ਚਿਦੰਬਰਮ ਨੂੰ ਸੀਬੀਆਈ ਨੇ ਕਿਊਂ ਕੀਤਾ ਹੈ ਗ੍ਰਿਫ਼ਤਾਰ, ਜਾਣੋ ਕੇਸ

ਪੀ ਚਿੰਦਬਰਮ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਤੋਂ ਜਾਂਚ ਏਜੰਸੀ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ 5 ਦਿਨਾਂ ਲਈ ਰਿਮਾਂਡ ਹਾਸਲ ਕਰ ਲਿਆ ਹੈ।

ਸੀਬੀਆਈ ਨੇ ਅਦਾਲਤ ਤੋਂ 5 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਬਚਾਅ ਪੱਖ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ।ਅਦਾਲਤ ਨੇ ਪਰਿਵਾਰ ਅਤੇ ਵਕੀਲ ਨੂੰ ਹਰ ਰੋਜ਼ ਮਿਲਣ ਲਈ ਅੱਧੇ ਘੰਟੇ ਦਾ ਸਮਾਂ ਵੀ ਅਲਾਟ ਕੀਤਾ ਹੈ।

ਸੀਬੀਆਈ ਦੇ ਵਕੀਲਾਂ ਨੇ ਅਦਾਲਤ ਅੱਗੇ ਕਿਹਾ ਕਿ ਚਿਦੰਬਰਮ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ ਹਨ, ਇਸ ਲਈ ਹਿਰਾਸਤੀ ਪੁੱਛਗਿੱਛ ਦੀ ਜਰੂਰਤ ਹੈ ਪਰ ਬਚਾਅ ਪੱਖ਼ ਦੇ ਵਕੀਲਾਂ ਨੇ ਇਸ ਦਾ ਵਿਰੋਧ ਕਰਦਿਆਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ।

ਪਰ ਅਦਾਲਤ ਨੇ ਸੀਬੀਆਈ ਦੇ ਵਕੀਲ ਦੀਆਂ ਦਲੀਲਾਂ ਨੂੰ ਮਾਨਤਾ ਦਿੰਦਿਆਂ ਚਿਦੰਬਰਮ ਨੂੰ 26 ਅਗਸਤ ਤੱਕ ਸੀਬੀਆਈ ਹਿਰਾਸਤ ਵਿਚ ਰੱਖਣ ਦਾ ਹੁਕਮ ਸੁਣਾਇਆ ।

ਬੁੱਧਵਾਰ ਸ਼ਾਮੀ ਹੋਈ ਸੀ ਗ੍ਰਿਫ਼ਤਾਰੀ

ਪੀ ਚਿਦੰਬਰਮ ਨੂੰ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਆਈਐਨਐਕਸ ਮੀਡੀਆ ਮਾਮਲੇ ਵਿੱਚ ਅੱਜ ਅਦਾਲਤ ਪੇਸ਼ ਕਰ ਦਿੱਤਾ ਹੈ। ਸੀਬੀਆਈ ਨੇ ਚਿਦੰਬਰਮ ਨੂੰ ਬੁੱਧਵਾਰ ਦੇਰ ਸ਼ਾਮ ਗ੍ਰਿਫ਼ਤਾਰ ਕੀਤਾ ਸੀ।

ਚਿਦੰਬਰਮ ਆਈਐਨਐਸ ਮੀਡੀਆ ਮਾਮਲੇ ਵਿੱਚ ਮੁਲਜ਼ਮ ਹਨ ਅਤੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਖਾਰਿਜ ਕਰਦਿਆਂ ਦਿੱਲੀ ਹਾਈ ਹਾਈਕੋਰਟ ਨੇ ਕਿਹਾ ਸੀ ਕਿ 'ਪਹਿਲੀ ਨਜ਼ਰ 'ਚ ਉਹ ਮਾਮਲੇ ਦੇ ਮੁੱਖ ਸਾਜਿਸ਼ਕਰਤਾ ਲਗਦੇ ਹਨ'।

ਚਿਦੰਬਰਮ ਨੇ ਮੰਗਲਵਾਰ ਨੂੰ ਅਗਾਂਊ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਪਰ ਅਦਾਲਤ ਨੇ ਤਤਕਾਲੀ ਸੁਣਵਾਈ ਤੋਂ ਇਨਕਾਰ ਕਰਦਿਆਂ ਮਾਮਲੇ ਨੂੰ ਬੁੱਧਵਾਰ ਨੂੰ ਉਚਿਤ ਬੈਂਚ ਸਾਹਮਣੇ ਲੈ ਕੇ ਜਾਣ ਲਈ ਕਿਹਾ।

ਬੁੱਧਵਾਰ ਨੂੰ ਵੀ ਚਿਦੰਬਰਮ ਨੂੰ ਅਦਾਲਤ ਕੋਲੋਂ ਰਾਹਤ ਨਾ ਮਿਲ ਸਕੀ। ਹੁਣ ਉਨ੍ਹਾਂ ਦੀ ਅਰਜ਼ੀ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ-

Image copyright AFP

ਇਸ ਤੋਂ ਬਾਅਦ ਜਾਂਚ ਏਜੰਸੀਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ, ਜਿਸ ਵਿੱਚ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਚਿੰਦਬਰਮ ਦੇ ਖ਼ਿਲਾਫ਼ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਕੀ ਹੈ ਆਈਐਨਐਕਸ ਮੀਡੀਆ ਮਾਮਲਾ

ਸੀਬੀਆਈ ਨੇ ਮੀਡੀਆ ਕੰਪਨੀ ਆਈਐਨਐਕਸ ਮੀਡੀਆ ਖ਼ਿਲਾਫ਼ 15 ਮਈ 2017 ਨੂੰ ਇੱਕ ਐਫਆਈਆਰ ਦਰਜ ਕੀਤੀ ਸੀ।

ਇਲਜ਼ਾਮ ਹੈ ਕਿ ਆਈਐਨਐਕਸ ਮੀਡੀਆ ਗਰੁੱਪ ਨੂੰ 305 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਲੈਣ ਲਈ ਫੌਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ (ਐਫਆਈਪੀਬੀ) ਦੀ ਮਨਜ਼ੂਰੀ ਵਿੱਚ ਕਈ ਤਰ੍ਹਾਂ ਦੀ ਅਨਿਯਮੀਆਂ ਵਰਤੀਆਂ ਗਈਆਂ ਹਨ।

ਜਦੋਂ ਸਾਲ 2007 ਦੌਰਾਨ ਕੰਪਨੀ ਨੂੰ ਨਿਵੇਸ਼ ਦੀ ਆਗਿਆ ਦਿੱਤੀ ਗਈ ਸੀ ਤਾਂ ਉਸ ਵੇਲੇ ਪੀ ਚਿੰਦਬਰਮ ਵਿੱਤ ਮੰਤਰੀ ਹੁੰਦੇ ਸਨ।

ਚਿਦੰਬਰਮ ਉਦੋਂ ਜਾਂਚ ਏਜੰਸੀਆਂ ਦੀ ਰਡਾਰ 'ਤੇ ਆਏ ਜਦੋਂ ਆਈਐਨਐਕਸ ਮੀਡੀਆ ਦੀ ਪ੍ਰਮੋਟਰ ਇੰਦਰਾਣੀ ਮੁਖਰਜੀ ਅਤੇ ਉਨ੍ਹਾਂ ਦੇ ਪਤੀ ਪੀਟਰ ਮੁਖਰਜੀ ਕੋਲੋਂ ਈਡੀ ਨੇ ਪੁੱਛਗਿੱਛ ਕੀਤੀ।

ਈਡੀ ਨੇ ਇਸ ਸੰਬੰਧ 'ਚ 2018 'ਚ ਮਨੀ ਲਾਂਡਰਿੰਗ ਦਾ ਇੱਕ ਮਾਮਲਾ ਵੀ ਦਰਜ ਕੀਤਾ ਸੀ।

ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਈਡੀ ਨੇ ਆਪਣੇ ਇਲਜ਼ਾਮ ਪੱਤਰ ਵਿੱਚ ਲਿਖਿਆ ਹੈ, "ਇੰਦਰਾਣੀ ਮੁਖਰਜੀ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਚਿੰਦਬਰਮ ਨੇ ਐਫਆਈਪੀਬੀ ਮਨਜ਼ੂਰੀ ਦੇ ਬਦਲੇ ਆਪਣੇ ਬੇਟੇ ਕਾਰਤੀ ਚਿਦੰਬਰਮ ਨੂੰ ਵਿਦੇਸ਼ੀ ਧਨ ਦੇ ਮਾਮਲੇ ਵਿੱਚ ਮਦਦ ਕਰਨ ਦੀ ਗੱਲ ਕਹੀ ਸੀ।"

'ਕਾਰਤੀ ਚਿਦੰਬਰਮ ਨੇ ਪੈਸਿਆਂ ਦੀ ਮੰਗ ਕੀਤੀ ਸੀ'

ਸੀਬੀਆਈ ਨੇ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਫਰਵਰੀ 2018 ਵਿੱਚ ਚੇਨੱਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

ਉਨ੍ਹਾਂ ਦੇ ਖ਼ਿਲਾਫ਼ ਇਹ ਇਲਜ਼ਾਮ ਲਗਾਏ ਗਏ ਸਨ ਕਿ ਉਨ੍ਹਾਂ ਨੇ ਆਈਐਨਐਕਸ ਮੀਡੀਆ ਦੇ ਖ਼ਿਲਾਫ਼ ਸੰਭਾਵਿਤ ਜਾਂਚ ਨੂੰ ਰੁਕਵਾਉਣ ਲਈ 10 ਲੱਖ ਡਾਲਰ ਦੀ ਮੰਗ ਕੀਤੀ ਸੀ। ਬਾਅਦ ਵਿੱਚ ਕਾਰਤੀ ਚਿਦੰਬਰਮ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

ਇਹ ਵੀ ਪੜ੍ਹੋ-

Image copyright KARTI P CHIDAMBARAM FACEBOOK

ਸੀਬੀਆਈ ਦਾ ਕਹਿਣਾ ਹੈ ਕਿ ਆਈਐਨਐਕਸ ਮੀਡੀਆ ਦੀ ਸਾਬਕਾ ਡਾਈਰੈਕਟਰ ਇੰਦਰਾਣੀ ਮੁਖਰਜੀ ਨੇ ਉਨ੍ਹਾਂ ਕੋਲੋਂ ਪੁੱਛਗਿੱਛ 'ਚ ਕਿਹਾ ਹੈ ਕਿ ਕਾਰਤੀ ਨੇ ਪੈਸਿਆਂ ਦੀ ਮੰਗ ਕੀਤੀ ਸੀ।

ਜਾਂਚ ਏਜੰਸੀ ਮੁਤਾਬਕ ਇਹ ਸੌਦਾ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਤੈਅ ਹੋਇਆ ਸੀ।

ਇੰਦਰਾਣੀ ਮੁਖਰਜੀ ਆਪਣੀ ਬੇਟੀ ਸ਼ੀਨਾ ਬੋਰਾ ਦੇ ਕਤਲ 'ਦੇ ਇਲਜ਼ਾਮ ਤਹਿਤ ਜੇਲ੍ਹ 'ਚ ਹੈ।

ਏਅਰਸੈਲ-ਮੈਕਸਿਸ ਸੌਦੇ 'ਚ ਵੀ ਹੈ ਨਾਮ

ਕੇਂਦਰੀ ਜਾਂਚ ਏਜੰਸੀ 3500 ਕਰੋੜ ਰੁਪਏ ਦੇ ਏਅਰਸੈਲ ਮੈਕਸਿਸ ਸੌਦੇ 'ਚ ਵੀ ਚਿਦੰਬਰਮ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

ਸਾਲ 2006 ਵਿੱਚ ਮਲੇਸ਼ੀਆਈ ਕੰਪਨੀ ਮੈਕਸਿਸ ਨੇ ਏਅਰਸੈਲ ਵਿੱਚ 100 ਫੀਸਦ ਹਿੱਸੇਦਾਰੀ ਹਾਸਿਲ ਕਰ ਲਈ ਸੀ। ਇਸ ਮਾਮਲੇ ਵਿੱਚ ਰਜ਼ਾਮੰਦੀ ਦੇਣ ਨੂੰ ਲੈ ਕੇ ਚਿਦੰਬਰਮ 'ਤੇ ਅਨਿਯਮੀਆਂ ਵਰਤਣ ਦਾ ਇਲਜ਼ਾਮ ਹੈ।

Image copyright Getty Images

ਉਹ 2006 ਵਿੱਚ ਇਸ ਸੌਦੇ ਵੇਲੇ ਪਹਿਲੀ ਯੂਪੀਏ ਸਰਕਾਰ ਵਿੱਚ ਮੰਤਰੀ ਸਨ। 2ਜੀ ਨਾਲ ਜੁੜੇ ਇਸ ਕੇਸ ਵਿੱਚ ਚਿਦੰਬਰਮ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਵਾਲਾ ਮਾਮਲੇ ਵਿੱਚ ਕੇਸ ਦਰਜ ਹੈ।

ਇਲਜ਼ਾਮ ਹੈ ਕਿ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇਣ ਦੀ ਵਿੱਤ ਮੰਤਰੀ ਦੀ ਸੀਮਾ ਮਹਿਜ਼ 600 ਕਰੋੜ ਹੈ, ਫਿਰ ਵੀ 3500 ਕਰੋੜ ਰੁਪਏ ਦੀ ਏਅਰਸੈਲ-ਮੈਕਸਿਸ ਡੀਲ ਨੂੰ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਪਾਸ ਕਰ ਦਿੱਤਾ ਗਿਆ ਸੀ।

ਪਰ ਪੀ ਚਿਦੰਬਰਮ ਨੇ ਹਮੇਸ਼ਾ ਆਪਣੇ ਅਤੇ ਆਪਣੇ ਬੇਟੇ ਖ਼ਿਲਾਫ਼ ਸਾਰੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਖ਼ਿਲਾਫ਼ ਇਲਜ਼ਾਮ ਸਿਆਸੀ ਬਦਲੇ ਤੋਂ ਪ੍ਰੇਰਿਤ ਹੈ।

ਕਾਂਗਰਸ ਨੇ ਕੀ ਕਿਹਾ

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਚਿਦੰਬਰਮ ਦੀ ਗ੍ਰਿਫ਼ਤਾਰੀ ਬਾਰੇ ਬੋਲਦਿਆਂ ਕਿਹਾ, "ਭਾਜਪਾ ਨੇ ਈਡੀ ਅਤੇ ਸੀਬੀਆਈ ਨੂੰ ਬਦਲਾ ਲੈਣ ਵਾਲੀ ਏਜੰਸੀਆਂ 'ਚ ਤਬਦੀਲ ਕਰ ਦਿੱਤਾ ਹੈ। ਜਿਸ ਤਰ੍ਹਾਂ ਚਿਦੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਸ ਨਾਲ ਮੋਦੀ ਸਰਕਾਰ ਦਾ ਬਦਲਾ ਲੈਣ ਲਈ ਕਿਸੇ ਵੀ ਹੱਦ ਤੱਕ ਡਿੱਗਣ ਦਾ ਸਬੂਤ ਮਿਲ ਜਾਂਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਨਾ ਚਿਦੰਬਰਮ ਤੇ ਨਾ ਉਨ੍ਹਾਂ ਦੇ ਬੇਟੇ ਦੇ ਨਾਮ 'ਤੇ ਕੋਈ ਕੇਸ ਦਰਜ ਹੈ। ਸੀਬੀਆਈ ਤੇ ਈਡੀ ਨੇ 4 ਵਾਰ ਰੇਡ ਪਾਈ ਹੈ ਤੇ 20 ਵਾਰ ਈਡੀ ਤੇ ਸੀਬੀਆਈ ਅੱਗੇ ਉਹ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਪੇਸ਼ ਹੋਏ ਹਨ। ਪਰ ਏਜੰਸੀ ਕੋਈ ਵੀ ਸਬੂਤ ਨਹੀਂ ਪੇਸ਼ ਕਰ ਸਕੀ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)