ਦੁਪੱਟੇ ਤੇ ਟੀ-ਸ਼ਰਟ ਬਾਰੇ ਫਾਜ਼ਿਲਕਾ ਡੀਸੀ ਦੇ ਹੁਕਮ ਨੇ ਛੇੜੀ ਬਹਿਸ, ਕੈਪਟਨ ਨੇ ਸਾਂਭਿਆ ਮੌਕਾ

ਕੈਪਟਨ Image copyright @fazilkadpro/getty images

“ਔਰਤਾਂ ਬਿਨਾਂ ਦੁਪੱਟੇ ਅਤੇ ਮਰਦ ਟੀ-ਸ਼ਰਟ ਪਾ ਕੇ ਦਫ਼ਤਰ ਵਿੱਚ ਨਾ ਆਉਣ...ਨਹੀਂ ਤਾਂ ਕਾਰਵਾਈ ਹੋਵੇਗੀ।” — ਇਹ ਦਫ਼ਤਰੀ ਹੁਕਮ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ (ਡੀਸੀ) ਮਨਪ੍ਰੀਤ ਸਿੰਘ ਵੱਲੋਂ ਦਫ਼ਤਰ ਦੇ ਕਰਮਚਾਰੀਆਂ ਦੇ ਡਰੈੱਸ ਕੋਡ ਲਈ 26 ਜੁਲਾਈ ਨੂੰ ਜਾਰੀ ਹੋਇਆ।

27 ਜੁਲਾਈ ਦੀ ਦੁਪਹਿਰ ਨੂੰ ਇਸ ਹੁਕਮ ਬਾਰੇ ਖ਼ਬਰ ਬਾਹਰ ਆਈ। ਅਸੀਂ ਬੀਬੀਸੀ ਪੰਜਾਬੀ ਦੇ ਫੇਸਬੁੱਕ ਅਤੇ ਹੋਰਨਾਂ ਸੋਸ਼ਲ ਮੀਡੀਆ ਅਕਾਊਂਟਸ 'ਤੇ ਲੋਕਾਂ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਤੇ ਇਸ ਬਾਰੇ ਚਰਚਾ ਭਖਣੀ ਸ਼ੁਰੂ ਹੋ ਗਈ।

ਤਾਜ਼ਾ ਜਾਣਕਾਰੀ ਮੁਤਾਬਕ ਰਾਤ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਵੱਲੋਂ ਜਾਰੀ ਇਸ ਹੁਕਮ ਨੂੰ ਫ਼ਿਲਹਾਲ ਰੱਦ ਕਰ ਦਿੱਤਾ ਹੈ।

ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਇਸ ਬਾਰੇ ਟਵੀਟ ਵੀ ਕੀਤਾ ਤੇ ਪ੍ਰੈੱਸ ਲਈ ਬਿਆਨ ਵੀ ਜਾਰੀ ਕੀਤਾ।

ਆਰਡਰ ਆਇਆ ਕਿੱਥੋਂ

ਜਦੋਂ ਬੀਬੀਸੀ ਪੰਜਾਬੀ ਨੇ ਡੀਸੀ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਮੈਸੇਜ ਕੀਤਾ, ''ਤੁਹਾਡੇ ਨਾਲ ਹੁਣੇ ਡੀਸੀ ਦਫ਼ਤਰ ਕਰਮਚਾਰੀ ਸੰਘ ਦੇ ਪ੍ਰਧਾਨ ਗੱਲ ਕਰਨਗੇ।''

ਕੁਝ ਦੇਰ ਬਾਅਦ ਕਰਮਚਾਰੀ ਸੰਘ ਦੇ ਪ੍ਰਧਾਨ ਦਵਿੰਦਰ ਕਲੇਰ ਨੇ ਫ਼ੋਨ ਕੀਤਾ ਤੇ ਕਿਹਾ “ਯੂਨੀਅਨ ਨੇ ਡੀਸੀ ਸਾਹਿਬ ਕੋਲ ਇਹ ਮੁੱਦਾ ਚੁੱਕਿਆ ਸੀ ਕਿ ਕੁਝ ਕਰਮਚਾਰੀ — ਖ਼ਾਸ ਤੌਰ 'ਤੇ ਨਵੇਂ ਭਰਤੀ ਹੋਏ ਅਤੇ ਨੌਜਵਾਨ ਕਰਮਚਾਰੀ — ਸਰੀਰ ਉੱਤੇ ਟੈਟੂ ਬਣਵਾਈ ਫਿਰਦੇ ਹਨ, ਜੋ ਟੀ-ਸ਼ਰਟ ਪਹਿਨਣ ਕਰਕੇ ਨਜ਼ਰ ਆਉਂਦੇ ਹਨ ਅਤੇ ਇਹ ਚੰਗਾ ਜਿਹਾ ਨਹੀਂ ਲਗਦਾ।”

ਇਹ ਵੀ ਪੜ੍ਹੋ:

ਔਰਤਾਂ ਲਈ ਦੁਪੱਟੇ ਨੂੰ ਜ਼ਰੂਰੀ ਕਰਨ ਬਾਰੇ ਯੂਨੀਅਨ ਪ੍ਰਧਾਨ ਨੇ ਕਿਹਾ, “ਜਦੋਂ ਅਸੀਂ ਡੀਸੀ ਸਾਹਿਬ ਕੋਲ ਗਏ ਤਾਂ ਸਾਡੇ ਨਾਲ ਕੁਝ ਮਹਿਲਾ ਕਰਮਚਾਰੀ ਵੀ ਸਨ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਇਹ ਫ਼ੈਸਲਾ ਹੋਇਆ ਕਿ ਔਰਤਾਂ ਲਈ ਵੀ ਕੋਈ ਅਜਿਹਾ ਅਸੂਲ ਹੋਣਾ ਚਾਹੀਦਾ ਹੈ, ਤਾਂ ਜੋ ਢਿੱਲੇ ਜਿਹੇ ਕੱਪੜੇ ਪਾ ਕੇ ਕੋਈ ਨਾ ਆਵੇ।”

ਇਹ ਪੁੱਛੇ ਜਾਣ 'ਤੇ ਕਿ ਇਹ ਕਿਸ ਨੇ ਤੈਅ ਕੀਤਾ ਕਿ ਦੁਪੱਟਾ ਹੀ ਸਲੀਕੇ ਦੀ ਪਛਾਣ ਮੰਨਿਆ ਜਾਵੇਗਾ ਤਾਂ ਉਨ੍ਹਾਂ ਨੇ ਕਿਹਾ, “ਸਾਡਾ ਟੀਚਾ ਇਹੀ ਸੀ ਕਿ ਲੋਕ ਚੰਗੇ ਕੱਪੜੇ ਪਾ ਕੇ ਆਉਣ। ਸਾਡਾ ਕੋਈ ਹੋਰ ਮੰਤਵ ਨਹੀਂ ਸੀ।”

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਡੀਸੀ ਕਰਮਚਾਰੀ ਮੰਗ ਨੂੰ ਸਰਕਾਰ ਨੂੰ ਭੇਜਣ ਅਤੇ ਇਸ ਬਾਰੇ ਫ਼ੈਸਲਾ ਸੋਚ-ਵਿਚਾਰ ਤੋਂ ਬਾਅਦ ਲਿਆ ਜਾਵੇਗਾ।

ਬਿਆਨ ਵਿੱਚ ਅੱਗੇ ਮੁੱਖ ਮੰਤਰੀ ਨੇ ਕਿਹਾ ਕਿ ਦਫ਼ਤਰ ਵਿੱਚ ਕੱਪੜਿਆਂ ਨੂੰ ਲੈ ਕੇ ਸਲੀਕੇ ਦਾ ਪੈਮਾਨਾ ਤੈਅ ਕਰਨ ਦੇ ਹੋਰ ਤਰੀਕੇ ਲੱਭੇ ਜਾਣਗੇ।

ਇਹ ਵੀਡੀਓਜ਼ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)