ਓਨਾਓ ਬਲਾਤਕਾਰ ਮਾਮਲਾ: ਕੀ ਹੈ ਪੀੜਤ ਕੁੜੀ ਦੀ ਕਹਾਣੀ?

ਓਨਾਓ ਪੁਲਿਸ ਦਾ ਬੈਰੀਕੇਡ

ਦਿੱਲੀ ਦੇ ਏਮਜ਼ ਹਸਪਤਾਲ 'ਚ ਤਾਰਾਂ ਅਤੇ ਮਾਨਿਟਰਾਂ 'ਚ ਘਿਰੀ ਉੱਤਰ ਪ੍ਰਦੇਸ਼ ਦੇ ਓਨਾਓ ਦੀ ਇੱਕ ਕੁੜੀ, ਆਈਸੀਯੂ 'ਚ ਵੈਂਟੀਲੇਟਰ ਦੇ ਸਹਾਰੇ ਸਾਹ ਲੈ ਰਹੀ ਹੈ।

ਪੀੜਤ ਕੁੜੀ ਨਾਲ ਬਲਾਤਕਾਰ ਦੇ ਦੋਸ਼ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਕੁਲਦੀਪ ਸੇਂਗਰ ਜੇਲ੍ਹ 'ਚ ਹਨ।

ਉਨ੍ਹਾਂ 'ਤੇ ਪੀੜਤ ਪਰਿਵਾਰ ਨੂੰ ਧਮਕੀਆਂ ਦੇਣ ਅਤੇ ਉਸ 'ਸੜਕ ਹਾਦਸੇ' ਦਾ ਸਾਜਿਸ਼ਕਾਰ ਹੋਣ ਦੇ ਵੀ ਇਲਜ਼ਾਮ ਲੱਗੇ ਹਨ, ਜਿਸ 'ਚ ਪੀੜਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ।

ਸੇਂਗਰ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਰਹੇ ਹਨ।

ਇਹ ਵੀ ਪੜ੍ਹੋ:

ਸੁਪਰੀਮ ਕੋਰਟ ਦੇ ਦਖ਼ਲ ਦੇਣ ਮਗਰੋਂ ਸਾਲ 2017 ਦੇ ਇਸ ਮਾਮਲੇ 'ਚ ਆਖ਼ਿਰਕਾਰ ਰੋਜ਼ਾਨਾ ਸੁਣਵਾਈ ਦੇ ਨਾਲ ਇਸ ਨੂੰ ਡੇਢ ਮਹੀਨੇ ਦੇ ਅੰਦਰ ਖ਼ਤਮ ਕੀਤਾ ਜਾਣਾ ਹੈ।

ਇਹ ਹੈ ਉਸ ਕੁੜੀ ਦੀ ਹੁਣ ਤੱਕ ਦੀ ਕਹਾਣੀ

ਸਾਲ 2017 ਦੀ ਉਹ ਇੱਕ ਆਮ ਦੁਪਹਿਰ ਸੀ। ਖਾਣਾ ਖਾਣ ਤੋਂ ਬਾਅਦ ਸੌਣ ਦਾ ਪਹਿਰ ਸੀ ਪਰ ਉਸ ਦਿਨ ਜੋ ਘਟਨਾ ਵਾਪਰੀ ਉਸ ਤੋਂ ਬਾਅਦ ਕਈ ਰਾਤਾਂ ਤੱਕ ਕਿਸੇ ਨੂੰ ਵੀ ਠੀਕ ਨੀਂਦ ਨਹੀਂ ਆਈ।

ਉੱਤਰ ਪ੍ਰਦੇਸ਼ ਦੇ ਓਨਾਓ ਦੀ ਇੱਕ ਨਾਬਾਲਗ ਕੁੜੀ ਨੇ ਦਿੱਲੀ 'ਚ ਆਪਣੀ ਚਾਚੀ ਨੂੰ ਆਪਣੇ ਨਾਲ ਹੋਏ ਬਲਾਤਕਾਰ ਬਾਰੇ ਦੱਸਿਆ।

ਉਸ ਦੁਪਹਿਰ ਦੀ ਇਸ ਘਟਨਾ ਨੂੰ ਬਿਆਨ ਕਰਨ ਲਈ ਹਿੰਮਤ ਜੁਟਾਉਣ ਵਿੱਚ ਉਸ ਕੁੜੀ ਨੂੰ ਬਹੁਤ ਸਮਾਂ ਲਗਿਆ ਕਿਉਂਕਿ ਉਹ ਆਪ ਨਾਬਾਲਗ ਸੀ ਅਤੇ ਉਸ ਦਾ ਇਲਜ਼ਾਮ ਰਸੂਖਦਾਰ ਵਿਧਾਇਕ ਕੁਲਦੀਪ ਸੇਂਗਰ 'ਤੇ ਸੀ।

ਫੋਟੋ ਕੈਪਸ਼ਨ ਵਿਧਾਇਕ ਕੁਲਦੀਪ ਸੇਂਗਰ ਨੇ ਪਿੰਡ ਵਿੱਚ ਇੱਕ ਮੰਦਿਰ ਅਤੇ ਇੱਕ ਸਕੂਲ ਵੀ ਬਣਵਾਇਆ ਹੈ।

ਪੀੜਤ ਦੀ ਚਚੇਰੀ ਭੈਣ ਅਨੁਸਾਰ, "ਹਾਦਸਾ ਓਨਾਓ ਦੇ ਮਾਖੀ ਪਿੰਡ 'ਚ ਹੋਇਆ ਸੀ, ਪਰ ਉੱਥੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਾ ਦਿੱਤਾ ਗਿਆ ਸੀ, ਜਿਸ ਕਰਕੇ ਉਹ ਆਪਣੀ ਮਾਂ ਨੂੰ ਵੀ ਇਸ ਬਾਰੇ ਕੁਝ ਨਾ ਕਹਿ ਸਕੀ ਸੀ।"

ਕੁਲਦੀਪ ਸੇਂਗਰ

15 ਸਾਲਾਂ ਤੋਂ ਵਿਧਾਇਕ, ਕੁਲਦੀਪ ਸੇਂਗਰ ਓਨਾਓ ਦੇ ਮਾਖੀ ਪਿੰਡ 'ਚ ਪੀੜਤ ਕੁੜੀ ਦੇ ਗੁਆਂਢੀ ਸਨ।

ਸੜਕ ਰਾਹੀਂ ਲਖਨਊ ਤੋਂ ਲਗਭਗ ਦੋ ਘੰਟਿਆਂ ਦੇ ਸਫ਼ਰ ਦੀ ਦੂਰੀ ਤੈਅ ਕਰਕੇ ਜਦੋਂ ਮੈਂ ਮਾਖੀ ਪਿੰਡ ਪਹੁੰਚੀ ਅਤੇ ਸੇਂਗਰ ਦੇ ਘਰ ਦਾ ਪਤਾ ਪੁੱਛਿਆ ਤਾਂ ਹਰ ਕਿਸੇ ਨੇ ਇੱਕ ਵੱਡੇ ਜਿਹੇ ਕੰਪਲੇਕਸ ਵੱਲ ਇਸ਼ਾਰਾ ਕੀਤਾ।

ਉੱਥੇ ਇੱਕ ਹਵੇਲੀ, ਇੱਕ ਮੰਦਿਰ ਅਤੇ ਇੱਕ ਸਕੂਲ ਸੀ। ਪਿੰਡਵਾਸੀਆਂ ਨੇ ਦੱਸਿਆ ਕਿ ਇਹ ਸਭ 'ਵਿਧਾਇਕ ਜੀ' ਦਾ ਹੀ ਹੈ।

ਹਵੇਲੀ ਦੇ ਬੂਹਿਆਂ 'ਤੇ ਜਿੰਦੇ ਲੱਗੇ ਹੋਏ ਸਨ। ਪਿਛਲੀ ਕੰਧ 'ਤੇ ਦੋ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ। ਦੋਵਾਂ ਕੈਮਰਿਆਂ ਦਾ ਮੂੰਹ ਗੁਆਂਢ 'ਚ ਪੀੜਤ ਕੁੜੀ ਦੇ ਘਰ ਵੱਲ ਹੀ ਸੀ।

ਪਿੰਡ ਵਾਲਿਆਂ ਮੁਤਾਬਕ ਇਹ ਕੈਮਰੇ ਵਿਧਾਇਕ ਸੇਂਗਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਾਏ ਗਏ ਤਾਂ ਜੋ ਪੀੜਤ ਕੁੜੀ ਦੇ ਪਰਿਵਾਰ 'ਤੇ ਨਜ਼ਰ ਰੱਖੀ ਜਾ ਸਕੇ।

ਪਿੰਡ 'ਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਕਿਸੇ ਨੇ ਇਸ ਨੂੰ ਸਾਜਿਸ਼ ਕਿਹਾ ਅਤੇ ਕਿਸੇ ਨੇ ਪ੍ਰੇਮ ਪ੍ਰਸੰਗ। ਦੁਸ਼ਮਣੀ ਸਮੇਤ ਕਈ ਦਾਅਵੇ ਕੀਤੇ ਜਿਨ੍ਹਾਂ ਦਾ ਨਾ ਸਬੂਤ ਸੀ ਨਾ ਗਵਾਹ।

ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਹਰ ਕੋਈ ਨਵੀਂ ਕਹਾਣੀ ਦੱਸਣ ਲਈ ਤਿਆਰ ਸੀ। ਵਿਧਾਇਕ ਸੇਂਗਰ ਦੀ ਲੋਕਪ੍ਰਿਯਤਾ ਬਾਰੇ ਹਰ ਕੋਈ ਸਹਿਮਤ ਸੀ।

ਸੇਂਗਰ ਤਿੰਨ ਵਾਰ ਪਾਰਟੀ ਬਦਲ ਚੁੱਕੇ ਸਨ। ਸਾਲ 2002 'ਚ ਬਹੁਜਨ ਸਮਾਜ ਪਾਰਟੀ ਵੱਲੋਂ ਪਹਿਲੀ ਵਾਰ ਵਿਧਾਇਕ ਬਣੇ, ਫਿਰ ਸਮਾਜਵਾਦੀ ਪਾਰਟੀ 'ਚ ਚਲੇ ਗਏ ਅਤੇ ਦੋ ਵਾਰ ਜਿੱਤ ਵੀ ਦਰਜ ਕਰਵਾਈ। ਸਾਲ 2017 'ਚ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਜਿੱਤ ਹਾਸਲ ਕੀਤੀ।

ਸੇਂਗਰ ਦੇ ਨਾਨਾ ਕਈ ਸਾਲਾਂ ਤੱਕ ਮਾਖੀ ਪਿੰਡ ਦੇ ਸਰਪੰਚ ਰਹੇ ਸਨ। ਹੁਣ ਉਸ ਦੇ ਛੋਟੇ ਭਰਾ ਦੀ ਪਤਨੀ ਸਰਪੰਚ ਹੈ ਅਤੇ ਸੇਂਗਰ ਦੀ ਧਰਮ ਪਤਨੀ ਜ਼ਿਲ੍ਹਾ ਪੰਚਾਇਤ ਦੀ ਮੁੱਖੀ ਹੈ।

ਫੋਟੋ ਕੈਪਸ਼ਨ ਕੁਲਦੀਪ ਸੇਂਗਰ ਦੀ ਹਵੇਲੀ

ਪੀੜਤਾ ਦੇ ਘਰ 'ਚ ਪੜ੍ਹਾਈ ਦਾ ਕੋਈ ਖਾਸ ਰਿਵਾਜ ਨਹੀਂ ਸੀ। ਮਾਂ ਵੀ ਅਨਪੜ੍ਹ ਸੀ।

ਉਨ੍ਹਾਂ ਨੇ ਦੱਸਿਆ, "ਘਰ 'ਚ ਕਦੇ ਐਨੇ ਪੈਸੇ ਨਹੀਂ ਸਨ ਕਿ ਆਪਣੀਆਂ ਚਾਰ ਧੀਆਂ ਅਤੇ ਛੋਟੇ ਪੁੱਤਰ ਨੂੰ ਪੜ੍ਹਾਉਂਦੇ।"

ਪਿੰਡ 'ਚ ਕੁੜੀ ਦੇ ਪਿਤਾ ਅਤੇ ਉਸ ਦੇ ਦੋ ਭਰਾਵਾਂ ਦਾ ਅਕਸ ਕਿਸੇ ਦਬੰਗ ਵਾਲਾ ਸੀ। ਕਈ ਲੋਕਾਂ ਨੇ ਗੱਲਬਾਤ ਦੌਰਾਨ ਉਨ੍ਹਾਂ ਨੂੰ ਗੁੰਡਾ ਵੀ ਦੱਸਿਆ, ਜਿੰਨ੍ਹਾਂ ਲਈ ਸ਼ਰਾਬ ਪੀਣਾ ਅਤੇ ਕੁੱਟਮਾਰ ਕਰਨਾ ਆਮ ਸੀ।

ਮਾਖੀ ਦੇ ਥਾਣਾ ਮੁਖੀ ਰਾਕੇਸ਼ ਸਿੰਘ ਅਨੁਸਾਰ ਕੁੜੀ ਦੇ ਪਿਤਾ ਦੇ ਵਿਰੁੱਧ 29 ਅਤੇ ਚਾਚਾ ਦੇ ਖ਼ਿਲਾਫ਼ 14 ਮਾਮਲੇ ਦਰਜ ਹਨ।

ਚਾਚੀ

ਹਿੰਸਾ ਅਤੇ ਸਿਆਸਤ ਦੇ ਇਸ ਮਾਹੌਲ ਤੋਂ ਦੂਰ ਭੱਜ ਕੇ ਦਿੱਲੀ ਆਈ ਕੁੜੀ ਨੇ ਜਦੋਂ ਆਪਣੀ ਚਾਚੀ ਨੂੰ ਉਸ ਘਟਨਾ ਬਾਰੇ ਦੱਸਿਆ ਉਹ ਇਹ ਨਹੀਂ ਸੀ ਜਾਣਦੀ ਕਿ ਚਾਚੀ ਦੀ ਕੀ ਪ੍ਰਤੀਕ੍ਰਿਆ ਹੋਵੇਗੀ।

ਚਾਚੀ ਪੜ੍ਹੀ ਲਿਖੀ ਸੀ। ਉਸ ਦੇ ਪਿਤਾ ਦਾ ਦਿੱਲੀ 'ਚ ਵਧੀਆ ਵਪਾਰ ਸੀ। ਵਿਆਹ ਤੋਂ ਬਾਅਦ ਕੁੜੀ ਦੇ ਚਾਚਾ ਵੀ ਦਿੱਲੀ ਆ ਗਏ ਅਤੇ ਇੱਥੇ ਹੀ ਕਾਰੋਬਾਰ ਕਰਨ ਲੱਗੇ।

ਲਗਭਗ 12,000 ਦੀ ਆਬਾਦੀ ਵਾਲਾ ਮਾਖੀ ਇੱਕ ਵੱਡਾ ਪਿੰਡ ਹੈ ਪਰ ਰਾਜਧਾਨੀ ਦਿੱਲੀ ਉਸ ਤੋਂ ਵੀ ਕਿਤੇ ਵੱਡੀ ਹੈ।

ਇੱਥੇ ਕਾਨੂੰਨੀ ਵਿਵਸਥਾ 'ਤੇ ਵਿਸ਼ਵਾਸ ਸਹਿਜ ਲਗਦਾ ਹੋਵੇਗਾ ਜਾਂ ਫਿਰ ਪੜ੍ਹਾਈ ਦਾ ਗਿਆਨ ਹੌਂਸਲੇ ਬੁਲੰਦ ਕਰ ਦਿੰਦਾ ਹੋਵੇਗਾ। ਚਾਚੀ ਨਿਡਰ ਸੀ।

ਕੁੜੀ ਨੂੰ ਕਿਹਾ, "ਸਾਨੂੰ ਲੜਾਈ ਲੜਨੀ ਪਵੇਗੀ। ਹੁਣ ਨਾ ਲੜੀ ਤਾਂ ਹੋਰ ਦਬਾਉਣਗੇ। ਤੂੰ ਅੱਜ ਚੁੱਪ ਰਹੀ ਤਾਂ ਕੱਲ੍ਹ ਸਾਨੂੰ ਤੰਗ ਕਰਨਗੇ।"

ਪੀੜਤ ਦੀ ਚਚੇਰੀ ਭੈਣ ਮੁਤਾਬਕ ਜੇਕਰ ਚਾਚੀ ਦੀ ਹਿੰਮਤ ਨਾ ਹੁੰਦੀ ਤਾਂ ਇਹ ਮਾਮਲਾ ਅੱਗੇ ਨਾ ਵੱਧਦਾ।

ਫੋਟੋ ਕੈਪਸ਼ਨ ਉੱਤਰ ਪ੍ਰਦੇਸ਼ ਪੁਲਿਸ 'ਤੇ ਮਾਮਲੇ ਦੀ ਐੱਫਆਈਆਰ ਦਰਜ ਕਰਨ ਵਿੱਚ ਦੇਰੀ ਕਰਨ ਦਾ ਇਲਜ਼ਾਮ ਹੈ।

ਕੁੜੀ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਉਣ ਦਾ ਫ਼ੈਸਲਾ ਕੀਤਾ ਪਰ ਕਈ ਮਹੀਨਿਆਂ ਤੱਕ ਕੋਈ ਐੱਫਆਈਆਰ ਦਰਜ ਨਾ ਹੋਈ।

ਆਖ਼ਰਕਾਰ ਉਸ ਨੇ ਅਦਾਲਤ ਦਾ ਦਰਵਾਜ਼ਾ ਖਟਖਟਾਇਆ।

ਭਾਰਤੀ ਦੰਡਾਵਲੀ ਯਾਨਿ ਸੀਆਰਪੀਸੀ ਦੇ ਸੈਕਸ਼ਨ 156 (3) ਅਨੁਸਾਰ ਜੇਕਰ ਪੁਲਿਸ ਕਿਸੇ ਮਾਮਲੇ 'ਚ ਸ਼ਿਕਾਇਤ ਦਰਜ ਨਾ ਕਰੇ ਤਾਂ ਪੀੜਤ ਅਦਾਲਤ ਦੀ ਮਦਦ ਨਾਲ ਐੱਫਆਈਆਰ ਦਰਜ ਕਰਵਾਉਣ ਦੀ ਅਪੀਲ ਕਰ ਸਕਦੇ ਹਨ।

ਕੁੜੀ ਦੀ ਅਰਜ਼ੀ ਤੋਂ ਬਾਅਦ ਅਦਾਲਤ ਨੇ ਜਾਂਚ ਦੇ ਹੁਕਮ ਦਿੱਤੇ ਅਤੇ ਪੁਲਿਸ ਨੂੰ ਵੀ ਰਿਪੋਰਟ ਲਿਖਣੀ ਹੀ ਪਈ।

ਫਿਰ ਵੀ ਕੋਈ ਗ੍ਰਿਫ਼ਤਾਰੀ ਨਾ ਹੋਈ। ਪੀੜਤਾ ਦੀ ਮਾਂ ਅਨੁਸਾਰ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ।

ਕੁਲਦੀਪ ਸੇਂਗਰ ਵੱਲੋਂ ਉਸ ਸਮੇਂ ਮੀਡੀਆ ਨੂੰ ਦਿੱਤੇ ਗਏ ਬਿਆਨ ਮੁਤਾਬਕ, "ਇਹ ਰਾਜਨੀਤੀ ਤੋਂ ਪ੍ਰੇਰਿਤ ਝੂਠੇ ਇਲਜ਼ਾਮ ਸਨ।"

ਪੁਲਿਸ

ਫਿਰ ਅਪ੍ਰੈਲ 2018 ਦੀ ਇੱਕ ਸ਼ਾਮ ਨੂੰ ਮਾਖੀ ਪਿੰਡ 'ਚ ਵਿਧਾਇਕ ਸੇਂਗਰ ਦੇ ਛੋਟੇ ਭਰਾ ਅਤੁਲ ਸੇਂਗਰ ਨੇ ਸਾਥੀਆਂ ਨਾਲ ਕੁੜੀ ਦੇ ਪਿਤਾ ਨੂੰ ਘਰ 'ਚ ਦਾਖ਼ਲ ਹੋ ਕੇ ਬਹੁਤ ਬੇਰਹਿਮੀ ਨਾਲ ਕੁੱਟਿਆ।

ਕੁੜੀ ਦੇ ਗੁਆਂਢੀ ਦੱਸਦੇ ਹਨ, "ਪਾਣੀ ਪਾ-ਪਾ ਕੇ ਕੁੱਟ ਰਹੇ ਸਨ। ਇੰਝ ਲੱਗ ਰਿਹਾ ਸੀ ਕਿ ਜਿਵੇਂ ਉਹ ਬੱਚਣਗੇ ਵੀ ਜਾਂ ਨਹੀਂ। ਉਨ੍ਹਾਂ ਦਾ ਆਪਸੀ ਮਾਮਲਾ ਸੀ ਤਾਂ ਕੋਈ ਵਿੱਚ ਨਹੀਂ ਬੋਲਿਆ।"

ਕੁੱਟਮਾਰ ਖ਼ਤਮ ਹੋਈ ਤਾਂ ਪਿਤਾ ਨੂੰ ਮਾਖੀ ਪੁਲਿਸ ਸਟੇਸ਼ਨ ਲੈ ਗਏ ਅਤੇ ਆਰਮਸ ਐਕਟ ਤਹਿਤ ਹਿਰਾਸਤ 'ਚ ਲੈ ਲਿਆ ਗਿਆ। ਇਲਜ਼ਾਮ ਇਹ ਹੈ ਕਿ ਉੱਥੇ ਵੀ ਕੁੱਟਮਾਰ ਜਾਰੀ ਰਹੀ।

ਫੋਟੋ ਕੈਪਸ਼ਨ ਪੀੜਤ ਦੀ ਮਾਂ ਵੀ ਆਪਣੇ ਦੂਸਰੇ ਬੱਚਿਆਂ ਨਾਲ ਹਸਪਤਾਲ ਵਿੱਚ ਹੀ ਰਹਿ ਰਹੀ ਸੀ।

ਪੀੜਤ ਦੀ ਚਚੇਰੀ ਭੈਣ ਦੱਸਦੀ ਹੈ, "ਬਹੁਤ ਮੁਸ਼ਕਲ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਗੁਜ਼ਾਰਿਸ਼ ਕਰਕੇ ਪਿਤਾ ਜੀ ਨੂੰ ਹਸਪਤਾਲ ਪਹੁੰਚਾਇਆ।"

ਹੁਣ ਕੁੜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ ਅਤੇ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਖੁਦਕੁਸ਼ੀ ਕਰ ਲੈਂਦੀ ਹਾਂ, ਸ਼ਾਇਦ ਫਿਰ ਹੀ ਇਹ ਸਭ ਬੰਦ ਹੋ ਜਾਵੇ।

ਮਾਂ ਨੇ ਉਸ ਨੂੰ ਰੋਕਿਆ ਨਹੀਂ ਬਲਕਿ ਕਿਹਾ, "ਤੂੰ ਇੱਕਲੀ ਕਿਉਂ, ਪਿੱਛੇ ਅਸੀਂ ਜੀਉਂ ਕੇ ਕੀ ਕਰਾਂਗੇ।"

ਸਾਰੀਆਂ ਭੈਣਾਂ ਅਤੇ ਮਾਂ ਦੇ ਨਾਲ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੇ ਘਰ ਦੇ ਸਾਹਮਣੇ ਜਾ ਕੇ ਕੁੜੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਉਨਾਉ ਬਾਰੇ ਇਹ ਵੀ ਪੜ੍ਹੋ:

ਉਸ ਨੂੰ ਤਾਂ ਬਚਾ ਲਿਆ ਗਿਆ ਪਰ ਅਗਲੀ ਸਵੇਰ ਤੜਕਸਾਰ ਖ਼ਬਰ ਆਈ ਕਿ ਉਸ ਦੇ ਪਿਤਾ ਦੀ ਜੇਲ੍ਹ ਵਿੱਚ ਮੌਤ ਹੋ ਚੁੱਕੀ ਹੈ।

ਪੂਰੇ ਮਾਮਲੇ 'ਚ ਲਾਪਰਵਾਹੀ ਲਈ ਮਾਖੀ ਦੇ ਪੁਲਿਸ ਸਟੇਸ਼ਨ ਮੁਖੀ ਸਣੇ ਪੰਜ ਹੋਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਬਾਅਦ 'ਚ ਵਿਧਾਇਕ ਦੇ ਭਰਾ ਅਤੁਲ ਸੇਂਗਰ ਸਮੇਤ ਕੁਝ ਪੁਲਿਸ ਵਾਲਿਆਂ ਨੂੰ ਕੁੜੀ ਦੇ ਪਿਤਾ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕਰ ਲਿਆ ਗਿਆ।

ਅਤੁਲ ਸੇਂਗਰ ਦੇ ਖ਼ਿਲਾਫ਼ ਪੁਲਿਸ ਕੋਲ ਪਹਿਲਾਂ ਤੋਂ ਹੀ ਤਿੰਨ ਕੇਸ ਦਰਜ ਸਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਉਨਾਵ ਰੇਪ : ਹਸਪਤਾਲ 'ਚ ਦਾਖ਼ਲ ਪੀੜਤਾ ਦੀ ਹਾਲਤ ਗੰਭੀਰ

ਸੂਬਾ ਸਰਕਾਰ ਸਵਾਲਾਂ ਦੇ ਘੇਰੇ 'ਚ ਆਈ ਅਤੇ ਜਵਾਬ ਵਜੋਂ ਬਲਾਤਕਾਰ ਦੀ ਤਹਿਕੀਕਾਤ ਉੱਤਰ ਪ੍ਰਦੇਸ਼ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਸੌਂਪ ਦਿੱਤੀ।

ਕੁਲਦੀਪ ਸੇਂਗਰ ਅਜੇ ਵੀ ਗ੍ਰਿਫ਼ਤਾਰ ਨਹੀਂ ਹੋਏ ਸਨ।

ਸੀਬੀਆਈ

ਸਾਰੇ ਘਟਨਾਕ੍ਰਮ ਅਤੇ ਐੱਫਆਈਆਰ ਤੋਂ ਬਾਅਦ ਮੀਡੀਆ ਦਿਨ ਰਾਤ ਪਹਿਰਾ ਦੇਣ ਲੱਗਾ, ਕਿ ਹੁਣ ਗ੍ਰਿਫ਼ਤਾਰੀ ਤੈਅ ਹੈ।

ਪਰ ਕੁਲਦੀਪ ਸੇਂਗਰ ਨੇ ਪੱਤਰਕਾਰਾਂ ਨੂੰ ਘਰੋਂ ਬਾਹਰ ਨਿਕਲ ਕੇ ਆਪ ਬਿਆਨ ਦਿੱਤਾ, "ਮੈਂ ਕੋਈ ਭਗੌੜਾ ਨਹੀਂ ਹਾਂ ਅਤੇ ਹਰ ਜਾਂਚ ਲਈ ਤਿਆਰ ਹਾਂ।"

Image copyright Facebook/KuldeepSenger
ਫੋਟੋ ਕੈਪਸ਼ਨ ਵਿਧਾਇਕ ਕੁਲਦੀਪ ਸੇਂਗਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।

ਤਿੰਨ ਦਿਨਾਂ ਦੀ ਸ਼ਸ਼ੋਪੰਜ ਅਤੇ ਬਿਆਨਬਾਜ਼ੀ ਤੋਂ ਬਾਅਦ ਆਖ਼ਰਕਾਰ ਸੀਬੀਆਈ ਨੇ ਸੇਂਗਰ ਕੋਲੋਂ ਪੁੱਛਗਿੱਛ ਕੀਤੀ ਅਤੇ ਉਸ ਨੂੰ ਗ੍ਰਿਫ਼਼ਤਾਰ ਕਰ ਲਿਆ।

ਉਦੋਂ ਤੱਕ ਬਲਾਤਕਾਰ ਦੀ ਕਥਿਤ ਵਾਰਦਾਤ ਨੂੰ ਇਕ ਸਾਲ ਤੋਂ ਵੀ ਵਧੇਰੇ ਸਮਾਂ ਹੋ ਚੁੱਕਿਆ ਸੀ।

ਫਿਰ ਦੋ ਮਹੀਨੇ ਬਾਅਦ ਸੀਬੀਆਈ ਨੇ ਆਪਣੀ ਚਾਰਜਸ਼ੀਟ ਦਾਖ਼ਲ ਕੀਤੀ ਅਤੇ ਕੁਲਦੀਪ ਸੇਂਗਰ ਨੂੰ ਮੁੱਖ ਮੁਲਜ਼ਮ ਬਣਾਇਆ ਪਰ ਸੁਣਵਾਈ ਸ਼ੁਰੂ ਨਹੀਂ ਹੋਈ।

ਪੀੜਤ ਕੁੜੀ ਨੂੰ ਹੁਣ ਸੂਬਾ ਸਰਕਾਰ ਨੇ ਪੁਲਿਸ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਸੀ।

ਕੁਝ ਪੁਲਿਸ ਮੁਲਾਜ਼ਮ ਮਾਖੀ ਪਿੰਡ ਵਾਲੇ ਘਰ 'ਚ ਤੈਨਾਤ ਸਨ ਅਤੇ ਕੁਝ ਉਸ ਨਾਲ ਦਿੱਲੀ 'ਚ ਸਨ।

ਇਹ ਅਜੀਬ ਗੱਲ ਸੀ ਕਿ ਇੱਕ ਸਮਾਂ ਸੀ ਜਦੋਂ ਪੀੜਤ ਕੁੜੀ ਦੇ ਤਾਇਆ ਵਿਧਾਇਕ ਸੇਂਗਰ ਦੇ ਅੰਗ-ਰੱਖਿਅਕ ਰਹਿ ਚੁੱਕੇ ਸਨ।

ਮਾਖੀ ਪਿੰਡ 'ਚ ਕਈਆਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ ਕਿ ਕਦੇ ਦੋਵਾਂ ਪਰਿਵਾਰਾਂ 'ਚ ਬਹੁਤ ਮੇਲਜੋਲ ਸੀ।

ਜਦੋਂ ਸੇਂਗਰ ਦੇ ਨਾਨਾ ਸਰਪੰਚ ਸਨ, ਉਸ ਸਮੇਂ ਤੋਂ ਹੀ ਦੋਵਾਂ ਠਾਕੁਰ ਪਰਿਵਾਰਾਂ 'ਚ ਵਧੀਆ ਸਬੰਧ ਸਨ।

ਇੱਕ ਜਾਤ ਅਤੇ ਇੱਕ ਮੁਹੱਲਾ ਉਨ੍ਹਾਂ ਨੂੰ ਜੋੜਦਾ ਸੀ।

ਹੁਣ ਉਹੀ ਦੋਵੇਂ ਪਰਿਵਾਰ ਇੱਕ ਦੂਜੇ ਦੇ ਦੁਸ਼ਮਣ ਹਨ। ਵਿਧਾਇਕ ਸੇਂਗਰ ਵੱਲੋਂ ਵੀ ਕੁੜੀ ਦੇ ਪਰਿਵਾਰ 'ਤੇ ਮੁਕੱਦਮੇ ਦਰਜ ਹੋਏ।

ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਇੱਕ ਮੁਕੱਦਮਾ ਧੋਖਾਧੜੀ ਦਾ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਬਲਾਤਕਾਰ ਵੇਲੇ ਕੁੜੀ ਨਾਬਾਲਗ ਨਹੀਂ ਸੀ ਅਤੇ ਸਬੂਤ ਵਜੋਂ ਉਨ੍ਹਾਂ ਨੇ ਅਦਾਲਤ 'ਚ ਝੂਠੀ ਮਾਰਕਸ਼ੀਟ ਦਾਖ਼ਲ ਕੀਤੀ ਹੈ।

ਹੋਰ ਮਾਮਲਿਆਂ ਸਮੇਤ ਇਹ ਮਾਮਲਾ ਵੀ ਸੀਬੀਆਈ ਕੋਲ ਹੈ।

ਚਾਚਾ

ਫਿਰ ਇਕ ਪੁਰਾਣਾ ਮੁਕੱਦਮਾ ਵੀ ਖੋਲ੍ਹਿਆ ਗਿਆ। ਸਾਲ 2000 'ਚ ਚੋਣ ਪ੍ਰਚਾਰ ਦੌਰਾਨ ਪਿਸਤੌਲ ਵਿਖਾ ਕੇ ਧਮਕਾਉਣ ਦੇ ਇਲਜ਼ਾਮ 'ਚ ਕੁੜੀ ਦੇ ਚਾਚਾ ਨੂੰ ਗ੍ਰਿਫ਼ਤਾਰ 'ਚ ਲਿਆ ਗਿਆ ਸੀ।

ਉਹ ਜ਼ਮਾਨਤ ֹ'ਤੇ ਰਿਹਾਅ ਹੋਏ ਤਾਂ ਮੁੜ ਅਦਾਲਤ 'ਚ ਪੇਸ਼ ਹੀ ਨਹੀਂ ਹੋਏ। ਉਸ ਮਾਮਲੇ 'ਚ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਉਨਾਵ ਰੇਪ ਮਾਮਲਾ: ਵਿਧਾਇਕ ਕੁਲਦੀਪ ਸੇਂਗਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

ਵਿਧਾਇਕ ਸੇਂਗਰ ਦੀ ਗ੍ਰਿਫ਼ਤਾਰੀ ਤੋਂ ਕੁਝ ਮਹੀਨੇ ਬਾਅਦ ਅਦਾਲਤ ਨੂੰ ਦੱਸਿਆ ਗਿਆ ਕਿ ਚਾਚਾ ਹੁਣ ਦਿੱਲੀ 'ਚ ਹਨ।

ਕੁੜੀ ਦੀ ਚਚੇਰੀ ਭੈਣ ਅਨੁਸਾਰ ਉੱਤਰ ਪ੍ਰਦੇਸ਼ ਪੁਲਿਸ ਨੇ ਉਨ੍ਹਾਂ ਨੂੰ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ 'ਚ ਪੇਸ਼ ਕੀਤਾ।

ਉਨ੍ਹਾਂ ਨੂੰ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਸਜ਼ਾ ਸੁਣਾਈ ਗਈ।

ਕੁੜੀ ਦੇ ਤਾਏ ਦੀ ਤਾਂ ਕਈ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਪਿਤਾ ਦੀ ਹਿਰਾਸਤੀ ਮੌਤ ਅਤੇ ਚਾਚੇ ਨੂੰ ਜੇਲ੍ਹ ਹੋ ਜਾਣ ਤੋਂ ਬਾਅਦ ਹੁਣ ਘਰ 'ਚ ਸਿਰਫ ਔਰਤਾਂ ਬਚੀਆਂ ਸਨ।

ਪੀੜਤ ਕੁੜੀ ਦੀ ਚਚੇਰੀ ਭੈਣ ਨੇ ਦੱਸਿਆ, "ਸਭ ਕੁਝ ਚਾਚੀ ਹੀ ਵੇਖ ਰਹੀ ਸੀ। ਦਿੱਲੀ ਤੋਂ ਮਾਖੀ ਪਿੰਡ ਜਾਣਾ, ਸੀਬੀਆਈ ਨੂੰ ਬਿਆਨ ਦੇਣਾ ਅਤੇ ਪਰਿਵਾਰ ਅਤੇ ਕਾਰੋਬਾਰ ਚਲਾਉਣਾ ਵੀ।"

ਕੁੜੀ ਦੀ ਮਾਂ ਦਾ ਕਹਿਣਾ ਹੈ, "ਧਮਕੀਆਂ ਦਾ ਸਿਲਸਿਲਾ ਤਾਂ ਵੀ ਨਹੀਂ ਰੁਕਿਆ ਬਲਕਿ ਵੱਧਦਾ ਗਿਆ।"

ਫੋਟੋ ਕੈਪਸ਼ਨ ਪੀੜਤ ਵੱਲੋਂ ਧਮਕੀਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਨੂੰ ਸੁਰੱਖਿਆ ਮੁਹਈਆ ਕਰਵਾਈ ਗਈ।

ਆਪਣੇ ਵਕੀਲ ਦੀ ਮਦਦ ਨਾਲ ਉਨ੍ਹਾਂ ਨੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਚੀਫ਼ ਜਸਟਿਸ ਤੱਕ ਮਦਦ ਲਈ ਚਿੱਠੀਆਂ ਲਿਖੀਆਂ ਸਨ।

ਸੁਪਰੀਮ ਕੋਰਟ

ਪਰ ਕੋਈ ਵੀ ਚਿੱਠੀ ਸਮੇਂ ਸਿਰ ਨਾ ਪਹੁੰਚੀ। ਜੁਲਾਈ 2019 ਦੀ ਇੱਕ ਦੁਪਹਿਰ ਨੂੰ ਇੱਕ ਟਰੱਕ ਨਾਲ ਟੱਕਰ ਹੋਣ ਨਾਲ ਕਾਰ 'ਚ ਸਵਾਰ ਪੀੜਤ ਕੁੜੀ ਅਤੇ ਉਸ ਦੇ ਵਕੀਲ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਚਾਚੀ ਅਤੇ ਪੀੜਤਾ ਦੀ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ।

ਪੀੜਤਾ ਦੇ ਚਚੇਰੀ ਭੈਣ ਦਾ ਦਾਅਵਾ ਹੈ, "ਜੇਕਰ ਇੱਕ ਵੀ ਚਿੱਠੀ ਸਹੀ ਸਮੇਂ 'ਤੇ ਪਹੁੰਚ ਜਾਂਦੀ, ਪੜ੍ਹ ਲਈ ਜਾਂਦੀ ਤਾਂ ਇਹ ਜਾਨਾਂ ਬਚ ਜਾਂਦੀਆ।"

ਹੁਣ ਸੀਬੀਆਈ ਇਹ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਸੀ ਜਾਂ ਸਾਜਿਸ਼।

Image copyright PTI
ਫੋਟੋ ਕੈਪਸ਼ਨ ਚੀਫ ਜਸਟਿਸ ਨੇ ਆਪ ਇਸ ਮਾਮਲੇ 'ਤੇ ਨੋਟਿਸ ਲੈ ਕੇ ਤੁਰੰਤ ਸੁਣਵਾਈ ਕੀਤੀ।

ਸੁਪਰੀਮ ਕੋਰਟ ਨੂੰ ਲਿਖੀ ਚਿੱਠੀ ਬਾਰੇ ਜਦੋਂ ਮੀਡੀਆ ਨੇ ਲਿਖਿਆ ਤਾਂ ਚੀਫ ਜਸਟਿਸ ਨੇ ਆਪ ਇਸ ਮਾਮਲੇ 'ਤੇ ਨੋਟਿਸ ਲੈ ਕੇ ਤੁਰੰਤ ਸੁਣਵਾਈ ਕੀਤੀ।

ਉਨ੍ਹਾਂ ਨੇ ਸੀਬੀਆਈ ਨੂੰ ਆਦੇਸ਼ ਦਿੱਤਾ ਕਿ ਬਲਾਤਕਾਰ ਦਾ ਉਹ ਮਾਮਲਾ ਜਿਸ ਵਿੱਚ ਚਾਰਜਸ਼ੀਟ ਇੱਕ ਸਾਲ ਪਹਿਲਾਂ ਦਾਇਰ ਤਾਂ ਹੋਈ ਪਰ ਮੁਕੱਦਮਾ ਸ਼ੁਰੂ ਨਹੀਂ ਹੋਇਆ, ਉਸ ਨੂੰ ਤੁਰੰਤ 45 ਦਿਨਾਂ ਦੇ ਅੰਦਰ ਪੂਰਾ ਕੀਤਾ ਜਾਵੇ।

ਕੁੜੀ ਦੇ ਬਲਾਤਕਾਰ ਅਤੇ ਪਰਿਵਾਰ ਨਾਲ ਸੰਬੰਧਿਤ ਚਾਰੋਂ ਮਾਮਲੇ ਦਿੱਲੀ ਟਰਾਂਸਫਰ ਕਰ ਦਿੱਤੇ ਗਏ ਅਤੇ ਸੂਬਾ ਸਰਕਾਰ ਨੂੰ ਕੁੜੀ ਦੇ ਪਰਿਵਾਰ ਨੂੰ 25 ਲੱਖ ਰੁਪਏ ਅੰਤਰਿਮ ਮੁਆਵਜ਼ਾ ਦੇਣ ਦੇ ਵੀ ਹੁਕਮ ਜਾਰੀ ਹੋਏ ਹਨ।

ਲਖਨਊ ਦੇ ਕਿੰਗ ਜਾਰਜ ਮੈਡੀਕਲ ਕਾਲਜ 'ਚ ਜਦੋਂ ਮੈਂ ਕੁੜੀ ਦੀ ਚਚੇਰੀ ਭੈਣ ਨੂੰ ਮਿਲੀ ਤਾਂ ਪਰਿਵਾਰ ਦੇ ਸੁਰੱਖਿਅਤ ਬਚੇ ਮੈਂਬਰ ਯਾਨਿ ਕਿ ਮਾਂ ਅਤੇ ਤਿੰਨ ਭੈਣਾਂ, ਛੋਟਾ ਭਰਾ ਉਸ ਨਾਲ ਫਰਸ਼ 'ਤੇ ਹੀ ਚਾਦਰ ਵਿਛਾ ਕੇ ਬੈਠੇ ਸਨ।

ਫੋਟੋ ਕੈਪਸ਼ਨ ਕੁੜੀ ਦੀ ਚਚਰੀ ਭੈਣ ਵੀ ਉਸੇ ਦੀ ਹਮ ਉਮਰ ਹੈ।

ਕੁੜੀ ਦੀ ਮਾਂ ਨੂੰ ਸਰਬਉੱਚ ਅਦਾਲਤ ਦੇ ਆਦੇਸ਼ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ, "ਚਲੋ ਕੁਝ ਤਾਂ ਚੰਗੀ ਖ਼ਬਰ ਆਈ, ਹੁਣ ਤਾਂ ਸਿਰਫ ਮੇਰੇ ਦਿਉਰ ਨੂੰ ਵੀ ਰਿਹਾਅ ਕਰ ਦੇਣ ਤਾਂ ਸਾਨੂੰ ਸਹਾਰਾ ਮਿਲ ਜਾਵੇ, ਨਹੀਂ ਤਾਂ ਕੌਣ ਇਹ ਲੜਾਈ ਲੜੇਗਾ।"

ਇੰਨ੍ਹਾਂ ਸਾਰਿਆਂ 'ਚੋਂ ਕੋਈ ਵੀ ਪੜ੍ਹਿਆ-ਲਿਖਿਆ ਨਹੀਂ ਹੈ। ਕਿਸੇ ਨੇ ਵੀ ਅਦਾਲਤ ਦਾ ਕਦੇ ਵੀ ਮੂੰਹ ਵੀ ਨਹੀਂ ਵੇਖਿਆ। ਇਨ੍ਹਾਂ ਵਿਚੋਂ ਕਿਸੇ ਦੇ ਹੱਥ ਵਿੱਚ ਮੈਂ ਸਮਾਰਟ ਫੋਨ ਵੀ ਨਹੀਂ ਦੇਖਿਆ।

ਜੋ ਲੜਾਈ ਲੜ ਰਹੀ ਸੀ, ਉਹ ਚਾਚੀ ਨਹੀਂ ਰਹੀ। ਉਨ੍ਹਾਂ ਦੇ ਨਾ ਮੋਢੇ ਨਾਲ ਮੋਢਾ ਮਿਲ ਤੁਰਨ ਵਾਲੀ ਉਨ੍ਹਾਂ ਦੀ ਭੈਣ ਨਹੀਂ ਰਹੀ।

ਸੁਪਰੀਮ ਕੋਰਟ ਦੇ ਦਖ਼ਲ ਨਾਲ ਕੁੜੀ ਅਤੇ ਵਕੀਲ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਲਿਆਂਦਾ ਗਿਆ ਹੈ। ਦੋਵਾਂ ਦੀ ਹਾਲਤ ਗੰਭੀਰ ਹੈ।

ਵਕੀਲ ਕੋਮਾ ਵਿੱਚ ਦੱਸੇ ਜਾ ਰਹੇ ਹਨ ਅਤੇ ਕੁੜੀ ਵੈਂਟੀਲੇਟਰ 'ਤੇ ਹੈ।

ਤਸਵੀਰਾਂ: ਦੇਬਲਿਨ ਰਾਏ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)