ਕਰਤਾਰਪੁਰ ਲਾਂਘੇ ਦਾ ਕੰਮ ਨਹੀਂ ਰੁਕੇਗਾ: ਪਾਕਿਸਤਾਨ

ਤਸਵੀਰ ਸਰੋਤ, PID
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਕਿਹਾ ਹੈ ਕਿ ਮੌਜੂਦਾ ਹਾਲਾਤ ਨਾਲ ਕਰਤਾਰਪੁਰ ਦਾ ਕੰਮ ਪ੍ਰਭਾਵਿਤ ਨਹੀਂ ਹੋਵੇਗਾ।
ਪਾਕਿਸਤਾਨ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਕਰਤਾਪੁਰ ਕੋਰੀਡੋਰ ਦੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਕਿਹਾ, “ਭਾਰਤ-ਪਾਕਿਸਤਾਨ ਦੇ ਮੌਜੂਦਾ ਹਾਲਾਤ ਨਾਲ ਕਰਤਾਰਪੁਰ ਕੋਰੀਡੋਰ ਦਾ ਕੰਮ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਹੋਵੇਗਾ।”
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਮੌਜੂਦਾ ਹਾਲਾਤ ਵਿੱਚ ਕਰਤਾਰਪੁਰ ਲਾਂਘੇ ਦਾ ਕੰਮ ਨਾ ਰੋਕਿਆ ਜਾਵੇ।
ਸਮਝੌਤਾ ਐਕਸਪ੍ਰੈੱਸ ਵੀ ਰੋਕੀ ਗਈ
ਪਾਕਿਸਤਾਨ ਨੇ ਲਾਹੌਰ ਤੋਂ ਭਾਰਤ ਦੇ ਅਟਾਰੀ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਮਝੌਤਾ ਐਕਸਪ੍ਰੈੱਸ ਨੂੰ 'ਹਮੇਸ਼ਾ ਲਈ' ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਕਦਮ ਭਾਰਤ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ 370 ਨੂੰ ਖ਼ਤਮ ਕਰਨ ਅਤੇ ਸੂਬੇ ਦੇ ਪੁਨਰ ਗਠਨ ਤੋਂ ਬਾਅਦ ਚੁੱਕਿਆ ਗਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਾਹ ਮਹਿਮੂਦ ਕੁਰੇਸ਼ੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਇਸ ਸਬੰਧ ਵਿੱਚ ਭਾਰਤ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਤਸਵੀਰ ਸਰੋਤ, Getty Images
ਭਾਰਤ ਦੇ ਫ਼ੈਸਲੇ ਤੋਂ ਨਾਰਾਜ਼ ਪਾਕਿਸਤਾਨ ਹੁਣ ਤੱਕ ਜਵਾਬ ਦੇ ਰੂਪ 'ਚ ਕਈ ਕਦਮ ਚੁੱਕੇ ਹਨ।
ਇਸ ਦੇ ਨਾਲ ਹੀ ਡਾ. ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤ ਨੇ ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾ ਕੇ ਸੰਯੁਕਤ ਰਾਸ਼ਟਰ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।
ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤ ਨੇ ਅਜਿਹਾ ਕਰਕੇ ਦੱਖਣੀ ਏਸ਼ੀਆ ਵਿੱਚ ਸਥਿਰਤਾ ਤੇ ਸ਼ਾਂਤੀ ਨੂੰ ਜ਼ੋਖਮ ਵਿੱਚ ਪਾ ਦਿੱਤਾ ਹੈ।
ਭਾਰਤ ਨੇ ਪਾਕਿਸਤਾਨ ਨੂੰ ਕੀਤੀ ਅਪੀਲ
ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕੂਟਨੀਤਕ ਰਿਸ਼ਤਿਆਂ ਵਿੱਚ ਕਮੀ ਲਿਆਉਣ ਦੇ ਫੈਸਲੇ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਹ ਫੈਸਲਾ ਜੰਮੂ-ਕਸ਼ਮੀਰ ਦੇ ਵਿਕਾਸ ਲਈ ਲਿਆ ਗਿਆ ਹੈ ਤੇ ਇਸ ਨੂੰ ਨਕਾਰਤਮਕਤਾ ਨਾਲ ਨਹੀਂ ਲੈਣਾ ਚਾਹੀਦਾ।
ਅਸੀਂ ਰਿਪੋਰਟਾਂ ਦੇਖੀਆਂ ਹਨ ਕਿ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਦੁਵੱਲੇ ਸਬੰਧਾਂ ਦੇ ਮਾਮਲੇ ਵਿੱਚ ਕੁਝ ਇੱਕਪਾਸੜ ਕਾਰਵਾਈਆਂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਸਾਡੇ ਕੂਟਨੀਤਿਕ ਰਿਸ਼ਤੇ ਖਰਾਬ ਹੋ ਸਕਦੇ ਹਨ।
ਇਨ੍ਹਾਂ ਕਾਰਵਾਈਆਂ ਦੇ ਪਿੱਛੇ ਦੀ ਨੀਅਤ ਸਪੱਸ਼ਟ ਹੈ। ਉਹ ਚਾਹੁੰਦੇ ਹਨ ਕਿ ਸਾਡੇ ਦੁਵੱਲੇ ਸਬੰਧਾਂ ਦੀ ਦੁਨੀਆਂ ਨੂੰ ਚਿੰਤਾਜਨਕ ਤਸਵੀਰ ਪੇਸ਼ ਕਰਨ। ਪਾਕਿਸਤਾਨ ਵਲੋਂ ਦਿੱਤੇ ਗਏ ਤਰਕ ਤੱਥਾਂ 'ਤੇ ਆਧਾਰਿਤ ਨਹੀਂ ਹਨ।
ਜੰਮੂ-ਕਸ਼ਮੀਰ ਸਬੰਧੀ ਭਾਰਤ ਸਰਕਾਰ ਵਲੋਂ ਲਿਆ ਗਿਆ ਫੈਸਲਾ ਵਿਕਾਸ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਿਆ ਗਿਆ ਹੈ। ਇਸ ਦਾ ਅਸਰ ਲਿੰਗ ਅਤੇ ਸਮਾਜਿਕ-ਆਰਥਿਕ ਭੇਦਭਾਵ ਖ਼ਤਮ ਕਰਨ ਲਈ ਹੈ।
ਇਹ ਵੀ ਪੜ੍ਹੋ:
- ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅਜਿਹਾ ਫੈਸਲਾ ਪਾਕਿਸਤਾਨ ਨੂੰ ਚੰਗਾ ਨਹੀਂ ਲੱਗ ਰਿਹਾ ਹੈ, ਜਿਸ ਦਾ ਫਾਇਦਾ ਪਾਕਿਸਤਾਨ ਹਮੇਸ਼ਾ ਹੀ ਸਰਹੱਦ ਪਾਰ ਅਤਿਵਾਦ ਲਈ ਵਰਤਦਾ ਰਿਹਾ ਹੈ।
- ਧਾਰਾ 370 ਸਬੰਧੀ ਭਾਰਤ ਸਰਕਾਰ ਦਾ ਮੌਜੂਦਾ ਫੈਸਲਾ ਪੂਰੀ ਤਰ੍ਹਾਂ ਅੰਦਰੂਨੀ ਮਾਮਲਾ ਹੈ।
- ਭਾਰਤ ਸਰਕਾਰ ਪਾਕਿਸਤਾਨ ਵੱਲੋਂ ਐਲਾਨੇ ਗਏ ਕਦਮਾਂ 'ਤੇ ਅਫ਼ਸੋਸ ਜਤਾਉਂਦੀ ਹੈ ਅਤੇ ਪਾਕਿਸਤਾਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਮੁੜ ਸਮੀਖਿਆ ਕਰੇ ਤਾਂ ਜੋ ਕੂਟਨੀਤਕ ਸੰਵਾਦ ਲਈ ਆਮ ਰਸਤੇ ਖੁੱਲ੍ਹੇ ਰਹਿਣ।
ਪਾਕਿਸਤਾਨ ਦੇ ਫ਼ੈਸਲੇ
ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੁਰੱਖਿਆ ਕੌਂਸਲ ਦੀ ਮੀਟਿੰਗ ਬੁਲਾਈ ਅਤੇ ਉਸ ਵਿੱਚ ਭਾਰਤ ਨਾਲ ਆਪਣੇ ਕੂਟਨੀਤਕ ਰਿਸ਼ਤਿਆਂ ਵਿੱਚ ਕਮੀ ਲਿਆਉਣ ਦਾ ਫੈਸਲਾ ਲਿਆ।
ਇਸ ਦੇ ਨਾਲ ਹੀ ਉਸ ਨੇ ਭਾਰਤ ਨਾਲ ਦੁਵੱਲੇ ਵਪਾਰ ਨੂੰ ਫਿਲਹਾਲ ਰੋਕਣ ਦਾ ਵੀ ਫੈਸਲਾ ਲਿਆ ਹੈ।
ਤਸਵੀਰ ਸਰੋਤ, EPA
ਇਹ ਫੈਸਲੇ ਪਾਕਿਸਤਾਨ ਨੇ ਭਾਰਤ ਵੱਲੋਂ ਭਾਰਤ ਸ਼ਾਸਿਤ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕੀਤੇ ਜਾਣ ਦੀ ਪ੍ਰਤੀਕਿਰਿਆ ਵਜੋਂ ਲਏ ਹਨ।
ਇਸ ਮੀਟਿੰਗ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਸਣੇ ਫੌਜ ਤੇ ਖੂਫ਼ੀਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਮੀਟਿੰਗ ਵਿੱਚ ਭਾਰਤ ਦੇ ਨਾਲ ਕੂਟਨੀਤਕ ਰਿਸ਼ਤੇ ਸੀਮਤ ਕਰਨ ਤੇ ਦੁਵੱਲੇ ਵਪਾਰ ਨੂੰ ਫਿਲਹਾਲ ਰੋਕਣ ਦਾ ਫੈਸਲਾ ਲਿਆ ਗਿਆ ਹੈ।
ਤਸਵੀਰ ਸਰੋਤ, Getty Images
ਬੈਠਕ ਵਿੱਚ ਤੈਅ ਕੀਤਾ ਗਿਆ ਕਿ ਪਾਕਿਸਤਾਨ ਦੇ ਸੁਤੰਤਰਤਾ ਦਿਵਸ 14 ਅਗਸਤ ਨੂੰ ਕਸ਼ਮੀਰੀਆਂ ਦੇ ਨਾਲ ਏਕਤਾ ਪ੍ਰਦਰਸ਼ਿਤ ਕਰਨ ਵਜੋਂ ਮਨਾਇਆ ਜਾਵੇਗਾ ਜਦਕਿ ਭਾਰਤ ਦੇ ਸੁਤੰਤਰਤਾ ਦਿਵਸ 15 ਅਗਸਤ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ:
ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਨੁੱਖੀ ਅਧਿਕਾਰ ਉਲੰਘਣਾ ਦੇ ਸਬੰਧ ਵਿੱਚ ਭਾਰਤ ਦੇ ਖ਼ਿਲਾਫ਼ ਸਾਰੇ ਕੂਟਨੀਤਕ ਚੈਨਲਾਂ ਦੀ ਵਰਤੋਂ ਦੇ ਨਿਰਦੇਸ਼ ਦਿੱਤੇ ਹਨ। ਇਮਰਾਨ ਖ਼ਾਨ ਨੇ ਫ਼ੌਜ ਨੂੰ ਵੀ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਦੇਖੋ: