ਜਾਣੋ ਵਿਆਹ ਵਿੱਚ ਕਿਹੜੇ ਗਾਣੇ ਚਲਾਉਣੇ ਤੇ ਕਿੰਨੀ ਉੱਚੀ ਚਲਾਉਣੇ

ਸਪੀਕਰ Image copyright Mary Evans Picture Library

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਵਿੱਚਲੀਆਂ ਸਾਰੀਆਂ ਨਿੱਜੀ ਤੇ ਜਨਤਕ ਥਾਵਾਂ 'ਤੇ ਬਿਨਾਂ ਪ੍ਰਵਾਨਗੀ ਕੋਈ ਲਾਊਡ ਸਪੀਕਰਾਂ ਦੀ ਵਰਤੋਂ ਨਹੀਂ ਕਰੇਗਾ।

ਅਦਾਲਤ ਨੇ ਇਹ ਫੈਸਲਾ ਆਵਾਜ਼ ਪ੍ਰਦੂਸ਼ਣ ਅਤੇ ਲੱਚਰ ਗੀਤਾਂ ਬਾਰੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਅਦਾਲਤ ਕੋਲ ਆਈਆਂ ਅਰਜੀਆਂ ਦਾ ਨਿਪਟਾਰਾ ਕਰਦਿਆਂ ਦਿੱਤਾ ਹੈ।

ਵੀਰਵਾਰ ਨੂੰ ਅਦਾਲਤ ਨੇ ਕਿਹਾ ਕਿ ਇਹ ਪਾਬੰਦੀ ਦਿਨ ਦੇ ਸਮੇਂ ਵੀ ਲਾਗੂ ਰਹੇਗੀ ਅਤੇ ਆਵਾਜ਼ ਪ੍ਰਦੂਸ਼ਣ 10 ਡੈਸੀਬਲ ਤੋਂ ਟੱਪਣਾ ਨਹੀਂ ਚਾਹੀਦਾ ਹੈ।

ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਦੋਹਾਂ ਸੂਬਿਆਂ ਤੇ ਚੰਡੀਗੜ੍ਹ ਪ੍ਰਸਾਸ਼ਨ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਆਡੀਟੋਰੀਅਮ, ਕਾਨਫਰੰਸ ਹਾਲਜ਼, ਕਮਿਊਨਿਟੀ ਹਾਲਜ਼, ਬੈਂਕੁਇਟ ਹਾਲਜ਼ ਤੋਂ ਇਲਾਵਾ ਕਿਤੇ ਵੀ ਲਾਊਡਸਪੀਕਰ, ਮੁਨਿਆਦੀ, ਸੰਗੀਤਕ ਸਾਜ ਅਤੇ ਸਾਊਂਡ ਐਂਪਲੀਫਾਇਰ ਦੀ ਰਾਤ ਨੂੰ ਵਰਤੋਂ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ:

ਅਦਾਲਤ ਨੇ ਕਿਹਾ ਕਿ ਦੋਵੇਂ ਸੂਬੇ ਯਕੀਨੀ ਬਣਾਉਣਗੇ ਕਿ ਲਾਊਡਸਪੀਕਰ, ਮੁਨਿਆਦੀ ਤੇ ਸੰਗੀਤਕ ਸਾਜਾਂ ਦੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੌਰਾਨ ਵਰਤੋਂ ਨਾ ਕੀਤੀ ਜਾਵੇ। ਜਦਕਿ ਸਭਿੱਆਚਾਰਕ ਜਾਂ ਧਾਰਮਿਕ ਮੌਕਿਆਂ 'ਤੇ 10 ਵਜੇ ਤੋਂ 12 ਵਜੇ ਦੌਰਾਨ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇਗੀ।

ਰਾਤ 10 ਵਜੇ ਤੋਂ 12 ਵਜੇ ਤੱਕ ਸ਼ਾਂਤੀ ਰੱਖੀ ਜਾਵੇ

10 ਤੋਂ 12 ਵਜੇ ਵਾਲੀ ਵਰਤੋਂ ਵੀ ਕਿਸੇ ਇਲਾਕੇ ਵਿੱਚ ਕੈਲੰਡਰ ਸਾਲ ਦੌਰਾਨ 15 ਦਿਨਾਂ ਤੋਂ ਵੱਧ ਨਹੀਂ ਕੀਤੀ ਜਾ ਸਕੇਗੀ।

ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਾਲਾਨਾ ਪ੍ਰੀਖਿਆਵਾਂ ਤੋਂ 15 ਦਿਨ ਪਹਿਲਾਂ ਕਿਸੇ ਵੀ ਥਾਂ 'ਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਇਜਾਜ਼ਤ ਨਾ ਦਿੱਤੀ ਜਾਵੇ।

Image copyright Getty Images

ਨਿੱਜੀ ਸਮਾਗਮਾਂ ਬਾਰੇ ਹਦਾਇਤ

ਅਦਾਲਤ ਨੇ ਕਿਹਾ ਕਿ ਨਿੱਜੀ ਸਮਾਗਮਾਂ ਵਿੱਚ ਵੱਜਣ ਵਾਲੇ ਲਾਊਡਸਪੀਕਰਾਂ ਦੀ ਆਵਾਜ਼ ਪੰਜ ਡੈਸੀਬਲ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ ਜਿਸ ਦੀ ਆਵਾਜ਼ ਸਮਾਗਮ ਵਾਲੀ ਥਾਂ ਤੋਂ ਬਾਹਰ ਨਾ ਜਾਵੇ।

ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਫ਼ਸਰਾਂ ਨੂੰ ਨਿਯਮਤ ਤੌਰ ਤੇ ਆਡੀਟੋਰੀਅਮਾਂ, ਕਾਨਫਰੰਸ ਹਾਲਾਂ, ਕਮਿਊਨਿਟੀ ਹਾਲਾਂ, ਬੈਂਕੁਇਟ ਹਾਲਾਂ, ਧਾਰਮਿਕ ਸਥਾਨਾਂ ਦੇ ਦੌਰੇ ਕਰਦੇ ਰਹਿਣ।

ਅਦਾਲਤ ਨੇ ਲਿਖਿਆ, "ਅਸੀਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਰੇ ਐੱਸਐੱਸਪੀਜ਼ ਤੇ ਐੱਸਪੀਜ਼ ਨੂੰ ਯਕੀਨੀ ਬਣਾਉਣ ਦੀ ਹਦਾਇਤ ਕਰਦੇ ਹਾਂ ਕਿ ਰਿਹਾਇਸ਼ੀ ਖੇਤਰਾਂ ਦੇ ਸਾਈਲੈਂਸ ਜ਼ੋਨਾਂ ਵਿੱਚ ਐਮਰਜੈਂਸੀ ਹਾਲਤ ਤੋਂ ਬਿਨਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕੋਈ ਹਾਰਨ ਨਾ ਵਜਾਇਆ ਜਾਵੇ।"

ਇਸ ਤੋਂ ਇਲਾਵਾ ਆਪਣੇ ਹੁਕਮਾਂ ਵਿੱਚ ਅਦਾਲਤ ਨੇ ਕਿਹਾ ਕਿ ਰਾਤ ਨੂੰ 10 ਤੋਂ ਸਵੇਰੇ 6 ਵਜੇ ਦੌਰਾਨ ਕੋਈ ਆਵਾਜ਼ ਪੈਦਾ ਕਰਨ ਵਾਲਾ ਉਸਾਰੀ ਉਪਕਰਣ ਨਾ ਵਰਤਿਆ ਜਾਵੇ।

Image copyright Getty Images

ਅਦਾਲਤ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਹਰ ਥਾਂ ਪ੍ਰੈਸ਼ਰ ਹਾਰਨਾਂ 'ਤੇ ਪਾਬੰਦੀ ਹੈ। ਅਦਾਲਤ ਨੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸੰਬੰਧਿਤ ਨਿਯਮਾਂ ਤਹਿਤ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ।

ਸਮੂਹ ਐੱਸਐੱਸਪੀਜ਼ ਤੇ ਐੱਸਪੀਜ਼ ਨੂੰ ਅਦਾਲਤ ਨੇ ਕਿਹਾ ਕਿ ਸਾਰੇ ਮੋਟਰ ਸਾਈਕਲਾਂ 'ਤੇ ਸਾਈਲੈਂਸਰ ਲੱਗੇ ਹੋਣੇ ਚਾਹੀਦੇ ਹਨ।

ਨਸ਼ੇ ਦੀ ਮਹਿਮਾਮੰਡਨ ਵਾਲੇ ਗਾਣਿਆਂ ’ਤੇ ਪਾਬੰਦੀ

ਸੂਬਿਆਂ ਤੇ ਚੰਡੀਗੜ੍ਹ ਦੇ ਡੀਆਈਜੀਆਂ ਨੂੰ ਜਾਰੀ ਨਿਰਦੇਸ਼ਾਂ ਵਿੱਚ ਅਦਾਲਤ ਨੇ ਕਿਹਾ ਕਿ ਸ਼ਰਾਬ, ਨਸ਼ੇ ਅਤੇ ਹਿੰਸਾ ਦੀ ਮਹਿਮਾ ਕਰਨ ਵਾਲਾ ਕੋਈ ਵੀ ਗੀਤ ਅਖਾੜਿਆਂ ਵਿੱਚ ਵੀ ਨਾ ਚਲਾਇਆ ਜਾਵੇ।

ਇਸ ਤੋਂ ਇਲਾਵਾ ਕਿਸੇ ਮੇਲੇ, ਧਾਰਮਿਕ ਜਲੂਸ, ਬਰਾਤ, ਇਕੱਠ ਜਾਂ ਕਿਸੇ ਵਿਦਿਅਕ ਅਦਾਰੇ ਦੀ ਹਦੂਦ ਦੇ ਅੰਦਰ ਕੋਈ ਵੀ ਗੋਲੀ ਚਲਾਉਣ ਵਾਲਾ ਹਥਿਆਰ ਨਾ ਲੈ ਕੇ ਜਾਵੇ।

ਇਸ ਤੋਂ ਇਲਾਵਾ ਯਕੀਨੀ ਬਣਾਇਆ ਜਾਵੇ ਕਿ 12 ਸਾਲ ਤੋਂ ਛੋਟਾ ਕੋਈ ਵੀ ਬੱਚਾ ਉਨ੍ਹਾਂ ਸਿਨੇਮਾ ਘਰਾਂ ਜਾਂ ਮਲਟੀਪਲੈਕਸ ਵਿੱਚ ਦਾਖਲ ਨਾ ਹੋਵੇ ਜਿੱਥੇ ਏ-ਸਰਟੀਫਿਕਟ ਵਾਲੀਆਂ ਜਾਂ ਬਾਲਗ ਸਮਗੱਰੀ ਵਾਲੀ ਫ਼ਿਲਮਾਂ ਦਿਖਾਈਆਂ ਜਾ ਰਹੀਆਂ ਹਨ।

ਅਦਾਲਤ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਵਿਦਿਅਕ ਅਦਾਰਿਆਂ ਦੇ ਨਜ਼ਦੀਕ ਕੋਈ ਵੀ ਨਗਨ ਜਾਂ ਅਰਧ ਨਗਨ ਪੋਸਟਰ ਆਦਿ ਨਾ ਲਾਇਆ ਜਾਵੇ।

ਅਦਾਲਤ ਨੇ ਇਹ ਹੁਕਮ ਐੱਮਐੱਲ ਸਰੀਨ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਜਾਰੀ ਕੀਤੇ ਹਨ।

ਅਦਾਲਤ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਕਿ ਵਿਆਹਾਂ ਵਿੱਚ ਕੋਈ ਅਸ਼ਲੀਲ ਤੇ ਗੈਂਗਸਟਰ ਕਲਚਰ ਦੇ ਮਹਿਮਾ ਮੰਡਨ ਵਾਲੇ ਗੀਤ ਨਾ ਚਲਾਏ ਜਾਣ ਤੇ ਨਾ ਹੀ ਕੋਈ ਅਜਿਹੇ ਸਮਾਗਮਾਂ ਤੇ ਅਸਲ੍ਹਾ ਲੈ ਕੇ ਜਾ ਸਕੇ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾਊਡਸਪੀਕਰਾਂ 'ਤੇ ਪਾਬੰਦੀ ਲਾਉਂਦਿਆਂ ਕਿਹਾ ਹੈ ਕਿ ਸਮਾਗਮਾਂ ਵਿੱਚ ਗੈਂਗਸਟਰ ਕਲਚਰ ਤੇ ਲੱਚਰਤਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)