ਬਰਨਾਲਾ ’ਚ ‘ਨਸ਼ੇ ਦੇ ਆਦੀ’ ਮੁੰਡਿਆਂ ਦੀ ਮੌਤ: ‘ਸਰਕਾਰ ਕੁਝ ਕਰੇ, ਅੱਜ ਮੇਰਾ ਪੁੱਤ ਹੈ, ਕੱਲ੍ਹ ਕੋਈ ਹੋਰ...’

ਜਸਵਿੰਦਰ ਅਤੇ ਗੁਰਕੀਰਤ Image copyright Sukcharn preet/bbc
ਫੋਟੋ ਕੈਪਸ਼ਨ ਜਸਵਿੰਦਰ ਅਤੇ ਗੁਰਕੀਰਤ

"ਸਾਨੂੰ ਤਾਂ ਕੁਝ ਨਹੀਂ ਪਤਾ ਲੱਗਿਆ... ਕੀ ਖਾਂਦਾ ਸੀ ਤੇ ਕੀ ਨਹੀਂ। ਦੋ-ਤਿੰਨ ਸਾਲਾਂ ਤੋਂ ਉਹ ਇੰਝ ਹੀ ਕਰ ਰਿਹਾ ਸੀ। ਹੁਣ ਵੀ ਕੋਈ ਮਸਲਾ ਨਹੀਂ ਸੀ, ਕੋਈ ਝਗੜਾ ਨਹੀਂ ਹੋਇਆ। ਮੰਡੀ ਵਿੱਚ ਜਾ ਕੇ ਨਸ਼ਾ-ਪਾਣੀ ਕਰਿਆ। ਸਾਨੂੰ ਤਾਂ ਸਵੇਰ ਨੂੰ ਪਤਾ ਲੱਗਿਆ ਕਿ ਕੀ ਵਾਪਰਿਆ ਹੈ।"

ਇਹ ਕਹਿਣਾ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਦੇ ਬਲਵਿੰਦਰ ਸਿੰਘ ਦਾ ਜਿਨ੍ਹਾਂ ਦੇ 25-ਸਾਲਾ ਪੁੱਤਰ ਗੁਰਕੀਰਤ ਸਿੰਘ ਦੀ ਲਾਸ਼ ਇੱਕ ਦਰਖ਼ਤ ਨਾਲ ਲਟਕੀ ਮਿਲੀ। ਉਸ ਦੇ ਨਾਲ ਹੀ ਪਿੰਡ ਦੇ ਇੱਕ ਹੋਰ ਨੌਜਵਾਨ, 22-ਸਾਲਾ ਜਸਵਿੰਦਰ ਸਿੰਘ ਦੀ ਲਾਸ਼ ਵੀ ਉਸੇ ਦਰਖ਼ਤ ਨਾਲ ਲਟਕੀ ਮਿਲੀ।

ਪਰਿਵਾਰਾਂ ਨੂੰ ਦੋਹਾਂ ਦੀ ਮੌਤ ਦੀ ਖਬਰ ਸਵੇਰੇ ਮਿਲੀ। ਦੋਵੇਂ ਨੌਜਵਾਨ ਸ਼ਾਮ ਨੂੰ ਘਰੋਂ ਗਏ ਪਰ ਵਾਪਸ ਨਹੀਂ ਪਰਤੇ।

ਇਹ ਵੀ ਪੜ੍ਹੋ:

Image copyright Sukcharn preet/bbc

“ਇਹ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਵਿੱਚ ਅਜਿਹੇ ਨੌਜਵਾਨਾਂ ਲਈ ਸੈਂਟਰ ਬਣਾਉਣ। ਅੱਜ ਮੇਰਾ ਪੁੱਤ ਮਰਿਆ ਹੈ ਕੱਲ੍ਹ ਕਿਸੇ ਦਾ ਹੋਰ ਮਰੇਗਾ, ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਹੈ। ਸਰਕਾਰਾਂ ਨੂੰ ਅਪੀਲ ਹੈ ਕਿ ਇਸ ਦਾ ਕੋਈ ਹੱਲ ਕਰਨ।"

ਮਰਹੂਮ ਗੁਰਕੀਰਤ ਦੇ ਪਿਤਾ ਬੱਸ ਡਰਾਈਵਰ ਹਨ। ਗੁਰਕੀਰਤ ਵੀ ਟਰੱਕ ਯੂਨੀਅਨ ਵਿੱਚ ਨੌਕਰੀ ਕਰਦਾ ਰਿਹਾ ਹੈ। ਨਸ਼ੇ ਦੀ ਲਤ ਕਾਰਨ ਪਰਿਵਾਰ ਨੇ ਤਕਰਬੀਨ ਤਿੰਨ ਮਹੀਨੇ ਪਹਿਲਾਂ ਨੌਕਰੀ ਛੁਡਵਾ ਦਿੱਤੀ ਸੀ। ਪਰਿਵਾਰ ਦੀ ਸੋਚ ਸੀ ਕਿ ਘਰ ਰਹਿ ਕੇ ਉਨ੍ਹਾਂ ਦਾ ਬੱਚਾ ਸੁਧਰ ਜਾਵੇਗਾ।

Image copyright Sukcharn preet/bbc

ਕਿਸੇ ਵੇਲੇ ਕਿਸਾਨ ਰਹੇ ਪਰਿਵਾਰ ਕੋਲ ਕੋਈ ਜ਼ਮੀਨ ਨਹੀਂ ਹੈ। ਪਰਿਵਾਰ ਦੀਆਂ ਸਾਰੀਆਂ ਉਮੀਦਾਂ ਗੁਰਕੀਰਤ ਤੋਂ ਸਨ।

ਗੁਰਕੀਰਤ ਦੇ ਤਾਏ ਦੇ ਮੁੰਡੇ ਹਰਿੰਦਰ ਸਿੰਘ ਦਾ ਕਹਿਣਾ ਹੈ, "ਸਾਡਾ ਪਰਿਵਾਰ ਗੁਰਸਿੱਖ ਪਰਿਵਾਰ ਹੈ ਪਰ ਉਸ ਨੂੰ ਸ਼ਰਾਬ ਘਰ ਲਿਆ ਕੇ ਪੀਣ ਦੀ ਇਜਾਜ਼ਤ ਸੀ ਤਾਂ ਕਿ ਹੋਰ ਨਸ਼ੇ ਨਾ ਕਰੇ। ਹੁਣ ਤਾਂ ਤਿੰਨ ਕੁ ਮਹੀਨਿਆਂ ਤੋਂ ਉਹ ਘਰ ਹੀ ਸੀ।"

Image copyright Sukcharn preet/bbc

ਜਸਵਿੰਦਰ ਦੀ ਮੌਤ

ਜਸਵਿੰਦਰ ਦੇ ਘਰ ਦੀ ਹਾਲਤ ਉਨ੍ਹਾਂ ਦੀ ਆਰਥਿਕਤਾ ਖ਼ੁਦ ਹੀ ਬਿਆਨ ਕਰਦੀ ਹੈ। ਘਰ ਦਾ ਇੱਕ ਵਰਾਂਡਾ ਡਿੱਗ ਚੁੱਕਾ ਹੈ।

Image copyright Sukcharn preet/bbc

ਜਸਵਿੰਦਰ ਦੇ ਪਰਿਵਾਰ ਕੋਲ ਪਿੰਡ ਦੇ ਲੋਕ ਦੁੱਖ ਸਾਂਝਾ ਕਰਨ ਆਏ ਹੋਏ ਹਨ। ਦਾਦੀ ਸੁੰਨ ਬੈਠੀ ਹੈ ਤੇ ਮਾਂ ਦੇ ਹੰਝੂ ਰੁਕ ਨਹੀਂ ਰਹੇ। ਭਰਾ ਬੋਲ ਨਹੀਂ ਸਕਦਾ ਤਾਂ ਜਜ਼ਬਾਤ ਅੱਖਾਂ ਰਾਹੀਂ ਹੀ ਵਹਿ ਰਹੇ ਹਨ।

ਜਸਵਿੰਦਰ ਦੇ ਪਿਤਾ ਭੁਪਿੰਦਰ ਸਿੰਘ ਮਜ਼ਦੂਰੀ ਕਰ ਕੇ ਘਰ ਚਲਾਉਂਦੇ ਹਨ। ਉਨ੍ਹਾਂ ਮੁਤਾਬਕ, "ਉਹ ਕਾਫ਼ੀ ਦੇਰ ਤੋਂ ਨਸ਼ੇ ਕਰ ਰਿਹਾ ਸੀ। ਸਾਢੇ ਪੰਜ ਕਿੱਲੇ ਜ਼ਮੀਨ ਸੀ, ਉਹ ਵੀ ਨਸ਼ੇ 'ਚ ਹੀ ਚਲੀ ਗਈ। ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਇਸ ਰਸਤੇ ਚਲਾ ਗਿਆ।"

Image copyright Sukcharn preet/bbc

ਪਿੰਡ ਦੇ ਸਰਪੰਚ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਪਿੰਡ ਨੇ ਇਕੱਠੇ ਹੋ ਕੇ ਜਸਵਿੰਦਰ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਣ ਦਾ ਸੁਝਾਅ ਵੀ ਦਿੱਤਾ ਸੀ।

ਉਹ ਦੱਸਦੇ ਹਨ, "ਪਹਿਲਾਂ ਵੀ ਪਤਾ ਸੀ ਕਿ ਇਹ ਨਸ਼ੇ ਕਰਦਾ ਹੈ। ਪਿੰਡ ਵਿੱਚ ਇਕੱਠ ਕਰ ਕੇ ਫ਼ੈਸਲਾ ਵੀ ਕੀਤਾ ਗਿਆ ਸੀ ਕਿ ਇਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭੇਜ ਦਿੱਤਾ ਜਾਵੇ। ਫਿਰ ਇਸ ਦੀ ਮਾਂ ਨੇ ਦੱਸਿਆ ਕਿ ਇਹ ਉਦੋਂ ਘਰੋਂ ਭੱਜ ਗਿਆ। ਪਿਓ ਦੀ ਲੱਤ ਖ਼ਰਾਬ ਹੈ, ਭਰਾ ਗੂੰਗਾ ਹੈ। ਜ਼ਮੀਨ ਪਰਿਵਾਰ ਦੀ ਵਿੱਕ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀ ਮਦਦ ਕਰੇ।"

Image copyright Sukcharn preet/bbc
ਫੋਟੋ ਕੈਪਸ਼ਨ ਜਸਵਿੰਦਰ ਦੇ ਪਿਤਾ

ਪੁਲਿਸ ਮੁਤਾਬਕ ਦੋਹਾਂ ਨੇ ਖੁਦਕੁਸ਼ੀ ਕੀਤੀ ਹੈ।

ਥਾਣਾ ਟੱਲੇਵਾਲ ਦੇ ਇੰਚਾਰਜ ਜਸਵੀਰ ਸਿੰਘ ਮੁਤਾਬਕ, "ਹਾਲਾਤ ਦੇਖ ਕੇ ਲੱਗਦਾ ਹੈ ਦੋਹਾਂ ਨੌਜਵਾਨਾਂ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਪਰਿਵਾਰ ਅਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਦੋਵੇਂ ਪਹਿਲਾਂ ਨਸ਼ੇ ਦੇ ਆਦੀ ਸਨ ਅਤੇ ਘਰ ਵਿੱਚ ਕਲੇਸ਼ ਹੀ ਰੱਖਦੇ ਸਨ। ਹੁਣ ਮਾਨਸਿਕ ਤਣਾਅ ਵਿੱਚ ਵੀ ਰਹਿੰਦੇ ਸਨ। ਪਰਿਵਾਰਾਂ ਦੇ ਬਿਆਨਾਂ ਉੱਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)