Bhakra: ਪਾਣੀ ਕਿਉਂ 'ਤੇ ਕਦੋ ਛੱਡਿਆ ਗਿਆ, ਜਿਸ ਨੇ ਪੰਜਾਬ ਦੇ ਹਜ਼ਾਰਾਂ ਲੋਕਾਂ ਨੂੰ ਡੋਬਾ ਦਿੱਤਾ

ਮੋਗਾ Image copyright FEROZPUR ADMIN
ਫੋਟੋ ਕੈਪਸ਼ਨ ਫਿਰੋਜ਼ਪੁਰ ਮੋਗਾ ਦੇ ਪਿੰਡਾ ਵਿੱਚ ਹੜ੍ਹ ਕਾਰਨ ਬਣੇ ਹਾਲਾਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ।

ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਨੇ ਨਵਾਂ ਸ਼ਹਿਰ, ਲੁਧਿਆਣਾ, ਫਿਲੌਰ, ਸ਼ਾਹਕੋਟ ਅਤੇ ਲੋਹੀਆਂ ਦਾ ਹਵਾਈ ਸਰਵੇਖਣ ਕੀਤਾ।

ਉਨ੍ਹਾਂ ਲਿਖਿਆ, "ਹੜ੍ਹ ਦੌਰਾਨ ਕੁੱਲ 30,000 ਲੋਕ ਪ੍ਰਭਾਵਤ ਹੋਏ ਹਨ ਅਤੇ 108 ਪਿੰਡਾਂ ਵਿੱਚ ਫਸਲਾਂ ਦੇ ਨੁਕਸਾਨ ਦੀ ਖ਼ਬਰ ਮਿਲੀ ਹੈ। ਸਤਲੁਜ ਵਿੱਚ 14 ਪਾੜੇ ਹਨ ਅਤੇ ਇਨ੍ਹਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਫੌਜ ਦੀ ਮਦਦ ਮੰਗੀ ਗਈ ਹੈ।"

ਇਹ ਵੀ ਪੜ੍ਹੋ-

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੜ੍ਹ ਕਾਰਨ ਸੂਬੇ 'ਚ ਹੋਏ ਨੁਕਸਾਨ ਦੇ ਮੱਦੇਨਜ਼ਰ ਬੁੱਧਵਾਰ ਨੂੰ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਦੀ ਮੰਗ ਕੀਤੀ ਸੀ।

ਇਸ ਬਾਰੇ ਵੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਚਿੱਠੀ ਨੂੰ ਸਾਂਝਾ ਕਰਦਿਆਂ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਤੁਰੰਤ 1000 ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕੀਤਾ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਲਿਖਿਆ, "ਸੂਬੇ ਵਿੱਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਨਾਲ ਪ੍ਰਭਾਵਿਤ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾਣ।"

ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣਾ ਸਤਲੁਜ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣਿਆ ਹੈ ।

ਭਾਖੜਾ ਡੈਮ ਅਤੇ ਇੱਥੋਂ ਪਾਣੀ ਛੱਡੇ ਜਾਣ ਸਬੰਧੀ ਕੁਝ ਅਹਿਮ ਜਾਣਕਾਰੀ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਇੰਜੀਨੀਅਰ ਦੇਵੇਂਦਰ ਕੁਮਾਰ ਸ਼ਰਮਾ ਤੋਂ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ।

ਭਾਖੜਾ ਤੋਂ ਪਾਣੀ ਕਿਉਂ 'ਤੇ ਕਦੋ ਛੱਡਿਆ ਜਾਂਦਾ ਹੈ?

ਭਾਖੜਾ ਡੈਮ ਦੀ ਪਾਣੀ ਜਮ੍ਹਾਂ ਕਰਨ ਦੀ ਇੱਕ ਤੈਅ ਸਮਰੱਥਾ ਹੈ, ਇਸ ਤੋਂ ਵੱਧ ਪਾਣੀ ਇਕੱਠਾ ਹੋਣ 'ਤੇ ਡੈਮ ਤੋਂ ਪਾਣੀ ਛੱਡਣਾ ਪੈਂਦਾ ਹੈ। ਭਾਖੜਾ ਡੈਮ ਵਿੱਚ ਰੈਜ਼ਰਵਾਇਰ ਦਾ ਪੱਧਰ1680 ਫੁੱਟ ਤੱਕ ਹੈ, ਇਸ ਤੋਂ ਵੱਧ ਪਾਣੀ ਆ ਜਾਣ 'ਤੇ ਡੈਮ ਤੋਂ ਪਾਣੀ ਰਿਲੀਜ਼ ਕਰਨਾ ਪੈਂਦਾ ਹੈ।

ਬੀਬੀਐਮਬੀ ਦੇ ਚੇਅਰਮੈਨ ਮੁਤਾਬਕ, ਇਸ ਵਾਰ 1681.3 ਫੁੱਟ ਤੱਕ ਪਾਣੀ ਭਾਖੜਾ ਵਿੱਚ ਰੱਖਿਆ ਗਿਆ, ਕਿਉਂਕਿ ਪੰਜਾਬ ਵਿੱਚ ਵੀ ਭਾਰੀ ਮੀਂਹ ਕਾਰਨ ਪਹਿਲਾਂ ਤੋਂ ਹੀ ਪਾਣੀ ਸੀ। ਜਦੋਂ ਇਹ ਪਾਣੀ ਥੋੜ੍ਹਾ ਘਟਣਾ ਸ਼ੁਰੂ ਹੋਇਆ ਤਾਂ ਭਾਖੜਾ ਤੋਂ ਪਾਣੀ ਛੱਡਿਆ ਗਿਆ।

Image copyright PAl singh nauli

ਉਹਨਾਂ ਦੱਸਿਆ ਕਿ ਸਿਰਫ਼ ਫੁੱਲ ਰੈਜ਼ਰਵਾਇਰ 'ਤੇ ਪਾਣੀ ਦਾ ਪੱਧਰ ਹੀ ਨਹੀਂ, ਬਲਕਿ ਆਉਣ ਵਾਲੇ ਦਿਨਾਂ ਵਿੱਚ ਕਿੰਨੇ ਮੀਂਹ ਦੀ ਸੰਭਾਵਨਾ ਹੈ ਅਤੇ ਹੇਠਾਂ ਪਹਿਲਾਂ ਤੋਂ ਹੀ ਕਿੰਨਾ ਪਾਣੀ ਹੈ, ਸਮੇਤ ਕਈ ਪਹਿਲੂ ਧਿਆਨ ਵਿੱਚ ਰੱਖ ਕੇ ਪਾਣੀ ਛੱਡਣ ਦਾ ਫੈਸਲਾ ਲਿਆ ਜਾਂਦਾ ਹੈ।

ਭਾਖੜਾ ਵਿੱਚ ਕਿੱਥੋਂ ਆਉਂਦਾ ਹੈ ਪਾਣੀ?

ਭਾਖੜਾ ਵਿੱਚ ਮੁੱਖ ਤੌਰ 'ਤੇ ਸਤਲੁਜ ਦਾ ਪਾਣੀ ਆਉਂਦਾ ਹੈ। ਚੀਨ ਕੈਚਮੈਂਟ ਤੋਂ ਸ਼ੁਰੂ ਹੋ ਕੇ ਫਿਰ ਸਪਿਤੀ ਨਦੀ ਇਸ ਵਿੱਚ ਦਾਖਲ ਹੁੰਦੀ ਹੈ। ਫਿਰ ਕਾਸ਼ੰਗ, ਬਾਹਵਾ ਅਤੇ ਕਿਨੌਰ ਦੇ ਕਈ ਛੋਟੇ-ਛੋਟੇ ਨਾਲੇ ਇਸ ਵਿੱਚ ਮਿਲਦੇ ਹਨ।

ਹੇਠਾਂ ਆ ਕੇ ਰਾਮਪੁਰ ਵਿੱਚ ਕੋਈ ਨਦੀ ਨਹੀਂ ਮਿਲਦੀ, ਪਰ ਬਿਲਾਸਪੁਰ ਵਿੱਚ ਵੱਡੀਆਂ ਛੇ ਖੱਢਾਂ ਇਸ ਅੰਦਰ ਮਿਲਦੀਆਂ ਹਨ। ਜਿੱਥੋਂ ਜਿੱਥੋਂ ਸਤਲੁਜ ਲੰਘਦਾ ਹੈ, ਖਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਜਿਆਦਾ ਮੀਂਹ ਪੈਣ ਕਾਰਨ ਆਮ ਨਾਲੋਂ ਜਿਆਦਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ।

ਭਾਖੜਾ ਤੋਂ ਛੱਡਿਆ ਪਾਣੀ ਕਿੱਥੇ ਜਾਂਦਾ ਹੈ?

ਇੱਥੋਂ ਛੱਡਿਆ ਜਾਂਦਾ ਪਾਣੀ ਸਤਲੁਜ ਵਿੱਚ ਹੀ ਜਾਂਦਾ ਹੈ। ਭੂਗੋਲਿਕ ਖੇਤਰਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪਹਿਲਾਂ ਰੋਪੜ, ਫਿਰ ਹਰੀਕੇ ਅਤੇ ਫਿਰ ਫਿਰੋਜ਼ਪੁਰ। ਇੱਧਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹਾਂ ਦਾ ਪਾਣੀ ਮਾਰ ਕਰਦਾ ਹੈ।

ਇਸ ਤੋਂ ਪਹਿਲਾਂ ਕਦੋਂ ਛੱਡਿਆ ਗਿਆ ਸੀ ਪਾਣੀ?

ਇਸ ਤੋਂ ਪਹਿਲਾਂ ਸਾਲ 1988 ਵਿੱਚ 22 ਫੁੱਟ ਗੇਟ ਖੋਲ੍ਹੇ ਗਏ ਸੀ ਅਤੇ 2015 ਵਿੱਚ ਵੀ। ਪਰ 2015 ਵਿੱਚ ਭਾਵੇਂ ਪਾਣੀ ਇਸ ਵਾਰ ਤੋਂ ਜਿਆਦਾ ਛੱਡਿਆ ਗਿਆ ਸੀ ਪਰ ਪੰਜਾਬ ਵਿੱਚ ਪਹਿਲਾਂ ਤੋਂ ਪਾਣੀ ਦੀ ਮਾਰ ਨਾ ਹੋਣ ਕਾਰਨ ਇੰਨੀ ਸਮੱਸਿਆ ਨਹੀਂ ਆਈ ਸੀ।

Image copyright Bhakra Beas Management Board/facebook
ਫੋਟੋ ਕੈਪਸ਼ਨ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ

ਦੁਬਾਰਾ ਫਲੱਡ ਗੇਟ ਖੋਲ੍ਹੇ ਜਾਣ ਦੀ ਸੰਭਾਵਨਾ ਹੈ?

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਡੀ.ਕੇ ਸ਼ਰਮਾ ਨੇ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਆਦਾ ਮੀਂਹ ਦੀ ਸੰਭਾਵਨਾ ਨਾ ਹੋ ਕਰਕੇ ਫਲੱਡ ਗੇਟ ਖੋਲ੍ਹੇ ਜਾਣ ਦੀ ਸੰਭਾਵਨਾ ਨਹੀਂ ।

ਹੜ੍ਹ ਦੀ ਮਾਰ ਹੇਠ ਪੰਜਾਬ

ਪੰਜਾਬ ਦੇ ਦੁਆਬਾ, ਮਾਝਾ ਅਤੇ ਪੁਆਧ ਦੇ ਇਲਾਕੇ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਜਲੰਧਰ ਦੇ ਹੀ ਕਰੀਬ 81 ਪਿੰਡਾਂ ਵਿੱਚ ਹੜ੍ਹ ਦਾ ਪਾਣੀ ਆਉਣ ਕਰਕੇ ਲੋਕਾਂ ਨੂੰ ਪਿੰਡ ਖਾਲੀ ਕਰਨੇ ਪਏ।

ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਗੋਵਿੰਦ ਸਾਗਰ ਵਿੱਚ ਪਾਣੀ ਭਰਨ ਕਰਕੇ ਭਾਖੜਾ ਤੋਂ ਪਾਣੀ ਛੱਡਿਆ ਗਿਆ।

ਇਸ ਦੌਰਾਨ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਐਨਡੀਆਰਐਫ ਅਤੇ ਫੌਜ ਦੇ ਜਵਾਨਾਂ ਵੱਲੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)