ਕਸ਼ਮੀਰ 'ਚ ਤਣਾਅ: 'ਜਦੋਂ ਕਿਸੇ ਨੂੰ ਈਦ ਮੁਬਾਰਕ ਹੀ ਨਹੀਂ ਕਹਿ ਸਕਦੇ ਤਾਂ ਕਾਹਦੀ ਈਦ?'

ਕਸ਼ਮੀਰ ਵਿੱਚ ਤਣਾਅ

ਚਿੱਟੇ ਬੱਦਲਾਂ ਵਿਚੋਂ ਲੰਘਦਾ ਜਹਾਜ਼ ਹੇਠਾਂ ਉਤਰਦਾ ਹੈ ਤਾਂ ਖਿੜਕੀ ਵਿਚੋਂ ਜਿੱਥੋਂ ਤੱਕ ਨਜ਼ਰ ਦੇਖ ਸਕਦੀ ਹੈ, ਹਰਿਆਲੀ ਹੀ ਨਜ਼ਰ ਆਉਂਦੀ ਹੈ।

ਰੁੱਖਾਂ ਨਾਲ ਘਿਰੇ ਪਹਾੜੀ ਘਰ, ਹਰੇ ਖੇਤ, ਖਾਲੀ ਸੜਕਾਂ, ਆਸਮਾਨ ਤੋਂ ਦੇਖੋ ਤਾਂ ਸਭ ਸ਼ਾਂਤ ਲਗਦਾ ਹੈ, ਬਿਲਕੁਲ ਸ਼ਾਂਤ।

ਪਰ ਜਹਾਜ਼ ਅੰਦਰ ਦੇਖੋ ਤਾਂ ਬੇਚੈਨ ਚਿਹਰੇ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਨਹੀਂ ਪਤਾ ਕਿ ਜ਼ਮੀਨ 'ਤੇ ਹਾਲਾਤ ਕਿਹੋ ਜਿਹੇ ਹਨ।

ਦਿੱਲੀ ਤੋਂ ਉਡਿਆ ਜਹਾਜ਼ ਸ੍ਰੀਨਗਰ ਦੀ ਜ਼ਮੀਨ 'ਤੇ ਉਤਰਨ ਵਾਲਾ ਹੈ। ਆਪਣਿਆਂ ਨਾਲ ਮਿਲਣ ਲਈ ਬੇਚੈਨ ਲੋਕਾਂ ਲਈ ਸਵਾ ਘੰਟੇ ਦਾ ਇਹ ਸਫ਼ਰ ਵੀ ਲੰਬਾ ਹੋ ਗਿਆ ਸੀ।

ਇਹ ਵੀ ਪੜ੍ਹੋ-

"ਮੇਰੇ ਹੈਂਡਬੈਗ ਵਿੱਚ ਦਾਲ ਹੈ, ਖਾਣ ਦੀਆਂ ਚੀਜ਼ਾਂ ਹਨ, ਦਵਾਈਆਂ ਹਨ। ਕੋਈ ਗਿਫ਼ਟ ਨਹੀਂ ਹੈ। ਮੈਂ ਆਪਣੇ ਨਾਲ ਸਿਰਫ਼ ਖਾਣ-ਪੀਣ ਦਾ ਸਾਮਾਨ ਲੈ ਕੇ ਜਾ ਰਿਹਾ ਹਾਂ।"

"ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਿਆ ਹਾਂ। ਨਾ ਆਪਣੀ ਪਤਨੀ ਨਾਲ, ਨਾ ਬੱਚੇ ਨਾਲ, ਨਾ ਮਾਤਾ-ਪਿਤਾ ਨਾਲ, ਨਾ ਚਾਚੇ ਨਾਲ, ਨਾ ਪੂਰੀ ਕਸ਼ਮੀਰ ਘਾਟੀ ਵਿੱਚ ਕਿਸੇ ਹੋਰ ਨਾਲ।"

"ਸੱਚ ਕਹਾਂ ਮੈਂ ਈਦ ਮਨਾਉਣ ਨਹੀਂ ਜਾ ਰਿਹਾ ਹਾਂ। ਮੈਂ ਇਹ ਦੇਖਣ ਜਾ ਰਿਹਾ ਹਾਂ ਕਿ ਮੇਰੇ ਘਰਵਾਲੇ ਠੀਕ ਹਨ ਜਾਂ ਨਹੀਂ। ਉਨ੍ਹਾਂ ਨੂੰ ਦੱਸਣ ਜਾ ਰਿਹਾ ਹਾਂ ਕਿ ਮੈਂ ਠੀਕ ਹਾਂ ਇੱਥੇ ਕਿਉਂਕਿ ਕਮਿਊਨੀਕੇਸ਼ਨ ਪੂਰਾ ਖ਼ਤਮ ਹੋ ਗਿਆ ਹੈ।"

"ਇੰਝ ਲੱਗ ਰਿਹਾ ਹੈ ਕਿ ਅਸੀਂ ਅੱਜ ਦੇ ਦੌਰ ਦੀ ਦੁਨੀਆਂ 'ਚ ਨਹੀਂ, ਕਿਸੇ ਡਾਰਕ ਏਜ ਵਿੱਚ ਰਹਿ ਰਹੇ ਹਾਂ। ਇੱਕ ਚਿੰਤਾ ਸਤਾ ਰਹੀ ਹੈ ਕਿ ਉੱਥੇ ਸਾਰੇ ਠੀਕ ਹਨ ਜਾਂ ਨਹੀਂ।"

"ਇਸੇ ਕਾਰਨ ਅਸੀਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾ ਰਹੇ। ਦਿਮਾਗ਼ 'ਚ ਬਹੁਤ ਟੈਂਸ਼ਨ ਹੈ। ਜਦੋਂ ਟੈਂਸ਼ਨ ਹੋਵੇ ਤਾਂ ਦਿਮਾਗ਼ 'ਚ ਬਹੁਤ ਬੁਰੇ ਖ਼ਿਆਲ ਆਉਂਦੇ ਹਨ।"

"ਹੋ ਸਕਦਾ ਹੈ ਸਭ ਠੀਕ ਹੋਵੇ ਪਰ ਸਾਨੂੰ ਕੁਝ ਨਹੀਂ ਪਤਾ ਕਿ ਉੱਥੇ ਹਾਲਾਤ ਕਿਵੇਂ ਹਨ। ਅਸੀਂ ਆਪਣੇ ਘਰਵਾਲਿਆਂ ਬਾਰੇ ਜਾਨਣ ਲਈ ਬੇਚੈਨ ਹਾਂ।"

"ਮੈਂ ਹਜ਼ਾਰਾਂ ਵਾਰ ਫੋਨ ਮਿਲਾ ਲਿਆ ਹੈ। ਜੋ ਨੰਬਰ ਲਗਾਉਂਦਾ ਹਾਂ ਸਵਿੱਚ ਆਫ। ਸਾਰਿਆਂ ਦੇ ਨੰਬਰ ਤਾਂ ਬੰਦ ਨਹੀਂ ਹੋ ਸਕਦੇ। ਕੁਝ ਨਾ ਕੁਝ ਤਾਂ ਗ਼ਲਤ ਹੋ ਰਿਹਾ ਹੋਵੇਗਾ, ਇਹੀ ਦਿਮਾਗ 'ਚ ਚੱਲ ਰਿਹਾ ਹੈ।"

ਆਸਿਫ਼ ਨੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਸ੍ਰੀਨਗਰ ਲਈ ਉਡਾਣ ਭਰੀ ਹੈ। ਦਿੱਲੀ ਵਿੱਚ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਨ ਵਾਲੇ ਆਸਿਫ਼ ਪਿਛਲੇ ਕਈ ਦਿਨਾਂ ਤੋਂ ਨਾ ਚੰਗੀ ਤਰ੍ਹਾਂ ਸੁੱਤੇ ਹਨ ਅਤੇ ਨਾ ਖਾ ਸਕੇ ਹਨ।

ਥਕਾਵਟ ਅਤੇ ਬੇਚੈਨੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਨਜ਼ਰ ਆਉਂਦੀ ਹੈ। ਦਿੱਲੀ ਤੋਂ ਸ੍ਰੀਨਗਰ ਲਈ ਉਡਾਣ ਭਰਨ ਵਾਲੇ ਲੋਕਾਂ ਦੇ ਚਿਹਰਿਆਂ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਸਾਰਿਆਂ 'ਚ ਇੱਕ ਬੇਚੈਨੀ ਅਤੇ ਡਰ ਨਜ਼ਰ ਆਉਂਦਾ ਹੈ।

ਭਾਰਤ ਸਰਕਾਰ ਨੇ ਬੀਤੇ ਸੋਮਵਾਰ ਨੂੰ ਸੰਵਿਧਾਨ ਦੀ ਧਾਰਾ 370 ਨੂੰ ਬੇਅਸਰ ਕਰਕੇ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੂਬੇ ਦੇ ਦਰਜੇ ਨੂੰ ਖ਼ਤਮ ਕਰ ਦਿੱਤਾ ਹੈ। ਸਰਕਾਰ ਨੇ ਇਸ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਹੈ।

ਇਹ ਐਲਾਨ ਕਰਨ ਤੋਂ ਪਹਿਲਾਂ ਘਾਟੀ ਤੋਂ ਸਾਰੇ ਤਰ੍ਹਾਂ ਦਾ ਬਾਹਰੀ ਸੰਪਰਕ ਕੱਟ ਦਿੱਤਾ ਗਿਆ। ਇੰਟਰਨੈੱਟ ਬੰਦ ਕਰਨ ਤੋਂ ਇਲਾਵਾ ਮੋਬਾਈਲ ਅਤੇ ਲੈਂਡਲਾਈਨ ਫੋਨ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਹਰਿਆਣਾ ਦੇ ਇੱਕ ਮੈਡੀਕਲ ਕਾਲਜ ਦੇ ਚਾਰ ਕਸ਼ਮੀਰੀ ਵਿਦਿਆਰਥੀਆਂ ਨੇ ਅਗਲੇ ਮਹੀਨੇ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਨੀ ਸੀ ਪਰ ਹੁਣ ਉਹ ਅਫੜਾ-ਦਫੜੀ 'ਚ ਘਰ ਵਾਪਸ ਜਾ ਰਹੇ ਹਨ।

ਉਹ ਕਹਿੰਦੇ ਹਨ, "ਪੇਪਰ ਹੋਣ ਵਾਲੇ ਸਨ, ਅਸੀਂ ਤਿਆਰੀ 'ਤੇ ਫੋਕਸ ਕਰਨਾ ਸੀ ਪਰ ਕਮਿਊਨੀਕੇਸ਼ਨ ਖ਼ਤਮ ਹੋ ਗਿਆ। ਘਰ ਵਾਲਿਆਂ ਨਾਲ ਗੱਲ ਨਹੀਂ ਹੋ ਪਾ ਰਹੀ ਸੀ।"

"ਅਸੀਂ ਮਾਨਸਿਕ ਤੌਰ 'ਤੇ ਬਹੁਤ ਡਿਸਟਰਬ ਹੋ ਗਏ। ਬਹੁਤ ਚਿੰਤਾ ਹੋ ਗਈ ਸੀ। ਨਾ ਕਲਾਸ ਲਾ ਪਾ ਰਹੇ ਨਾ ਕੁਝ ਹੋਰ। ਅਸੀਂ ਈਦ ਮਨਾਉਣ ਨਹੀਂ ਜਾ ਰਹੇ, ਘਰਵਾਲਿਆਂ ਦਾ ਹਾਲ-ਚਾਲ ਪਤਾ ਕਰਨ ਜਾ ਰਹੇ ਹਾਂ।"

ਉਹ ਕਹਿੰਦੇ ਹਨ, "ਭਾਰਤੀ ਮੀਡੀਆ ਨੇ ਕਸ਼ਮੀਰ ਦੇ ਹਾਲਾਤ ਬਾਰੇ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ। ਨਾ ਸਰਕਾਰ ਵੱਲੋਂ ਕੋਈ ਸਹੀ ਜਾਣਕਾਰੀ ਦਿੱਤੀ ਗਈ। ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਆਖ਼ਰ ਉੱਥੇ ਹੋ ਕੀ ਰਿਹਾ ਹੈ।"

ਡਰ ਦਾ ਮਾਹੌਲ ਬਣਾਇਆ ਗਿਆ

ਦਿੱਲੀ ਦੀ ਜਾਮੀਆ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਵਿਦਿਆਰਥਣ ਸ਼ਫੂਰਾ ਦੇ ਲਗੇਜ ਅਤੇ ਹੈਂਡਬੈਗ ਵਿੱਚ ਵੀ ਬਸ ਖਾਣ-ਪੀਣ ਦਾ ਸਾਮਾਨ ਹੀ ਹੈ।

ਸ਼ਫੂਰਾ ਨੇ ਦੱਸਿਆ, "ਮੈਂ ਬੇਬੀ ਫੂਡ ਅਤੇ ਦਵਾਈਆਂ ਲੈ ਕੇ ਆਈ ਹਾਂ। ਚਾਰ ਦਿਨ ਪਹਿਲਾਂ ਮੇਰੀ ਘਰ ਵਾਲਿਆਂ ਨਾਲ ਕੁਝ ਚਿਰ ਚੈਟ 'ਤੇ ਗੱਲ ਹੋਈ ਸੀ ਪਰ ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਉਹ ਜ਼ਿੰਦਾ ਵੀ ਹਨ ਜਾਂ ਨਹੀਂ।"

ਉਹ ਕਹਿੰਦੀ ਹੈ, "ਇੱਕ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਸਰਕਾਰ ਨੇ ਜੋ ਕੀਤਾ ਹੈ, ਉਹ ਦੂਜੇ ਢੰਗ ਨਾਲ ਵੀ ਕੀਤਾ ਜਾ ਸਕਦਾ ਸੀ। ਬੀਤੇ ਇੱਕ ਸਾਲ ਤੋਂ ਅਸੀਂ ਕੇਂਦਰ ਸਰਕਾਰ ਦੇ ਸ਼ਾਸਨ ਵਿੱਚ ਰਹਿ ਹੀ ਰਹੇ ਸੀ।"

"ਕਈ ਹੋਰਨਾਂ ਸੂਬਿਆਂ ਦਾ ਵੀ ਕੋਈ ਵਿਸ਼ੇਸ਼ ਦਰਜਾ ਹੈ। ਜੇਕਰ ਇਹ ਉਥੋਂ ਸ਼ੁਰੂ ਕਰਕੇ ਕਸ਼ਮੀਰ ਤੱਕ ਪਹੁੰਚਦੇ ਤਾਂ ਸ਼ਾਇਦ ਲੋਕ ਸਵੀਕਾਰ ਕਰਦੇ। ਪਰ ਕਸ਼ਮੀਰ ਦੇ ਲੋਕਾਂ ਨੂੰ ਪਹਿਲਾਂ ਹੀ ਕੇਂਦਰ ਸਰਕਾਰ 'ਤੇ ਭਰੋਸਾ ਘੱਟ ਹੈ। ਉੱਥੇ ਅਜਿਹਾ ਕੀਤਾ ਗਿਆ। ਇਸ ਨਾਲ ਮੰਸ਼ਾ 'ਤੇ ਸ਼ੱਕ ਹੁੰਦਾ ਹੈ।"

ਸ਼ਫੂਰਾ ਨੂੰ ਨਹੀਂ ਪਤਾ ਹੈ ਕਿ ਸ੍ਰੀਨਗਰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਘਰ ਤੱਕ ਕਿਵੇਂ ਪਹੁੰਚਣਾ ਹੈ।

ਸਿਰਫ਼ ਉਹ ਹੀ ਨਹੀਂ ਬਲਕਿ ਬਾਹਰੋਂ ਸ੍ਰੀਨਗਰ ਪਹੁੰਚਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰਵਾਲਿਆਂ ਨੂੰ ਆਪਣੇ ਆਉਣ ਬਾਰੇ ਸੂਚਨਾ ਨਹੀਂ ਦੇ ਸਕਿਆ।

ਕੇਂਦਰੀ ਰਿਸਰਚ ਇੰਸਚੀਟਿਊਟ ਦੀ ਇੱਕ ਵਿਦਿਆਰਥਣ ਹਵਾਈ ਅੱਡੇ ਤੋਂ ਬਾਹਰ ਬੇਚੈਨ ਖੜੀ ਹੈ।

ਹੰਝੂਆਂ ਨਾਲ ਉਨ੍ਹਾਂ ਦਾ ਦੁਪੱਟਾ ਭਿੱਜ ਗਿਆ ਸੀ। ਉਸ ਨੂੰ ਸੋਪੋਰ ਜਾਣਾ ਸੀ ਪਰ ਜਾਣ ਦਾ ਕੋਈ ਸਾਧਨ ਨਹੀਂ ਹੈ। ਉਹ ਮੂੰਹ ਮੰਗੇ ਪੈਸੇ ਦੇਣ ਲਈ ਤਿਆਰ ਹੈ ਪਰ ਕੋਈ ਟੈਕਸੀ ਵਾਲਾ ਉੱਥੇ ਨਹੀਂ ਜਾਣਾ ਚਾਹੁੰਦਾ।

ਉਸ ਨੂੰ ਪਰੇਸ਼ਾਨ ਦੇਖ ਕੇ ਕੁਪਵਾੜਾ ਜਾਣ ਵਾਲੇ ਕੁਝ ਨੌਜਵਾਨ ਉਸ ਨੂੰ ਭਰੋਸਾ ਦਿੰਦੇ ਹਨ ਕਿ ਉਹ ਉਸ ਨੂੰ ਆਪਣੇ ਨਾਲ ਲੈ ਜਾਣਗੇ ਪਰ ਅੱਗੇ ਕਿਵੇਂ ਜਾਇਆ ਜਾਵੇ ਇਹ ਉਨ੍ਹਾਂ ਨੂੰ ਵੀ ਨਹੀਂ ਪਤਾ।

ਉਹ ਚਿੰਤਾ ਜਨਕ ਹਾਲਤ ਵਿੱਚ ਵੀ ਕਿਉਂ ਘਰ ਵਾਪਸ ਜਾ ਰਹੇ ਹਨ?

ਇਸ ਬਾਰੇ ਉਹ ਕਹਿੰਦੇ ਹਨ, "ਸਾਨੂੰ ਨਹੀਂ ਪਤਾ ਸਾਡੇ ਘਰਵਾਲੇ ਜ਼ਿੰਦਾ ਹਨ ਜਾਂ ਨਹੀਂ। ਸਾਨੂੰ ਸਭ ਕੁਝ ਛੱਡ ਕੇ ਬਸ ਕਿਸੇ ਤਰ੍ਹਾਂ ਉਨ੍ਹਾਂ ਦਾ ਹਾਲ ਪਤਾ ਕਰਨਾ ਹੈ, ਉਨ੍ਹਾਂ ਦੇ ਨਾਲ ਰਹਿਣਾ ਹੈ।"

ਕੀ ਉਹ ਈਦ ਮਨਾਉਣ ਆ ਰਹੇ ਹਨ? ਉਹ ਕਹਿੰਦੇ ਹਨ, "ਇਸ ਹਾਲਾਤ 'ਚ ਕੋਈ ਕੀ ਈਦ ਮਨਾਏਗਾ। ਸਾਡੀ ਪ੍ਰਾਥਮਿਕਤਾ ਅਜੇ ਈਦ ਨਹੀਂ ਘਰ ਵਾਲਿਆਂ ਦੀ ਸੁਰੱਖਿਆ ਹੈ।"

ਚੰਡੀਗੜ੍ਹ ਤੋਂ ਆਈ ਇੱਕ ਵਿਦਿਆਰਥਣ ਦੀਆਂ ਅੱਖਾਂ ਵੀ ਭਿੱਜੀਆਂ ਹੋਈਆਂ ਸਨ, ਕੰਬਦੀ ਆਵਾਜ਼ ਵਿੱਚ ਕਹਿੰਦੀ ਹੈ, "ਕਾਲਜ ਅਤੇ ਪੀਜੀ ਦੇ ਲੋਕ ਸਪੋਰਟ ਕਰ ਰਹੇ ਸਨ ਪਰ ਮੇਰਾ ਦਿਲ ਨਹੀਂ ਮੰਨ ਰਿਹਾ ਸੀ। ਮਾਂ-ਪਿਓ ਦੀ ਕੋਈ ਖ਼ਬਰ ਨਹੀਂ ਸੀ।"

"ਮੈਂ ਆਪਣੀ ਮਾਂ ਨਾਲ ਬਿਨਾਂ ਗੱਲ ਕੀਤਿਆਂ ਨਹੀਂ ਰਹਿ ਸਕਦੀ, ਹੁਣ ਹਾਲਾਤ ਸੁਧਰਨ ਤੋਂ ਬਾਅਦ ਹੀ ਕਾਲਜ ਵਾਪਸ ਜਾਵਾਗੀ। ਬੇਸ਼ੱਕ ਪੜ੍ਹਾਈ ਹੀ ਕਿਉਂ ਨਾ ਛੁੱਟ ਜਾਵੇ।"

ਉਨ੍ਹਾਂ ਦਾ ਇੱਕ ਦੋਸਤ ਦਿੱਲੀ ਤੋਂ ਆਇਆ ਹੈ। ਉਹ ਨਾਲ ਦਵਾਈਆਂ ਲੈ ਕੇ ਆਇਆ ਹੈ। ਉਹ ਵੀ ਇਨ੍ਹਾਂ ਵਾਂਗ ਹੀ ਪਰੇਸ਼ਾਨ ਹੈ।

ਉਹ ਕਹਿੰਦਾ ਹੈ, "ਮੇਰੇ ਪਿਤਾ ਨੂੰ ਸ਼ੂਗਰ ਹੈ। ਮੈਂ ਦਿੱਲੀ ਤੋਂ ਉਨ੍ਹਾਂ ਲਈ ਦਵਾਈਆਂ ਲੈ ਕੇ ਆਇਆ ਹਾਂ। ਸਾਨੂੰ ਨਹੀਂ ਪਤਾ ਅਜਿਹੇ ਕਿੰਨੇ ਦਿਨ ਰਹਿਣਗੇ।"

ਸ੍ਰੀਨਗਰ 'ਚ ਈਦ ਦੀ ਤਿਆਰੀ

5 ਦਿਨਾਂ ਤੋਂ ਪੂਰੀ ਤਰ੍ਹਾਂ ਲੌਕਡਾਊਨ ਵਿੱਚ ਰਹੇ ਸ੍ਰੀਨਗਰ ਵਿੱਚ ਸ਼ਨਿੱਚਵਾਰ ਨੂੰ ਲੋਕਾਂ ਨੂੰ ਥੋੜ੍ਹੀ ਖੁੱਲ੍ਹ ਦਿੱਤੀ ਗਈ। ਪਰ ਦੁਪਹਿਰ ਬਾਅਦ ਫਿਰ ਕਰਫਿਊ ਲਗਾ ਦਿੱਤਾ ਗਿਆ।

ਇੱਥੇ ਚੱਪੇ-ਚੱਪੇ 'ਤੇ ਭਾਰਤੀ ਫੌਜ ਦੇ ਹਥਿਆਰਬੰਦ ਨੌਜਵਾਨ ਮੁਸਤੈਦ ਹਨ।

ਬਕਰਦੀਦ ਲਈ ਭੇਡਾਂ ਵੇਚਣ ਆਏ ਇੱਕ ਨੌਜਵਾਨ ਨੇ ਕਿਹਾ, "ਇਹ ਈਦ ਨਹੀਂ ਹੈ ਮਾਤਮ ਹੈ। ਦੋ ਦਿਨ ਲਈ ਥੋੜ੍ਹਾ ਬਾਹਰ ਨਿਕਲੇ ਹਾਂ। ਅਸੀਂ ਈਦ ਤੋਂ ਬਾਅਦ 370 ਵਾਪਸ ਲਵਾਂਗੇ। ਇਹ ਕਸ਼ਮੀਰ ਹੈ। ਸਾਡੀ ਜ਼ਮੀਨ ਹੈ। ਅਸੀਂ ਆਪਣੀ ਜ਼ਮੀਨ ਕਿਸੇ ਨੂੰ ਨਹੀਂ ਲੈਣ ਦਵਾਂਗੇ।"

"ਜਦੋਂ ਵੀ ਮੁਸਲਮਾਨਾਂ ਦਾ ਕੋਈ ਵੱਡਾ ਦਿਨ ਆਉਂਦਾ ਹੈ, ਕੋਈ ਨਾ ਕੋਈ ਦੰਗਾ ਫਸਾਦ ਕਰ ਦਿੰਦੇ ਹਨ। ਇਹ ਹਿੰਦੁਸਤਾਨ ਨੂੰ ਸੋਚਣਾ ਸੀ ਕਿ ਇਨ੍ਹਾਂ ਦਾ ਵੱਡਾ ਦਿਨ ਹੈ, ਅਜਿਹਾ ਨਹੀਂ ਕਰਨਾ ਸੀ। ਕੁਰਬਾਨੀ ਫਰਜ਼ ਹੈ ਇਸ ਲਈ ਕੁਰਬਾਨੀ ਕਰਦੇ ਹਨ। ਦੋ ਦਿਨ ਬਾਅਦ ਤੁਸੀਂ ਦੇਖੋਗੇ ਕਿ ਇੱਥੇ ਕੀ ਹੋਵੇਗਾ।"

ਇਹ ਵੀ ਪੜ੍ਹੋ:

ਇੱਕ ਹੋਰ ਕਸ਼ਮੀਰੀ ਨੌਜਵਾਨ ਕਹਿੰਦਾ ਹੈ, "ਸਾਡੀ ਈਦ ਤੋਂ ਪਹਿਲਾਂ ਸਭ ਬੰਦ ਕਰ ਦਿੱਤਾ ਹੈ। ਜਦੋਂ ਕਿਸੇ ਨੂੰ ਈਦ ਮੁਬਾਰਕ ਹੀ ਨਹੀਂ ਕਹਿ ਸਕਦੇ ਤਾਂ ਕਾਹਦੀ ਈਦ?"

ਉੱਥੇ ਹੀ ਘਾਟੀ ਦੇ ਪੇਂਡੂ ਇਲਾਕਿਆਂ ਤੋਂ ਆਏ ਬਹੁਤ ਸਾਰੇ ਚਰਵਾਹੇ ਵੀ ਅਜਿਹੇ ਵੀ ਹਨ ਜਿਨ੍ਹਾਂ ਦੇ ਨਾ ਮਵੇਸ਼ੀ ਵਿੱਕ ਰਹੇ ਹਨ ਅਤੇ ਨਾ ਹੀ ਸ਼ਹਿਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਕੁਝ ਖਾਣ ਲਈ ਮਿਲ ਰਿਹਾ ਹੈ।

ਅਜਿਹੇ ਹੀ ਇੱਕ ਚਰਵਾਹੇ ਨੇ ਕਿਹਾ, "ਇਸ ਵਾਰ ਕੰਮ ਨਹੀਂ ਹੈ। ਲੱਗ ਨਹੀਂ ਰਿਹਾ ਹੈ ਕਿ ਅਸੀਂ ਜਾਨਵਰ ਵੇਚ ਸਕਾਂਗੇ। ਸਭ ਬੰਦ ਹੈ, ਸਵੇਰ ਦੇ ਭੁੱਖੇ ਹਾਂ।"

ਤਣਾਅ ਵਿਚਾਲੇ ਲੱਗੀਆਂ ਦੁਕਾਨਾਂ

ਕਰਫਿਊ ਵਿੱਚ ਢਿੱਲ ਮਿਲਣ 'ਤੇ ਕੁਝ ਰੇੜੀ ਵਾਲੇ ਸਬਜ਼ੀ ਅਤੇ ਫ਼ਲ ਵੇਚਣ ਆਏ।

ਉਨ੍ਹਾਂ ਦੀ ਤਸਵੀਰ ਲੈਣ ਦੀ ਕੋਸ਼ਿਸ਼ ਕਰਨ 'ਤੇ ਇੱਕ ਨੌਜਵਾਨ ਨੇ ਰੋਕਦਿਆਂ ਹੋਇਆ ਕਿਹਾ, "ਤੁਸੀਂ ਦੁਨੀਆਂ ਨੂੰ ਕੀ ਦਿਖਾਉਣਾ ਚਾਹੁੰਦੇ ਹੋ ਕਿ ਸ੍ਰੀਨਗਰ ਵਿੱਚ ਸਭ ਨਾਰਮਲ ਹੈ? ਕਸ਼ਮੀਰੀ ਫ਼ਲ-ਸਬਜ਼ੀ ਖਰੀਦ ਰਹੇ ਹਨ?"

ਉਹ ਆਪਣੀ ਗੱਲ ਪੂਰੀ ਕਰਦਾ ਕਿ ਇੱਕ ਪੱਥਰ ਕਿਤਿਓ ਆ ਕੇ ਡਿੱਗਾ। ਪੱਥਰਬਾਜ਼ੀ ਹੋਣ ਦਾ ਸ਼ੋਰ ਮਚ ਗਿਆ ਅਤੇ ਰੇੜੀ ਵਾਲੇ ਆਪਣੀਆਂ ਰੇੜੀਆਂ ਲੈ ਕੇ ਭੱਜਣ ਲੱਗੇ।

ਇੱਕ ਬਜ਼ੁਰਗ ਆਪਣੀ ਪੂਰੀ ਵਾਹ ਲਗਾ ਰੇਹੜੀ ਧੱਕਣ ਲੱਗੇ। ਅਜਿਹਾ ਲੱਗਾ ਮੰਨੋ ਘਾਟੀ ਵਿੱਚ ਜਾਰੀ ਤਣਾਅ ਦਾ ਪੂਰਾ ਬੋਝ ਉਨ੍ਹਾਂ ਦੇ ਬੁੱਢੇ ਪੈਰਾਂ 'ਤੇ ਪੈ ਗਿਆ ਹੋਵੇ।

ਇੱਥੋਂ ਤੱਕ ਡਲ ਵੱਲ ਜਾਂਦਿਆਂ ਹੋਇਆ ਭਾਰੀ ਸੈਨਿਕ ਮੌਜੂਦਗੀ ਵਿਚਾਲੇ ਮਾਹੌਲ ਕੁਝ ਆਮ ਜਿਹਾ ਲੱਗਦਾ ਹੈ। ਕਈ ਥਾਵਾਂ 'ਤੇ ਗੱਡੀਆਂ ਦੀ ਭੀੜ ਵੀ ਸੜਕ 'ਤੇ ਨਜ਼ਰ ਆਉਂਦੀ ਹੈ।

ਪਰ ਅਜਿਹਾ ਕੋਈ ਇਲਾਕਾ ਨਹੀਂ ਦਿਖਦਾ ਜਿੱਥੇ ਸੌ ਕਦਮ ਵਿਚਾਲੇ ਹਥਿਆਰ ਲੈ ਕੇ ਜਵਾਨ ਨਾ ਖੜੇ ਹੋਣ।

'ਕਸ਼ਮੀਰ ਨੂੰ ਜੇਲ੍ਹਖਾਨਾਂ ਬਣਾ ਦਿੱਤਾ ਹੈ'

ਡਲ ਕੰਢੇ ਬੈਠੇ ਹੋਏ ਕੁਝ ਨੌਜਵਾਨ ਹਾਲਾਤ 'ਤੇ ਹੀ ਚਰਚਾ ਕਰ ਰਹੇ ਸਨ।

ਕਰੀਬ 30 ਸਾਲ ਦੀ ਉਮਰ ਦਾ ਇੱਕ ਨੌਜਵਾਨ ਕਹਿੰਦਾ ਹੈ, "ਕਸ਼ਮੀਰ ਨੂੰ ਇੱਕ ਜੇਲ੍ਹਖਾਨਾ ਬਣਾ ਕੇ ਦੋ ਲੋਕਾਂ ਨੇ ਇਹ ਫ਼ੈਸਲਾ ਲੈ ਲਿਆ। ਨਾ ਕਸ਼ਮੀਰ ਦੀ ਪਹਿਲਾਂ ਸੁਣੀ, ਨਾ ਹੁਣ ਸੁਣੀ।"

"ਅਜੇ ਲੋਕ ਘਰਾਂ 'ਚ ਬੈਠੇ ਹਨ, ਜਦੋਂ ਲੋਕ ਘਰਾਂ ਤੋਂ ਨਿਕਲਣਗੇ ਤਾਂ ਦੁਨੀਆਂ ਨੂੰ ਪਤਾ ਲੱਗੇਗਾ ਕਿ ਕਸ਼ਮੀਰੀ ਇਸ ਫ਼ੈਸਲਾ ਨੂੰ ਲੈ ਕੇ ਕੀ ਸੋਚ ਰਹੇ ਹਨ।"

"ਇੰਨਾ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਕੀ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਵਿੱਚ ਨਹੀਂ ਲਿਆ ਜਾਣਾ ਸੀ? ਕਸ਼ਮੀਰੀਆਂ ਦੀ ਕੋਈ ਆਵਾਜ਼ ਨਹੀਂ ਸੁਣੀ ਗਈ। ਚੁਣੇ ਹੋਏ ਨੇਤਾਵਾਂ ਤੱਕ ਨੂੰ ਬੰਦ ਕਰ ਦਿੱਤਾ।"

"ਮੋਦੀ ਜੀ ਕਹਿ ਰਹੇ ਸਨ ਕਿ ਅਸੀਂ ਤਿਉਹਾਰ ਦਾ ਸਨਮਾਨ ਕਰਦੇ ਹਾਂ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਬੰਦ ਕਰਕੇ ਸਨਮਾਨ ਕਰ ਰਹੇ ਹਨ।"

"ਸਾਨੂੰ ਕਿਹਾ ਜਾ ਰਿਹਾ ਹੈ ਕਿ ਆਪਣੇ ਘਰ ਵਿੱਚ ਈਦ ਮਨਾਓ। ਯਾਰਾਂ-ਰਿਸ਼ਤੇਦਾਰਾਂ ਨਾਲ ਮਿਲੇ ਬਿਨਾਂ ਕਿਹੋ-ਜਿਹੀ ਈਦ? ਬਾਹਰ ਦੀਆਂ ਦੁਨੀਆਂ ਨੂੰ ਦਿਖਾਇਆ ਜਾ ਰਿਹਾ ਹੈ ਕਿ ਸਭ ਠੀਕ ਹੈ। ਕੀ ਤੁਹਾਨੂੰ ਕੁਝ ਠੀਕ ਦਿਖ ਰਿਹਾ ਹੈ?"

ਹਾਲਾਤ ਤੋਂ ਮਾਯੂਸ ਇੱਕ ਨੌਜਵਾਨ ਕਹਿੰਦਾ ਹੈ, "ਕਸ਼ਮੀਰੀ ਘਰ ਵਿੱਚ ਲੌਕ ਹਨ। ਉਨ੍ਹਾਂ ਦਾ ਦਿਮਾਗ਼ ਵੀ ਲੌਕ ਹੈ। ਕਸ਼ਮੀਰੀ ਲੋਕਾਂ ਕੋਲ ਹੁਣ ਕੋਈ ਬਦਲ ਨਹੀਂ ਹੈ। ਮੈਂ ਜਦੋਂ ਦਾ ਵੱਡਾ ਹੋਇਆ ਹਾਂ ਮੈਂ ਇਹੀ ਦੇਖਿਆ ਹੈ, ਕਰਫਿਊ, ਬੰਦ, ਕੁੱਟਮਾਰ, ਕਦੇ ਸ਼ਾਂਤੀ ਨਹੀਂ ਦੇਖੀ।"

ਉਹ ਕਹਿੰਦਾ ਹੈ, "ਬੰਦੂਕ ਦੀ ਨੋਕ 'ਤੇ ਸਰਕਾਰ ਕੁਝ ਵੀ ਕਰ ਸਕਦੀ ਹੈ। ਜ਼ਮੀਨ ਵੀ ਖੋਹ ਸਕਦੀ ਹੈ। ਜੋ ਇੱਥੇ ਹੋ ਰਿਹਾ ਹੈ ਬੰਦੂਕ ਦੇ ਦਮ 'ਤੇ ਹੋ ਰਿਹਾ ਹੈ। ਇਹ ਜ਼ਮੀਨ ਖੋਹ ਤਾਂ ਸਕਦੇ ਹਨ, ਖਰੀਦ ਨਹੀਂ ਸਕਦੇ।"

"ਪਰ ਇਹ ਭਾਰਤ ਦੇ ਆਮ ਲੋਕਾਂ ਲਈ ਨਹੀਂ ਕੀਤਾ ਜਾ ਰਿਹਾ, ਬਲਕਿ ਉਨ੍ਹਾਂ ਵੱਡੇ ਲੋਕਾਂ ਲਈ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਪੈਸਿਆਂ ਦੇ ਨਾਲ ਭਾਰਤ ਸਰਕਾਰ ਚੱਲਦੀ ਹੈ। ਇਸ 'ਚ ਨਾ ਕਸ਼ਮੀਰ ਦੇ ਲੋਕਾਂ ਲਈ ਕੁਝ ਹੈ ਨਾ ਭਾਰਤ ਦੇ ਆਮ ਲੋਕਾਂ ਦੇ ਲਈ।"

ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ?

ਕੁਝ ਨੌਜਵਾਨ ਸਾਫ ਆਸਮਾਨ ਹੇਠਾਂ ਬੈਠ ਡਲ ਦੇ ਸ਼ਾਂਤ ਪਾਣੀ ਵਿੱਚ ਮੱਛੀਆਂ ਫੜ੍ਹ ਰਹੇ ਹਨ। ਕੀ ਸ਼ਾਂਤੀ ਵਾਪਸ ਆ ਰਹੀ ਹੈ?

ਇਸ ਸਵਾਲ 'ਤੇ ਉਹ ਕਹਿੰਦੇ ਹਨ, "ਇਹ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ। ਕਸ਼ਮੀਰ 'ਚ ਤੂਫ਼ਾਨ ਆਉਣ ਵਾਲਾ ਹੈ। ਈਦ ਲੰਘ ਜਾਣ ਦਿਓ। ਕੋਈ ਨਹੀਂ ਜਾਣਦਾ ਇੱਥੇ ਕੀ ਹੋਵੇਗਾ।"

ਉਹ ਕਹਿੰਦੇ ਹਨ, "ਅਸੀਂ ਲੰਬੇ ਲੌਕਡਾਊਨ ਲਈ ਤਿਆਰ ਹਾਂ। ਇਹ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਪਰ ਅਸੀਂ ਕਸ਼ਮੀਰ ਕਿਸੇ ਨੂੰ ਦੇਣ ਲਈ ਤਿਆਰ ਨਹੀਂ ਹਾਂ। ਨਾ ਕਦੇ ਹੋਵੇਗਾ। ਕਸ਼ਮੀਰ ਸਾਡੀ ਜੰਨਤ ਹੈ ਅਤੇ ਅਸੀਂ ਇਸ ਲਈ ਕੁਝ ਵੀ ਕਰ ਸਕਦੇ ਹਾਂ।"

ਜਿੰਨੇ ਵੀ ਕਸ਼ਮੀਰੀ ਲੋਕਾਂ ਨਾਲ ਗੱਲ ਹੋਈ ਉਨ੍ਹਾਂ ਵਿੱਚ ਖ਼ਾਸ ਤੌਰ 'ਤੇ ਭਾਰਤੀ ਨੇਤਾਵਾਂ ਦੇ ਉਸ ਬਿਆਨ ਨੂੰ ਲੈ ਕੇ ਗੁੱਸਾ ਸੀ ਜਿਸ ਵਿੱਚ ਕਸ਼ਮੀਰੀ ਕੁੜੀਆਂ ਨਾਲ ਵਿਆਹ ਦੀ ਗੱਲ ਕੀਤੀ ਸੀ।

ਉਹ ਕਹਿੰਦੇ ਹਨ, "ਭਾਰਤ ਦੇ ਲੋਕ ਸਾਡੀ ਜ਼ਮੀਨ ਅਤੇ ਧੀਆਂ ਲੈਣ ਦੀ ਗੱਲ ਕਰ ਰਹੇ ਹਨ ਅਤੇ ਤੁਸੀਂ ਸੋਚਦੇ ਹੋ ਕਿ ਅਸੀਂ ਖ਼ਾਮੋਸ਼ ਬੈਠਾਂਗੇ।"

ਜਨਤਕ ਆਵਾਜਾਈ ਸੇਵਾਵਾਂ ਬਹਾਲ ਨਹੀਂ ਹੈ। ਆਪਣਿਆਂ ਨਾਲ ਮਿਲਣ ਲਈ ਪਰੇਸ਼ਾਨ ਲੋਕ ਪੈਦਲ ਹੀ ਚੱਲ ਰਹੇ ਹਨ।

ਅਜਿਹੀ ਹੀ ਇੱਕ ਔਰਤ ਨੇ ਦੱਸਿਆ, "ਮੈਂ ਆਪਣੀ ਛੋਟੀ ਭੈਣ ਦਾ ਹਾਲ ਪਤਾ ਕਰਨ ਜਾ ਰਹੀ ਹੈ। ਪਤਾ ਨਹੀਂ ਹੈ ਉਹ ਕਿਸ ਹਾਲ 'ਚ ਹੈ। ਉਸ ਦੇ ਘਰ ਖਾਣ ਲਈ ਹੈ ਜਾਂ ਨਹੀਂ।"

ਏਅਰਪੋਰਟ ਤੱਕ ਲਈ ਲਿਫਟ ਲੈਣ ਵਾਲੇ ਇੱਕ ਕਸ਼ਮੀਰੀ ਨੌਜਵਾਨ ਨੇ ਦੱਸਿਆ ਕਿ ਉਹ ਚੈਨੱਈ ਦਾ ਟਿਕਟ ਲੈਣ ਜਾ ਰਿਹਾ ਹੈ।

ਇਸ ਸਵਾਲ 'ਤੇ ਉਹ ਕਹਿੰਦਾ ਹੈ, "ਮੈਂ ਕਾਰੋਬਾਰ ਕਰਨ ਜਾ ਰਿਹਾ ਹਾਂ। ਕਸ਼ਮੀਰ ਨੂੰ ਮੇਰੀ ਲੋੜ ਪਈ ਤਾਂ ਮੈਂ ਵਾਪਸ ਆ ਜਾਵਾਂਗਾ। ਕਸ਼ਮੀਰ ਸਾਡੀ ਜਾਨ ਹੈ। ਇਸ ਲਈ ਜਾਣ ਵੀ ਸਕਦੇ ਹਾਂ।"

ਏਅਰਪੋਰਟ ਦੇ ਸੁਰੱਖਿਆ ਘੇਰੇ 'ਚ ਤੈਨਾਤ ਸੈਨਾ ਨੂੰ ਇੱਕ ਅਧਿਕਾਰੀ ਨੇ ਮੈਨੂੰ ਪੁੱਛਿਆ, "ਸ਼ਹਿਰ ਦਾ ਹਾਲ ਤੁਹਾਨੂੰ ਕਿਵੇਂ ਲੱਗਾ।"

ਸ੍ਰੀਨਗਰ ਏਅਰਪੋਰਟ ਦੇ ਲਾਨ ਵਿੱਚ ਇੱਕ ਕੁੜੀ ਆਪਣੇ ਸਾਮਾਨ ਦੇ ਨਾਲ ਇੰਤਜ਼ਾਰ ਕਰ ਰਹੀ ਹੈ। ਉਹ ਕਿਸੇ ਏਅਰਲਾਈਨ ਵਿੱਚ ਏਅਰਹੋਸਟੇਸ ਹੈ।

ਉਹ ਕਹਿੰਦੀ ਹੈ, "ਮੈਂ 12 ਵਜੇ ਇੱਥੇ ਉੱਤਰੀ ਹਾਂ ਪਰ ਅਜੇ ਵੀ ਮੈਨੂੰ ਨਹੀਂ ਪਤਾ ਕਿ ਕਦੋਂ ਤੱਕ ਘਰ ਪਹੁੰਚਾਂਗੀ। ਮੈਂ ਪੁਲਵਾਮਾ ਤੋਂ ਹਾਂ। ਮੈਂ ਪੁਲਿਸ ਸਟੇਸ਼ਨ, ਫਾਇਰ ਸਟੇਸ਼ਨ, ਪੁਲਿਸ ਕਮਿਸ਼ਨਰ, ਹਸਪਤਾਲ ਹਰ ਥਾਂ ਫੋਨ ਕੀਤਾ ਪਰ ਕਿਸੇ ਨਾਲ ਕੋਈ ਗੱਲ ਨਹੀਂ ਹੋ ਸਕੀ।"

"ਅਸੀਂ ਕਰਫਿਊ ਵਿਚਾਲੇ ਹੀ ਪਲੇ-ਵਧੇ ਹਾਂ ਪਰ ਅਜਿਹੇ ਹਾਲਾਤ ਪਹਿਲੀ ਵਾਰ ਦੇਖੇ ਹਨ। ਸੰਪਰਕ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ ਹੈ। ਇੱਥੇ ਹਾਲਾਤ ਖ਼ਤਰਨਾਕ ਹਨ ਪਰ ਫਿਰ ਵੀ ਮੈਂ ਆਈ ਹਾਂ। ਮੈਂ ਇਹ ਖ਼ਤਰਾ ਚੁੱਕ ਆਈ ਹਾਂ ਕਿਉਂਕਿ ਆਪਣੇ ਪਰਿਵਾਰ ਦਾ ਹਾਲ ਜਾਣੇ ਬਿਨਾ ਮੇਰੇ ਕੋਲੋਂ ਕੰਮ ਨਹੀਂ ਹੋ ਰਿਹਾ ਸੀ।"

ਉਸ ਨੌਜਵਾਨ ਨੂੰ ਕਸ਼ਮੀਰੀ ਕੁੜੀਆਂ ਬਾਰੇ ਆ ਰਹੇ ਬਿਆਨਾਂ 'ਤੇ ਬੇਹੱਦ ਇਤਰਾਜ਼ ਸੀ।

ਫਿਰ ਕਹਿੰਦੀ ਹੈ, "ਮੈਂ ਉਹ ਮੀਮਜ਼ ਦੇਖੇ ਹਨ ਜਿਨ੍ਹਾਂ ਵਿੱਚ ਕਸ਼ਮੀਰੀ ਹੌਟ ਗਰਲਜ਼ ਨਾਲ ਵਿਆਹ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਹ ਪੜ੍ਹਨ ਤੋਂ ਬਾਅਦ ਦਿੱਲੀ ਮੈਟਰੋ ਵਿੱਚ ਸਫਰ ਕਰਦਿਆਂ ਅਸਹਿਜ ਹੋਈ।"

"ਦੇਸ ਦੇ ਬਾਕੀ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਇੱਕ ਭਾਵਨਾਤਮਕ ਸਮੇਂ 'ਤੋਂ ਲੰਘ ਰਹੇ ਹਾਂ। ਉਨ੍ਹਾਂ ਨੇ ਸਾਡੇ 'ਤੇ ਟਿੱਪਣੀ ਕਰਨ ਦੀ ਬਜਾਏ ਸਾਡਾ ਸਾਥ ਦੇਣਾ ਚਾਹੀਦਾ ਹੈ। ਸਾਨੂੰ ਲੱਗਣਾ ਚਾਹੀਦਾ ਹੈ ਕਿ ਉਹ ਸਾਡੇ ਬਾਰੇ ਸੋਚਦੇ ਹਨ।"

ਕੰਮ ਛੱਡ ਕੇ ਵਾਪਸ ਪਰਤਦੇ ਮਜ਼ਦੂਰ

ਸ੍ਰੀਨਗਰ ਤੋਂ ਦਿੱਲੀ ਆਉਣ ਵਾਲੀ ਉਡਾਣਾਂ ਵਿੱਚ ਵਧੇਰੇ ਮਜ਼ਦੂਰ ਸਵਾਰ ਹਨ ਜੋ ਘਾਟੀ 'ਚ ਕੰਮ ਕਰ ਰਹੇ ਸਨ। ਇਨ੍ਹਾਂ 'ਤੇ ਦੋਹਰੀ ਮਾਰ ਪਈ ਹੈ। ਇੱਕ ਤਾਂ ਕੰਮ ਛੁੱਟਿਆ ਦੂਜਾ ਮਹਿੰਗਾ ਕਿਰਾਇਆ ਚੁਕਾਉਣਾ ਪੈ ਰਿਹਾ ਹੈ।

ਸਰਕਾਰ ਨੇ ਏਅਰਲਾਈਨਾਂ ਨੂੰ ਕਿਰਾਇਆ ਸੀਮਤ ਰੱਖਣ ਲਈ ਕਿਹਾ ਹੈ। ਪਰ ਮਜ਼ਦੂਰਾਂ ਨੂੰ ਏਅਰ ਟਿਕਟਾਂ ਦਾ ਵਧਿਆ ਕਿਰਾਇਆ ਚੁਕਾਉਣਾ ਪੈ ਰਿਹਾ ਹੈ।

ਮੇਰੇ ਨਾਲ ਵਾਪਸ ਆ ਰਹੇ ਬਿਹਾਰ ਦੇ ਰਹਿਣ ਵਾਲੇ ਸਾਦਿਕੁਲ ਆਲਮ ਨੂੰ ਦਿੱਲੀ ਤੱਕ ਦੀ ਟਿਕਟ ਛੇ ਹਜ਼ਾਰ ਵਿੱਚ ਮਿਲੀ ਹੈ।

ਉਨ੍ਹਾਂ ਵਿੱਚੋਂ ਕੁਝ ਹੀ ਘੰਟਾ ਪਹਿਲਾਂ ਬੁੱਕ ਕਰਵਾਉਣ ਵਾਲੇ ਇੱਕ ਹੋਰ ਮਜ਼ਦੂਰ ਨੂੰ ਇਹੀ ਟਿਕਟ 4200 ਰੁਪਏ ਵਿੱਚ ਮਿਲੀ ਸੀ।

ਉਹ ਕਹਿੰਦੇ ਹਨ, "ਇੰਟਰਨੈੱਟ ਬੰਦ ਹੋਣ ਕਾਰਨ ਸਾਡੇ ਵਰਗੇ ਲੋਕਾਂ ਨੂੰ ਕਾਊਂਟਰ ਤੋਂ ਹੀ ਟਿਕਟ ਲੈਣਾ ਪੈ ਰਿਹਾ ਹੈ, ਜਿਸ ਦੇ ਰੇਟ ਸਮੇਂ ਨਾਲ ਵੱਧ ਰਹੇ ਹਨ। ਮੈਂ ਦੋ ਟਿਕਟਾਂ ਖਰੀਦੀਆਂ ਹਨ। ਇਹ ਮੇਰੀ ਮਹੀਨੇ ਦੀ ਕਮਾਈ ਦੇ ਬਰਾਬਰ ਹੈ। ਕੰਮ ਤਾਂ ਗਿਆ ਹੈ, ਬਚਾ ਕੇ ਰੱਖਿਆ ਪੈਸਾ ਵੀ ਗਿਆ।"

ਸ੍ਰੀਨਗਰ ਤੋਂ ਉਡਦਿਆਂ ਹੀ ਜਹਾਜ਼ ਚਿੱਟੇ ਬੱਦਲਾਂ ਦੇ ਉੱਪਰ ਹੋ ਜਾਂਦਾ ਹੈ। ਇਹ ਬੱਦਲ ਸ਼ਾਂਤੀ ਦਾ ਪ੍ਰਤੀਕ ਲਗਦੇ ਹਨ। ਸ਼ਾਂਤੀ ਜੋ ਜ਼ਮੀਨ 'ਤੇ ਉਤਰ ਕੇ ਨਾ ਦਿਖਾਈ ਦਿੰਦੀ ਹੈ, ਨਾ ਮਹਿਸੂਸ ਹੁੰਦੀ ਹੈ।

ਇਹ ਵੀ ਪੜ੍ਹੋ-

ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)