ਇਹ ਹੈ ਹਿੰਦੁਸਤਾਨ ਦੀ ‘ਪਾਕਿਸਤਾਨ ਵਾਲੀ ਗਲੀ’

  • ਕਮਲੇਸ਼
  • ਬੀਬੀਸੀ ਪੱਤਰਕਾਰ
ਤਸਵੀਰ ਕੈਪਸ਼ਨ,

ਪਾਕਿਸਤਾਨ ਵਾਲੀ ਗਲੀ ਵਿੱਚ ਰਹਿਣ ਵਾਲੀ ਸੁਨੀਤਾ ਦੇ ਸੱਸ-ਸਹੁਰਾ ਪਾਕਿਸਤਾਨ ਤੋਂ ਆਏ ਸਨ

ਪਾਕਿਸਤਾਨ ਵਾਲੀ ਗਲੀ, ਗੌਤਮਪੁਰੀ, ਆਕਲਪੁਰ ਜਾਗੀਰ, ਦਾਦਰੀ, ਗੌਤਮਬੁੱਧ ਨਗਰ, ਉੱਤਰ ਪ੍ਰਦੇਸ਼।

ਇਹ ਨਾਮ ਕੁਝ ਉਲਝਣ ਵਾਲਾ ਹੈ। ਇਹ ਪਤਾ ਤਾਂ ਹਿੰਦੁਸਤਾਨ ਦਾ ਹੈ, ਪਰ ਨਾਮ ਹੈ 'ਪਾਕਿਸਤਾਨ ਵਾਲੀ ਗਲੀ'।

ਇਸੇ ਉਲਝਣ ਕਾਰਨ ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕ ਪਰੇਸ਼ਾਨ ਹਨ।

ਇਹ ਨਾਮ ਸਿਰਫ਼ ਇਲਾਕੇ ਵਿੱਚ ਮਸ਼ਹੂਰ ਨਹੀਂ ਹੈ ਬਲਕਿ ਲੋਕਾਂ ਦੇ ਆਧਾਰ ਕਾਰਡ 'ਚ ਵੀ ਦਰਜ ਹੈ ਅਤੇ ਲੋਕ ਚਾਹੁੰਦੇ ਹਨ ਕਿ ਇਸ ਪਛਾਣ ਨੂੰ ਬਦਲਿਆ ਜਾਵੇ।

ਉਨ੍ਹਾਂ ਦੇ ਪਤੇ ਵਿੱਚ ਪਾਕਿਸਤਾਨ ਜੁੜਿਆ ਹੋਣਾ ਨਾ ਸਿਰਫ਼ ਉਨ੍ਹਾਂ ਦੀ ਦੇਸ ਪ੍ਰਤੀ ਨਿਸ਼ਠਾ ਨੂੰ ਸ਼ੱਕੀ ਬਣਾਉਂਦਾ ਹੈ ਬਲਕਿ ਉਨ੍ਹਾਂ ਨੂੰ ਟਿੱਚਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ-

ਇਸ ਕਾਰਨ ਗਲੀ ਵਿੱਚ ਰਹਿਣ ਵਾਲੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਕੋਲੋਂ ਨਾਮ ਬਦਲਣ ਦੀ ਗੁਹਾਰ ਲਗਾਉਂਦਿਆ ਚਿੱਠੀ ਲਿਖੀ ਹੈ।

ਕਿਵੇਂ ਪਿਆ ਨਾਮ

ਦੋਵਾਂ ਪਾਸੇ ਛੋਟੀਆਂ-ਛੋਟੀਆਂ ਨਾਲੀਆਂ ਵਾਲੀ ਇਸ ਪਤਲੀ ਜਿਹੀ ਗਲੀ ਦੀ ਕਹਾਣੀ ਚਾਰ ਲੋਕਾਂ ਤੋਂ ਸ਼ੁਰੂ ਹੋਈ ਸੀ। ਇਹ ਚਾਰੇ ਭਾਰਤ-ਪਾਕਿਸਤਾਨ ਵੰਡ ਦੌਰਾਨ ਕਰਾਚੀ ਤੋਂ ਉੱਤਰ ਪ੍ਰਦੇਸ਼ 'ਚ ਆ ਕੇ ਵਸੇ ਸਨ।

ਤਸਵੀਰ ਕੈਪਸ਼ਨ,

ਇਸੇ ਗਲੀ ਦਾ ਨਾਮ ਸਬ ਤੋਂ ਪਹਿਲਾਂ ਪਾਕਿਸਤਾਨ ਵਾਲੀ ਗਲੀ ਪਿਆ ਸੀ

ਇਸ ਇਲਾਕੇ 'ਚ ਰਹਿਣ ਵਾਲੇ ਓਮ ਪ੍ਰਕਾਸ਼, ਪਾਕਿਸਤਾਨ ਤੋਂ ਆਏ ਉਸੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਦਾਦਾ ਚੁੰਨੀਲਾਲ ਅਤੇ ਬਾਕੀ ਤਿੰਨ ਭਰਾ ਇੱਥੇ ਆ ਗਏ ਸਨ।

ਇਸ ਤੋਂ ਬਾਅਦ ਪਰਿਵਾਰ ਵਧਦਾ ਗਿਆ ਅਤੇ ਲੋਕ ਇਸ ਗਲੀ ਨੂੰ 'ਪਾਕਿਸਤਾਨ ਵਾਲੀ ਗਲੀ' ਕਹਿਣ ਲੱਗੇ।

ਓਮ ਪ੍ਰਕਾਸ਼ ਦੱਸਦੇ ਹਨ, "1947 'ਚ ਲੜਾਈ ਦੌਰਾਨ ਚੁੰਨੀਲਾਲ, ਦੋਸੀਰਾਮ, ਕਿਸ਼ਨਲਾਲ ਅਤੇ ਰਮੀਚੰਦ ਪਾਕਿਸਤਾਨ ਤੋਂ ਇੱਥੇ ਆਏ ਸਨ। ਜਦੋਂ ਉਹ ਇੱਥੇ ਰਹਿਣ ਲੱਗੇ ਤਾਂ ਆਸ-ਪਾਸ ਦੇ ਲੋਕਾਂ ਨੇ ਪਛਾਣ ਦੱਸਣ ਲਈ ਇਸ ਨੂੰ 'ਪਾਕਿਸਤਾਨ ਵਾਲੀ ਗਲੀ' ਕਹਿਣਾ ਸ਼ੁਰੂ ਕਰ ਦਿੱਤਾ।

"ਸਾਰੇ ਪਿਆਰ ਨਾਲ ਕਹਿੰਦੇ ਸਨ ਤਾਂ ਸਾਨੂੰ ਵੀ ਬੁਰਾ ਨਹੀਂ ਲਗਦਾ ਸੀ ਪਰ ਬਾਅਦ ਵਿੱਚ ਇਹ ਕਾਗ਼ਜ਼ਾਂ 'ਚ ਵੀ ਆ ਗਿਆ ਤੇ ਸਾਰੀ ਮੁਸੀਬਤ ਇਥੋਂ ਹੀ ਸ਼ੁਰੂ ਹੋਈ।"

ਇੱਥੋਂ ਦੇ ਵਾਸੀ ਦੱਸਦੇ ਹਨ ਕਿ ਉਨ੍ਹਾਂ ਨੂੰ ਨੌਕਰੀ ਤੋਂ ਲੈ ਕੇ ਕਾਲਜ 'ਚ ਦਾਖ਼ਲੇ ਤੱਕ ਗਲੀ ਦੇ ਨਾਮ ਨਾਲ ਦਿੱਕਤ ਹੁੰਦੀ ਹੈ।

ਵਧਦਾ ਗਿਆ ਦਾਇਰਾ

ਇੱਥੇ ਰਹਿਣ ਵਾਲੇ ਦੇਵੇਂਦਰ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਐਸਸੀ ਕੀਤੀ ਹੈ ਪਰ ਉਨ੍ਹਾਂ ਨੂੰ ਨੌਕਰੀ ਦੌਰਾਨ ਇਸ ਪਤੇ ਲਈ ਸਪੱਸ਼ਟੀਕਰਨ ਦੇਣਾ ਪੈਂਦਾ ਸੀ।

ਤਸਵੀਰ ਕੈਪਸ਼ਨ,

ਓਮ ਪ੍ਰਕਾਸ਼ ਦੇ ਦਾਦਾ ਪਾਕਿਸਤਾਨ ਦੇ ਕਰਾਚੀ 'ਚੋਂ ਆਏ ਸਨ

ਦੇਵੇਂਦਰ ਉਨ੍ਹਾਂ ਲੋਕਾਂ ਵਿਚੋਂ ਵੀ ਹਨ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਪਾਕਿਸਤਾਨ ਤੋਂ ਨਹੀਂ ਆਇਆ ਹੈ ਪਰ 'ਪਾਕਿਸਤਾਨ ਵਾਲੀ ਗਲੀ' ਦੇ ਆਲੇ-ਦੁਆਲੇ ਜੋ ਗਲੀਆਂ ਹਨ ਉਨ੍ਹਾਂ ਦਾ ਨਾਮ ਵੀ ਇਹੀ ਪੈ ਗਿਆ।

ਉਨ੍ਹਾਂ ਚਾਰਾਂ ਭਰਾਵਾਂ ਦੇ ਪਰਿਵਾਰ ਦੀ ਇਸ ਵੇਲੇ ਚੌਥੀ ਪੀੜ੍ਹੀ ਹੈ ਅਤੇ ਪੂਰੇ ਪਰਿਵਾਰ ਵਿੱਚ ਕਰੀਬ 125 ਮੈਂਬਰ ਹਨ। ਪਰ ਨੇੜਲੀਆਂ ਗਲੀਆਂ ਨੂੰ ਮਿਲਾ ਕੇ ਇੱਥੇ ਕਰੀਬ 70 ਪਰਿਵਾਰ ਰਹਿੰਦੇ ਹਨ ਅਤੇ ਸਾਰੇ ਹਿੰਦੂ ਹਨ।

ਦੇਵੇਂਦਰ ਦੱਸਦੇ ਹਨ, "ਸਾਡਾ ਪਰਿਵਾਰ ਪਾਕਿਸਤਾਨ ਤੋਂ ਨਹੀਂ ਆਇਆ ਅਤੇ ਅਸੀਂ ਨਾਲ ਵਾਲੀ ਗਲੀ ਵਿੱਚ ਰਹਿੰਦੇ ਹਾਂ ਪਰ ਫਿਰ ਵੀ ਸਾਡਾ ਪਤਾ 'ਪਾਕਿਸਤਾਨ ਵਾਲੀ ਗਲੀ' ਹੋ ਗਿਆ ਹੈ।"

"ਹੁਣ ਨੌਕਰੀ ਲਈ ਜਾਈਏ ਤਾਂ ਪਹਿਲਾਂ ਸਾਹਮਣੇ ਵਾਲੇ ਨੂੰ ਪਤਾ ਹੀ ਅਜੀਬ ਲਗਦਾ ਹੈ। ਉਸ ਨੂੰ ਲਗਦਾ ਹੈ ਕਿ ਜਿਵੇਂ ਅਸੀਂ ਕਿਸੇ ਸ਼ੱਕੀ ਥਾਂ ਤੋਂ ਆਏ ਹਾਂ। ਉਹ ਲੋਕ ਇਸ ਬਾਰੇ ਸਾਡੇ ਕੋਲੋਂ ਪੁੱਛ-ਗਿੱਛ ਕਰਦੇ ਹਨ ਅਤੇ ਭਰੋਸਾ ਨਹੀਂ ਕਰਦੇ। ਕਈ ਲੋਕ ਪੁੱਛ ਵੀ ਲੈਂਦੇ ਹਨ ਕਿ ਕੀ ਪਾਕਿਸਤਾਨ ਦੇ ਰਹਿਣ ਵਾਲੇ ਹੋ। ਹੁਣ ਕਿਸ-ਕਿਸ ਨੂੰ ਦੱਸੀਏ।"

'ਆਧਾਰ ਕਾਰਡ ਠੀਕ ਨਹੀਂ ਹੁੰਦਾ'

ਦੇਵੇਂਦਰ ਨੇ ਦੱਸਿਆ ਕਿ ਇੱਥੇ ਘਰਾਂ ਦੇ ਪਤੇ ਸਹੀ ਨਹੀਂ ਹਨ। ਕੋਈ ਬਲਾਕ ਨਹੀਂ ਹੈ ਅਤੇ ਵਾਰਡ ਨੰਬਰ ਵੀ ਬਦਲਦਾ ਰਹਿੰਦਾ ਹੈ।

ਇਸ ਕਾਰਨ ਕੋਈ ਡਾਕੀਆ ਤੱਕ ਸਹੀ ਪਤੇ ਨਹੀਂ ਪਹੁੰਚ ਸਕਦਾ। ਇਸ ਲਈ ਲੋਕ ਵੱਖਰੀ ਪਛਾਣ ਲਈ 'ਪਾਕਿਸਤਾਨ ਵਾਲੀ ਗਲੀ' ਨਾਮ ਦੀ ਵਰਤੋਂ ਕਰਨ ਲੱਗੇ।

ਤਸਵੀਰ ਕੈਪਸ਼ਨ,

ਦੇਵੇਂਦਰ ਦਾ ਕਹਿਣਾ ਹੈ ਕਿ ਪਤਾ ਦੇਖ ਲੋਕ ਕਈ ਸਵਾਲ ਪੁੱਛਦੇ ਹਨ

ਦੇਵੇਂਦਰ ਨੇ ਕਿਹਾ, "ਬਾਅਦ ਵਿੱਚ ਆਧਾਰ ਕਾਰਡ ਵਿੱਚ ਵੀ ਇਹ ਪਤਾ ਆ ਗਿਆ ਤਾਂ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ। ਉਤੋਂ ਕਾਰਡ 'ਚ ਕੋਈ ਮਕਾਨ ਨੰਬਰ ਵੀ ਨਹੀਂ ਲਿਖਿਆ ਹੈ। ਸਾਨੂੰ ਆਕਲਪੁਰ ਜਾਗੀਰ ਵਿੱਚ ਪਾ ਦਿੱਤਾ ਗਿਆ ਹੈ ਜਦਕਿ ਇਹ ਸਾਡਾ ਪਤਾ ਨਹੀਂ ਹੈ।"

ਦੇਵੇਂਦਰ ਕਹਿੰਦੇ ਹਨ, "ਮੈਂ ਆਪਣਾ ਪਤਾ ਮੁਹੱਲਾ ਗੌਤਮਪੁਰੀ ਅਤੇ ਹਾਊਸ ਨੰਬਰ ਲਿਖ ਕੇ ਦਿੱਤਾ ਸੀ ਪਰ ਉਨ੍ਹਾਂ ਨੇ 'ਪਾਕਿਸਤਾਨ ਵਾਲੀ ਗਲੀ' ਲਿਖ ਦਿੱਤਾ। ਅਸੀਂ ਆਧਾਰ ਕਾਰਡ ਬਦਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਠੀਕ ਨਹੀਂ ਹੁੰਦਾ।"

"ਉਹ ਕਹਿੰਦੇ ਹਨ ਇਹੀ ਪਤਾ ਲਿਖਿਆ ਹੋਇਆ ਆਵੇਗਾ। ਅਸੀਂ ਚਾਹੁੰਦੇ ਹਾਂ ਕਿ ਇੱਥੇ ਕੈਂਪ ਲੱਗ ਜਾਵੇ ਜਿਸ ਵਿੱਚ ਸਾਡੇ ਆਧਾਰ ਕਾਰਡ ਦਾ ਪਤਾ ਬਦਲਿਆ ਜਾ ਸਕੇ। ਜੇਕਰ ਰਿਕਾਰਡ 'ਚ ਕਿਤੇ ਦਰਜ ਹੈ ਤਾਂ ਉਸ ਨੂੰ ਬਦਲਿਆ ਜਾਵੇ।"

ਓਮ ਪ੍ਰਕਾਸ਼ ਦੇ ਪਰਿਵਾਰ ਦੀ ਹੀ ਸੁਨੀਤਾ ਨੇ ਦੱਸਿਆ ਕਿ ਜਦੋਂ ਉਹ ਇੱਥੇ ਵਿਆਹ ਕਰਕੇ ਆਈ ਤਾਂ ਜਾ ਕੇ ਮੁਹੱਲੇ ਦਾ ਪਤਾ ਲੱਗਾ।

"ਥੋੜ੍ਹਾ ਅਜੀਬ ਜਿਹਾ ਲੱਗਾ ਕਿਉਂਕਿ ਲੋਕ ਕਹਿੰਦੇ ਸਨ ਕਿ ਇਹ ਸਾਰੇ ਪਾਕਿਸਤਾਨੀ ਹਨ। ਫਿਰ ਇੱਥੇ ਵੱਸਣ ਬਾਰੇ ਕਹਾਣੀ ਪਤਾ ਲੱਗੀ ਤਾਂ 'ਪਾਕਿਸਤਾਨ ਵਾਲੀ ਗਲੀ' ਸੁਣਨ ਦੀ ਆਦਤ ਹੋ ਗਈ।"

ਤਸਵੀਰ ਕੈਪਸ਼ਨ,

ਕਾਲਜ ਦੇ ਦਾਖ਼ਲੇ ਤੇ ਨੌਕਰੀ ਲੈਣ ਲਈ ਲੋਕਾਂ ਨੂੰ ਦਰਪੇਸ਼ ਆ ਰਹੀਆਂ ਹਨ ਮੁਸ਼ਕਲਾਂ

ਸੁਨੀਤਾ ਨੇ ਦੱਸਿਆ, "ਦਿੱਕਤ ਇਹ ਹੈ ਕਿ ਮਿਹਨਤ ਮਜ਼ਦੂਰੀ ਕਰਦੇ ਹਾਂ। ਜੇਕਰ ਕੋਈ ਕੰਪਨੀ 'ਚ ਨੌਕਰੀ ਲਈ ਜਾਂਦਾ ਹੈ ਤਾਂ ਉਸ ਨੂੰ ਰੱਖਿਆ ਨਹੀਂ ਜਾਂਦਾ। ਅਸੀਂ ਸਰਕਾਰ ਕੋਲੋਂ ਚਾਹੁੰਦੇ ਹਾਂ ਕਿ ਇਸ ਥਾਂ ਦਾ ਨਾਮ ਬਦਲ ਕੇ ਗਲੀ ਨੰਬਰ ਦੇਣ ਜਾਂ ਕੁਝ ਹੋਰ ਨਾਮ ਦੇ ਦੇਣ।"

ਸਕੂਲ 'ਚ ਪੜ੍ਹ ਰਹੀ ਕਾਜਲ ਕਹਿੰਦੀ ਹੈ ਕਿ ਬਾਹਰ ਜਦੋਂ ਲੋਕ ਇਸ ਪਤਾ ਬਾਰੇ ਸੁਣਦੇ ਹਨ ਤਾਂ ਤੁਰੰਤ ਬੋਲਣ ਲੱਗਦੇ ਹਨ ਕਿ ਕੀ ਤੁਸੀਂ ਪਾਕਿਸਤਾਨ ਤੋਂ ਹੋ।"

"ਸਾਨੂੰ ਵਾਰ-ਵਾਰ ਦੱਸਣਾ ਪੈਂਦਾ ਹੈ ਕਿ ਅਸੀਂ ਪਾਕਿਸਤਾਨ ਤੋਂ ਨਹੀਂ ਹਾਂ, ਹਿੰਦੁਸਤਾਨ 'ਚ ਗੌਤਮਬੁੱਧ ਨਗਰ ਤੋਂ ਹਾਂ ਜੇਕਰ ਕਾਰਡ ਨਹੀਂ ਬਦਲਿਆ ਜਾਵੇਗਾ ਤਾਂ ਕਾਲਜ 'ਚ ਦਾਖ਼ਲਾ ਨਹੀਂ ਮਿਲੇਗਾ। ਕਹਿੰਦੇ ਹਨ ਪਤਾ ਬਦਲਵਾ ਕੇ ਲਿਆਉ।"

ਪੀਐੱ ਤੇ ਸੀਐੱਮ ਨੂੰ ਲਿਖੀ ਚਿੱਠੀ

ਇਹ ਗਲੀਆਂ ਦਾਦਰੀ, ਵਾਰਡ ਨੰਬਰ ਦੋ ਵਿੱਚ ਪੈਂਦੀਆਂ ਹਨ। ਇੱਥੋਂ ਦੇ ਲੋਕ ਸਭਾ ਦੇ ਮੈਂਬਰ ਮਹੇਸ਼ ਗੌਤਮ ਨੇ ਇਸ ਗਲੀ ਦਾ ਨਾਮ ਬਦਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖੀ ਹੈ।

ਉਨ੍ਹਾਂ ਨੇ ਸਾਰੇ ਡਿਵੀਜ਼ਨਲ ਮੈਜਿਸਟਰੇਟ ਨੂੰ ਵੀ ਚਿੱਠੀ ਲਿਖ ਕੇ ਇਲਾਕੇ ਦਾ ਨਾਮ ਬਦਲਣ ਦੀ ਗੁਜਾਰਿਸ਼ ਕੀਤੀ ਹੈ ਤਾਂ ਜੋ ਇੱਥੋਂ ਦੇ ਲੋਕਾਂ ਦਾ ਆਧਾਰ ਕਾਰਡ ਠੀਕ ਕਰਵਾਇਆ ਜਾਵੇ।

ਤਸਵੀਰ ਕੈਪਸ਼ਨ,

ਇਸ ਗਲੀ ਦਾ ਨਾਮ ਵੀ ਬਾਅਦ ਵਿੱਚ ਪਾਕਿਸਤਾਨ ਵਾਲੀ ਗਲੀ ਪੈ ਗਿਆ

ਮਹੇਸ਼ ਗੌਤਮ ਨੇ ਕਿਹਾ ਹੈ, "ਜੇਕਰ ਕੋਈ ਮੇਰੇ ਕੋਲ ਪਤਾ ਵੈਰੀਫਾਈ ਕਰਵਾਉਣ ਆਉਂਦਾ ਹੈ ਤਾਂ ਮੈਂ ਚਿੱਠੀ ਵਿੱਚ ਗੌਤਮਪੁਰੀ ਵਾਰਡ ਨੰਬਰ 2 ਲਿਖਦਾ ਹਾਂ। ਇਸ ਦੇ ਬਾਵਜੂਦ ਆਧਾਰ ਸੈਂਟਰ 'ਤੇ ਪਾਕਿਸਤਾਨ ਵਾਲੀ ਗਲੀ ਹੀ ਪਤਾ ਲਿਖਿਆ ਗਿਆ ਹੈ।"

"ਇਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਆਯੁਸ਼ਮਾਨ ਯੋਜਨਾ ਦਾ ਵੀ ਲਾਭ ਨਹੀਂ ਮਿਲਿਆ। ਇਸ ਦਾ ਕਾਰਨ ਸਰਕਾਰ ਅਤੇ ਸ਼ਾਸਨ-ਪ੍ਰਸ਼ਾਸਨ ਜਾਣਦੇ ਹਨ। ਜਦਕਿ ਦੂਜੇ ਮੁਹੱਲੇ ਦੇ ਚਾਰ ਘਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਮਿਲਿਆ ਸੀ।"

ਗੌਤਮ ਕਹਿੰਦੇ ਹਨ, "ਮੈਂ ਐਸਡੀਐਮ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਅਤੇ ਚਿੱਠੀ ਈਓ ਨਗਰਪਾਲਿਕਾ ਨੂੰ ਭੇਜ ਦਿੱਤੀ ਸੀ। ਹਾਲਾਂਕਿ, ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਜੇਕਰ ਅੱਗੇ ਵੀ ਨਾ ਆਇਆ ਤਾਂ ਫਿਰ ਤੋਂ ਕੋਸ਼ਿਸ਼ ਕਰਾਂਗੇ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)