ਕੁਵੈਤ ਤੋਂ 'ਗੁਲਾਮੀ' ਕੱਟ ਕੇ ਗੁਰਦਾਸਪੁਰ ਆਪਣੇ ਘਰ ਪਰਤੀ ਪੰਜਾਬਣ ਦੀ ਕਹਾਣੀ

ਕੁਵੈਤ Image copyright Getty Images

ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਵੈਤ ਵਿੱਚ ਪੈਸਾ ਕਮਾਉਣ ਦਾ ਸੁਪਨਾ ਲੈਕੇ ਗਈ ਜ਼ਿਲ੍ਹਾ ਗੁਰਦਾਸਪੁਰ ਦੀ ਅਨੂ (ਬਦਲਿਆ ਹੋਇਆ ਨਾਮ) ਭਾਰਤ ਪਰਤ ਆਈ ਹੈ।

ਤਿੰਨ ਬੱਚਿਆਂ ਦੀ ਮਾਂ ਅਨੂ ਨੇ ਕਰੀਬ 11 ਮਹੀਨੇ ਤੱਕ ਬੰਦੀ ਬਣ ਤਸੀਹੇ ਸਹੇ ਹਨ।

ਇਸ ਵਾਪਸੀ ਦਾ ਸਿਹਰਾ ਜਾਂਦਾ ਹੈ ਉਸ ਦੇ ਪੁੱਤਰ ਨੂੰ ਜਿਸ ਨੇ ਇਸ ਦੌਰਾਨ ਲਗਾਤਾਰ ਆਪਣੀ ਮਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ

ਕਮਜ਼ੋਰ ਸਿਹਤ ਹੋਣ ਕਾਰਨ ਭਾਰਤ ਪਹੁੰਚਦੇ ਹੀ ਅਨੂ ਇੱਕ ਰਾਤ ਹਸਪਤਾਲ ਰਹੀ ਅਤੇ ਸ਼ਨੀਵਾਰ ਦੇਰ ਸ਼ਾਮ ਘਰ ਪਹੁੰਚੀ। ਘਰ ਆ ਕੇ ਉਸ ਨੂੰ ਮਹਿਸੂਸ ਹੋਇਆ ਕਿ ਉਹ ਬੱਚਿਆਂ ਵਿੱਚ ਵਾਪਸ ਆ ਕੇ ਖੁਸ਼ ਤਾਂ ਹੈ ਪਰ ਪਤੀ ਗੁਆ ਲੈਣ ਦਾ ਦੁੱਖ ਵੀ ਹੈ।

ਗੁਰਦਾਸਪੁਰ ਆਪਣੇ ਘਰ ਪਹੁੰਚ ਕੇ ਗੱਲਬਾਤ ਕਰਦਿਆਂ ਉਸ ਨੇ ਆਪਣੀ ਹੱਡਬੀਤੀ ਸੁਣਾਈ।

ਉਸ ਨੇ ਦੱਸਿਆ, "ਘਰ ਆ ਕੇ ਖੁਸ਼ ਤਾਂ ਹਾਂ ਪਰ ਜਦੋਂ ਘਰ ਦੀਆਂ ਲੋੜਾਂ ਲਈ ਵਿਦੇਸ਼ ਗਈ ਸੀ ਤਾਂ ਬਹੁਤ ਕੁਝ ਸੋਚਿਆ ਸੀ ਪਰ ਅੱਜ ਘਰ ਆ ਕੇ ਇਵੇਂ ਲਗ ਰਿਹਾ ਹੈ ਕਿ ਕੁਝ ਨਹੀਂ ਹਾਸਿਲ ਹੋਇਆ।”

“ਜਦੋਂ ਮੈਂ ਵਿਦੇਸ਼ 'ਚ ਸੀ ਤਾਂ ਪਿੱਛੇ ਪਤੀ ਗੁਜ਼ਰ ਗਏ, ਹੁਣ ਤਾਂ ਇੰਝ ਲੱਗ ਰਿਹਾ ਹੈ ਕਿ ਜਿਵੇਂ ਸਭ ਕੁਝ ਗੁਆ ਲਿਆ ਹੋਵੇ।"

ਇਹ ਵੀ ਪੜ੍ਹੋ:

ਗਿਆਰਾਂ ਮਹੀਨਿਆਂ ਦੇ ਬੀਤੇ ਪਲਾਂ ਬਾਰੇ ਪੁੱਛਣ 'ਤੇ ਅਨੂ ਨੇ ਦੱਸਿਆ, "ਵਿਦੇਸ਼ 'ਚ ਕੋਈ ਨਾ ਜਾਵੇ ਘੱਟ ਕਮਾ ਲਓ ਘੱਟ ਖਾ ਲਓ ਪਰਿਵਾਰ ਨਾ ਛੱਡੋ।"

ਅਨੂ ਨੇ ਕਿਹਾ, "ਵਿਦੇਸ਼ ਭੇਜਣ ਤੋਂ ਪਹਿਲਾਂ ਟਰੈਵਲ ਏਜੇਂਟ ਨੇ ਕਿਹਾ ਸੀ ਕਿ ਕੁਵੈਤ ਦੇ ਇੱਕ ਘਰ 'ਚ ਕੰਮ ਕਰਨਾ ਹੋਵੇਗਾ ਉੱਥੇ ਰੋਟੀ, ਰਹਿਣ ਨੂੰ ਥਾਂ ਮਿਲੇਗੀ ਅਤੇ 25 ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਮਿਲੇਗੀ।"

"ਘਰ 'ਚ ਕੰਮ ਤਾਂ ਮਿਲਿਆ ਪਰ ਜੋ ਮਾਲਿਕ ਸੀ ਉਹ 24 ਘੰਟੇ ਕੰਮ ਲੈਂਦਾ ਸੀ। ਸੌਣ ਵੀ ਨਹੀਂ ਦਿੰਦਾ ਸੀ ਅਤੇ ਖਾਣ ਨੂੰ ਇੱਕ ਵੇਲੇ ਦੀ ਰੋਟੀ ਮਿਲਦੀ ਅਤੇ ਪਾਣੀ ਪੀ ਗੁਜ਼ਾਰਾ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਕੁੱਟਮਾਰ ਵੀ ਹੁੰਦੀ ਸੀ।"

ਅਨੂ ਨੇ ਅੱਗੇ ਦੱਸਿਆ ਕਿ ਤਨਖਾਹ ਮੰਗਣ 'ਤੇ ਆਖਦੇ ਕਿ ਦੋ ਸਾਲ ਬਾਅਦ ਇਕੱਠੇ ਪੈਸੇ ਮਿਲਣਗੇ

ਅਨੂ ਨੇ ਦੱਸਿਆ, ''ਬੀਤਿਆ ਇੱਕ ਸਾਲ ਮੁਸ਼ਕਲਾਂ ਭਰਿਆ ਹੀ ਸੀ। ਤਸੀਹੇ ਬਹੁਤ ਸਨ ਅਤੇ ਜਦੋਂ ਘਰ ਪਰਿਵਾਰ ਨਾਲ ਗੱਲ ਕਰਨੀ ਹੁੰਦੀ ਸੀ ਤਾਂ ਉਹ ਧਮਕੀ ਦਿੰਦੇ ਸੀ। ਉਹ ਕਹਿੰਦੇ ਸੀ ਕਿ ਜੇਕਰ ਕੋਈ ਗੱਲ ਘਰ ਦੱਸੀ ਤਾ ਕੁੱਟ-ਕੁੱਟ ਕੇ ਜਾਨੋ ਮਾਰ ਦਿਆਂਗੇ।"

"ਜਦੋਂ ਪਤੀ ਦੀ ਭਾਰਤ 'ਚ ਮੌਤ ਹੋਈ ਤਾਂ ਬਹੁਤ ਤਰਲਾ ਮਾਰਿਆ ਸੀ ਕਿ ਵਾਪਸ ਜਾਣ ਦਿਓ ਪਰ ਮਾਲਕ ਕਹਿੰਦਾ ਕਿ ਰੋਜ਼ ਲੱਖਾਂ ਲੋਕ ਮਰਦੇ ਹਨ ਜੇਕਰ ਉਹ ਮਰ ਗਿਆ ਤਾਂ ਕੀ ਹੋਇਆ।"

ਅਨੂ ਕਹਿੰਦੀ ਹੈ ਕਿ ਉਮੀਦ ਟੁੱਟ ਚੁੱਕੀ ਸੀ ਕਿ ਕਦੇ ਮੈਂ ਵਾਪਸ ਵੀ ਪਰਤਾਂਗੀ ਅਤੇ ਲਗਦਾ ਸੀ ਕਿ ਹੁਣ ਕੁਵੈਤ 'ਚ ਹੀ ਮਰ ਜਾਣਾ।

Image copyright Gurpreet Chawla/bbc

ਪੁੱਤਰ ਦੀ ਹਿੰਮਤ ਨਾਲ ਹੋਈ ਵਾਪਸੀ

ਜਿਸ ਦਿਨ ਕੁਵੈਤ ਤੋਂ ਭਾਰਤ ਵਾਪਸੀ ਸੀ ਅਨੂ ਨੂੰ ਉਸ ਵੇਲੇ ਹੀ ਪਤਾ ਲੱਗਿਆ ਕਿ ਉਹ ਆਜ਼ਾਦ ਹੋਣ ਜਾ ਰਹੀ ਹੈ। ਮਦਦ ਲਈ ਜਦੋਂ ਸਮਾਜ ਸੇਵੀ ਸੰਸਥਾ ਵਾਲੇ ਆਏ ਅਤੇ ਉਹਨਾਂ ਮਾਲਕ ਨੂੰ 1200 ਦੀਨਾਰ ਦਿੱਤੇ ਤਾਂ ਪਤਾ ਲੱਗਿਆ ਕਿ ਵਾਪਸ ਜਾਣਾ ਹੈ।"

ਅਨੂ ਦੱਸਦੀ ਹੈ, “ਜੋ ਪੁੱਤ ਨੇ ਕੀਤਾ ਉਹ ਬਹੁਤ ਵੱਡੀ ਗੱਲ ਹੈ। ਉਸੇ ਦੀ ਹਿੰਮਤ ਨਾਲ ਹੀ ਘਰ 'ਚ ਹਾਂ। ਮੇਰੀ ਉਮਰ ਵੀ ਬੱਚਿਆਂ ਨੂੰ ਲੱਗ ਜਾਵੇ।"

ਮਾਂ ਦੀ ਵਤਨ ਵਾਪਸੀ ਲਈ ਦਰ-ਦਰ ਮਦਦ ਦੀ ਗੁਹਾਰ ਲਾਉਣ ਵਾਲੇ 21 ਸਾਲਾ ਅਜੈ (ਬਦਲਿਆ ਹੋਇਆ ਨਾਮ) ਨੇ ਦੱਸਿਆ, “ਕਰੀਬ ਇੱਕ ਸਾਲ ਪਹਿਲਾਂ, ਮੇਰੀ ਮਾਂ ਨੂੰ ਟਰੈਵਲ ਏਜੰਟ ਨੇ ਵਿਦੇਸ਼ ਭੇਜਿਆ ਸੀ।"

"ਟਰੈਵਲ ਏਜੰਟ ਵੱਲੋਂ ਮੇਰੀ ਮਾਂ ਨੂੰ ਕੁਵੈਤ ਭੇਜਿਆ ਗਿਆ ਅਤੇ ਕਿਹਾ ਗਿਆ ਸੀ ਕਿ ਉਸ ਨੂੰ ਉੱਥੇ ਘਰ ਦਾ ਕੰਮ ਕਰਨ ਲਈ ਭੇਜਿਆ ਗਿਆ ਹੈ। ਮਾਂ ਦਾ ਫੋਨ ਵੀ ਕਾਫੀ ਦਿਨਾਂ ਬਾਅਦ ਆਉਂਦਾ ਤਾਂ ਉਸ ਤੋਂ ਬਾਅਦ ਅਸੀਂ ਏਜੰਟ ਨਾਲ ਗੱਲ ਕੀਤੀ ਪਰ ਏਜੰਟ ਨੇ ਸਾਨੂੰ ਕੁਝ ਨਹੀ ਦੱਸਿਆ ਅਤੇ ਕੋਈ ਠੀਕ ਜਵਾਬ ਵੀ ਨਹੀਂ ਦਿਤਾ।"

“ਏਜੰਟ ਵੱਲੋਂ ਕੋਈ ਜਵਾਬ ਨਾ ਮਿਲਦਾ ਦੇਖ ਕੇ ਮੇਰੇ ਪਿਤਾ ਸੁਰਿੰਦਰ ਕੁਮਾਰ ਨੇ ਪੁਲਿਸ ਥਾਣਾ ਧਾਰੀਵਾਲ ਵਿੱਚ ਸ਼ਿਕਾਇਤ ਕਰ ਦਿੱਤੀ ਪਰ ਬਹੁਤ ਦੇਰ ਤੱਕ ਉਸ ਸ਼ਿਕਾਇਤ ਦਾ ਕੁਝ ਨਹੀ ਹੋਇਆ ਅਤੇ ਇਸ ਚਿੰਤਾ ਦੇ ਕਾਰਨ ਕੁਝ ਮਹੀਨੇ ਪਹਿਲਾਂ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।"

ਅਜੈ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਘਰ 'ਚ ਅਸੀਂ ਤਿੰਨੇ ਬੱਚੇ ਮਾਂ ਦੀ ਯਾਦ ਵਿੱਚ ਹਰ ਵੇਲੇ ਰੋਂਦੇ ਕੁਰਲਾਉਂਦੇ ਰਹਿੰਦੇ ਸੀ।

Image copyright Gurpreet Chawla/bbc

ਅਜੈ ਮੁਤਾਬਕ, ''ਮੈਂ ਮਾਂ ਦੀ ਘਰ ਵਾਪਸੀ ਦੀ ਗੁਹਾਰ ਹਰ ਇਕ ਨੇਤਾ ਅਤੇ ਹਰ ਸਮਾਜਿਕ ਸੰਸਥਾ ਅੱਗੇ ਲਾਈ ਅਤੇ ਅਖੀਰ ਪੰਜਾਬ ਲੀਗਲ ਸਰਵਿਸਿਜ਼ ਅਥਾਰਿਟੀ ਅਤੇ ਵਿਦੇਸ਼ 'ਚ ਬੈਠੇ ਸਮਾਜ ਸੇਵੀ ਉਸ ਦੀ ਮਦਦ ਲਈ ਅੱਗੇ ਆਏ।''

ਅਜੈ ਆਖਦਾ ਹੈ ਕਿ ਕੁਵੈਤ ਦੀ ਇੱਕ ਸਮਾਜ ਸੇਵੀ ਸੰਸਥਾ ਨਾਲ ਉਸ ਦੀ ਕੁਝ ਮਹੀਨੇ ਪਹਿਲਾਂ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਮੇਰੀ ਮਾਂ ਨੂੰ ਕੁਵੈਤ ਦੇ ਰਹਿਣ ਵਾਲੇ ਇੱਕ ਸ਼ੇਖ ਨੇ ਪੈਸੇ ਦੇ ਕੇ ਖਰੀਦਿਆ ਹੈ ਅਤੇ ਉਹ ਉੱਥੇ ਬੰਦੀ ਹੈ।

ਇਸ ਤੋਂ ਬਾਅਦ, "ਕੈਨੇਡਾ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਕੀਤੀ ਮਦਦ ਨਾਲ ਉਸ ਦੀ ਮਾਂ ਦੀ ਵਤਨ ਵਾਪਸੀ ਸੰਭਵ ਹੋਈ।

ਭਾਰਤ ਪਹੁੰਚਣ ਤੋਂ ਬਾਅਦ ਪੰਜਾਬ ਲੀਗਲ ਸਰਵਿਸਿਜ਼ ਅਥਾਰਿਟੀ ਵੱਲੋਂ ਇੱਕ ਲੱਖ ਰੁਪਏ ਦੀ ਮਦਦ ਤੋਂ ਇਲਾਵਾ ਅਨੂ ਦੀ ਕਮਜ਼ੋਰ ਹਾਲਤ ਕਾਰਨ ਉਸ ਦੀ ਡਾਕਟਰੀ ਸਹਾਇਤਾ ਵੀ ਕੀਤੀ ਗਈ।

ਵੀਡੀਓ ਵੀ ਦੇਖੋ ਔਰਤ ਦੀ ਦਰਦਭਰੀ ਕਹਾਣੀ

ਅਜੈ ਨੇ ਦੱਸਿਆ ਕਿ ਅੱਗੇ ਵੀ ਹਰ ਤਰ੍ਹਾਂ ਨਾਲ ਸਹਾਇਤਾ ਦੇਣ ਦੀ ਗੱਲ ਪਰਿਵਾਰ ਨੂੰ ਕਹੀ ਗਈ ਹੈ। ਉਸਦਾ ਕਹਿਣਾ ਹੈ ਕਿ ਉਹ ਹਰ ਮਦਦ ਕਰਨ ਵਾਲੇ ਤੇ ਹਰ ਉਸ ਇਨਸਾਨ ਦਾ ਧੰਨਵਾਦੀ ਹੈ ਜਿਸ ਨੇ ਉਸਦੀ ਮਾਂ ਦੀ ਵਤਨ ਵਾਪਸੀ ਲਈ ਅਰਦਾਸ ਵੀ ਕੀਤੀ ਹੋਵੇ।

ਉਧਰ ਇਸ ਮਾਮਲੇ 'ਚ ਪੁਲਿਸ ਵਲੋਂ ਪੁੱਤਰ ਦੇ ਬਿਆਨਾਂ ਹੇਠ ਟਰੈਵਲ ਏਜੇਂਟ ਮੁਖਤਿਆਰ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ 20 ਜੂਨ 2019 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਅਤੇ 22 ਜੂਨ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਡੀਐੱਸਪੀ ਲਖਵਿੰਦਰ ਸਿੰਘ ਨੇ ਦੱਸਿਆ, "ਏਜੰਟ ਮੁਖਤਿਆਰ ਸਿੰਘ ਦੇ ਖਿਲਾਫ ਧਾਰਾ 370 , ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਜਲਦੀ ਵਤਨ ਪਰਤੀ ਪੀੜਤ ਮਹਿਲਾ ਦੇ ਬਿਆਨ ਵੀ ਲਏ ਜਾਣਗੇ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)