ਤਿੰਨ ਕਸ਼ਮੀਰੀ 23 ਸਾਲ ਜੇਲ੍ਹ ਕੱਟਣ ਤੋਂ ਬਾਅਦ ਹੋਏ ਬਰੀ: ‘ਜਵਾਨੀ ਲੰਘ ਗਈ, ਮਾਪੇ ਮਰ ਗਏ... ਕੀ ਇਹ ਨਿਆਂ ਹੈ?’

ਕਸ਼ਮੀਰ, 23 ਸਾਲ ਬਾਅਦ ਕੈਦੀ ਜੇਲ੍ਹ ਵਿੱਚੋਂ ਹੋਏ ਰਿਹਾਅ Image copyright Getty Images

ਜਵਾਨੀ, ਜ਼ਿੰਦਗੀ ਦਾ ਉਹ ਪੜ੍ਹਾਅ ਜਦੋਂ ਸਰੀਰ ਵਿੱਚ ਕੁਝ ਕਰਨ ਦਾ ਜਜ਼ਬਾ ਤਾਂ ਹੁੰਦਾ ਹੀ ਹੈ ਉਸ ਨੂੰ ਪੂਰਾ ਕਰਨ ਦੀ ਤਾਕਤ ਅਤੇ ਊਰਜਾ ਵੀ ਹੁੰਦੀ ਹੈ।

ਪਰ ਜੇ ਕਿਸੇ ਦੀ ਜਵਾਨੀ ਜੇਲ੍ਹ ਦੀਆਂ ਕੰਧਾਂ ਦੇ ਅੰਦਰ ਕੈਦੀ ਬਣ ਕੇ ਲੰਘ ਜਾਵੇ, ਦੋ ਦਹਾਕੇ ਲੰਘਣ ਤੋਂ ਬਾਅਦ ਇੱਕ ਦਿਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇ, ਅਤੇ ਕਿਹਾ ਜਾਵੇ ਕਿ ਸਬੂਤ ਨਹੀਂ ਮਿਲੇ ਇਸ ਲਈ ਉਨ੍ਹਾਂ ਨੂੰ ਰਿਹਾਅ ਕੀਤਾ ਜਾਂਦਾ ਹੈ।

ਅਜਿਹਾ ਹੀ ਹੋਇਆ ਭਾਰਤ-ਸ਼ਾਸਤ ਕਸ਼ਮੀਰ ਦੇ ਮੁਹੰਮਦ ਅਲੀ ਭੱਟ (49), ਲਤੀਫ਼ ਵਾਜ਼ਾ (40) ਅਤੇ ਮਿਰਜ਼ਾ ਨਿਸਾਰ ਦੇ (44) ਨਾਲ। ਇਨ੍ਹਾਂ ਸਾਰਿਆਂ ਨੂੰ ਦਿੱਲੀ ਦੇ ਲਾਜਪਤ ਨਗਰ ਅਤੇ ਸਰੋਜਨੀ ਨਗਰ ਵਿੱਚ ਸਾਲ 1996 ਵਿੱਚ ਹੋਏ ਬੰਬ ਧਾਮਕਿਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਪੁਲਿਸ ਨੇ ਹਿਰਾਸਤ 'ਚ ਲਿਆ ਸੀ।

ਇਹ ਵੀ ਪੜ੍ਹੋ:

ਇਨ੍ਹਾਂ ਤਿੰਨਾਂ ਨੂੰ ਵੇਖ ਕੇ ਇਨ੍ਹਾਂ ਦੀ ਬੇਬਸੀ ਦਾ ਅੰਦਾਜ਼ਾ ਹੁੰਦਾ ਹੈ। ਜਿਸ ਸਮੇਂ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਇਹ ਸਾਰੇ ਨਾਬਾਲਗ ਸਨ। ਇਨ੍ਹਾਂ ਨੂੰ ਕਾਠਮਾਂਡੂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿੱਥੇ ਉਹ ਕਦੇ-ਕਦੇ ਕਸ਼ਮੀਰੀ ਹੈਂਡਲੂਮ ਦੀਆਂ ਚੀਜ਼ਾਂ ਵੇਚਣ ਜਾਂਦੇ ਸਨ।

ਅਲੀ ਭੱਟ ਦੇ ਮਾਤਾ-ਪਿਤਾ ਅਤੇ ਖਾਸ ਦੋਸਤ ਹੁਣ ਨਹੀਂ ਰਹੇ। ਜਦੋਂ ਉਹ ਜੇਲ੍ਹ ਵਿੱਚ ਸਨ ਉਨ੍ਹਾਂ ਸਾਰਿਆਂ ਦੀ ਮੌਤ ਹੋ ਗਈ।

Image copyright Riyaz Masroor

ਕੌਣ ਵਾਪਿਸ ਲਿਆਏਗਾ ਲੰਘਿਆ ਵੇਲਾ?

ਅਲੀ ਭੱਟ ਦੇ ਛੋਟੇ ਭਰਾ ਅਰਸ਼ਦ ਭੱਟ ਕਹਿੰਦੇ ਹਨ, "ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਸਿੱਧਾ ਕਬਰਿਸਤਾਨ ਗਏ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਆਪਣੇ ਅੰਮੀ-ਅੱਬੂ ਦੀ ਕਬਰ ਨੂੰ ਗਲੇ ਲਗਾਇਆ, ਰੋਏ।"

ਜੇਲ੍ਹ ਤੋਂ ਰਿਹਾਅ ਹੋ ਕੇ ਜਦੋਂ ਅਲੀ ਭੱਟ ਆਪਣੇ ਜੱਦੀ ਘਰ ਹਸਨਾਬਾਦ ਪਹੁੰਚੇ ਤਾਂ ਮਿਠਾਈਆਂ ਵੰਡੀਆਂ ਗਈਆਂ ਅਤੇ ਔਰਤਾਂ ਨੇ ਸਥਾਨਕ ਗਾਣੇ ਗਾਏ।

ਅਰਸ਼ਦ ਦੱਸਦੇ ਹਨ, "ਸਾਡਾ ਵਪਾਰ ਬਹੁਤ ਚੰਗਾ ਚੱਲ ਰਿਹਾ ਸੀ ਪਰ ਅਲੀ ਦੀ ਗ੍ਰਿਫ਼ਤਾਰੀ ਨੇ ਸਭ ਕੁਝ ਤਬਾਹ ਕਰ ਦਿੱਤਾ। ਪਹਿਲਾਂ ਦਾ ਬਚਿਆ ਜੋ ਕੁਝ ਵੀ ਸੀ ਉਹ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਜਾਣ, ਇੱਕ ਤੋਂ ਬਾਅਦ ਇੱਕ ਵਕੀਲਾਂ ਨੂੰ ਫੀਸ ਦੇਣ ਵਿੱਚ ਖਰਚ ਹੋ ਗਿਆ।"

ਲਗਭਗ ਰੋਂਦੇ ਹੋਏ ਅਰਸ਼ਦ ਕਹਿੰਦੇ ਹਨ ਕਿ ਅਸੀਂ ਕੋਰਟ ਦੇ ਫ਼ੈਸਲੇ ਤੋਂ ਖੁਸ਼ ਹਾਂ ਪਰ ਜਦੋਂ ਜ਼ਿੰਦਗੀ ਦੇ ਕੀਮਤੀ ਸਾਲ ਬੀਤ ਰਹੇ ਸਨ ਉਦੋਂ ਅਦਾਲਤ ਨੇ ਚੁੱਪੀ ਕਿਉਂ ਧਾਰੀ ਸੀ। ਉਹ ਪੁੱਛਦੇ ਹਨ, ਕੌਣ ਉਨ੍ਹਾਂ 23 ਸਾਲਾਂ ਨੂੰ ਵਾਪਿਸ ਲੈ ਕੇ ਆਵੇਗਾ ਅਤੇ ਹੁਣ ਅਲੀ ਕੀ ਕਰੇਗਾ?

ਲਤੀਫ਼ ਵਾਜ਼ਾ 17 ਸਾਲ ਦੇ ਸਨ ਜਦੋਂ ਉਨ੍ਹਾਂ ਨੂੰ ਨੇਪਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦਾ ਪਰਿਵਾਰ ਕਸ਼ਮੀਰ ਦੇ ਸ਼ਮਸਵਰੀ ਵਿੱਚ ਰਹਿੰਦਾ ਹੈ।

ਪਰਿਵਾਰ ਨੇ ਬੇਪਨਾਹ ਦੁੱਖ ਝੱਲੇ ਹਨ। ਪਿਤਾ ਉਨ੍ਹਾਂ ਦੀ ਉਡੀਕ ਕਰਦੇ-ਕਰਦੇ ਮਰ ਗਏ। ਭਰਾ ਤਾਰਿਕ ਨੇ ਦੱਸਿਆ ਕਿ ਲਤੀਫ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਪਾਰ ਬੰਦ ਕਰਨਾ ਪਿਆ।

ਇਹ ਵੀ ਪੜ੍ਹੋ:

Image copyright Riyaz Masroor

'ਸਰਕਾਰ ਕਰੇ ਭਰਪਾਈ'

ਉਹ ਦੱਸਦੇ ਹਨ, "ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਉੱਪਰ ਦੋ-ਦੋ ਜ਼ਿੰਮੇਵਾਰੀਆਂ ਸਨ। ਮੇਰੀ ਭੈਣ ਦਾ ਵਿਆਹ ਹੋਣਾ ਸੀ ਅਤੇ ਮੈਂ ਬਾਕੀ ਸਭ ਕੁਝ ਵੀ ਸੰਭਾਲਣਾ ਸੀ। ਸਿਰਫ਼ ਉੱਪਰ ਵਾਲਾ ਹੀ ਜਾਣਦਾ ਹੈ ਕਿ ਇੰਨੇ ਸਾਲਾਂ ਵਿੱਚ ਅਸੀਂ ਕਿਵੇਂ ਅਤੇ ਕਿਸ ਤਰ੍ਹਾਂ ਚੀਜ਼ਾਂ ਨੂੰ ਸਾਂਭਿਆ ਹੈ।''

ਤਾਰਿਕ ਵੀ ਸਵਾਲ ਚੁੱਕਦੇ ਹਨ ਕਿ ਇਨ੍ਹਾਂ ਸਾਲਾਂ ਦੀ ਭਰਪਾਈ ਲਈ ਸਰਕਾਰ ਨੂੰ ਅੱਗੇ ਆਉਣ ਦੀ ਲੋੜ ਹੈ।

ਮਿਰਜ਼ਾ ਨਿਸਾਰ ਰਿਹਾਅ ਕੀਤੇ ਗਏ ਤਿੰਨ ਲੋਕਾਂ ਵਿੱਚੋਂ ਇੱਕ ਹਨ। ਉਹ ਵੀ ਸ਼ਮਸਵਰੀ ਵਿੱਚ ਰਹਿੰਦੇ ਹਨ। ਨਿਸਾਰ ਦੇ ਛੋਟੇ ਭਰਾ ਇਫ਼ਤੀਖ਼ਾਰ ਮਿਰਜ਼ਾ ਕਹਿੰਦੇ ਹਨ, "ਸਾਨੂੰ ਪਤਾ ਨਹੀਂ ਸੀ ਕਿ ਨਿਸਾਰ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਤੱਕ ਸਾਨੂੰ ਪਤਾ ਚੱਲਿਆ ਪੁਲਿਸ ਸਾਡੇ ਦਰਵਾਜ਼ੇ ਖੜਕਾ ਚੁੱਕੀ ਸੀ। ਮੈਨੂੰ ਅਤੇ ਮੇਰੇ ਦੋ ਭਰਾਵਾਂ ਨੂੰ ਪੁੱਛਗਿੱਛ ਲਈ ਵੀ ਲਿਜਾਇਆ ਗਿਆ। ਮੈਂ ਇਹ ਦੱਸ ਵੀ ਨਹੀਂ ਸਕਦਾ ਕਿ ਨਿਸਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਸੀਂ ਕਿਸ ਦੌਰ ਵਿੱਚੋਂ ਲੰਘੇ।''

Image copyright Riyaz Masroor

ਕੀ ਇਹ ਨਿਆਂ ਹੈ?

ਇਫ਼ਤੀਖ਼ਾਰ ਕਹਿੰਦੇ ਹਨ ਕਿ ਨਿਸਾਰ ਨੂੰ ਮਿਲਣ ਲਈ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ 14 ਸਾਲ ਦੀ ਉਡੀਕ ਕਰਨੀ ਪਈ। ਨਿਸਾਰ ਦੇ ਨਾਲ ਜੇਲ੍ਹ ਵਿੱਚ ਰਹਿ ਚੁੱਕੇ ਤਾਰੀਕ ਡਾਰ ਸਾਲ 2017 ਵਿੱਚ ਰਿਹਾਅ ਹੋ ਗਏ ਸਨ।

ਉਹ ਨਿਸਾਰ ਅਤੇ ਉਨ੍ਹਾਂ ਦੀ ਮਾਂ ਦੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਦੱਸਦੇ ਹਨ, "ਇਹ ਮੁਲਾਕਾਤ ਇੱਕ ਛੋਟੀ ਜਿਹੀ ਖਿੜਕੀ ਦੇ ਆਰ-ਪਾਰ ਹੋਈ ਸੀ। ਪਰ ਇੰਨੇ ਸਾਲਾਂ ਬਾਅਦ ਵੀ ਦੋਵਾਂ ਵਿੱਚੋਂ ਕਿਸੇ ਇੱਕ ਨੇ ਇੱਕ ਸ਼ਬਦ ਨਹੀਂ ਕਿਹਾ। ਉਹ ਸਿਰਫ਼ ਇੱਕ-ਦੂਜੇ ਨੂੰ ਦੇਖਦੇ ਰਹੇ, ਰੋਂਦੇ ਰਹੇ। ਉਦੋਂ ਇੱਕ ਅਧਿਕਾਰੀ ਉੱਥੇ ਆਇਆ ਅਤੇ ਉਨ੍ਹਾਂ ਨੂੰ ਇੱਕ-ਦੂਜੇ ਨੂੰ ਗਲੇ ਲਗਾਉਣ ਦੀ ਇਜਾਜ਼ਤ ਦਿੱਤੀ। ਪਰ ਮਾਂ ਅਤੇ ਪੁੱਤਰ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਜੇਲ੍ਹ ਦੀਆਂ ਉਨ੍ਹਾਂ ਕੰਧਾਂ ਨੇ ਵੀ ਮਹਿਸੂਸ ਕੀਤਾ ਸੀ।"

ਨਿਸਾਰ ਦੇ ਪਰਿਵਾਰ ਅਤੇ ਦੋਸਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਉਹ ਇਸ ਬਾਰੇ ਦੱਸ ਵੀ ਨਹੀਂ ਸਕਦੇ।

ਇਫ਼ਤੀਖ਼ਾਰ ਮਿਰਜ਼ਾ ਕਹਿੰਦੇ ਹਨ, "ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ਅਖ਼ੀਰ ਵਿੱਚ ਘੱਟੋ-ਘੱਟ ਨਿਆਂ ਤਾਂ ਮਿਲਿਆ। ਪਰ ਕੀ ਸੱਚ ਵਿੱਚ ਇਸ ਨੂੰ ਨਿਆਂ ਕਿਹਾ ਜਾਣਾ ਚਾਹੀਦਾ ਹੈ? ਇਸ ਨਵੀਂ ਦੁਨੀਆ ਵਿੱਚ ਨਿਸਾਰ ਇੱਕ ਅਣਜਾਣ ਆਦਮੀ ਹੈ। ਉਹ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਤਾਂ ਪਛਾਣਦੇ ਵੀ ਨਹੀਂ ਕਿਉਂਕਿ ਕਈ ਹਨ ਜੋ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੈਦਾ ਹੋਏ ਅਤੇ ਕਈ ਅਜਿਹੇ ਹਨ ਜੋ ਹੁਣ ਕਾਫ਼ੀ ਵੱਡੇ ਹੋ ਚੁੱਕੇ ਹਨ। ਜੇਕਰ ਇਹ ਨਿਆਂ ਹੈ ਤਾਂ ਅਸੀਂ ਇਸ ਨਿਆਂ ਲਈ ਬਹੁਤ ਵੱਡੀ ਕੀਮਤ ਚੁਕਾਈ ਹੈ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)