ਕਸ਼ਮੀਰ ਚੱਲੋ ...ਜ਼ਮੀਨ ਖਰੀਦਾਂਗੇ, ਕੋਠੀ ਬਣਾਵਾਂਗੇ, ਕੁੜੀਆਂ ਨਾਲ ਵਿਆਹ ਕਰਾਵਾਂਗੇ... ਅੱਗੇ? - ਸੋਸ਼ਲ ਚਰਚਾ 'ਤੇ ਬਲਾਗ

  • ਨਸੀਰੂਦੀਨ
  • ਸੀਨੀਅਰ ਪੱਤਰਕਾਰ

ਸੋਮਵਾਰ 5 ਅਗਸਤ ਨੂੰ ਭਾਰਤ ਦੀ ਸੰਸਦ ਵਿੱਚ ਕਸ਼ਮੀਰ ਤੇ ਚਰਚਾ ਹਾਲੇ ਸ਼ੁਰੂ ਹੀ ਹੋਈ ਸੀ ਕਿ ਇੱਕ ਖਾਸ ਤਰ੍ਹਾਂ ਦਾ ਸੰਦੇਸ਼ ਘੁੰਮਣ ਲੱਗਾ।

"ਮੇਰੇ ਕੁਆਰੇ ਦੋਸਤੋ ਕਰੋ ਤਿਆਰੀ, ਹੁਣ ਕਸ਼ਮੀਰ ਵਿੱਚ ਹੋ ਸਕਦਾ ਹੈ ਸਹੁਰਾ ਪਰਿਵਾਰ ਤੁਹਾਡਾ'' ਕੁਝ ਲੋਕ ਤਾਂ 15 ਅਗਸਤ ਦੀ ਤਰੀਕ ਵੀ ਦੱਸਣ ਲੱਗੇ।

ਕਈਆਂ ਨੂੰ ਆਪਣੇ ਕੁਆਰੇ ਹੋਣ ਦੀ ਖੁਸ਼ੀ ਵੀ ਹੈ, "ਚੰਗਾ ਹੋਇਆ ਜੋ ਹਾਲੇ ਤੱਕ ਵਿਆਹ ਨਹੀਂ ਕੀਤਾ। ਹੁਣ ਤਾਂ ਲੱਗਦਾ ਹੈ ਕਸ਼ਮੀਰ ਵਿੱਚ ਹੀ ਸਹੁਰੇ ਹੋਣਗੇ।"

ਕਿਸੇ ਨੇ ਰੱਬ ਨੂੰ ਯਾਦ ਕੀਤਾ, "ਹੁਣ ਰੱਬ ਦੀ ਲੀਲਾ ਸਮਝ ਆ ਗਈ। ਉਸ ਨੇ ਮੇਰਾ ਵਿਆਹ ਕਿਉਂ ਨਹੀਂ ਹੋਣ ਦਿੱਤਾ। ਉਹ ਜੋ ਕਰਦਾ ਹੈ ਹਮੇਸ਼ਾ ਚੰਗੇ ਲਈ ਹੀ ਕਰਦਾ ਹੈ।"

ਕੋਈ ਤਾਂ ਐਨਾ ਖੁਸ਼ ਹੋਇਆ ਕਿ ਐਲਾਨ ਕਰਨ ਲੱਗਾ-

'ਜੰਮੂ ਕਸ਼ਮੀਰ ਵਿੱਚ ਹੁਣ ਸਾਡਾ ਵੀ ਘਰ ਹੋਵੇਗਾ।'

'ਜੰਮੂ-ਕਸ਼ਮੀਰ ਵਿੱਚ ਹੁਣ ਸਾਡੇ ਵੀ ਸਹੁਰੇ ਹੋਣਗੇ।'

'ਚੱਲੋ ਹਿੰਦੁਸਤਾਨੀਓ ਜੰਮੂ-ਕਸ਼ਮੀਰ 'ਚ ਬਰਾਤ ਲੈ ਕੇ ਚੱਲਦੇ ਹਾਂ।'

'ਕੌਣ-ਕੌਣ ਚੱਲ ਰਿਹਾ ਹੈ ਮੇਰੇ ਨਾਲ।'

ਉਦੋਂ ਇੱਕ ਸ਼ਖ਼ਸ ਤਾਂ ਐਨਾ ਜੋਸ਼ ਵਿੱਚ ਆ ਗਿਆ, 'ਕਸ਼ਮੀਰੀ ਕੁੜੀਓ ਕਰੋ ਤਿਆਰੀ, ਆ ਰਹੇ ਹਨ ਭਗਵਾਧਾਰੀ'

ਇਹ ਵੀ ਪੜ੍ਹੋ:

ਕਸ਼ਮੀਰੀ ਪਲਾਟ ਦੇ ਮਾਅਨੇ?

ਅਜਿਹੇ ਸੰਦੇਸ਼ ਨਾਲ ਕਈ ਕੁੜੀਆਂ ਦੀਆਂ ਗਰੁੱਪ ਵਿੱਚ ਤਸਵੀਰਾਂ ਸਨ ਤਾਂ ਉਸ 'ਤੇ ਨਿਸ਼ਾਨਦੇਹੀ ਵੀ ਹੋਣ ਲੱਗੀ, 'ਸੱਜੇ ਵਾਲੀ ਮੇਰੀ' ਤਾਂ ਕੋਈ ਕਹਿਣ ਲੱਗਾ 'ਇਹ ਨੀਲੇ ਵਾਲਾ ਕਸ਼ਮੀਰੀ ਪਲਾਟ ਮੇਰਾ ਹੈ, ਬਾਕੀ ਤੁਸੀਂ ਆਪਣਾ ਦੇਖ ਲਓ'

(ਉਂਝ ਜੇ ਕੁੜੀਆਂ ਦੀ ਗਰੁੱਪ ਫੋਟੋ ਦੇ ਨਾਲ ਇਹ ਕਮੈਂਟ ਹੋਵੇ ਤਾਂ ਕਸ਼ਮੀਰੀ ਪਲਾਟ ਦਾ ਮਤਲਬ ਕੀ ਹੋਇਆ?)

ਇੱਕ ਦੋ ਤਾਂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਲਈ ਮੁੰਡੇ ਲੱਭ ਰਹੇ ਹਨ ਤਾਂ ਕਿਸੇ ਨੇ ਆਪਣੇ ਦੋਸਤ ਲਈ ਜੇਐਨਯੂ ਦੀ ਸਟੂਡੈਂਟ ਲੀਡਰ ਰਹੀ ਸ਼ੇਹਲਾ ਰਾਸ਼ਿਦ ਦਾ ਨਾਮ ਸੁਝਾਇਆ ਹੈ। ਇਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇੱਕ ਭਰਾ ਨੇ ਤਾਂ ਇਨਾਮ ਦਾ ਐਲਾਨ ਕਰ ਦਿੱਤਾ।

'ਜੋ ਹਿੰਦੀ ਭਰਾ ਇੱਕ ਕਸ਼ਮੀਰੀ ਕੁੜੀ ਦੇ ਨਾਲ ਵਿਆਹ ਕਰੇਗਾ ਉਸ ਨੂੰ ਮੈਂ 50 ਹਜ਼ਾਰ ਨਗਦੀ ਦੇਵਾਂਗਾ।'

ਖੈਰ ਇਸ ਸਭ ਵਿਚਾਲੇ ਕਿਸੇ ਨੂੰ ਅਫ਼ਸੋਸ ਵੀ ਹੈ, "ਕਾਸ਼ ਵਿਆਹ ਲਈ ਦੋ-ਤਿੰਨ ਸਾਲ ਰੁਕਿਆ ਹੁੰਦਾ ਨਹੀਂ ਤਾਂ ਅੱਜ ਸਹੁਰੇ ਕਸ਼ਮੀਰ ਹੁੰਦੇ।"

ਪਿਛਲੇ ਦੋ-ਤਿੰਨ ਦਿਨਾਂ 'ਚ ਵਟਸਐਪ, ਫੇਸਬੁੱਕ, ਟਵਿੱਟਰ, ਟਿੱਕ-ਟੌਕ... ਅਜਿਹੇ ਸੰਦੇਸ਼ਾਂ ਨਾਲ ਭਰਿਆ ਪਿਆ ਹੈ। ਪਰ ਇਨ੍ਹਾਂ ਸੰਦੇਸ਼ਾਂ ਦੇ ਨਾਲ ਕੀ ਕੋਈ ਹੋਰ ਮਤਲਬ ਵੀ ਜੁੜੇ ਹੋਏ ਹਨ? ਕੀ ਇਹ ਮੈਸੇਜ ਕੁਝ ਹੋਰ ਕਹਿਣ ਦੀ ਵੀ ਕੋਸ਼ਿਸ਼ ਕਰ ਰਹੇ ਹਨ?

ਇੱਕ-ਦੋ ਗੱਲਾਂ ਹੋਰ ਧਿਆਨ ਦੇਣ ਵਾਲੀਆਂ ਹਨ। ਇਨ੍ਹਾਂ ਸਭ ਸੰਦੇਸ਼ਾਂ ਦੀ ਬਨਾਵਟ ਦਸ ਰਹੀ ਹੈ ਕਿ ਇਹ ਸਭ ਮਰਦ, ਮਰਦਾਂ ਨੂੰ ਕਹਿ ਰਹੇ ਹਨ। ਇਨ੍ਹਾਂ ਸੰਦੇਸਾਂ ਵਿੱਚ ਕਸ਼ਮੀਰੀ ਕੁੜੀਆਂ ਨਾਲ ਵਿਆਹ ਦੀ ਇੱਛਾ ਤਾਂ ਹੈ। ਨਾਲ ਹੀ ਉਹ ਜ਼ਮੀਨ ਖਰੀਦਣ ਦੀ ਇੱਛਾ ਵੀ ਰੱਖਦੇ ਹਨ।

ਕੀ ਔਰਤ ਯੁੱਧ ਜਿੱਤਣ ਦਾ ਇਨਾਮ ਹੈ!

ਇਤਿਹਾਸ ਸਾਨੂੰ ਦੱਸਦਾ ਹੈ ਕਿ ਕਬੀਲੇ ਵਾਲੇ ਦੌਰ ਅਤੇ ਮੱਧ ਕਾਲ ਦੇ ਸਾਮੰਤਵਾਦੀ ਜ਼ਮਾਨੇ ਵਿੱਚ ਇਲਾਕੇ/ ਸਾਮਰਾਜ ਵਿਸਥਾਰ ਲਈ ਜੰਗ ਹੁੰਦੀ ਸੀ। ਜੇਤੂ ਹਾਰੇ ਹੋਏ ਇਲਾਕੇ/ਸੂਬੇ ਦੀ ਜ਼ਮੀਨ ਅਤੇ ਜਾਇਦਾਦਾਂ 'ਤੇ ਕਬਜ਼ਾ ਕਰ ਲੈਂਦੇ ਸਨ। ਬਹੁਤ ਸਾਰੇ ਹਮਲਾਵਰ, ਔਰਤਾਂ ਨੂੰ ਵੀ ਜਿੱਤੀਆਂ ਹੋਈਆਂ ਜਾਇਦਾਦਾਂ ਵਿੱਚ ਮੰਨਦੇ ਸਨ।

ਇਸ ਲਈ ਉਹ ਔਰਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਸਨ, ਮਰਦ ਪ੍ਰਧਾਨ ਸਮਾਜ, ਜ਼ਮਾਨੇ ਤੋਂ ਔਰਤਾਂ ਨੂੰ ਕਿਸੇ ਸਮਾਜ/ ਸਮੂਹ/ ਜਾਤ/ ਸੰਪਰਦਾਇ/ ਦੇਸ ਦੀ ਇੱਜ਼ਤ ਦੇ ਰੂਪ ਵਿੱਚ ਦੇਖਦਾ ਰਿਹਾ ਹੈ। ਇਸ ਲਈ ਦੇਸਾਂ ਵਿਚਾਲੇ ਯੁੱਧ ਹੋਵੇ ਜਾਂ ਜਾਤ/ ਫਿਰਕੂ ਹਿੰਸਾ, ਜਿੱਤਣ ਲਈ ਇੱਕ ਜੰਗ ਇਸਤਰੀਆਂ ਦੀ ਦੇਹ 'ਤੇ ਵੀ ਲੜੀ ਜਾਂਦੀ ਰਹੀ ਹੈ। ਇਹ ਸਾਡੇ ਸਮੇਂ ਵਿੱਚ ਵੀ ਹੋਇਆ ਅਤੇ ਹੋ ਰਿਹਾ ਹੈ।

ਅਸੀਂ ਤਾਂ ਹਮੇਸ਼ਾ ਤੋਂ ਇਹੀ ਮੰਨਦੇ ਰਹੇ ਅਤੇ ਕਿਤਾਬਾਂ ਵਿੱਚ ਵੀ ਪੜ੍ਹਾਇਆ ਜਾਂਦਾ ਰਿਹਾ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਸਾਡੀ ਗੱਲ ਦਾ ਸਿਰਾ ਕਸ਼ਮੀਰ ਤੋਂ ਸ਼ੁਰੂ ਹੋ ਕੇ ਕੰਨਿਆਕੁਮਾਰੀ 'ਤੇ ਖ਼ਤਮ ਹੁੰਦਾ ਰਿਹਾ ਹੈ।

ਫਿਰ 5-6 ਅਗਸਤ ਤੋਂ ਅਜਿਹਾ ਹੋਇਆ ਕਿ ਕੁਝ ਲੋਕਾਂ ਨੂੰ ਲੱਗਣ ਲੱਗਿਆ ਕਿ ਕਸ਼ਮੀਰ ਹੁਣ ਸਾਡਾ ਹੈ? ਹੁਣ ਜਾ ਕੇ ਜਿੱਤ ਮਿਲੀ ਹੈ ? ਉਹ ਜੇਤੂ ਹਨ? ਆਪਣੇ ਹੀ ਇਲਾਕੇ ? ਆਪਣੇ ਹੀ ਲੋਕਾਂ 'ਤੇ ਜੇਤੂ? ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਜੇਤੂਆਂ ਨੂੰ ਜ਼ਮੀਨ 'ਤੇ ਕਬਜ਼ੇ ਦੀ ਫਿਕਰ ਰਹਿੰਦੀ ਸੀ, ਉਸੇ ਤਰ੍ਹਾਂ ਸਭ ਜੰਮੂ-ਕਸ਼ਮੀਰ-ਲੱਦਾਖ ਵਿੱਚ ਜਾਇਦਾਦ ਬਣਾਉਣ ਦੀ ਖੁਆਇਸ਼ ਜ਼ਾਹਰ ਕਰਨ ਲੱਗੇ ਹਨ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਫੈਲੇ ਸੰਦੇਸ਼, ਮੀਮ, ਗੱਲਾਂ ਤਾਂ ਇਹੀ ਦੱਸ ਰਹੀਆਂ ਹਨ। ਤਾਂ ਕੀ ਸਾਨੂੰ ਉੱਥੋਂ ਦੇ ਲੋਕ ਨਹੀਂ, ਜੰਮੂ-ਕਸ਼ਮੀਰ ਦੀ ਜਾਇਦਾਦ ਦੀ ਚਾਹਤ ਹੈ?(ਅਜਿਹੀ ਹੀ ਚਾਹਤ ਵਾਲੇ ਜਾਇਦਾਦ ਵਿੱਚ ਔਰਤ ਨੂੰ ਵੀ ਸ਼ਾਮਲ ਕਰਦੇ ਹਨ। ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਘਰ-ਸਮਾਜ ਦੀਆਂ ਔਰਤਾ ਨੂੰ ਜਾਇਦਾਦ ਦੀ ਹੀ ਤਰ੍ਹਾਂ ਦੇਖਣ ਦੀ ਆਦੀ ਰਹੇ ਹਨ।)

ਕਹਿਣ ਵਾਲੇ ਕਹਿ ਸਕਦੇ ਹਨ, ਕਿ ਇਨ੍ਹਾਂ ਮੈਸੇਜਸ ਨੂੰ ਐਨੀ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਗੱਲ ਤਾਂ ਸਹੀ ਹੈ। ਜੇਕਰ ਇੱਕਾ-ਦੁੱਕਾ ਹੁੰਦੀ ਤਾਂ ਸ਼ਾਇਦ ਹਲਕੀ-ਫੁਲਕੀ ਚਰਚਾ ਹੀ ਹੁੰਦੀ। ਪਰ ਅਜਿਹੇ ਸੰਦੇਸ਼ਾਂ ਦਾ ਤਾਂ ਹੜ੍ਹ ਹੀ ਆ ਗਿਆ ਹੈ। ਵਿਸ਼ਵਾਸ ਨਾ ਹੋਵੇ ਤਾਂ ਕਿਸੇ ਵੀ ਥਾਂ ਚੈੱਕ ਕਰ ਲਵੋ। ਹਾਲਾਂਕਿ ਇਨ੍ਹਾਂ ਦੀਆਂ ਜੜ੍ਹਾਂ ਲੱਭਣੀਆਂ ਹੋਣ ਤਾਂ ਇੱਧਰ-ਉੱਧਰ ਵੀ ਨਜ਼ਰ ਮਾਰਨੀ ਪਵੇਗੀ।

ਦੇਖੋ, ਕੁੜੀਆਂ ਨੂੰ ਜਿੱਤਣ ਦੀ ਇਹ ਕਿਹੋ ਜਿਹੀ ਜ਼ਬਰਦਸਤ ਖੁਆਇਸ਼ ਹੈ। ਇੱਕ ਖ਼ਬਰ ਮੁਤਾਬਕ ਸਾਧਵੀ ਪ੍ਰਾਚੀ ਬਾਗਪਤ ਦੇ ਬੜੋਤ ਵਿੱਚ ਕਹਿੰਦੀ ਹੈ, ''ਜਿਹੜੇ ਕੁਆਰੇ ਨੌਜਵਾਨ ਹਨ, ਉਨ੍ਹਾਂ ਲਈ ਵੱਡੀ ਖੁਸ਼ਖਬਰੀ ਹੈ। ਡਲ ਝੀਲ 'ਤੇ 15 ਅਗਸਤ ਤੋਂ ਬਾਅਦ ਪਲਾਟ ਖਰੀਦੋ ਰਜਿਸਟਰੀ ਤੁਹਾਡੇ ਨਾਮ ਹੋਵੇਗੀ। ਸਹੁਰੇ ਵੀ ਤੁਹਾਡੇ ਕਸ਼ਮੀਰ ਵਿੱਚ ਹੋ ਜਾਣਗੇ, ਸਾਡਾ ਸੁਪਨਾ ਪੂਰਾ ਹੋ ਗਿਆ।''

ਤਸਵੀਰ ਕੈਪਸ਼ਨ,

ਆਰਟੀਕਲ 370 ਨੂੰ ਹਟਾਏ ਜਾਣ ਦਾ ਜਸ਼ਨ ਮਨਾਉਂਦੇ ਭਾਜਪਾ ਸਮਰਥਕ

ਦਬੀਆਂ ਖੁਆਇਸ਼ਾਂ ਦੇ ਕਾਰਨ

ਖਤੋਲੀ, ਮੁਜ਼ੱਫਰਨਗਰ ਦੇ ਭਾਜਪਾ ਵਿਧਾਇਕ ਵਿਕਰਮ ਸਿੰਘ ਸੈਣੀ ਨੇ ਇਸ ਗੱਲ ਨੂੰ ਹੋਰ ਅੱਗੇ ਤੋਰਿਆ, ''ਪਾਰਟੀ ਦੇ ਵਰਕਰ ਉਤਸ਼ਾਹਿਤ ਹਨ ਕਿਉਂਕਿ ਉਹ ਕਸ਼ਮੀਰ ਦੀਆਂ ਗੋਰੀਆਂ ਕੁੜੀਆਂ ਨਾਲ ਵਿਆਹ ਕਰਵਾ ਸਕਣਗੇ। ਉਨ੍ਹਾਂ ਦਾ ਵਿਆਹ ਉੱਥੇ ਹੀ ਕਰਵਾ ਦਿਆਂਗੇ, ਕੋਈ ਦਿੱਕਤ ਨਹੀਂ ਹੈ ਅਤੇ ਜਿਹੜੇ ਮੁਸਲਮਾਨ ਵਰਕਰ ਇੱਥੇ ਹਨ, ਉਨ੍ਹਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ। ਵਿਆਹ ਉੱਥੇ ਕਰਨਾ, ਕਸ਼ਮੀਰੀ ਗੋਰੀ ਕੁੜੀ ਨਾਲ। ਮੈਂ ਕਸ਼ਮੀਰ ਵਿੱਚ ਘਰ ਬਣਾਉਣਾ ਚਾਹੁੰਦਾ ਹਾਂ। ਉੱਥੇ ਹਰ ਚੀਜ਼ ਸੋਹਣੀ ਹੈ- ਥਾਂ, ਪੁਰਸ਼ ਅਤੇ ਔਰਤਾਂ । ਸਭ ਕੁਝ''

ਉਂਝ, ਜਿੱਥੇ ਤੱਕ ਜਾਣਕਾਰੀ ਹੈ ਉਸਦੇ ਮੁਤਾਬਕ ਗ਼ੈਰ-ਕਸ਼ਮੀਰੀ ਮੁੰਡੇ-ਕੁੜੀਆਂ ਨੂੰ ਕਸ਼ਮੀਰੀ ਮੁੰਡੇ ਜਾਂ ਕੁੜੀ ਨਾਲ ਵਿਆਹ ਕਰਨ 'ਤੇ ਕੋਈ ਪਾਬੰਦੀ ਨਹੀਂ ਰਹੀ ਹੈ। ਇਸਦੇ ਕਈ ਨਾਮੀ ਉਦਾਹਰਣ ਵੀ ਹਨ ਅਤੇ ਆਮ ਵੀ। ਹਾਂ, ਅਜਿਹਾ ਜ਼ਰੂਰ ਸੀ ਕਿ ਆਪਣੇ ਸੂਬੇ ਤੋਂ ਬਾਹਰ ਵਿਆਹ ਕਰਵਾਉਣ ਵਾਲੀਆਂ ਕਸ਼ਮੀਰੀ ਕੁੜੀਆਂ ਦੀ ਔਲਾਦ ਨੂੰ ਵਿਰਾਸਤ ਵਿੱਚ ਹਿੱਸਾ ਨਹੀਂ ਮਿਲਦਾ ਸੀ।

ਕੁਝ ਲੋਕਾਂ ਨੇ ਤਾਂ ਇਸ ਝੂਠ 'ਤੇ ਵੀ ਭਰੋਸਾ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਪਾਕਿਸਤਾਨੀ ਨਾਲ ਵਿਆਹ ਕਰਵਾਉਣ 'ਤੇ ਅਜਿਹਾ ਨਹੀਂ ਸੀ।

ਇਸ ਲਈ ਇਹ ਕੁਝ ਸਿਰਫਿਰਿਆਂ ਦੇ ਦਿਮਾਗ ਦੀ ਉਪਜ ਨਹੀਂ ਹੈ। ਇਨ੍ਹਾਂ ਦੀ ਸੰਖਿਆ ਅਤੇ ਇਹ ਗੱਲਾਂ ਕਿਨ੍ਹਾਂ-ਕਿਨ੍ਹਾਂ ਦੇ ਦਿਮਾਗ ਵਿੱਚ ਹਨ ਇਹ ਦੱਸ ਰਿਹਾ ਹੈ ਕਿ ਅਸਲ ਵਿੱਚ ਇਹ ਸਾਡੇ ਅੰਦਰ ਦਬੀ ਖੁਆਇਸ਼ ਹੈ। ਕੀ ਇਸ ਖੁਆਇਸ਼ ਨੂੰ ਖੰਭ ਮਿਲਣ ਦਾ ਸਭ ਤੋਂ ਮਜ਼ਬੂਤ ਕਾਰਨ ਉੱਥੋਂ ਦੀ ਵੱਡੀ ਆਬਾਦੀ ਦਾ ਇੱਕ ਖਾਸ ਧਰਮ ਹੈ? ਕੀ ਇਸ ਲਈ ਨਾ ਸਿਰਫ਼ ਜ਼ਮੀਨ-ਜਾਇਦਾਦਾ ਚਾਹੀਦੀ ਸਗੋਂ ਕੁੜੀਆਂ ਵੀ ਚਾਹੀਦੀਆਂ ਹਨ?

ਧਿਆਨ ਰਹੇ, ਇਹ ਖੁਆਇਸ਼ ਸਿਰਫ਼ ਗ਼ੈਰ-ਕਸ਼ਮੀਰੀ ਮੁੰਡਿਆਂ ਨੇ ਜ਼ਾਹਰ ਕੀਤੀ ਹੈ। ਜੇਕਰ ਇਸ ਖੁਆਇਸ਼ ਦਾ 'ਸੋਹਣਾਪਨ' ਹੀ ਪੈਮਾਨਾ ਹੈ ਤਾਂ ਉੱਥੋਂ ਦੇ ਮੁੰਡਿਆਂ 'ਤੇ ਵੀ ਇਹ ਲਾਗੂ ਹੁੰਦਾ ਹੈ। ਤਾਂ ਕੀ ਗ਼ੈਰ-ਕਸ਼ਮੀਰੀ ਕੁੜੀਆਂ ਵੀ ਕਸ਼ਮੀਰੀ ਮੁੰਡਿਆਂ ਨੂੰ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੀ ਸ਼ਕਲ ਵਿੱਚ ਦੇਖ ਰਹੀਆਂ ਹਨ?

ਇਨ੍ਹਾਂ ਗੱਲਾਂ ਨਾਲ ਪੈਦਾ ਹੋਏ ਸਵਾਲ

ਇਹ ਗੱਲਾਂ ਕੁਝ ਸਵਾਲ ਵੀ ਖੜ੍ਹੇ ਕਰ ਰਹੀਆਂ ਹਨ।

ਇਹ ਕਿਵੇਂ ਭੁੱਲਿਆ ਜਾ ਸਕਦਾ ਹੈ ਕਿ ਜਿਸ ਪਾਰਟੀ ਦੇ ਨੇਤਾ ਨੌਜਵਾਨਾਂ ਦਾ ਵਿਆਹ ਕਰਵਾਉਣ ਉੱਥੇ ਲਿਜਾ ਰਹੇ ਹਨ ਉਸ ਪਾਰਟੀ ਦੇ ਉਨ੍ਹਾਂ ਦੇ ਸਾਥੀ ਦੀ ਧੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਨੂੰ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣਾ ਪੈਂਦਾ ਹੈ?

ਇਹ ਉਤਸ਼ਾਹਿਤ ਮਰਦ ਉਸੇ ਸਮਾਜ ਦੇ ਹਨ ਜਿੱਥੇ ਨਾ ਸਿਰਫ਼ ਆਪਣੀ ਮਰਜ਼ੀ ਨਾਲ ਵਿਆਹ ਕਰਨ ਵਾਲਿਆਂ ਨੂੰ ਦਰਖ਼ਤ 'ਤੇ ਲਟਕਾ ਦਿੱਤਾ ਜਾਂਦਾ ਹੈ ਸਗੋਂ ਵੈਲਨਟਾਈਨਜ਼ ਡੇਅ ਹੋਵੇ ਜਾਂ ਫਿਰ ਆਮ ਦਿਨ, ਇਹ ਲੋਕ ਮੁਹੱਬਤ ਕਰਨ ਵਾਲਿਆਂ ਦੀ ਡੰਡਿਆਂ ਨਾਲ ਖੈਰੀਅਤ ਲੈਂਦੇ ਹਨ?

ਇਹ ਮਰਦ, ਜਾਇਦਾਦ ਅਤੇ ਵਿਆਹ ਦੀ ਕਸ਼ਮੀਰ ਵਰਗੀ ਖੁਆਇਸ਼ ਦਾ ਇਜ਼ਹਾਰ ਹਿਮਾਚਲ ਜਾਂ ਉਤਰਾਖੰਡ ਲਈ ਕਿਉਂ ਨਹੀਂ ਕਰਦੇ? ਦਿਖਣ ਵਿੱਚ ਤਾਂ ਇਨ੍ਹਾਂ ਤਿੰਨਾਂ ਇਲਾਕਿਆਂ ਦੀਆਂ ਕੁੜੀਆਂ ਵਿੱਚ ਬਹੁਤਾ ਫਰਕ ਨਹੀਂ ਹੈ? ਰਹਿਣ ਲਈ ਤਿੰਨਾਂ ਦਾ ਮੌਸਮ ਵੀ ਇੱਕੋ ਜਿਹਾ ਹੈ।

ਕੀ ਉੱਥੋਂ ਦੀਆਂ ਕੁੜੀਆਂ ਹੁਣ ਐਨੀਆਂ ਬੇਬਸ, ਲਾਚਾਰ, ਮਜਬੂਰ, ਬੇਆਵਾਜ਼ ਹਨ ਕਿ ਕੋਈ ਵੀ ਕਿਤੇ ਜਾ ਕੇ, ਉਨ੍ਹਾਂ ਦੀ ਮਰਜ਼ੀ ਦੇ ਖਿਲਾਫ਼ ਉਨ੍ਹਾਂ ਨੂੰ 'ਆਪਣਾ' ਬਣਾ ਸਕਦਾ ਹੈ?

ਕੀ ਇਹ ਵੀ 'ਲਵ-ਜਿਹਾਦ' ਦੇ ਨਾਮ ਦੇ ਸਾਂਚੇ ਵਿੱਚ ਆਵੇਗਾ?

ਇਹ ਵੀ ਪੜ੍ਹੋ:

ਦਰਅਸਲ ਇਹ ਮਰਦਾਨਾ ਰਾਸ਼ਟਰਵਾਦ ਦਾ ਵਿਚਾਰ ਹੈ। ਜਿੱਥੇ ਔਰਤਾਂ ਜ਼ਰੀਏ ਸਨਮਾਨ ਅਤੇ ਬੇਇੱਜ਼ਤੀ ਤੈਅ ਹੁੰਦੀ ਹੈ। ਇਸ ਲਈ ਜਦੋਂ ਇੱਕ ਸਾਹਿਬ ਨੂੰ ਅਜਿਹਾ ਨਾ ਕਰਨ ਲਈ ਕਿਸੇ ਨੇ ਕਿਹਾ ਤਾਂ ਉਨ੍ਹਾਂ ਦਾ ਜਵਾਬ ਸੀ, 'ਜੈਸੇ ਨੂੰ ਤੈਸਾ ਜਵਾਬ ਨਹੀਂ ਦਿਓਗੇ ਤਾਂ ਤੁਹਾਡਾ ਜ਼ਿੰਦਾ ਰਹਿਣਾ ਅਤੇ ਮਰਨਾ ਇੱਕ ਬਰਾਬਰ ਹੈ। ਕਸ਼ਮੀਰ ਵਿੱਚ ਸਥਾਈ ਸ਼ਾਂਤੀ ਚਾਹੁੰਦੇ ਹੋ ਤਾਂ ਉੱਥੇ ਦੀਆਂ ਕੁੜੀਆਂ ਨਾਲ ਵਿਆਹ ਕਰਨਾ ਅਤੇ ਉਨ੍ਹਾਂ ਤੋਂ ਬੱਚੇ ਪੈਦਾ ਕਰਨਾ ਗੁਨਾਹ ਨਹੀਂ ਹੈ ਅਤੇ ਇਹੀ ਸ਼ਾਂਤੀ ਦਾ ਸਭ ਤੋਂ ਸਹੀ ਰਾਹ ਹੈ।''

ਉਂਝ ਵੀ ਕਿਹਾ ਵੀ ਜਾਂਦਾ ਹੈ ਕਿ ਕਿ ਰਿਸ਼ਤੇ ਰੋਟੀ ਅਤੇ ਧੀ ਦੇ ਸਬੰਧ ਨਾਲ ਮਜ਼ਬੂਤ ਹੁੰਦੇ ਹਨ। ਤਾਂ ਇਸਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਅਸੀਂ ਹੁਣ ਨਾ ਸਿਰਫ਼ ਕਸ਼ਮੀਰੀ ਦੀ ਧੀ ਨੂੰ ਅਪਣਾਵਾਂਗੇ ਸਗੋਂ ਆਪਣੀਆਂ ਧੀਆਂ ਨੂੰ ਵੀ ਕਸ਼ਮੀਰ ਜਾਣ ਤੋਂ ਨਹੀਂ ਰੋਕਾਂਗੇ?

ਮਰਦਾਨਾ ਰਾਸ਼ਟਰਵਾਦ

ਉਂਝ ਸੋਚ ਕੇ ਦੇਖੋ ਕਿ ਪੂਰੇ ਭਾਰਤ ਵਿੱਚ ਅੰਤਰਜਾਤੀ, ਅੰਤਰ ਸੂਬਾ, ਅੰਤਰ ਧਾਰਮਿਕ ਵਿਆਹ ਹੋਣ ਲੱਗਣ ਤਾਂ ਅਸਲ ਵਿੱਚ ਸ਼ਾਂਤੀ ਦਾ ਸਹੀ ਰਸਤਾ ਮਿਲ ਜਾਵੇਗਾ। ਕਿਉਂ?

ਅਤੇ ਹਾਂ, ਇਸ ਵਿਚਾਲੇ ਕੁਝ ਗੀਤ ਵੀ ਆ ਗਏ ਹਨ ਅਤੇ ਇਹ ਯੂ-ਟਿਊਬ /ਫੇਸਬੁੱਕ/ ਵੱਟਸਐਪ 'ਤੇ ਸਾਂਝੇ ਵੀ ਹੋ ਰਹੇ ਹਨ। ਇੱਕ ਭੋਜਪੁਰੀ ਗੀਤ ਬਣਿਆ ਹੈ। ਗੀਤ ਹੈ ਕਿ 'ਅਬ ਹਮ ਜਾਈਬ ਕਸ਼ਮੀਰ/ ਜਾਕੇ ਕਸ਼ਮੀਰ ਮੇਂ ਲਈਬੇ ਦੋ ਕੱਠਾ ਜ਼ਮੀਨ/ ਉਮੇ ਚਲਈਬੇ ਧਾਨ ਕੂਟੇ ਕੇ ਮਸ਼ੀਨ...'

ਇੱਕ ਹਰਿਆਣਵੀ ਗੀਤ ਕਾਫ਼ੀ ਸੁਣਿਆ/ ਦੇਖਿਆ ਜਾ ਰਿਹਾ ਹੈ। ਇਸਦੇ ਕਈ ਰੂਪ ਮੌਜੂਦ ਹਨ। ਹਰਿਆਣਵੀ ਗੀਤ ਕਹਿੰਦਾ ਹੈ, 'ਪਹਿਲੀ ਬਾਰ ਕਿਸੀ ਸਰਕਾਰ ਨੇ ਕੁਵਾਰੇ ਕੀ ਫਰਿਆਦ ਸੁਨੀ ਹੈ/ ਅਰੇ ਕਸ਼ਮੀਰ ਮੇਂ ਹਰਿਆਣਾ ਕੇ ਤਾਕਤਵਰ ਜਵਾਨੋਂ ਕੀ ਬਹੁਤ ਜ਼ਰੂਰਤ ਹੈ। ਅਬ ਬਿਹਾਰ ਕੋ ਛੋੜ, ਕਸ਼ਮੀਰ ਸੇ ਬਹੂ ਲਾਨੀ ਹੈ।'

ਤਸਵੀਰ ਕੈਪਸ਼ਨ,

ਯੂ- ਟਿਊਬ 'ਤੇ 370 ਨਾਲ ਜੁੜੇ ਗਾਣਿਆਂ ਦਾ ਹੜ੍ਹ ਆ ਗਿਆ ਹੈ

ਹਾਲਾਂਕਿ, ਇਹ ਉਸ ਸਮਾਜ ਤੋਂ ਨਿਕਲਿਆ ਗੀਤ ਹੈ, ਜਿੱਥੇ ਕੁੜੀਆਂ ਅਣਚਾਹੀਆਂ ਹਨ। ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ 'ਤੇ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਕੁੜੀਆਂ ਮਿਲਦੀਆਂ ਨਹੀਂ ਤਾਂ ਬਿਹਾਰ ਜਾਂ ਕਿਤੇ ਹੋਰ ਜਾ ਕੇ ਪੈਸਾ ਦੇ ਕੇ ਮੁੰਡਿਆ ਨੂੰ ਵਿਆਹ ਕਰਵਾਉਣਾ ਪੈਂਦਾ ਹੈ। ਤਾਂ ਇਹ ਕਹਿੰਦਾ ਹੈ ਕਿ ਅਸੀਂ ਬਿਹਾਰ ਨਹੀਂ ਕਸ਼ਮੀਰ ਜਾਵਾਂਗੇ। ਉੱਥੋਂ ਨੂੰਹ ਲਿਆਵਾਂਗੇ। ਪਰ ਆਪਣੀਆਂ ਧੀਆਂ ਨੂੰ ਜ਼ਿੰਦਾ ਨਹੀਂ ਰਹਿਣ ਦਿਆਂਗੇ।

ਤਾਂ ਕਸ਼ਮੀਰ ਬਾਰੇ ਇਸ ਲਈ ਐਨੀ ਫਿਕਰ ਹੋ ਰਹੀ ਸੀ। ਕਸ਼ਮੀਰ ਚਾਹੀਦਾ ਅਤੇ ਉਸਦੇ ਨਾਲ ਕਸ਼ਮੀਰੀ ਕੁੜੀਆਂ ਚਾਹੀਦੀਆਂ। ਕਸ਼ਮੀਰ ਦੀ ਜ਼ਮੀਨ ਜਾਇਦਾਦ ਚਾਹੀਦੀ ਹੈ। ਕਿਤੇ ਇਸੇ ਨੂੰ ਹੀ ਤਾਂ ਮੁਹਾਵਰੇ ਵਿੱਚ ਸਾਡੇ ਪੁਰਖੇ ਜਰ, ਜੋਰੂ ਅਤੇ ਜ਼ਮੀਨ ਦਾ ਸੰਘਰਸ਼ ਤਾਂ ਨਹੀਂ ਕਹਿੰਦੇ ਸੀ?

ਅਤੇ ਹਾਂ, ਜੇਕਰ ਜ਼ਮੀਨ ਲੈਣਾ ਹੀ ਵਿਕਾਸ ਹੈ ਤਾਂ ਇਸ ਨੂੰ ਸਮਝਣ ਲਈ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ। ਕੁਦਰਤੀ ਖਜ਼ਾਨੇ ਨਾਲ ਭਰਪੂਰ ਉਤਰਾਖੰਡ, ਹਿਮਾਚਲ, ਝਾਰਖੰਡ, ਛੱਤੀਸਗੜ੍ਹ, ਉੜੀਸਾ ਵਿੱਚ ਇਸ ਵਿਕਾਸ ਦਾ ਚਿਹਰਾ ਅਸੀਂ ਦੇਖ ਸਕਦੇ ਹਾਂ। ਉੱਥੋਂ ਦੇ ਕੁਦਰਤੀ ਖਜ਼ਾਨੇ ਅਤੇ ਮੂਲ ਬਸ਼ਿੰਦਿਆਂ ਦੀ ਹਾਲਤ ਵਿੱਚ ਅਸੀਂ ਤਰੱਕੀ ਤਲਾਸ਼ ਸਕਦੇ ਹਾਂ।

ਤਾਂ ਕੀ ਤਰੱਕੀ ਦਾ ਇਹ ਰਸਤਾ ਕੁਦਰਤ ਵਿਰੋਧੀ ਅਤੇ ਔਰਤ ਵਿਰੋਧੀ ਹੈ? ਕੀ ਇਸ ਲਈ ਕੁਦਰਤ ਯਾਨਿ ਜਲ-ਜੰਗਲ-ਜ਼ਮੀਨ ਅਤੇ ਔਰਤ 'ਤੇ 'ਕਬਜ਼ਾ' ਕਰਨ ਲਈ 'ਕਸ਼ਮੀਰ ਵਿੱਚ ਸਹੁਰੇ' ਬਣਾਉਣ ਦੀ ਖੁਆਇਸ਼ ਜਾਗੀ ਹੈ?

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)