ਕੁਵੈਤ ਤੋਂ 11 ਮਹੀਨੇ ਗੁਲਾਮੀ ਕੱਟ ਕੇ ਭਾਰਤ ਪਰਤੀ ਮਾਂ ਦੇ ਬੱਚਿਆਂ ਦੀ ਕਹਾਣੀ

(ਸੰਕੇਤਕ ਤਸਵੀਰ) Image copyright Getty Images/Representative
ਫੋਟੋ ਕੈਪਸ਼ਨ (ਸੰਕੇਤਕ ਤਸਵੀਰ)

ਘਰ ਦੀਆਂ ਮਜਬੂਰੀਆਂ ਨੂੰ ਦੇਖਦੇ ਹੋਏ ਵਿਦੇਸ਼ ਵਿੱਚ ਪੈਸਾ ਕਮਾਉਣ ਗਈ ਤਿੰਨ ਬੱਚਿਆਂ ਦੀ ਮਾਂ ਕੁਵੈਤ 'ਚ ਬੰਦੀ ਬਣ ਗਈ। ਬੱਚਿਆਂ ਵੱਲੋਂ ਆਪਣੀ ਮਾਂ ਨੂੰ ਦੇਸ ਵਾਪਸ ਲਿਆਉਣ ਦੀ ਕੋਸ਼ਿਸ਼ ਆਖਿਰ ਸ਼ੁੱਕਰਵਾਰ ਨੂੰ ਸਫਲ ਹੋਈ।

ਗੁਰਦਾਸਪੁਰ ਦੀ ਰਹਿਣ ਵਾਲੀ ਇਸ ਮਹਿਲਾ ਨੂੰ ਅੰਮ੍ਰਿਤਸਰ ਦੇ ਇੱਕ ਟਰੈਵਲ ਏਜੰਟ ਨੇ ਕੁਵੈਤ ਭੇਜਿਆ ਸੀ ਉਹ ਬੇਹੱਦ ਕਮਜ਼ੋਰ ਹੋ ਕੇ ਦੇਸ ਪਰਤੀ ਹੈ। ਜਦੋਂ ਏਅਰਪੋਰਟ ’ਤੇ ਬੱਚਿਆਂ ਨੇ ਮਾਂ ਨੂੰ ਮਿਲ ਕੇ ਉਨ੍ਹਾਂ ਦੀ ਕਮਜ਼ੋਰੀ ਦਾ ਕਾਰਨ ਪੁੱਛਿਆ ਤਾਂ ਵੀਨਾ ਨੇ ਦੱਸਿਆ, “ਮੈਨੂੰ ਕਈ ਦਿਨ ਭੁੱਖੇ ਰਹਿਣਾ ਪੈਂਦਾ ਸੀ, ਜਿਸ ਕਾਰਨ ਮੇਰੀ ਸਿਹਤ ਖਰਾਬ ਹੋਈ।”

ਇਸ ਸਮੇਂ ਦੌਰਾਨ ਪਿੱਛੇ ਘਰ ਵਿੱਚ ਬੱਚਿਆਂ ਦੇ ਪਿਤਾ ਦੀ ਵੀ ਮੌਤ ਹੋ ਗਈ ਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਪਰ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ।

(ਪੀੜਤ ਦੇ ਜਿਨਸੀ ਸ਼ੋਸ਼ਣ ਦਾ ਵੀ ਖਦਸ਼ਾ ਹੈ, ਇਸ ਲਈ ਅਸੀਂ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕਰ ਰਹੇ।)

ਇਹ ਵੀ ਪੜ੍ਹੋ

ਗੁਰਦਾਸਪੁਰ ਦੇ ਡੀਐੱਸਪੀ ਮੁਤਾਬਕ ਟਰੈਵਲ ਏਜੰਟ ਖ਼ਿਲਾਫ ਇਮੀਗ੍ਰੇਸ਼ਨ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਪਰ ਅਗਲੀ ਕਾਰਵਾਈ ਪੀੜਤ ਦੇ ਬਿਆਨਾਂ ਤੋਂ ਬਾਅਦ ਕੀਤੀ ਜਾ ਸਕੇਗੀ।

ਪੀੜਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਲੀਗਲ ਸਰਵਿਸਿਜ਼ ਅਥਾਰਿਟੀ ਨੇ ਇੱਕ ਲੱਖ ਰੁਪਏ ਦੀ ਮਦਦ ਤੋਂ ਇਲਾਵਾ ਮਾਨਸਿਕ ਸਿਹਤ ਲਈ ਡਾਕਟਰੀ ਸਹਾਇਤਾ ਵੀ ਦਿੱਤੀ। ਪੀੜਤ ਅਜੇ ਮੀਡੀਆ ਨਾਲ ਗੱਲਬਾਤ ਕਰਨ ਦੇ ਹਾਲਤ ਵਿੱਚ ਨਹੀਂ ਸੀ।

ਪਰਿਵਾਰ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਪੀੜਤ ਦੇ 21 ਸਾਲਾ ਪੁੱਤਰ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਦੀ ਮਾਂ ਅੰਮ੍ਰਿਤਸਰ ਦੇ ਟਰੈਵਲ ਏਜੰਟ ਮੁਖ਼ਤਿਆਰ ਸਿੰਘ ਰਾਹੀਂ ਵਿਦੇਸ਼ ਗਈ ਸੀ।

Image copyright Getty Images
ਫੋਟੋ ਕੈਪਸ਼ਨ (ਸੰਕੇਤਕ ਤਸਵੀਰ)

ਜਦੋਂ ਟਰੈਵਲ ਏਜੰਟ ਵੱਲੋਂ ਪੀੜਤ ਨੂੰ ਕੁਵੈਤ ਭੇਜਿਆ ਗਿਆ ਅਤੇ ਆਖਿਆ ਗਿਆ ਸੀ ਕਿ ਉੱਥੇ ਘਰ ਦਾ ਕੰਮ ਕਰਣ ਲਈ ਭੇਜਿਆ ਗਿਆ ਹੈ। ਪੁੱਤਰ ਨੇ ਦੱਸਿਆ, “ਉੱਥੇ ਜਾਣ ਦੇ ਬਾਅਦ ਮਾਂ ਨੇ ਇੱਕ ਹੀ ਤਨਖ਼ਾਹ ਭੇਜੀ। ਇੱਕ ਮਹੀਨੇ ਬਾਅਦ ਮਾਂ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਵਾਪਸ ਬੁਲਾਇਆ ਜਾਵੇ। ਉਸ ਤੋਂ ਬਾਅਦ ਅਸੀਂ ਏਜੰਟ ਨਾਲ ਇਸ ਬਾਰੇ ਗੱਲ ਕੀਤੀ।”

“ਏਜੰਟ ਨੇ ਸਾਨੂੰ ਕੁਝ ਨਹੀ ਦੱਸਿਆ ਅਤੇ ਕੋਈ ਠੀਕ ਜਵਾਬ ਨਹੀਂ ਦਿਤਾ ਜਿਸ ਤੋਂ ਬਾਅਦ ਏਜੰਟ ਦੇ ਖਿਲਾਫ਼ ਮੇਰੇ ਪਿਤਾ ਨੇ ਪੁਲਿਸ ਥਾਣਾ ਧਾਰੀਵਾਲ ਵਿੱਚ ਸ਼ਿਕਾਇਤ ਕੀਤੀ।”

“ਪਰ ਬਹੁਤ ਦੇਰ ਤੱਕ ਉਸ ਸ਼ਿਕਾਇਤ ਦਾ ਕੁਝ ਨਹੀਂ ਹੋਇਆ ਅਤੇ ਇਸ ਚਿੰਤਾ ਦੇ ਕਾਰਨ ਕੁਝ ਮਹੀਨੇ ਪਹਿਲਾਂ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ"

ਇਹ ਵੀ ਪੜ੍ਹੋ:

ਕਿਵੇਂ ਰਹੇ ਬੱਚੇ ਮਾਂ ਬਾਪ ਤੋਂ ਬਿਨਾਂ

ਪਿਤਾ ਦੀ ਮੌਤ ਤੋਂ ਬਾਅਦ ਘਰ 'ਚ ਰੋਹਿਤ ਅਤੇ ਉਸ ਦੇ ਦੋ ਛੋਟੇ ਭੈਣ-ਭਰਾ ਹੀ ਰਹਿ ਗਏ ਹਨ। “ਅਸੀਂ ਤਿੰਨੇ ਭੈਣ- ਭਰਾ ਮਾਪਿਆਂ ਦੀ ਯਾਦ ਵਿੱਚ ਹਰ ਵੇਲੇ ਰੋਂਦੇ ਕੁਰਲਾਉਂਦੇ ਰਹਿੰਦੇ ਸੀ।”

ਪੀੜਤ ਦੇ ਪੁੱਤਰ ਮੁਤਾਬਕ ਉਸ ਨੇ ਮਾਂ ਦੀ ਘਰ ਵਾਪਸੀ ਦੀ ਗੁਹਾਰ ਹਰ ਇੱਕ ਰਾਜਨੇਤਾ ਅੱਗੇ ਲਾਈ ਅਤੇ ਅਖੀਰ ਉਸ ਦੀ ਸੁਣਵਾਈ ਹੋਈ।

ਵਿਦੇਸ਼ 'ਚ ਬੈਠੇ ਸਮਾਜ ਸੇਵੀ ਉਸ ਦੀ ਮਦਦ ਲਈ ਅੱਗੇ ਆਏ।

ਪੀੜਤ ਦੇ ਪੁੱਤਰ ਨੇ ਦੱਸਿਆ ਹੈ, “ਜਦੋਂ ਕੁਵੈਤ ਦੀ ਇੱਕ ਸਮਾਜ ਸੇਵੀ ਸੰਸਥਾ ਨਾਲ ਮੇਰੀ ਕੁਝ ਮਹੀਨੇ ਪਹਿਲਾਂ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਮੇਰੀ ਮਾਂ ਨੂੰ ਕੁਵੈਤ ਦੇ ਰਹਿਣ ਵਾਲੇ ਇੱਕ ਪਾਕਿਸਤਾਨੀ ਨੇ ਪੈਸੇ ਦੇ ਕੇ ਖਰੀਦਿਆ ਹੈ।”

“ਉਹ ਉੱਥੇ ਬੰਦੀ ਸਨ ਅਤੇ ਅਖੀਰ ਹੁਣ ਕੈਨੇਡਾ ਦੀ ਇੱਕ ਸਮਾਜ ਸੇਵੀ ਸੰਸਥਾ ‘ਰੰਧਾਵਾ ਹੈਲਪ ਲਾਈਨ ਕੈਨੇਡਾ’ ਵੱਲੋਂ ਕੀਤੀ ਮਦਦ ਨਾਲ ਹੁਣ ਸ਼ੁੱਕਰਵਾਰ ਸਵੇਰੇ ਮੇਰੀ ਮਾਂ ਦੀ ਵਤਨ ਵਾਪਸੀ ਹੋਈ ਹੈ। ਉਹ ਕਰੀਬ ਸਵੇਰੇ 5 ਵਜੇ ਦਿੱਲੀ ਪਹੁੰਚੇ ਹਨ।”

ਪੁਲਿਸ ਦਾ ਕੀ ਕਹਿਣਾ ਹੈ?

ਇਸ ਮਾਮਲੇ ’ਚ ਪੁਲਿਸ ਵੱਲੋਂ ਪੀੜਤ ਦੇ ਪੁੱਤਰ ਦੇ ਬਿਆਨ ਦੇ ਆਧਾਰ 'ਤੇ ਟਰੈਵਲ ਏਜੰਟ ਮੁਖਤਿਆਰ ਸਿੰਘ ਖਿਲਾਫ਼ 20 ਜੂਨ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਅਤੇ 22 ਜੂਨ ਨੂੰ ਉਸ ਦੀ ਗ੍ਰਿਫ਼ਤਾਰੀ ਹੋਈ ਸੀ।

ਡੀਐੱਸਪੀ ਲਖਵਿੰਦਰ ਸਿੰਘ ਨੇ ਦੱਸਿਆ, “ਮੁਖਤਿਆਰ ਸਿੰਘ ਦੇ ਖਿਲਾਫ਼ ਧਾਰਾ 370, ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅਗਲੀ ਕਾਨੂੰਨੀ ਕਾਰਵਾਈ ਪੀੜਤ ਦੇ ਬਿਆਨਾਂ ਤੋਂ ਬਾਅਦ ਹੀ ਕੀਤੀ ਜਾਵੇਗੀ।”

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)