸਵਾਗਤ ਵੀ ਕੀਤਾ

ਇੱਥੇ ਇਸ ਦੱਸਣਾ ਜ਼ਰੂਰੀ ਹੈ ਕਿ ਪੁਲਿਸ ਦੀ ਗੁਪਤ ਛਾਪੇਮਾਰੀ ਮੁਹਿੰਮ ਦੀ ਜਾਣਕਾਰੀ ਪੁਲਿਸ ਦੇ ਆਪ੍ਰੇਸ਼ਨ ਤੋਂ ਕੁਝ ਘੰਟੇ ਪਹਿਲਾਂ ਹੀ ਲੀਕ ਹੋ ਰਹੀ ਹੈ।

ਉਂਝ, ਮੈਨੂੰ ਇਸ 'ਗੁਪਤ ਮਿਸ਼ਨ' ਦਾ ਸੁਨੇਹਾ ਤਾਂ ਪੁਲਿਸ ਦੀ ਕਾਰਵਾਈ ਤੋਂ ਇੱਕ ਰਾਤ ਪਹਿਲਾਂ ਹੀ ਵੱਟਸਐਪ 'ਤੇ ਬਣੇ ਇੱਕ ਗਰੁੱਪ ਰਾਹੀਂ ਮਿਲ ਗਿਆ ਸੀ, ਬਾਅਦ ਵਿੱਚ ਇਹ ਸੁਨੇਹਾ ਇੱਕ ਵਾਇਰਲ ਆਡੀਓ ਦੇ ਰੂਪ 'ਚ ਵੀ ਤਬਦੀਲ ਹੋ ਗਿਆ।

ਸੁਨੇਹਾ ਦੇਣ ਵਾਲਾ ਵਿਅਕਤੀ ਸਪਸ਼ਟ ਰੂਪ 'ਚ ਦੱਸਦਾ ਹੈ, "ਸਵੇਰੇ ਸਾਢੇ 6 ਵਜੇ ਪੁਲਿਸ ਨੇ ਲੰਢੇਕੇ ਪਿੰਡ 'ਚ ਸਰਚ ਅਭਿਆਨ ਸ਼ੁਰੂ ਕਰਨਾ ਹੈ, ਸਾਰੇ ਪਹੁੰਚਣ ਦੀ ਕ੍ਰਿਪਾਲਤਾ ਕਰੋ।"

ਲੋਕਾਂ ਵੱਲੋਂ ਮੁਹਿੰਮ ਦਾ ਸਵਾਗਤ

ਪਹਿਲੇ ਪੜਾਅ 'ਚ ਮੋਗਾ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ ਤੇ ਫਾਜ਼ਿਲਕਾ 'ਚ ਗੁਪਤ ਤਰੀਕੇ ਨਾਲ ਇਹ ਛਾਪੇਮਾਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਨਸ਼ਾ ਤਸਕਰਾਂ ਖਿਲਾਫ਼ ਹੋਣ ਵਾਲੀ ਇਸ ਕਾਰਵਾਈ ਵਿੱਚ ਜ਼ਿਲ੍ਹਾ ਮੋਗਾ ਦੇ 4 ਥਾਣਿਆਂ ਦੇ ਮੁਖੀਆਂ ਤੋਂ ਇਲਾਵਾ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ 100 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਾਮਲ ਸਨ।

ਪੁਲਿਸ ਦੀ ਇਸ ਕਾਰਵਾਈ ਦਾ ਆਮ ਲੋਕਾਂ ਨੇ ਸਵਾਗਤ ਵੀ ਕੀਤਾ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਰੇਡ ਨਾਲ ਨਸ਼ਾ ਵੇਚਣ ਵਾਲੇ ਪਿੰਡ 'ਚ ਵੜਨ ਤੋਂ ਤਾਂ ਡਰਦੇ ਹਨ। ਪਰ ਇਹ ਸਭ ਕੁਝ ਕੋਈ ਵੀ ਪਿੰਡ ਵਾਲਾ ਬਿਨਾ ਕੈਮਰੇ 'ਤੇ ਆਏ ਅਤੇ ਨਾਮ ਨਾਂ ਛਾਪਣ ਦੀ ਸ਼ਰਤ ਤੇ ਕਹਿ ਰਿਹਾ ਸੀ।

ਇਹ ਵੀ ਪੜ੍ਹੋ-

Image copyright Surinder maan/bbc
ਫੋਟੋ ਕੈਪਸ਼ਨ ਨਸ਼ਾ ਤਸਕਰਾਂ ਨੂੰ ਫੜਨ ਲਈ ਪੁਲਿਸ ਵੱਲੋਂ ਪੰਜਾਬ ਭਰ 'ਚ ਛਾਪਾਮਾਰ ਮੁਹਿੰਮ ਚਲਾਈ ਜਾ ਰਹੀ ਹੈ

ਪਿੰਡ ਦੀ ਇੱਕ ਬਿਰਧ ਔਰਤ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਪਿੰਡ ਵਿੱਚ ਤਾਂ ਰਾਤ ਹੀ ਰੌਲਾ ਪੈ ਗਿਆ ਸੀ ਕਿ ਭਾਈ ਸਵੇਰੇ ਪੁਲਿਸ ਨੇ ਆਉਣਾ। ਫਿਰ ਨਸ਼ੇ ਵਾਲੇ ਕੀ ਸਵਾਹ ਫੜੇ ਜਾਣੇ ਆ। ਬੇੜਾ ਗਰਕ ਕਰ ਦਿੱਤਾ ਚਿੱਟਾ ਵੇਚਣ ਵਾਲਿਆਂ ਨੇ। ਜੇ ਪੁਲਿਸ ਨੇ ਫੜਣਾ ਤਾਂ ਚੱਜ ਨਾਲ ਹੱਥ ਪਾਵੇ। ਅਸੀਂ ਨਸ਼ੇ ਵਾਲਿਆਂ ਨੂੰ ਖੁਦ ਫੜਾਉਣ ਲਈ ਤਿਆਰ ਆਂ। ਪਰ ਪੁਲਿਸ ਵਾਲੇ ਐਵੇਂ ਪਿੰਡ ਦੀਆਂ ਗਰੀਬ ਤੀਵੀਆਂ ਨੂੰ ਤੰਗ ਨਾ ਕਰਨ।"

ਖੁਫ਼ੀਆ ਆਪ੍ਰੇਸ਼ਨ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ ਦਾ ਲੀਕ ਹੋਣਾ ਸਵਾਲਾਂ ਦੇ ਘੇਰੇ ਵਿੱਚ ਹੈ।

ਇਹ ਵੀ ਪੜ੍ਹੋ-

ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਮੋਗਾ ਸਿਟੀ ਦੇ ਡੀਐਸਪੀ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਦੀ ਛਾਪੇਮਾਰੀ ਮੁਹਿੰਮ ਦਾ ਮਕਸਦ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਹੈ।

"ਹਾਂ ਇਹ ਗੱਲ ਠੀਕ ਹੈ ਕਿ ਪੁਲਿਸ ਕੋਈ ਬਰਾਮਦਗੀ ਨਹੀਂ ਕਰ ਸਕੀ ਹੈ ਪਰ ਪੁਲਿਸ ਕਾਰਵਾਈ ਦਾ ਆਮ ਲੋਕਾਂ 'ਚ ਇਕ ਚੰਗਾ ਸੰਦੇਸ਼ ਜ਼ਰੂਰ ਜਾ ਰਿਹਾ ਹੈ। ਇਹ ਹੋ ਸਕਦਾ ਹੈ ਕੇ ਪੁਲਿਸ ਦੀ ਰੇਡ ਤੋਂ ਪਹਿਲਾਂ ਜਾਂ ਤਾਂ ਬਸਤੀ 'ਚ ਨਸ਼ਾ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਹੀ ਵਿਕ ਚੁੱਕਾ ਸੀ ਤੇ ਜਾਂ ਫਿਰ ਨਸ਼ਾ ਵੇਚਣ ਵਾਲੇ ਉਥੇ ਨਹੀਂ ਸਨ।"

ਬਕੌਲ ਡੀਐਸਪੀ, "ਉਂਝ ਤਾਂ ਲੋਕਾਂ ਵੱਲੋਂ ਦਿੱਤੀ ਜਾਂਦੀ ਪੱਕੀ ਸੂਚਨਾ ਦੇ ਅਧਾਰ 'ਤੇ ਹੀ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਨਸ਼ਾ ਫੜਿਆ ਵੀ ਜਾਂਦਾ ਹੈ। ਖ਼ੈਰ, ਅੱਜ ਨਹੀਂ ਤਾਂ ਭਲਕ, ਨਸ਼ਾ ਤਸਕਰ ਪੁਲਿਸ ਦੇ ਅੜਿੱਕੇ ਚੜ੍ਹਣਗੇ ਹੀ।"

ਹਾਲਾਂਕਿ ਉਹ ਗੱਲ ਵੱਖ ਹੈ ਕਿ ਪੁਲਿਸ ਰੇਡ ਦੀ ਜਾਣਕਾਰੀ ਲੀਕ ਕਿਵੇਂ ਹੋ ਰਹੀ ਹੈ ਉਸਦਾ ਉਨ੍ਹਾਂ ਕੋਲ ਜਵਾਬ ਨਹੀਂ ਸੀ।

ਨਸ਼ਾ ਛੁਡਾਊ ਕੇਂਦਰਾਂ 'ਚ ਮੁਫ਼ਤ ਇਲਾਜ

ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਲਈ ਸੂਬੇ ਦੀ ਸਰਕਾਰ ਨੇ ਆਮ ਲੋਕਾਂ ਨੂੰ ਸਾਥ ਦੇਣ ਲਈ ਕਿਹਾ ਹੈ।

ਇਸ ਸੰਦਰਭ 'ਚ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਨਸ਼ਿਆਂ ਦੇ ਮਾਮਲੇ ਅਤੇ ਪੁਲਿਸ ਹਿਰਾਸਤ ਵਿੱਚ ਹੋਈ ਗੁਰਪਿੰਦਰ ਸਿੰਘ ਮੌਤ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਟਵੀਟਰ 'ਤੇ ਵੀ ਲਿਖਿਆ ਹੈ।

29 ਜੂਨ ਨੂੰ ਅੰਮ੍ਰਿਤਸਰ ਵਿੱਚ ਬਰਾਮਦ ਹੋਏ 2700 ਕਰੋੜ ਦੇ ਨਸ਼ੇ ਦੀ ਖੇਪ ਮਾਮਲੇ ਵਿੱਚ ਗੁਰਪਿੰਦਰ ਸਿੰਘ ਮਲਜ਼ਮ ਸੀ। ਉਸਦੀ 21 ਜੁਲਾਈ ਨੂੰ ਨਿਆਂਇਕ ਹਿਰਾਸਤ ਵਿੱਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)