ਉਨਾਓ ਰੇਪ ਕੇਸ: ਕੀ ਬਲਾਤਕਾਰ ਦੇ ਮੁਲਜ਼ਮ ਕੁਲਦੀਪ ਸੇਂਗਰ ਦੇ ਸਾਹਮਣੇ ਭਾਜਪਾ ਬੇਵੱਸ ਹੈ?

ਕੁਲਦੀਪ ਸੇਂਗਰ Image copyright FACEBOOK/IKULDEEPSENGAR

ਠੀਕ 15 ਮਹੀਨਿਆਂ ਬਾਅਦ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਖ਼ਬਰਾਂ ਵਿੱਚ ਤਰਥੱਲੀ ਮਚਾਈ ਹੋਈ ਹੈ।

ਰਾਏਬਰੇਲੀ ਵਿੱਚ 28 ਜੁਲਾਈ ਨੂੰ ਕੁਲਦੀਪ ਸਿੰਘ ਸੇਂਗਰ ਉੱਪਰ ਬਲਾਤਕਾਰ ਦਾ ਇਲਜ਼ਾਮ ਲਾਉਣ ਵਾਲੀ ਪੀੜਤਾ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਸੀ।

ਇਸ ਹਾਦਸੇ ਵਿੱਚ ਪੀੜਤਾ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਜਦਕਿ ਪੀੜਤਾ ਤੇ ਉਨ੍ਹਾਂ ਦੇ ਵਕੀਲ ਲਾਈਫ਼ ਸਪੋਰਟ ਸਿਸਟਮ 'ਤੇ ਹਨ। ਇਸ ਬਾਰੇ ਵਿਰੋਧੀ ਧਿਰ ਸੜਕ ਤੋਂ ਸੰਸਦ ਤੱਕ ਸਵਾਲ ਖੜ੍ਹੇ ਕਰ ਰਹੀ ਹੈ।

ਹਾਦਸੇ ਬਾਰੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਹਾਦਸੇ ਵਾਲੇ ਦਿਨ ਪੀੜਤ ਨੂੰ ਮਿਲੇ ਹੋਏ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੇ ਨਾਲ ਨਹੀਂ ਸਨ। ਉੱਤਰ ਪ੍ਰਦੇਸ਼ ਪੁਲਿਸ ਮੁਖੀ ਇਸ ਸਵਾਲ ਦਾ ਕੋਈ ਠੋਸ ਜਵਾਬ ਦੇਣ ਦੀ ਥਾਂ ਕਹਿੰਦੇ ਹਨ ਕਿ ਪਹਿਲੀ ਨਜ਼ਰ ਵਿੱਚ ਇਹ ਮਾਮਲਾ ਓਵਰ ਸਪੀਡਿੰਗ ਦਾ ਲਗਦਾ ਹੈ।

ਇਹ ਵੀ ਪੜ੍ਹੋ-

ਡੀਜੀਪੀ ਓ.ਪੀ ਸਿੰਘ ਨੇ ਜਿਸ ਮਾਸੂਮੀਅਤ ਨਾਲ ਇਹ ਬਿਆਨ ਦਿੱਤਾ ਹੈ ਉਸ ਤੋਂ ਉਨ੍ਹਾਂ ਦਾ ਉਹੀ ਮਾਸੂਮ ਚਿਹਰਾ ਯਾਦ ਆਉਂਦਾ ਹੈ ਜਿਸ ਨਾਲ ਉਹ ਠੀਕ 15 ਮਹੀਨੇ ਪਹਿਲਾਂ ਕੁਲਦੀਪ ਸਿੰਘ ਸੇਂਗਰ ਨੂੰ ਗ੍ਰਿਫ਼ਤਾਰ ਨਾ ਕਰ ਸਕਣ ਪਿੱਛੋਂ ਸਫ਼ਾਈਆਂ ਦੇ ਰਹੇ ਸਨ। ਉਹ ਆਪ ਕਹਿ ਰਹੇ ਸਨ ਕਿ ਮਾਣਯੋਗ ਵਿਧਾਇਕ ਜੀ ’ਤੇ ਤਾਂ ਹਾਲੇ ਇਲਜ਼ਾਮ ਹੀ ਲੱਗੇ ਹਨ।

ਉਸ ਵੇਲੇ ਨਾਲੋਂ ਹੁਣ ਹਾਲਾਤ ਵਿੱਚ ਫਰਕ ਇਹ ਆਇਆ ਹੈ ਕਿ ਸੇਂਗਰ ਹੁਣ ਜੇਲ੍ਹ ਵਿੱਚ ਹਨ ਪਰ ਇਸ ਨਾਲ ਉਨ੍ਹਾਂ ਦੇ ਰਸੂਖ਼ 'ਤੇ ਕੋਈ ਅਸਰ ਪਿਆ ਹੋਵੇਗਾ, ਅਜਿਹਾ ਨਹੀਂ ਕਿਹਾ ਜਾ ਸਕਦਾ।

ਹਾਲਾਂਕਿ ਇਸ ਮਾਮਲੇ ਵਿੱਚ ਕਈ ਸਵਾਲ ਹਾਲੇ ਅਣਸੁਲਝੇ ਪਏ ਹਨ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੁਲਦੀਪ ਸਿੰਘ ਸੇਂਗਰ ਹਾਲੇ ਭਾਜਪਾ ਵਿੱਚ ਕਿਉਂ ਕਾਇਮ ਹਨ।

ਇਸ ਬਾਰੇ ਜਦੋਂ ਪੱਤਰਕਾਰਾਂ ਨੇ ਯੂਪੀ ਤੋਂ ਭਾਜਪਾ ਸਾਂਸਦ ਰੀਤਾ ਬਹੁਗੁਣਾ ਜੋਸ਼ੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਸਵਾਲ ਟਾਲਦਿਆਂ ਕਿਹਾ ਕਿ ਭਾਜਪਾ ਮੁਲਜ਼ਮਾਂ ਨੂੰ ਸੁਰੱਖਿਆ ਨਹੀਂ ਦਿੰਦੀ।

ਹਾਲ ਹੀ ਵਿੱਚ ਭਾਜਪਾ ਦੀ ਯੂਪੀ ਇਕਾਈ ਦੇ ਪ੍ਰਧਾਨ ਬਣਾਏ ਗਏ ਸਵਤੰਤਰ ਦੇਵ ਸਿੰਘ ਨੇ ਇਸ ਤੋਂ ਅਗਾਂਹ ਕਿਹਾ, "ਕੁਲਦੀਪ ਸਿੰਘ ਸੇਂਗਰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤੇ ਗਏ ਸਨ ਤੇ ਹਾਲੇ ਵੀ ਸਸਪੈਂਡ ਹਨ।"

Image copyright KULDEEPSENGAR/FACEBOOK
ਫੋਟੋ ਕੈਪਸ਼ਨ ਪਾਰਟੀ ਹਾਈ ਕਮਾਂਡ ਦੀ ਇੱਛਾ ਤੋਂ ਲਾਂਭੇ ਜਾ ਕੇ ਕੁਲਦੀਪ ਸੇਂਗਰ ਨੇ ਆਪਣੀ ਪਤਨੀ ਸੰਗੀਤਾ ਸੇਂਗਰ ਨੂੰ ਜ਼ਿਲ੍ਹਾ ਪੰਚਾਇਤ ਪ੍ਰਧਾਨ ਬਣਾਵਾਇਆ।

ਕੁਲਦੀਪ ਸੇਂਗਰ ਹਾਲੇ ਤੱਕ ਪਾਰਟੀ ਵਿੱਚ ਕਾਇਮ ਹਨ ਤੇ ਕਦੋਂ ਤੱਕ ਮੈਂਬਰ ਬਣੇ ਰਹਿਣਗੇ, ਇਸ ਬਾਰੇ ਕੋਈ ਨਹੀਂ ਬੋਲਣਾ ਚਾਹੁੰਦਾ। ਪਾਰਟੀ ਦੀ ਕੇਂਦਰੀ ਕਮੇਟੀ ਵਿੱਚ ਯੂਪੀ ਤੋਂ ਇੱਕ ਮੈਂਬਰ ਨੇ ਕਿਹਾ ਕਿ ਹਾਲਾਂਕਿ ਇਸ ਨਾਲ ਪਾਰਟੀ ਦੇ ਅਕਸ ਨੂੰ ਢਾਹ ਜ਼ਰੂਰ ਲੱਗੀ ਹੈ ਪਰ ਸੋਚ ਵਿਚਾਰ ਤੋਂ ਬਾਅਦ ਪਾਰਟੀ ਜੋ ਵੀ ਫੈਸਲਾ ਲਵੇਗੀ ਉਹ ਸਾਹਮਣੇ ਆ ਜਾਵੇਗਾ।

ਜੇ ਪੂਰੇ ਮਾਮਲੇ ਨੂੰ ਤਰਤੀਬ ਵਿੱਚ ਰੱਖ ਕੇ ਦੇਖੀਏ ਤਾਂ ਕੁਲਦੀਪ ਸੇਂਗਰ ਦੇ ਰਸੂਖ਼ ਸਾਹਮਣੇ ਪਹਿਲਾਂ ਯੋਗੀ ਸਰਕਾਰ ਤੇ ਹੁਣ ਭਾਜਪਾ ਵੀ ਬੇਵੱਸ ਨਜ਼ਰ ਆਉਂਦੀ ਹੈ।

ਪਹਿਲਾਂ ਮਾਮਲੇ ਦੀ ਸ਼ੁਰੂਆਤ ਦੀ ਗੱਲ ਕਰੀਏ। ਕੁਲਦੀਪ ਸੇਂਗਰ ਉਨਾਓ ਜ਼ਿਲ੍ਹੇ ਦੀ ਬੰਗਰਮਾਓ ਸੀਟ ਤੋਂ ਭਾਜਪਾ ਦੇ ਵਿਧਾਨ ਸਭਾ ਮੈਂਬਰ ਹਨ। ਉਨ੍ਹਾਂ ’ਤੇ ਮਾਖੀ ਪਿੰਡ ਦੀ ਨਾਬਾਲਗ ਕੁੜੀ ਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਪਰ ਉਹ ਵਿਧਾਇਕ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕਰਾ ਸਕੀ।

Image copyright FACEBOOK/IKULDEEPSENGAR

ਕੇਸ ਦਰਜ ਹੋਣ ਤੋਂ ਪਹਿਲਾਂ ਹੀ 8 ਅਪ੍ਰੈਲ ਨੂੰ ਪੀੜਤਾ ਦੇ ਪਿਤਾ ਨੂੰ ਆਰਮਸ ਐਕਟ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਪੀੜਤਾ ਨੇ ਯੂਪੀ ਦੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾ ਲਈ ਗਈ।

ਪਿਤਾ ਦੀ ਹਿਰਾਸਤ ਵਿੱਚ ਪੁਲਿਸ ਦੀ ਕੁੱਟਮਾਰ ਕਾਰਨ 9 ਅਪ੍ਰੈਲ ਨੂੰ ਮੌਤ ਹੋ ਗਈ। ਸੋਸ਼ਲ ਮੀਡੀਆ ’ਤੇ ਮਰਹੂਮ ਦੇ ਜਿਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਏ ਹਨ ਉਨ੍ਹਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਤੁਸੀਂ ਕਿਵੇਂ ਸਿਸਟਮ ਦਾ ਮਜ਼ਾਕ ਬਣਾ ਸਕਦੇ ਹੋ ਅਤੇ ਆਮ ਆਦਮੀ ਕਿਵੇਂ ਪ੍ਰਣਾਲੀ ਦੇ ਸਾਹਮਣੇ ਨਿਮਾਣਾ ਹੋ ਜਾਂਦਾ ਹੈ।

ਤੁਸੀਂ ਦੇਖ ਸਕਦੇ ਹੋ ਕੇ ਸੂਬੇ ਦੇ ਮੁੱਖ ਮੰਤਰੀ ਕਹਿ ਰਹੇ ਸਨ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਸੂਬੇ ਦੇ ਡੀਜੀਪੀ ਸੇਂਗਰ ਨੂੰ 'ਵਿਧਾਇਕ ਜੀ' ਕਹਿ ਰਹੇ ਸਨ।

ਜਦੋਂ ਪੱਤਰਕਾਰਾਂ ਨੇ ਇਸ ਸਤਿਕਾਰ ਦੀ ਵਜ੍ਹਾ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਹਾਲੇ ਤਾਂ ਇਲਜ਼ਾਮ ਹੀ ਲੱਗੇ ਹਨ ਇਸ ਲਈ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਜਦੋਂ ਹੋ ਹੱਲਾ ਹੋਇਆ ਤਾਂ ਮਾਮਲਾ 12 ਅਪ੍ਰੈਲ, 2018 ਨੂੰ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ।

Image copyright Getty Images

7 ਜੁਲਾਈ ਨੂੰ ਸੀਬੀਆਈ ਨੇ ਸੇਂਗਰ ਤੋਂ 16 ਘੰਟੇ ਪੁੱਛਗਿੱਛ ਕਰ ਕੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ 11 ਜੁਲਾਈ ਨੂੰ ਉਨ੍ਹਾਂ ਉੱਪਰ ਬਲਾਤਕਾਰ ਦਾ ਮੁਕਦਮਾ ਦਰਜ ਕੀਤਾ ਗਿਆ। ਪੀੜਤਾ ਨਾਬਾਲਗ ਸੀ ਇਸ ਲਈ ਉਨ੍ਹਾਂ 'ਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸ਼ੂਅਲ ਔਫੈਂਸਸ ਐਕਟ, 2012 ਤਹਿਤ ਕੇਸ ਦਰਜ ਕੀਤਾ ਗਿਆ।

ਦੱਸ ਦੇਈਏ ਕਿ ਹਾਲੇ ਤੱਕ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਨਹੀਂ ਹੋ ਸਕੀ ਹੈ।

ਦਬਦਬੇ ਦੀ ਵਜ੍ਹਾ

ਹੁਣ ਰਾਏਬਰੇਲੀ ਵਿੱਚ ਹੋਏ ਹਾਦਸੇ ਤੋਂ ਬਾਅਦ ਉਨ੍ਹਾਂ ’ਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਕੇਸ ਦਰਜ ਕੀਤੇ ਗਏ ਹਨ। ਜਦਕਿ ਪਾਰਟੀ ਵਿੱਚ ਉਨ੍ਹਾਂ ਦੀ ਮੌਜੂਦਗੀ ਬਾਰੇ ਹਾਲੇ ਕੋਈ ਸਵਾਲ ਖੜ੍ਹਾ ਨਹੀਂ ਕਰ ਰਿਹਾ ਹੈ।

ਕੁਲਦੀਪ ਸੇਂਗਰ ਭਾਜਪਾ ਦੇ ਰਵਾਇਤੀ ਆਗੂ ਨਹੀਂ ਹਨ ਨਾ ਹੀ ਉਹ ਸੰਘ ਦੀ ਕਿਸੇ ਸ਼ਾਖ਼ਾ ਵਿੱਚ ਨਿੱਖਰ ਕੇ ਆਏ ਹਨ। ਉਹ ਪੂਰੀ ਤਰ੍ਹਾਂ ਮੌਕਾਵਾਦੀ ਸਿਆਸਤ ਦੀ ਮੂਰਤ ਹਨ।

ਉਹ ਪਹਿਲਾਂ 2002 ਵਿੱਚ ਬੀਐੱਸਪੀ ਦੇ ਵਿਧਾਇਕ ਸਨ, 2007 ਤੇ 2012 ਵਿੱਚ ਉਹ ਸਮਾਜਵਾਦੀ ਪਾਰਟੀ ਦੇ ਵਿਧਾਇਕ ਬਣੇ ਤੇ 2017 ਵਿੱਚ ਉਹ ਭਾਜਪਾ ਵਿੱਚ ਆ ਗਏ।

Image copyright AFP/GETTY IMAGES

17 ਸਾਲ ਵਿਧਾਨ ਸਭਾ ਦੀ ਮੈਂਬਰੀ ਤੇ 50 ਸਾਲਾਂ ਦੇ ਸਰਪੰਚੀ ਦਾ ਪਰਿਵਾਰਕ ਇਤਿਹਾਸ ਨੇ ਉਨ੍ਹਾਂ ਨੂੰ ਉਹ ਦਬੰਗਪੁਣੇ ਵਾਲੀ ਤਬੀਅਤ ਤਾਂ ਦਿੱਤੀ ਹੈ, ਜਿਸ ਨਾਲ ਉਹ ਬਲਾਤਕਾਰ ਵਰਗੇ ਇਲਜ਼ਾਮਾਂ ਦੇ ਬਾਵਜੂਦ ਕਦੇ ਮੁੱਖ ਮੰਤਰੀ ਨਿਵਾਸ ਵਿੱਚ ਠਹਾਕੇ ਲਾਉਂਦੇ ਹਨ ਤੇ ਕਦੇ ਡੀਜੀਪੀ ਉਨ੍ਹਾਂ ਨੂੰ ਵਿਧਾਇਕ ਜੀ ਕਹਿੰਦੇ ਹਨ।

ਲਖਨਊ ਦੇ ਸੀਨੀਅਰ ਪੁਲਿਸ ਕਪਤਾਨ ਦੇ ਨਿਵਾਸ ਦੇ ਬਾਹਰ ਉਨ੍ਹਾਂ ਕਿਹਾ ਸੀ, “ਇਲਜ਼ਾਮ ਹੀ ਲੱਗੇ ਹਨ, ਭਗੌੜਾ ਥੋੜੇ ਹੀ ਹਾਂ।”

ਉਨ੍ਹਾਂ ਦੇ ਦਬਦਬੇ ਦੀਆਂ ਦੋ ਕਾਰਨ ਹੋ ਸਕਦੇ ਹਨ— ਇੱਕ ਤਾਂ ਕੁਲਦੀਪ ਸੇਂਗਰ, ਯੋਗੀ ਆਦਿਤਿਆ ਨਾਥ ਦੀ ਬਰਾਦਰੀ ਦੇ ਹਨ। ਸੰਜੋਗ ਇਹ ਵੀ ਹੈ ਕਿ ਜਿਸ ਥਾਣੇ ਵਿੱਚ ਪੀੜਤ ਦੀ ਸ਼ਿਕਾਇਤ ਦਰਜ ਨਹੀਂ ਹੋਈ ਉੱਥੋਂ ਦੇ ਐੱਸਐੱਚਓ ਤੋਂ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਫਿਰ ਡੀਜੀਪੀ ਸਾਰੇ ਹੀ ਠਾਕੁਰ ਹਨ।

ਇਹ ਵੀ ਪੜ੍ਹੋ:

ਸੂਬੇ ਦੀ ਸਿਆਸਤ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਦੱਸਦੇ ਹਨ, "ਯੂਪੀ ਦੇ ਮੁੱਖ ਮੰਤਰੀ ਦੇ ਨਾਲ ਡੀਜੀਪੀ ਵੀ ਠਾਕੁਰ ਹਨ ਤੇ ਕੁਲਦੀਪ ਸੇਂਗਰ ਵੀ। ਅਜਿਹੇ ਵਿੱਚ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਨ੍ਹਾਂ ਨੂੰ ਇਸ ਦਾ ਲਾਭ ਤਾਂ ਮਿਲਿਆ ਹੀ ਹੋਵੇਗਾ ਕਿਉਂਕਿ ਯੂਪੀ ਦੀ ਸਿਆਸਤ ਵਿੱਚ ਜਾਤੀਵਾਦ ਵੱਡੀ ਭੂਮਿਕਾ ਨਿਭਾਉਂਦੀ ਰਹੀ ਹੈ।"

ਸੇਂਗਰ ਦੀ ਖ਼ਾਸੀਅਤ

ਕੁਲਦੀਪ ਸੇਂਗਰ 2002 ਵਿੱਚ ਪਹਿਲੀ ਵਾਰ ਉਨਾਓ ਸਦਰ ਤੋਂ ਬੀਐੱਸਪੀ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ। ਇਹ ਪਹਿਲਾ ਮੌਕਾ ਸੀ ਜਦੋਂ ਇਸ ਸੀਟ 'ਤੇ ਕੋਈ ਬੀਐੱਸਪੀ ਉਮੀਦਵਾਰ ਜਿੱਤਿਆ ਹੋਵੇ। ਇਸ ਤੋਂ ਬਾਅਦ ਬੰਗਰਮਾਓ ਤੋਂ 2007 ਵਿੱਚ ਸਮਾਜਵਾਦੀ ਪਾਰਟੀ ਦੀ ਟਿੱਕਟ 'ਤੇ ਵਿਧਾਇਕ ਚੁਣੇ ਗਏ ਸਨ।

Image copyright SAMIRATMAJ MISHR/BBC
ਫੋਟੋ ਕੈਪਸ਼ਨ ਉਨਾਓ ਦੇ ਮਾਖੀ ਪਿੰਡ ਵਿੱਚ ਸਥਾਨਕ ਵਿਧਾਇਕ ਕੁਲਦੀਪ ਸਿੰਘ ਸੇਂਗਰ ਦਾ ਘਰ

ਉਹ 2012 ਵਿੱਚ ਉਹ ਭਗਵੰਤ ਨਗਰ ਵਿਧਾਨ ਸਭਾ ਤੋਂ ਭਾਜਪਾ ਦੇ ਵਿਧਾਇਕ ਬਣੇ। ਯਾਨੀ ਬੀਤੇ 17 ਸਾਲਾਂ ਵਿੱਚ ਉਹ ਉਨਾਓ ਦੀਆਂ ਤਿੰਨ ਵਿਧਾਨ ਸਭਾ ਸੀਟਾਂ 'ਤੇ ਤਿੰਨ ਵੱਖੋ-ਵੱਖਰੀਆਂ ਪਾਰਟੀਆਂ ਦੀ ਟਿਕਟ ’ਤੇ ਚੋਣ ਵੀ ਲੜੀ ਅਤੇ ਜਿੱਤ ਵੀ ਹਾਸਿਲ ਕੀਤੀ।

ਇਹੀ ਕਾਰਨ ਹੈ ਕਿ ਉਨਾਓ ਤੋਂ ਸੰਸਦ ਵਿੱਚ ਪਹੁੰਚਣ ਵਾਲੇ ਸਾਕਸ਼ੀ ਮਹਾਰਾਜ ਜੇਲ੍ਹ ਵਿੱਚ ਜਾ ਕੇ ਉਨ੍ਹਾਂ ਦਾ ਧੰਨਵਾਦ ਕਰਨਾ ਨਹੀਂ ਭੁੱਲੇ।

ਸ਼ਰਦ ਗੁਪਤਾ ਦਾ ਕਹਿਣਾ ਹੈ ਕਿ ਉਨਾਓ ਦੀ ਸੰਸਦੀ ਸੀਟ 'ਤੇ ਕੁਲਦੀਪ ਸੇਂਗਰ ਇੰਨੇ ਪ੍ਰਭਾਵੀ ਹਨ ਹੀ ਕਿ ਉਹ ਕਿਸੇ ਨੂੰ ਵੀ ਚੋਣਾਂ ਹਰਵਾ ਸਕਦੇ ਹਨ, ਕਿਸੇ ਨੂੰ ਵੀ ਜਿਤਵਾ ਸਕਦੇ ਹਨ।

ਸੂਬੇ ਦੀ ਸਿਆਸਤ ’ਤੇ ਨਿਗ੍ਹਾ ਰੱਖਣ ਵਾਲੇ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਦੱਸਦੇ ਹਨ, ਦਰਅਸਲ ਕੁਲਦੀਪ ਸੇਂਗਰ ਆਪਣੇ ਖੇਤਰ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹਨ। ਲਿਹਾਜ਼ਾ ਪਾਰਟੀ ਹਾਈ ਕਮਾਂਡ ਦੀ ਵੀ ਉਹ ਪ੍ਰਵਾਹ ਨਹੀਂ ਕਰਦੇ।

Image copyright AFP

ਇਸ ਦੀ ਇੱਕ ਝਲਕ ਅਖਿਲੇਸ਼ ਯਾਦਵ ਦੀ ਸਰਕਾਰ ਦੌਰਾਨ ਦੇਖਣ ਨੂੰ ਮਿਲੀ ਸੀ, ਜਦੋਂ ਉਹ ਸਮਾਜਵਾਦੀ ਪਾਰਟੀ ਦੇ ਵਿਧਾਇਕ ਸਨ। ਪਾਰਟੀ ਹਾਈ ਕਮਾਂਡ ਦੀ ਇੱਛਾ ਤੋਂ ਲਾਂਭੇ ਜਾ ਕੇ ਕੁਲਦੀਪ ਸੇਂਗਰ ਨੇ ਆਪਣੀ ਪਤਨੀ ਸੰਗੀਤਾ ਸੇਂਗਰ ਨੂੰ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੇ ਅਹੁਦੇ ਲਈ ਖੜ੍ਹਾ ਕਰਵਾਇਆ ਸੀ।

ਸ਼ਰਦ ਗੁਪਤਾ ਕਹਿੰਦੇ ਹਨ, "ਸਪਾ ਸਰਕਾਰ ਦੀ ਮਸ਼ੀਨਰੀ ਨੇ ਸੰਗੀਤਾ ਸੇਂਗਰ ਨੂੰ ਹਰਵਾਉਣ ਲਈ ਪੂਰੀ ਵਾਹ ਲਾਈ ਪਰ ਕੁਲਦੀਪ ਸੇਂਗਰ ਆਪਣੀ ਪਤਨੀ ਨੂੰ ਪ੍ਰਧਾਨ ਬਣਵਾਉਣ ਵਿੱਚ ਸਫ਼ਲ ਰਹੇ। ਅੱਜ ਵੀ ਜੇ ਉਹ ਅਸਤੀਫ਼ਾ ਦੇ ਕੇ ਚੋਣ ਲੜਨ ਤਾਂ ਜਿੱਤ ਜਾਣਗੇ। ਉਨ੍ਹਾਂ ਨੇ ਇਨਾਂ ਗੁਡਵਿਲ ਬਣਾਇਆ ਹੋਇਆ ਹੈ।"

ਕਹਿੰਦੇ ਹਨ ਕਿ ਸਿਆਸਤ ਦੇ ਨਾਲ-ਨਾਲ ਠੇਕੇਦਾਰੀ ਵਿੱਚ ਹੱਥ ਅਜਮਾਉਣ ਵਾਲੇ ਕੁਲਦੀਪ ਸੇਂਗਰ ਨੇ ਜਿਹੜਾ ਪੈਸਾ ਕਮਾਇਆ ਹੈ, ਉਸ ਨੂੰ ਆਪਣੇ ਇਲਾਕੇ ਵਿੱਚ ਖੁੱਲ੍ਹੇ ਦਿਲ ਨਾਲ ਵੰਡਿਆ ਹੈ। ਉਹ ਆਪਣੇ ਇਲਾਕੇ ਦੇ ਹਰ ਪਰਿਵਾਰ ਦੇ ਹਰ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਹਨ।

ਅਜਿਹੇ ਵਿੱਚ ਹੋ ਸਕਦਾ ਹੈ ਕਿ ਕੁਲਦੀਪ ਸੇਂਗਰ ਵਧੇਰੇ ਫਰਕ ਨਾਲ ਚੋਣ ਜਿੱਤ ਜਾਣ। ਇਹ ਵੀ ਸੰਭਵ ਹੈ ਕਿ ਉਨ੍ਹਾਂ ਨੂੰ ਭਾਜਪਾ ਦੀ ਵੀ ਲੋੜ ਨਾ ਪਵੇ।

Image copyright KULDEEPSENGAR/FACEBOOK

ਸਵਾਲ ਤਾਂ ਇਹ ਹੈ ਕਿ ਆਖ਼ਰ ਭਾਰਤੀ ਜਨਤਾ ਪਾਰਟੀ ਲਈ ਉਹ ਇੰਨੇ ਅਹਿਮ ਕਿਉਂ ਹਨ? ਇਸ ਦੇ ਜਵਾਬ ਵਿੱਚ ਭਾਜਪਾ ਆਗੂ ਦਾ ਕਹਿਣਾ ਹੈ ਕਿ ਉਹ ਜੇਲ੍ਹ ਵਿੱਚ ਹੀ ਹਨ, ਸੀਬੀਆਈ ਜਾਂਚ ਕਰ ਰਹੀ ਹੈ ਹੋਰ ਕੀ ਕੀਤਾ ਜਾਵੇ। ਇਲਜ਼ਾਮ ਸਾਬਤ ਹੋਇਆ ਨਹੀਂ ਹੈ ਕਿ ਪਾਰਟੀ ਬਾਹਰ ਕੱਢ ਮਾਰੇ।

ਜਾਣਕਾਰ ਤਾਂ ਇਹੀ ਦਸਦੇ ਹਨ ਕਿ ਬੇਟੀ ਪੜ੍ਹਾਓ, ਬੇਟੀ ਬਚਾਓ ਦੀ ਨੀਤੀ ਅਗਾਂਹ ਵਧਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਦਾ ਅਕਸ ਕੁਲਦੀਪ ਸੇਂਗਰ ਕਾਰਨ ਪੂਰੇ ਦੇਸ਼ ਵਿੱਚ ਨੁਕਸਾਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)