ਗੁਰਮੇਹਰ ਕੌਰ ਨੂੰ ਕਾਰਗਿਲ ਦੇ ਨਾਂ 'ਤੇ ਮਿਲਦੀਆਂ ਦਾਵਤਾਂ ਤੋਂ ਗੁਰੇਜ਼ ਕਿਉਂ ਹੈ

ਗੁਰਮੇਹਰ ਕੌਰ Image copyright Gurmeharrr/INSTAGRAM

ਗੁਰਮੇਹਰ ਕੌਰ ਦੇ ਪਿਤਾ ਕੈਪਟਨ ਮਨਦੀਪ ਸਿੰਘ ਭਾਰਤੀ ਫੌਜ ਵਿੱਚ ਸਨ ਅਤੇ ਕਾਰਗਿਲ ਦੀ ਜੰਗ ਦੌਰਾਨ ਉੱਥੇ ਮਾਰੇ ਗਏ ਸਨ।

ਸਾਲ 2017 ਵਿੱਚ ਗੁਰਮੇਹਰ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 'ਪਾਕਿਸਤਾਨ ਨੇ ਮੇਰੇ ਪਿਤਾ ਨੂੰ ਨਹੀਂ ਮਾਰਿਆ, ਜੰਗ ਨੇ ਮਾਰਿਆ ਸੀ'। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।

ਗੁਰਮੇਹਰ ਕੌਰ ਨੇ ਕਾਰਗਿਲ ਦੀ ਲੜਾਈ ਦੇ 20 ਸਾਲ ਪੂਰੇ ਹੋਣ 'ਤੇ ਬੀਬੀਸੀ ਉਰਦੂ ਲਈ ਇੱਕ ਬਲਾਗ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਅੱਗੇ ਪੜ੍ਹੋ ਗੁਰਮੇਹਰ ਕੌਰ ਨੇ ਕੀ ਕਿਹਾ ਹੈ...

ਇਸ ਗੱਲ ਨੂੰ ਕਿੰਨੇ ਸਾਲ ਬੀਤ ਚੁੱਕੇ ਹਨ, ਸਾਡੇ ਘਰ ਵਿੱਚ ਕੋਈ ਵੀ ਇਸ ਦਾ ਹਿਸਾਬ ਨਹੀਂ ਰੱਖਦਾ ਹੈ।

ਹਾਂ ਜੇ ਕਦੇ ਦੱਸਣ ਦੀ ਲੋੜ ਪੈ ਹੀ ਜਾਵੇ, ਕਿ ਇਹ ਘਟਨਾ ਕਦੋਂ ਵਾਪਰੀ ਸੀ ਤਾਂ ਅਸੀਂ ਲੋਕ ਮੇਰੀ ਭੈਣ ਤੋਂ ਉਸ ਦੀ ਉਮਰ ਪੁੱਛ ਲੈਂਦੇ ਹਾਂ। ਆਪ੍ਰੇਸ਼ਨ ਵਿਜੇ ਦੀ ਕਾਮਯਾਬੀ ਦੇ ਚੰਦ ਦਿਨਾਂ ਬਾਅਦ ਸਾਡੇ ਪਿਤਾ ਦੀ ਮੌਤ ਹੋਈ ਸੀ। ਉਸ ਵਕਤ ਸਾਡੀ ਛੋਟੀ ਭੈਣ ਕੇਵਲ ਤਿੰਨ ਮਹੀਨਿਆਂ ਦੀ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਬੀਤੇ ਸਾਲਾਂ ਦਾ ਹਿਸਾਬ ਸਾਡੀ ਭੈਣ ਦੀਆਂ ਹੱਡੀਆਂ ਵਿੱਚ ਲਿਖਿਆ ਹੋਇਆ ਹੈ ਕਿਉਂਕਿ ਇੰਨੇ ਵਕਤ ਦੌਰਾਨ ਉਸ ਦੇ ਛੋਟੀਆਂ-ਛੋਟੀਆਂ ਬਾਹਾਂ ਅਤੇ ਟੰਗਾਂ ਬਹੁਤ ਵੱਡੀਆਂ ਹੋ ਚੁੱਕੀਆਂ ਹਨ ਅਤੇ ਤਿੰਨ ਮਹੀਨੇ ਦੀ ਬੱਚੀ ਹੁਣ ਵੱਡੀ ਹੋ ਚੁੱਕੀ ਹੈ।

ਇਨ੍ਹਾਂ 20 ਸਾਲਾਂ ਵਿੱਚ ਅਸੀਂ ਕਦੇ ਵੀ ਉਸ ਦੀ ਜ਼ਬਾਨ ਤੋਂ ਉਸ ਘਟਨਾ ਬਾਰੇ ਇੱਕ ਲਫਜ਼ ਵੀ ਨਹੀਂ ਸੁਣਿਆ ਹੈ।

ਅਸੀਂ ਜਦੋਂ ਵੀ ਉਸ ਬਾਰੇ ਗੱਲ ਕਰਦੇ ਹਾਂ, ਉਸ ਨੂੰ ਕੁਝ ਪੁੱਛਦੇ ਹਾਂ ਤਾਂ ਜਵਾਬ ਵਿੱਚ ਉਹ ਮੁਸ਼ਕਿਲ ਨਾਲ ਕੁਝ ਸ਼ਬਦ ਹੀ ਦੱਸ ਪਾਉਂਦੀ ਹੈ ਅਤੇ ਹੌਲੇ ਜਿਹੇ ਸਿਰ ਹਿਲਾ ਕੇ ਹਾਂ ਵਿੱਚ ਹਾਂ ਮਿਲਾ ਦੇਂਦੀ ਹੈ।

Image copyright Getty Images
ਫੋਟੋ ਕੈਪਸ਼ਨ ਗੁਰਮੇਹਰ ਅਨੁਸਾਰ ਦੋਵੇਂ ਦੇਸ ਦੇ ਸਿਆਸਤਦਾਨ ਕਸ਼ਮੀਰ ਸਮੱਸਿਆ ਦਾ ਹੱਲ ਨਹੀਂ ਕਰਨਾ ਚਾਹੁੰਦੇ ਹਨ

ਮੈਂ ਤੇ ਮੇਰੀ ਮਾਂ ਉਨ੍ਹਾਂ ਥੋੜ੍ਹੀਆਂ ਯਾਦਾਂ ਬਾਰੇ ਸੋਚ ਕੇ ਖੁਸ਼ ਹੋ ਜਾਂਦੇ ਹਾਂ, ਜੋ ਸਾਡੇ ਕੋਲ ਬਚੀਆਂ ਹੋਈਆਂ ਹਨ।

ਅਸੀਂ ਦੋਵੇਂ ਉਨ੍ਹਾਂ ਦਿਨਾਂ ਦੀਆਂ ਧੁੰਧਲੀਆਂ ਤਸਵੀਰਾਂ ਵਿੱਚ ਮੇਰੇ ਪਿਤਾ ਦਾ ਚਿਹਰਾ ਵੇਖ ਕੇ ਅਰਥ ਤਲਾਸ਼ ਕਰਦੇ ਹਾਂ।

ਪਰ ਇਹ ਤਸਵੀਰਾਂ ਮੇਰੀ ਭੈਣ ਲਈ ਕੇਵਲ ਇੱਕ ਉਦਾਸੀ ਦੇ ਇਲਾਵਾ ਕੁਝ ਨਹੀਂ ਹੈ। ਉਹ ਕਦੇ ਕੁਝ ਨਹੀਂ ਕਹਿੰਦੀ ਹੈ ਅਤੇ ਅਸੀਂ ਵੀ ਕਦੇ ਉਸ ਨੂੰ ਮਜਬੂਰ ਨਹੀਂ ਕੀਤਾ ਕਿ ਉਹ ਇਸ ਬਾਰੇ ਗੱਲ ਕਰੇ।

ਮੇਰੀ ਮਾਂ ਤੋਂ ਗ਼ਮ ਦੀ ਉਮੀਦ ਹੁੰਦੀ ਹੈ

ਭਾਰਤ ਵਿੱਚ ਹਰ ਸਾਲ 26 ਜੁਲਾਈ ਨੂੰ 'ਕਾਰਗਿਲ ਵਿਜੇ ਦਿਵਸ' ਦਾ ਜਸ਼ਨ ਮਨਾਇਆ ਜਾਂਦਾ ਹੈ ਤਾਂ ਅਸੀਂ ਵੀ ਉਸ ਵਿੱਚ ਸ਼ਾਮਿਲ ਹੁੰਦੇ ਹਾਂ। ਇਹ ਪਾਕਿਸਤਾਨੀ ਘੁਸਪੈਠੀਆਂ ਖਿਲਾਫ਼ ਸਾਡੀ ਵੱਡੀ ਜਿੱਤ ਦਾ ਜਸ਼ਨ ਹੁੰਦਾ ਹੈ ਜੋ ਅਸੀਂ 1999 ਵਿੱਚ ਹਾਸਿਲ ਕੀਤੀ ਸੀ।

ਬੀਤੇ ਕੁਝ ਸਾਲਾਂ ਤੋਂ ਜੁਲਾਈ ਸਾਡੇ ਲਈ ਇੱਕ ਅਜਿਹਾ ਮਹੀਨਾ ਬਣ ਗਿਆ ਹੈ ਜਦੋਂ ਗ਼ੈਰ-ਸਰਕਾਰੀ ਸੰਗਠਨ, ਸਿਆਸੀ ਲੋਕ, ਲੇਡੀਜ਼ ਕਲੱਬ ਅਤੇ ਅਜਿਹੇ ਹੋਰ ਲੋਕਾਂ ਵੱਲੋਂ ਦਾਵਤ ਮਿਲਣੀ ਸ਼ੁਰੂ ਹੋ ਜਾਂਦੀ ਹੈ।

ਹਰ ਕੋਈ ਚਾਹੁੰਦਾ ਹੈ ਕਿ ਮੇਰੀ ਮਾਂ ਉਨ੍ਹਾਂ ਦੇ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਆਪਣੀ ਹਿੰਮਤ ਤੇ ਬਹਾਦਰੀ ਬਾਰੇ ਦੱਸੇ। ਉਹ ਚਾਹੁੰਦੇ ਹਨ ਕਿ ਮੇਰੀ ਮਾਂ ਦੱਸੇ ਕਿ ਉਹ ਅਜੇ ਤੱਕ ਕਿਸ ਬਹਾਦਰੀ ਨਾਲ ਜ਼ਿੰਦਗੀ ਦਾ ਮੁਕਾਬਲਾ ਕਰ ਰਹੀ ਹੈ।

Image copyright Gurmehar Kaur
ਫੋਟੋ ਕੈਪਸ਼ਨ ਗੁਰਮੇਹਰ ਕੌਰ ਦੇ ਪਿਤਾ ਕਾਰਗਿਲ ਦੀ ਜੰਗ ਵਿੱਚ ਮਾਰੇ ਗਏ ਸਨ

ਮੇਰੀ ਮਾਂ ਅਕਸਰ ਉਨ੍ਹਾਂ ਸਮਾਗਮਾਂ ਵਿੱਚ ਜਾਣ ਤੋਂ ਗੁਰੇਜ਼ ਕਰਦੀ ਹੈ ਕਿਉਂਕਿ ਉੱਥੇ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਗ਼ਮ ਨੂੰ ਖੁੱਲ੍ਹ ਕੇ ਦੱਸਣਗੇ, ਇੰਨਾ ਖੁੱਲ੍ਹ ਕੇ ਕਿ ਉੱਥੇ ਮੌਜੂਦ ਲੋਕ ਉਨ੍ਹਾਂ ਨੂੰ ਗ਼ੌਰ ਨਾਲ ਸੁਣਨ।

ਉਹ ਲੋਕਾਂ ਦੀਆਂ ਉਮੀਦਾਂ ਕਰਕੇ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇੱਕ ਉਹ ਹਿੱਸਾ ਹੈ ਜੋ ਆਪਣੇ ਪਤੀ ਦੀ ਯਾਦ ਵਿੱਚ ਉਨ੍ਹਾਂ ਬਾਰੇ ਹੋਣ ਵਾਲੀ ਚਰਚਾ ਵਿੱਚ ਸ਼ਾਮਿਲ ਹੋ ਜਾਂਦਾ ਹੈ।

ਦੂਜਾ ਉਹ ਜੋ ਸਮਝਦਾ ਹੈ ਕਿ ਉਹ ਸਾਡੇ ਪਿਤਾ ਬਾਰੇ ਜਿੰਨੀ ਗੱਲ ਕਰਨਗੇ, ਉਹ ਓਨੇ ਹੀ ਜ਼ਿਆਦਾ ਯਾਦ ਆਉਣਗੇ ਅਤੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਕਮੀ ਵੱਧ ਮਹਿਸੂਸ ਹੋਵੇਗੀ।

ਮੈਂ ਕਦੇ ਇਹ ਵੀ ਆਸ ਨਹੀਂ ਕੀਤੀ ਕਿ ਮੈਂ ਸਮਾਗਮਾਂ ਵਿੱਚ ਜਾ ਕੇ ਆਪਣੇ ਦੁਖਾਂ ਦੀ ਖੁੱਲ੍ਹ ਕੇ ਨੁਮਾਇਸ਼ ਕਰਾਂ।

ਆਪਣੀ ਕਹਾਣੀ ਉੱਥੇ ਆਈਆਂ ਹੋਈਆਂ ਆਂਟੀਆਂ ਨੂੰ ਸੁਣਾਵਾਂ ਅਤੇ ਉਹ ਪਿਆਰ ਨਾਲ ਮੈਨੂੰ ਇਹ ਅਹਿਸਾਸ ਦਿਵਾਉਣ ਕਿ ਮੈਂ ਕਿਸ ਕਦਰ ਬਦਕਿਸਮਤ ਹਾਂ। ਇੱਕ ਅਜਿਹੀ ਧੀ ਜਿਸ ਦਾ ਪਿਤਾ ਹੁਣ ਉਸ ਦੇ ਕੋਲ ਨਹੀਂ ਹੈ।

ਫਿਰ ਉਸ ਤੋਂ ਬਾਅਦ ਆਂਟੀਆਂ ਮੈਨੂੰ ਆਪਣੀ ਗੋਦ ਵਿੱਚ ਚੁੱਕ ਲੈਣ, ਮੈਨੂੰ ਦਿਲਾਸਾ ਦੇਣ, ਤਾਂ ਜੋ ਆਪਣੇ ਬਾਰੇ ਵਿੱਚ ਚੰਗਾ ਮਹਿਸੂਸ ਕਰਵਾ ਸਕਣ। ਖ਼ੈਰਾਤ ਵਿੱਚ ਮਿਲੀ ਹਮਦਰਦੀ ਮੈਨੂੰ ਪਸੰਦ ਨਹੀਂ ਹੈ।

ਪਾਕਿਸਤਾਨੀ ਫੌਜ ਤੋਂ ਆਪਣੀਆਂ ਚੌਕੀਆਂ ਛੁਡਾਇਆਂ ਹੁਣ ਸਾਨੂੰ ਦੋ ਦਹਾਕੇ ਹੋ ਚੁੱਕੇ ਹਨ ਪਰ ਘਾਟੀ ਵਿੱਚ ਬੇਚੈਨੀ ਹੁਣ ਵੀ ਓਨੀ ਹੀ ਹੈ ਜਿੰਨੀ ਹਮੇਸ਼ਾ ਤੋਂ ਰਹੀ ਹੈ।

ਇਹ ਵੀ ਪੜ੍ਹੋ:

ਜੰਗ ਬੰਦੀ ਕਈ ਵਾਰ ਐਲਾਨੀ ਜਾ ਚੁੱਕੀ ਹੈ ਪਰ ਹਿੰਸਕ ਕਾਰਵਾਈਆਂ ਅਜੇ ਵੀ ਜਾਰੀ ਹਨ।

ਉਸ ਵਕਤ ਤੋਂ ਲੈ ਕੇ ਹੁਣ ਤੱਕ, ਕਸ਼ਮੀਰ ਵਿੱਚ ਫ਼ੌਜ ਦੀ ਤਾਇਨਾਤੀ ਵਿੱਚ ਕਦੇ ਵੀ ਕੋਈ ਕਮੀ ਨਹੀਂ ਹੋਈ ਹੈ।

ਫ਼ੌਜੀਆਂ ਤੇ ਆਮ ਸ਼ਹਿਰੀਆਂ ਦੇ ਮਾਰੇ ਜਾਣ ਦੀ ਗਿਣਤੀ ਵਧਦੀ ਜਾ ਰਹੀ ਹੈ।

ਹਾਲਾਂਕਿ ਭਾਰਤ ਤੇ ਪਾਕਿਸਤਾਨ ਦੀ ਆਖਰੀ ਲੜਾਈ ਨੂੰ ਕੇਵਲ 20 ਸਾਲ ਹੋਏ ਹਨ ਪਰ ਇਹ ਵਿਵਾਦ ਵੰਡ ਵੇਲੇ ਤੋਂ ਜਾਰੀ ਹੈ।

Image copyright Gurmehar Kaur
ਫੋਟੋ ਕੈਪਸ਼ਨ ਪਾਕਿਸਤਾਨ ਬਾਰੇ ਦਿੱਤੇ ਬਿਆਨ ਬਾਰੇ ਗੁਰਮੇਹਰ ਕੌਰ ਦੀ ਕਾਫੀ ਆਲੋਚਨਾ ਹੋਈ ਸੀ

ਨੇਤਾ ਕੇਵਲ ਤਸਵੀਰਾਂ ਖਿਚਵਾਉਂਦੇ ਹਨ

ਭਾਰਤ ਵਿੱਚ ਇਹ ਗੱਲ ਸਾਡੇ ਦਿਲਾਂ ਵਿੱਚ ਸ਼ਾਮਿਲ ਕੀਤੀ ਜਾ ਚੁੱਕੀ ਹੈ ਕਿ ਕਸ਼ਮੀਰ ਸਾਡਾ ਅਟੁੱਟ ਅੰਗ ਹੈ ਅਤੇ ਪਾਕਿਸਤਾਨ ਵਿੱਚ ਇਹ ਗੱਲ ਦਿਲਾਂ ਵਿੱਚ ਭਰ ਦਿੱਤੀ ਗਈ ਹੈ ਕਿ ਕਸ਼ਮੀਰ ਵੰਡ ਦਾ ਉਹ ਏਜੰਡਾ ਹੈ ਜੋ ਅਜੇ ਤੱਕ ਪੂਰਾ ਨਹੀਂ ਹੋਇਆ ਹੈ।

ਨਤੀਜਾ ਇਹ ਹੈ ਕਿ ਦੋਵੇਂ ਦੇਸਾਂ ਵਿਚਾਲੇ ਤਣਾਅ ਬਰਕਰਾਰ ਹੈ ਅਤੇ ਕੋਈ ਵੀ ਪੱਖ ਨਹੀਂ ਚਾਹੁੰਦਾ ਕਿ ਉਸ ਦਾ ਹੱਲ ਤਲਾਸ਼ ਕੀਤੀ ਜਾਵੇ।

ਬੀਤੇ ਦਸ ਸਾਲਾਂ ਵਿੱਚ ਦੋਵੇਂ ਦੇਸਾਂ ਦੇ ਪ੍ਰਧਾਨ ਮੰਤਰੀ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਤਸਵੀਰਾਂ ਦੇ ਇਲਾਵਾ ਕੁਝ ਨਹੀਂ ਆਇਆ।

ਮੇਰੇ ਹਿਸਾਬ ਨਾਲ ਇਹ ਵਕਤ ਆ ਗਿਆ ਹੈ ਕਿ ਇਨ੍ਹਾਂ ਸਿਆਸੀ ਆਗੂਆਂ ਨੂੰ ਦੱਸਿਆ ਜਾਵੇ ਕਿ ਸਾਡੇ ਲਈ ਉਨ੍ਹਾਂ ਦੀਆਂ ਉਹ ਤਸਵੀਰਾਂ ਤੇ ਵੀਡੀਓ ਕਿਸੇ ਕੰਮ ਦੀਆਂ ਨਹੀਂ ਜਿਨ੍ਹਾਂ ਵਿੱਚ ਉਹ ਇੱਕ ਦੂਜੇ ਨਾਲ ਗਲੇ ਮਿਲਦੇ ਦਿਖਾਈ ਦਿੰਦੇ ਹਨ।

Image copyright Getty Images

ਜਦੋਂ ਇਹ ਨੇਤਾ ਇਹ ਖੇਡ ਨਹੀਂ ਖੇਡ ਰਹੇ ਹੁੰਦੇ ਹਨ ਤਾਂ ਇੱਕ ਦੂਜੇ ਖਿਲਾਫ਼ ਨਫ਼ਰਤ ਦੇ ਅੰਗਾਰੇ ਉਗਲ ਰਹੇ ਹੁੰਦੇ ਹਨ।

ਇਸ ਨਾਲ ਨਾ ਤਾਂ ਸਾਡਾ ਕੋਈ ਮਕਸਦ ਪੂਰਾ ਹੁੰਦਾ ਹੈ ਅਤੇ ਨਾ ਹੀ ਸਾਡੇ ਜ਼ਖ਼ਮਾਂ 'ਤੇ ਮਲ੍ਹਮ ਲਗਦਾ ਹੈ।

ਐੱਲਓਸੀ ਨਾ ਇੱਕ ਇੰਚ ਇੱਧਰ ਹੋਈ ਹੈ ਅਤੇ ਨਾ ਇੱਕ ਇੰਚ ਉੱਧਰ ਹੋਈ ਹੈ ਪਰ ਜਿਵੇਂ-ਜਿਵੇਂ ਵਕਤ ਗੁਜ਼ਰ ਰਿਹਾ ਹੈ, ਸਰਹੱਦ 'ਤੇ ਫਾਇਰਿੰਗ ਜਾਰੀ ਹੈ ਅਤੇ ਇਸ ਵਿਵਾਦ ਨੂੰ ਜ਼ਿੰਦਾ ਰੱਖਣ ਲਈ ਵੱਧ ਤੋਂ ਵੱਧ ਪੈਸਾ ਖਰਚਿਆ ਜਾ ਰਿਹਾ ਹੈ।

ਜਿਵੇਂ-ਜਿਵੇਂ ਹਿੰਸਾ ਵਧ ਰਹੀ ਹੈ ਲੋਕਾਂ ਦੇ ਖੌਫ਼ ਵਿੱਚ ਇਜ਼ਾਫਾ ਹੋ ਰਿਹਾ ਹੈ ਅਤੇ ਇਸ ਸਵਾਲ ਦਾ ਜਵਾਬ ਤਲਾਸ਼ ਕਰਨਾ ਜ਼ਰੂਰੀ ਹੋ ਗਿਆ ਹੈ ਕਿ ਆਖਿਰ ਇਹ ਸਭ ਕੁਝ ਕਦੋਂ ਤੇ ਕਿੱਥੇ ਜਾ ਕੇ ਰੁਕੇਗਾ?

ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ਮੌਕੇ ਸਾਡੀਆਂ ਖਾਸ ਕਹਾਣੀਆਂ ਪੜ੍ਹੋ:

ਇਹ ਵੀ ਦੋਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)