ਕੈਪਟਨ ਅਮਰਿੰਦਰ ਨੇ ਅਫਸਰਾਂ ਨੂੰ ਹੜ੍ਹ ਦੇ ਹਾਲਾਤ ਲਈ ਤਿਆਰ ਰਹਿਣ ਨੂੰ ਕਿਹਾ, ਐੱਨਡੀਆਰਐੱਫ ਨੂੰ ਕੀਤਾ ਸੰਮਨ

ਪੰਜਾਬ ਹੜ੍ਹ Image copyright PAL SINGH Nauli

ਕੈਪਟਨ ਅਮਰਿੰਦਰ ਨੇ ਸਾਰੇ ਡੀਸੀਜ਼ ਨੂੰ ਹੜ੍ਹ ਦੇ ਹਾਲਾਤ ਲਈ ਪਲਾਨ ਤਿਆਰ ਕਰਨ ਲਈ ਕਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਬੁਰਜ ਪਿੰਡ ਵਿੱਚ ਛੋਟੇ ਪੱਧਰ ਦੇ ਹਾਲਾਤ ਬਣੇ ਹਨ ਅਤੇ ਇਸ ਲਈ ਐਨਡੀਆਰਐਫ ਨੂੰ ਸੰਮਨ ਕੀਤਾ ਗਿਆ ਹੈ।

ਭਾਖੜਾ ਡੈਮ ਦੇ ਫਲੱਡ ਗੇਟ ਸ਼ੁੱਕਰਵਾਰ ਦੇਰ ਰਾਤ ਚੁੱਕੇ ਜਾਣ ਤੋਂ ਬਾਅਦ ਸਤਲੁਜ ਦਰਿਆ ਕੰਢੇ ਵਸੇ ਲੋਕਾਂ ਨੂੰ ਆਫ਼ਤ ਦਿਖਣੀ ਸ਼ੁਰੂ ਹੋ ਗਈ ਹੈ।

ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਸਤੀਸ਼ ਸਿੰਗਲਾ ਨੇ ਦੱਸਿਆ ਕਿ 17 ਅਗਸਤ ਨੂੰ ਦੁਪਹਿਰ ਤੱਕ ਡੈਮ ਵਿੱਚ ਪਾਣੀ 1674.50 ਫੁੱਟ ਦੇ ਕਰੀਬ ਹੋ ਗਿਆ ਹੈ।

ਜਦਕਿ ਡੈਮ ਦੇ ਵਿੱਚ ਪਾਣੀ ਭੰਡਾਰ ਕਰਨ ਦੀ ਸਮਰੱਥਾ 1690 ਫੁੱਟ ਹੈ।

ਉਨ੍ਹਾਂ ਦੱਸਿਆ, "ਇਸ ਸਮੇਂ ਡੈਮ ਵਿੱਚੋਂ 53000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇੰਨ੍ਹਾਂ ਵਿੱਚੋਂ 36000 ਕਿਊਸਿਕ ਪਾਣੀ ਬਿਜਲੀ ਪੈਦਾ ਕਰਨ ਵਾਲੀਆਂ ਟਰਬਾਈਨਾਂ ਰਾਹੀ ਆ ਰਿਹਾ ਹੈ ਅਤੇ 17000 ਕਿਊਸਿਕ ਪਾਣੀ ਫਲੱਡ ਗੇਟਾਂ ਰਾਹੀ ਛੱਡਿਆ ਜਾ ਰਿਹਾ ਹੈ।"

ਸ਼ੁੱਕਰਵਾਰ ਨੂੰ ਡੈਮ ਤੋਂ ਸਤਲੁਜ ਦਰਿਆ ਵਿੱਚ 40000 ਕਿਊਸਿਕ ਪਾਣੀ ਛੱਡੇ ਜਾਣ ਦੀ ਪੁਸ਼ਟੀ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੀਤੀ ਸੀ।

ਜਲੰਧਰ ਜ਼ਿਲ੍ਹੇ ਦੇ ਗਿੱਦੜਪਿੰਡੀ ਨੇੜੇ ਸਤਲੁਜ ਦਰਿਆ ਉੱਤੋਂ ਲੰਘਦੇ ਰੇਲਵੇ ਦੇ ਪੁਲ਼ ਦੇ ਹੇਠਲੇ ਢਾਂਚੇ ਦਾ ਪਾਣੀ ਤੋਂ ਫਾਸਲਾ ਸਿਰਫ਼ 3 ਫੁੱਟ ਦਾ ਹੀ ਰਹਿ ਗਿਆ ਹੈ।

ਪਾਣੀ ਛੱਡੇ ਜਾਣ ਤੋਂ ਬਾਅਦ ਹਾਲਾਤ ਦਾ ਜਾਇਜਾ ਲੈਣ ਦਰਿਆ ਨੇੜੇ ਪਹੁੰਚੇ ਗੁਰਵਿੰਦਰ ਸਿੰਘ ਨੇ ਖ਼ਦਸ਼ਾ ਪ੍ਰਗਟਾਇਆ ਕਿ ਜਦੋਂ 40 ਹਜ਼ਾਰ ਕਿਊਸਕ ਪਾਣੀ ਇੱਥੇ ਪਹੁੰਚੇਗਾ ਤਾਂ ਹਾਲਾਤ ਖ਼ਰਾਬ ਵੀ ਹੋ ਸਕਦੇ ਹਨ।

ਪ੍ਰਸਾਸ਼ਨ ਦੀ ਚੇਤਾਵਨੀ

ਸਤਲੁਜ ਦੇ ਕੰਢੇ ਵੱਸਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਨੀਵੇਂ ਥਾਵਾਂ ਤੋਂ ਲੋਕਾਂ ਨੂੰ ਬਾਹਰ ਆਉਣ ਦੀ ਸਲਾਹ ਦਿੱਤੀ ਗਈ ਹੈ।

Image copyright PAl singh nauli

ਸ਼ੁੱਕਰਵਾਰ ਨੂੰ ਹੀ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਸੀ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ 72 ਘੰਟਿਆਂ ਵਿੱਚ 120 ਐੱਮਐੱਮ ਤੱਕ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸਾਰੇ ਡੀਸੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਹਦਾਇਤ ਦਿੱਤੀ ਹੈ।

ਮੀਂਹ ਕਾਰਨ ਅਲਰਟ

ਸ਼ੁੱਕਰਵਾਰ ਨੂੰ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਸੀ ਕਿ ਭਾਰੀ ਮੀਂਹ ਦੀ ਚਿਤਾਵਨੀ ਤਹਿਤ ਫਿਰੋਜ਼ਪੁਰ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ, ਮਾਨਸਾ ਤੋਂ ਇਲਾਵਾ ਪੰਜਾਬ ਦੇ ਲਗਭਗ ਸਾਰਿਆਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਆਸ ਜਤਾਈ ਹੈ। ਇਨ੍ਹਾਂ ਹਿੱਸਿਆਂ 'ਚ ਵੀ ਦਰਮਿਆਨਾ ਮੀਂਹ ਦੇਖਿਆ ਜਾਵੇਗਾ।

ਜਦ ਕਿ ਗੁਰਦਾਸਪੁਰ, ਪਠਾਨਕੋਟ, ਜੰਮੂ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ ਪੂਰਬੀ, ਪਟਿਆਲਾ, ਚੰਡੀਗੜ੍ਹ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਤਿਆਰ ਰਹਿਣਾ ਪਵੇਗਾ।

ਇਨ੍ਹਾਂ ਹਿੱਸਿਆਂ 'ਚ ਪ੍ਰਾਸ਼ਨਿਕ ਇਕਾਈਆਂ ਨੂੰ ਅਲਰਟ 'ਤੇ ਰਹਿਣ ਦੀ ਤਜਵੀਜ਼ ਕੀਤੀ ਜਾਂਦੀ ਹੈ। ਇਸ ਦੌਰਾਨ ਹਿਮਾਚਲ ਜਾਣ ਤੋਂ ਪਰਹੇਜ਼ ਕੀਤਾ ਜਾਵੇ।

ਹਿਮਾਚਲ ਦੇ ਚੰਬਾ, ਕਾਂਗੜਾ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਤੇ ਨਾਲ ਬੱਦਲ ਫਟਣ ਦਾ ਵੀ ਖਦਸ਼ਾ ਹੈ। ਲਾਹੌਲ-ਸਪਿਤੀ ਤੇ ਹੋਰਨਾਂ ਉੱਚੀਆਂ ਪਹਾੜੀਆਂ 'ਤੇ ਅਗਸਤ 'ਚ ਬਰਫ਼ ਵੀ ਪੈ ਸਕਦੀ ਹੈ।

ਇਸ ਦੇ ਅਸਰ ਵਜੋਂ, ਪੰਜਾਬ 'ਚ ਰਾਤਾਂ ਨੂੰ ਪਾਰੇ ਦੇ 22° ਤੱਕ ਡਿੱਗਣ ਨਾਲ ਸੀਜ਼ਨ 'ਚ ਪਹਿਲੀ ਵਾਰ ਹਲਕੀ ਠੰਢ ਮਹਿਸੂਸ ਹੋ ਸਕਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)